ਮੂਸੇਵਾਲਾ ਵਾਂਗ ਹੋਰ ਨਾਮੀ ਸ਼ਖ਼ਸੀਅਤ ਦਾ ਹੋ ਸਕਦਾ ਹੈ ਕਤਲ,ਬਲਕੌਰ ਸਿੰਘ ਨੇ ਜਤਾਇਆ ਖ਼ਦਸ਼ਾ
ਪੰਜਾਬੀ ਗਾਇਕਾਂ ਦੀ ਅਚਾਨਕ ਵਾਪਿਸ ਲਈ ਜਾ ਰਹੀ ਸੁਰੱਖਿਆ ਉੱਤੇ ਗੰਭੀਰ ਸਵਾਲ ਬਲਕੌਰ ਸਿੰਘ ਨੇ ਚੁੱਕੇ ਹਨ।


Published : February 28, 2026 at 7:31 AM IST
|Updated : February 28, 2026 at 9:33 AM IST
ਮਾਨਸਾ: ਬੀਤੇ ਦਿਨ ਮਾਨਸਾ ਵਿੱਚ ਫਾਇਰਿੰਗ ਦੌਰਾਨ ਇੱਕ ਕਾਰੋਬਾਰੀ ਅਤੇ ਉਸ ਦੇ ਮਾਲੀ ਦਾ ਕਤਲ ਚਿੱਟੇ ਦਿਨ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ। ਮਾਮਲੇ ਨੂੰ ਲੈਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਗੰਭੀਰ ਸਵਾਲ ਚੁੱਕਦਿਆਂ ਸਰਕਾਰ ਨੂੰ ਸ਼ੱਕ ਦੇ ਘੇਰੇ ਵਿੱਚ ਲਿਆਂਦਾ ਹੈ।
'ਗਾਇਕਾਂ ਦੀ ਲਈ ਜਾ ਰਹੀ ਸੁਰੱਖਿਆ ਵਾਪਿਸ'
ਬਲਕੌਰ ਸਿੰਘ ਨੇ ਕਿਹਾ ਕਿ,'ਜਿਸ ਤਰ੍ਹਾਂ ਮੇਰੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਦੀ ਅਚਾਨਕ ਬਗੈਰ ਕਿਸੇ ਨੋਟਿਸ ਅਤੇ ਕਾਰਣ ਤੋਂ ਸੁਰੱਖਿਆ ਵਾਪਿਸ ਲਈ ਗਈ ਸੀ, ਉਸੇ ਤਰ੍ਹਾਂ ਹੁਣ ਵੀ ਪੰਜਾਬ ਦੇ ਕਈ ਨਾਮੀ ਗਾਇਕਾਂ ਦੀ ਸੁਰੱਖਿਆ ਬਗੈਰ ਕਿਸੇ ਕਾਰਣ ਨੂੰ ਧਿਆਨ ਵਿੱਚ ਲਿਆਂਦੇ ਵਾਪਿਸ ਲਈ ਜਾ ਰਹੀ ਹੈ। ਪੰਜਾਬ ਵਿੱਚ ਜਿਸ ਤਰੀਕੇ ਸ਼ਰ੍ਹੇਆਮ ਕਤਲ ਹੋ ਰਹੇ ਹਨ ਉਸ ਨੂੰ ਵੇਖਦਿਆਂ ਕਿਸੇ ਵੀ ਨਾਮੀ ਬੰਦੇ ਨੂੰ ਮਿਲੀ ਸੁਰੱਖਿਆ ਵਾਪਿਸ ਲੈਣ ਦਾ ਕੋਈ ਤੁਕ ਨਹੀਂ ਬਣਦਾ। ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਵੱਡੇ ਸ਼ੰਕੇ ਖੜ੍ਹੇ ਕਰਦੀਆਂ ਹਨ।'
ਸਾਲ 2027 ਵਿੱਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਅੰਦਰ ਕਾਨੂੰਨ ਦੀ ਹਾਲਤ ਕਿਸੇ ਸੋਚੀ ਸਮਝੀ ਯੋਜਨਾ ਤਹਿਤ ਮਾੜੀ ਕੀਤੇ ਜਾਣ ਵੱਲ ਕਈ ਤਾਜ਼ੀਆਂ ਵਾਰਦਾਤਾਂ ਇਸ਼ਾਰਾ ਕਰਦੀਆਂ ਹਨ। ਵਪਾਰੀਆਂ, ਨੌਜਵਾਨਾਂ ਅਤੇ ਆਮ ਦਿਹਾੜੀ ਮਜ਼ਦੂਰਾਂ ਦੇ ਕੀਤੇ ਜਾ ਰਹੇ ਕਤਲ ਸਮਝ ਤੋਂ ਪਰੇ ਹਨ। ਇੰਝ ਲੱਗਦਾ ਹੈ ਕਿ ਪੰਜਾਬ ਵਿੱਚ ਸਰਕਾਰ ਕਾਨੂੰਨ ਦੀ ਹਾਲਤ ਨੂੰ ਪਤਲਾ ਕਰਕੇ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ ਤਾਂ ਜੋ ਉਹ ਜਾਨ-ਮਾਲ ਦੀ ਸੁਰੱਖਿਆ ਲਈ ਨਾ ਚਾਹੁੰਦੇ ਹੋਏ ਵੀ ਸਰਕਾਰ ਨਾਲ ਜੁੜਨ। -ਬਲਕੌਰ ਸਿੰਘ, ਮਰਹੂਮ ਮੂਸੇਵਾਲਾ ਦੇ ਪਿਤਾ
'ਵੱਡੀ ਸ਼ਖ਼ਸੀਅਤ ਦੇ ਕਤਲ ਦਾ ਖਦਸ਼ਾ'
ਬਲਕੌਰ ਸਿੰਘ ਨੇ ਇੱਥੋਂ ਤੱਕ ਆਖ ਦਿੱਤਾ ਕਿ,'ਮੈਨੂੰ ਸ਼ੱਕ ਹੈ ਜਿਵੇਂ ਸਿੱਧੂ ਮੂਸੇਵਾਲ ਦਾ ਕਤਲ ਅਚਾਨਕ ਸੁਰੱਖਿਆ ਵਾਪਿਸ ਲੈਕੇ ਕਰਵਾਇਆ ਸੀ ਉਸੇ ਤਰੀਕੇ ਕਿਸੇ ਹੋਰ ਨਾਮੀ ਸ਼ਖ਼ਸ ਦਾ ਕਤਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅੰਦਰ ਸਿਆਸੀ ਲਾਹਾ ਲੈਣ ਲਈ ਕਰਵਾਇਆ ਜਾ ਸਕਦਾ ਹੈ। ਸਰਕਾਰ ਹੋਵੇਂ ਭਾਵੇ ਪੁਲਿਸ ਏ ਕਲਾਸ ਦੇ ਗੈਂਗਸਟਰਾਂ ਨੂੰ ਤਾਂ ਮਨੁੱਖੀ ਅਧਿਕਾਰਾਂ ਦਾ ਹਵਾਲੇ ਦੇਕੇ ਸਹੂਲਤਾਂ ਪ੍ਰਦਾਨ ਕਰਦੀਆਂ ਹਨ ਪਰ ਆਮ ਵਰਗ ਦੇ ਲੋਕ ਹਰ ਪਾਸੇ ਕਤਲ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਹੋ ਰਹੇ ਨੌਜਵਾਨਾਂ ਦੇ ਐਨਕਾਊਂਟਰਾਂ ਉੱਤੇ ਵੀ ਬਹੁਤ ਸਾਰੇ ਸਵਾਲ ਖੜ੍ਹੇ ਹੋ ਰਹੇ ਹਨ। ਜਿਸ ਕਾਰਣ ਸੂਬਾ ਸਰਕਾਰ ਦੀ ਭੂਮਿਕਾ ਸ਼ੱਕੀ ਜਾਪਦੀ ਹੈ।'

