ETV Bharat / state

ਕੈਨੇਡਾ ਵਿੱਚ ਛਾਈ ਸ਼ਾਰਟ ਫਿਲਮ, ਸਰਕਾਰੀ ਅਧਿਆਪਕ ਬਣਿਆ ਡਾਇਰੈਕਟਰ, ਵਿਦਿਆਰਥਣਾਂ ਨੇ ਨਿਭਾਇਆ ਰੋਲ

ਸ਼ਾਰਟ ਫਿਲਮ 'ਸਕਰੀਨ ਬੁਖਾਰ' ਨੂੰ ਕੈਨੇਡਾ 'ਚ ਮਿਲਿਆ ਸਨਮਾਨ। ਸਰਕਾਰੀ ਸਕੂਲ ਦੇ ਕੌਮੀ ਅਤੇ ਸਟੇਟ ਐਵਾਰਡੀ ਅਧਿਆਪਕ ਨੇ ਬਣਾਈ ਫਿਲਮ। ਦੇਖੋ ਵਰਿੰਦਰ ਥਿੰਦ ਦੀ ਰਿਪੋਰਟ...

Short movie screen bukhar
ਸਰਕਾਰੀ ਅਧਿਆਪਕ ਬਣਿਆ ਡਾਇਰੈਕਟਰ, ਵਿਦਿਆਰਥਣਾਂ ਨੇ ਨਿਭਾਇਆ ਰੋਲ... (ETV Bharat)
author img

By ETV Bharat Punjabi Team

Published : May 7, 2026 at 5:34 PM IST

3 Min Read
Choose ETV Bharat

ਲੁਧਿਆਣਾ: ਜ਼ਿਲ੍ਹੇ ਦੇ ਸਰਕਾਰੀ ਸਕੂਲ ਖੇੜੀ ਝਮੇੜੀ ਦੇ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਵੱਲੋਂ ਬਣਾਈ ਗਈ ਸ਼ਾਰਟ ਫਿਲਮ 'ਸਕਰੀਨ ਬੁਖਾਰ' ਨੂੰ ਕੈਨੇਡਾ 'ਚ ਹੋਏ 13ਵੇਂ ਮਾਂ ਬੋਲੀ ਫਿਲਮ ਮੇਲੇ ਵਿੱਚ ਬੈਸਟ ਸਮਾਜਿਕ ਸੁਨੇਹਾ ਦੇਣ ਵਾਲੀ ਫਿਲਮ ਦਾ ਐਵਾਰਡ ਮਿਲਿਆ ਹੈ। ਅਧਿਆਪਕ ਨੇ ਦੱਸਿਆ ਕਿ "ਕੈਨੇਡਾ ਦੇ ਵੈਨਕੂਵਰ ਵਿੱਚ 17 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ 2026 ਤੱਕ ਇਹ ਟੈਸਟ ਚੱਲਿਆ ਸੀ। 30 ਅਪ੍ਰੈਲ ਨੂੰ ਇਸ ਫੈਸਟੀਵਲ ਵਿੱਚ ਆਈਆਂ ਹੋਈਆਂ ਫ਼ਿਲਮਾਂ ਨੂੰ ਸਨਮਾਨ ਦਿੱਤੇ ਗਏ, ਜਿਨ੍ਹਾਂ ਵਿੱਚੋਂ ਇੱਕ 'ਸਕਰੀਨ ਬੁਖਾਰ' ਵੀ ਰਹੀ।"

ਕੈਨੇਡਾ ਵਿੱਚ ਛਾਈ ਸ਼ਾਰਟ ਫਿਲਮ (ETV Bharat)

'ਬੈਸਟ ਸਮਾਜਿਕ ਸੁਨੇਹਾ' ਦੇਣ ਵਾਲੀ ਫਿਲਮ ਬਣੀ

ਅਧਿਆਪਕ ਕਰਮਜੀਤ ਸਿੰਘ ਵੱਲੋਂ ਸਕੂਲੀ ਵਿਦਿਆਰਥੀਆਂ ਨਾਲ ਮਿਲ ਕੇ ਬਣਾਈ ਗਈ ਇਸ ਫਿਲਮ ਨੂੰ ਇੱਕ ਸਮਾਜਿਕ ਸੁਨੇਹਾ ਦੇਣ ਵਾਲੀ ਫਿਲਮ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ ਅਤੇ ਕਈ ਫਿਲਮਾਂ ਦੀ ਨੋਮੀਨੇਸ਼ਨ ਵਿੱਚ ਇਸ ਨੂੰ 'ਬੈਸਟ ਸਮਾਜਿਕ ਸੁਨੇਹਾ' ਫਿਲਮ ਦਾ ਐਵਾਰਡ ਦਿੱਤਾ ਗਿਆ।

Short movie screen bukhar
ਸ਼ਾਰਟ ਫਿਲਮ 'ਸਕਰੀਨ ਬੁਖਾਰ' ਨੂੰ ਕੈਨੇਡਾ 'ਚ ਮਿਲਿਆ ਸਨਮਾਨ (ETV Bharat)

ਕੀ ਸੁਨੇਹਾ ਦੇਣ ਦੀ ਕੋਸ਼ਿਸ਼?

ਫਿਲਮ ਬਾਰੇ ਈਟੀਵੀ ਭਾਰਤ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਅਧਿਆਪਕ ਕਰਮਜੀਤ ਸਿੰਘ ਨੇ ਦੱਸਿਆ ਕਿ "ਉਨ੍ਹਾਂ ਨੂੰ ਪਹਿਲਾਂ ਵੀ ਕੌਮੀ ਐਵਾਰਡ ਅਤੇ ਸਟੇਟ ਐਵਾਰਡ ਮਿਲ ਚੁੱਕਾ ਹੈ। ਇਹ ਫਿਲਮ ਉਨ੍ਹਾਂ ਨੇ ਲਗਾਤਾਰ ਵੱਧ ਰਹੇ ਬੱਚਿਆਂ ਵਿੱਚ ਮੋਬਾਈਲ ਦੇ ਰੁਝਾਨ ਦੇ ਵਿਸ਼ੇ ਉੱਤੇ ਬਣਾਈ ਸੀ। ਜਿਸ ਵਿੱਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਮੋਬਾਇਲ ਦੀ ਬਹੁਤ ਜ਼ਿਆਦਾ ਵਰਤੋਂ ਦੇ ਨਾਲ ਨਾ ਸਿਰਫ ਸਾਡੀ ਸਿਹਤ ਉੱਤੇ ਇਸ ਦਾ ਅਸਰ ਪੈਂਦਾ ਹੈ, ਸਗੋਂ ਸਮਾਜਿਕ ਤੌਰ ਉੱਤੇ ਵੀ ਅਸੀਂ ਆਪਣਿਆਂ ਦੇ ਨਾਲ ਟੁੱਟ ਜਾਂਦੇ ਹਾਂ। ਭਾਵੇਂ ਉਹ ਸਾਡੇ ਰਿਸ਼ਤੇ ਹੋਣ ਜਾਂ ਭਾਵੇਂ ਸਾਡੇ ਦੋਸਤ।"

Short movie screen bukhar
ਸ਼ਾਰਟ ਫਿਲਮ 'ਸਕਰੀਨ ਬੁਖਾਰ' ਵਿੱਚ ਰੋਲ ਅਦਾ ਕਰਨ ਵਾਲੀਆਂ ਵਿਦਿਆਰਥਣਾਂ (ETV Bharat)

8 ਮਿੰਟ ਦੀ ਫਿਲਮ ਜ਼ਰੀਏ ਵੱਡਾ ਸੰਦੇਸ਼ ਦੇਣ ਦੀ ਪਹਿਲਕਦਮੀ

ਕਰਮਜੀਤ ਸਿੰਘ ਨੇ ਕਿਹਾ ਕਿ "ਮੋਬਾਇਲ ਦਾ ਅਸਰ ਸਿਰਫ਼ ਸਿਹਤ 'ਤੇ ਨਹੀਂ ਪੈ ਰਿਹਾ, ਸਗੋਂ ਸਾਡੀਆਂ ਲੋਕ ਖੇਡਾਂ ਉੱਤੇ ਵੀ ਹੋਇਆ ਹੈ। ਪਹਿਲਾਂ ਪਿੰਡਾਂ ਵਿੱਚ ਬੱਚੇ ਇਕੱਠੇ ਹੋ ਕੇ ਖੇਡਾਂ ਖੇਡਦੇ ਸਨ, ਪਰ ਹੁਣ ਉਹ ਰੁਝਾਨ ਬਿਲਕੁਲ ਘੱਟਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ, ਲਗਭਗ 8 ਮਿੰਟ ਦੀ ਇਸ ਫਿਲਮ ਵਿੱਚ ਸਮਾਜਿਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ।"

Short movie screen bukhar
ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੂੰ ਮਿਲ ਚੁੱਕੇ ਕਈ ਸਨਮਾਨ (ETV Bharat GFX Team)

"ਇਹ ਸਾਰੀ ਫਿਲਮ ਮੈਂ ਖੁਦ ਹੀ ਤਿਆਰ ਕੀਤੀ ਹੈ। ਫਿਲਮ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਵੀ ਉਪਲਬਧ ਹੈ ਜਿਸ ਦਾ ਨਾਮ 'ਸਕਰੀਨ ਬੁਖਾਰ' ਹੈ। ਸਰਕਾਰੀ ਸਕੂਲ ਦੇ ਹੀ ਵਿਦਿਆਰਥਣਾਂ ਨੇ ਇਸ ਸ਼ਾਰਟ ਫਿਲਮ ਵਿੱਚ ਰੋਲ ਨਿਭਾਇਆ ਹੈ। ਫਿਲਮ ਨੂੰ ਕੈਨੇਡਾ ਦੇ ਇੱਕ 13ਵੇਂ ਮਾਂ ਬੋਲੀ ਫਿਲਮ ਮੇਲੇ ਵਿੱਚ ਬੈਸਟ ਸੁਨੇਹਾ ਦੇਣ ਵਾਲੀ ਫਿਲਮ ਵਜੋਂ ਸਨਮਾਨ ਮਿਲਿਆ ਹੈ।" -ਅਧਿਆਪਕ ਕਰਮਜੀਤ ਸਿੰਘ, ਨੈਸ਼ਨਲ ਐਵਾਰਡੀ

Short movie screen bukhar
ਬੱਚਿਆਂ ਦੀ ਮੋਬਾਈਲ ਵਰਤੋਂ ਦਾ ਅਸਰ (ETV Bharat GFX Team)

ਸਕ੍ਰਿਪਟ ਤੋਂ ਲੈ ਕੇ ਹਰ ਸੀਨ ਖੁਦ ਤਿਆਰ ਕੀਤਾ

ਇਸ ਦੌਰਾਨ ਇਸ ਫਿਲਮ ਦੇ ਵਿੱਚ ਰੋਲ ਨਿਭਾਉਣ ਵਾਲੀਆਂ ਛੋਟੀਆਂ ਵਿਦਿਆਰਥਣਾਂ ਨਾਲ ਵੀ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਕਿਸੇ ਨੇ ਦਾਦੀ ਦਾ ਰੋਲ, ਕਿਸੇ ਨੇ ਡਾਕਟਰ ਦਾ ਰੋਲ ਅਤੇ ਕਿਸੇ ਵੱਲੋਂ ਵੱਧ ਮੋਬਾਈਲ ਵਰਤਣ ਵਾਲੇ ਬੱਚੇ ਦਾ ਰੋਲ ਅਦਾ ਕੀਤਾ ਗਿਆ ਹੈ। ਵਿਦਿਆਰਥਣਾਂ ਨੇ ਕਿਹਾ ਕਿ, "ਬੜੀ ਖੁਸ਼ੀ ਮਿਲੀ ਅਸੀਂ ਫਿਲਮ ਵਿੱਚ ਕੰਮ ਕੀਤਾ ਤੇ ਸਾਡੀ ਬਣਾਈ ਹੋਈ ਫਿਲਮ ਨੂੰ ਐਵਾਰਡ ਮਿਲਿਆ ਹੈ।" ਹਾਲਾਂਕਿ, ਬੱਚਿਆਂ ਦਾ ਥੀਏਟਰ ਨਾਲ ਕੋਈ ਪਿਛੋਕੜ ਨਹੀਂ ਹੈ। ਸਿਰਫ਼ ਸਮਾਜ ਵਿੱਚ ਇੱਕ ਸੁਨੇਹਾ ਦੇਣ ਲਈ ਇਹ ਫਿਲਮ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ।

Short movie screen bukhar
ਬੱਚਿਆਂ ਦੀ ਮੋਬਾਈਲ ਵਰਤੋਂ ਦਾ ਅਸਰ (ETV Bharat GFX Team)

ਪਹਿਲਾਂ ਵੀ ਮਿਲੇ ਕਈ ਸਨਮਾਨ

ਅਧਿਆਪਕ ਕਰਮਜੀਤ ਸਿੰਘ ਨੇ ਦੱਸਿਆ ਕਿ, "ਪਹਿਲਾਂ ਵੀ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੀਆਂ ਪੁਸਤਕਾਂ ਅਤੇ ਗਾਣੇ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ਨੂੰ ਅਮਰੀਕਾ ਵਰਗੇ ਮੁਲਕਾਂ ਵਿੱਚ ਵੀ ਕਾਫੀ ਸਨਮਾਨ ਮਿਲੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੂੰ ਕੌਮੀ ਸਨਮਾਨ ਵੀ ਮਿਲ ਚੁੱਕਾ ਹੈ। ਉਨ੍ਹਾਂ ਵੱਲੋਂ ਬਣਾਏ ਗਏ ਗੀਤ ਅਤੇ ਲਿਖੀਆਂ ਗਈਆਂ ਕਿਤਾਬਾਂ ਨੂੰ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ।"

Short movie screen bukhar
ਬੱਚਿਆਂ ਨੂੰ ਮੋਬਾਈਲ ਤੋਂ ਕਿਵੇਂ ਦੂਰ ਰੱਖੀਏ? (ETV Bharat GFX Team)

ਅਧਿਆਪਕ ਨੇ ਕਿਹਾ ਕਿ, "ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸ ਫਿਲਮ ਨੂੰ ਵੀ ਵੱਡੇ ਪੱਧਰ ਉੱਤੇ ਸਕੂਲ ਦੇ ਵਿਦਿਆਰਥੀਆਂ ਤੱਕ ਪਹੁੰਚਾਇਆ ਜਾ ਸਕੇ, ਤਾਂ ਜੋ ਇਨ੍ਹਾਂ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਮੋਬਾਈਲ ਦੀ ਵਰਤੋਂ ਅਤੇ ਦੁਰਵਰਤੋਂ ਦਾ ਮਤਲਬ ਕੀ ਹੈ ਅਤੇ ਕਿਸ ਤਰ੍ਹਾਂ ਅਜੋਕੇ ਸਮੇਂ ਵਿੱਚ ਮੋਬਾਇਲ ਦੀ ਵੱਧ ਰਹੀ ਵਰਤੋਂ ਸਾਡੀਆਂ ਪੀੜੀਆਂ ਦਾ ਨੁਕਸਾਨ ਕਰ ਰਿਹਾ ਹੈ। ਮੋਬਾਈਲ ਨਾਲ ਸਾਡੀ ਸਿਹਤ ਦੇ ਨਾਲ-ਨਾਲ, ਸਾਡਾ ਸਮਾਜਿਕ ਸ਼ੋਸ਼ਣ ਵੀ ਹੋ ਰਿਹਾ ਹੈ।"

Short movie screen bukhar
ਸਟੇਟ ਐਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ (File Photo/ETV Bharat)

ਮਾਪਿਆਂ ਲਈ ਵੀ ਸਲਾਹ:

  1. ਸ਼ੁਰੂ ਤੋਂ ਹੀ ਆਪਣੇ ਬੱਚਿਆਂ 'ਤੇ ਨਜ਼ਰ ਰੱਖੋ।
  2. ਮੋਬਾਈਲ ਫੋਨ ਦੀ ਵਰਤੋਂ ਸੀਮਤ ਕਰੋ।
  3. ਜੇਕਰ ਤੁਹਾਨੂੰ ਨਸ਼ੇ ਦੇ ਸ਼ੁਰੂਆਤੀ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਧਿਆਨ ਦਿਓ।
  4. ਇਲਾਜ ਵਿੱਚ ਆਪਣੇ ਡਾਕਟਰ ਨਾਲ ਸਹਿਯੋਗ ਕਰੋ।
  5. ਆਪਣੇ ਬੱਚਿਆਂ ਦੀ ਰੋਜ਼ਾਨਾ ਰੁਟੀਨ ਦੀ ਨਿਗਰਾਨੀ ਕਰੋ।
  6. ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸਾਹਮਣੇ ਫ਼ੋਨ ਦੀ ਜ਼ਿਆਦਾ ਵਰਤੋਂ ਤੋਂ ਬਚਣਾ ਚਾਹੀਦਾ ਹੈ।