ETV Bharat / state

ਸਾਬਕਾ CM ਆਤਿਸ਼ੀ ਖਿਲਾਫ਼ ਸੜਕਾਂ 'ਤੇ ਉੱਤਰਿਆ ਸ਼੍ਰੋਮਣੀ ਅਕਾਲੀ ਦਲ, ਪੁਤਲਾ ਸਾੜ ਪ੍ਰਦਰਸ਼ਨ

ਸਾਬਕਾ ਦਿੱਲੀ ਸੀਐਮ ਆਤਿਸ਼ੀ ਦੇ ਬਿਆਨ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ 'ਚ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕੀਤੇ ਗਏ। ਪੜ੍ਹੋ ਖ਼ਬਰ...

Shiromani Akali Dal protest
ਸ਼੍ਰੋਮਣੀ ਅਕਾਲੀ ਦਲ ਧਰਨਾ (Etv Bharat)
author img

By ETV Bharat Punjabi Team

Published : January 10, 2026 at 5:44 PM IST

4 Min Read
Choose ETV Bharat

ਬਰਨਾਲਾ/ਮਾਨਸਾ/ਸੰਗਰੂਰ/ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸੂਬੇ 'ਚ ਜ਼ਿਲ੍ਹਾ ਪੱਧਰੀ ਧਰਨੇ ਦਿੱਲੀ ਦੀ ਸਾਬਕਾ ਸੀਐਮ ਆਤਿਸ਼ੀ ਖਿਲਾਫ਼ ਦਿੱਤੇ ਗਏ। ਇਸ ਪ੍ਰਦਰਸ਼ਨ ਦੌਰਾਨ ਜਿਥੇ ਆਮ ਆਦਮੀ ਪਾਰਟੀ ਖਿਲਾਫ਼ ਹੱਥਾਂ 'ਚ ਤਖ਼ਤੀਆਂ ਫੜ ਕੇ ਰੋਸ ਜਤਾਇਆ ਗਿਆ, ਉਥੇ ਹੀ ਦਿੱਲੀ ਸਾਬਕਾ ਸੀਐਮ ਆਤਿਸ਼ੀ ਦਾ ਪੁਤਲਾ ਵੀ ਸਾੜਿਆ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਧਰਨਾ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵਲੋਂ ਗੁਰੂ ਤੇਗ਼ ਬਹਾਦਰ ਜੀ ਵਿਰੁੱਧ ਗਲਤ ਸ਼ਬਦਾਵਲੀ ਬੋਲਣ ਦਾ ਮਾਮਲੇ ਨੂੰ ਲੈ ਕੇ ਦਿੱਤਾ ਗਿਆ।

ਬਰਨਾਲਾ ਧਰਨੇ 'ਚ ਆਗੂ ਪੱਖ ਰੱਖਦੇ ਹੋਏ (Etv Bharat)

ਆਤਿਸ਼ੀ ਦੇ ਬਿਆਨ 'ਤੇ ਵਿਵਾਦ

ਸ਼੍ਰੋਮਣੀ ਅਕਾਲੀ ਦਲ ਨੇ ਆਤਿਸ਼ੀ ਅਤੇ ਆਮ ਆਦਮੀ ਪਾਰਟੀ ਉਪਰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ। ਦਿੱਲੀ ਅਤੇ ਪੰਜਾਬ ਸਰਕਾਰ ਤੋਂ ਸਾਬਕਾ ਸੀਐਮ ਆਤਿਸ਼ੀ ਉਪਰ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਉਥੇ ਹੀ ਬਰਨਾਲਾ 'ਚ ਇਸ ਮੌਕੇ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਇੰਦਰਾ ਗਾਂਧੀ ਵਾਂਗ ਅੰਜ਼ਾਮ ਭੁਗਤਣ ਦੀ ਚਿਤਾਵਨੀ ਦਿੱਤੀ। ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ "ਸਿੱਖ ਕੌਮ ਨਾਲ ਪੰਗਾ ਲੈਣ ਵਾਲਿਆਂ ਤੋਂ ਕੌਮ ਬਦਲਾ ਲੈਂਦੀ ਹੈ ਅਤੇ ਆਮ ਆਦਮੀ ਪਾਰਟੀ ਨਾਲ ਵੀ ਇਵੇਂ ਹੀ ਹੋਵੇਗਾ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਵਾਸਤੇ ਅਪਸ਼ਬਦ ਬੋਲੇ ਹਨ। ਉਸੇ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਹੈੱਡ ਕੁਆਰਟਰ ਦੇ ਉੱਤੇ ਧਰਨੇ ਲਗਾਏ ਜਾ ਰਹੇ ਹਨ। ਅਰਵਿੰਦ ਕੇਜਰੀਵਾਲ ਨੂੰ ਇਸ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਇਹ ਲੋਕ ਸਮਾਂ ਆਉਣ ਦੇ ਉੱਤੇ ਸਿੱਖ ਕੌਮ ਨੂੰ ਪਰਖਦੇ ਹਨ। ਇਹ ਸਿੱਖ ਸਿਧਾਂਤਾਂ ਦੇ ਉੱਤੇ ਹਮਲੇ ਕਰਦੇ ਹਨ।"

ਸਿੱਖ ਕੌਮ ਬਦਲਾ ਲੈਣਾ ਵੀ ਜਾਣਦੀ

ਉਹਨਾਂ ਕਿਹਾ ਕਿ "ਜਿਸ ਸੂਬੇ ਦਾ ਮੁੱਖ ਮੰਤਰੀ ਵੀ ਸਾਰਾ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੇ ਉਲਟ ਬੋਲਦਾ ਹੋਵੇ, ਉਸ ਦੀ ਪਾਰਟੀ ਅਤੇ ਲੀਡਰਾਂ ਅਤੇ ਮੰਤਰੀਆਂ-ਸੰਤਰੀਆਂ ਵਾਸਤੇ ਗਲਤ ਬੋਲਣਾ ਬਹੁਤ ਸੌਖਾ ਹੈ। ਅਜਿਹਾ ਇੰਦਰਾ ਗਾਂਧੀ ਨੇ ਕੀਤਾ ਸੀ, ਉਹਦਾ ਹਸ਼ਰ ਕੀ ਹੋਇਆ। ਜਨਰਲ ਵੈਦਿਆ ਦਾ ਹਸ਼ਰ ਕੀ ਹੋਇਆ ਹੈ। ਜਿਹੜੇ ਵੀ ਲੋਕ ਧਰਮ ਦੇ ਨਾਲ ਟੱਕਰ ਲੈਂਦੇ ਹਨ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਅਜਿਹਾ ਕਰਨ ਤੋਂ ਬਾਜ ਆ ਜਾਣ। ਸਿੱਖ ਕੌਮ ਅਜਿਹੀ ਹੈ, ਜੋ ਬਦਲਾ ਲੈਣਾ ਵੀ ਜਾਣਦੀ ਹੈ। ਇਹਨਾਂ ਦਾ ਹਾਲ ਵੀ ਇਹੀ ਹੋਵੇਗਾ।"

Shiromani Akali Dal protest
ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਸਾੜੀ ਅਰਥੀ (Etv Bharat)

ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੂਰੇ ਪੰਜਾਬ ਭਰ ਵਿੱਚ ਡੀਸੀ ਦਫ਼ਤਰਾਂ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਪ੍ਰਦਰਸ਼ਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦੇ ਵਿਰੋਧ ਵਿੱਚ ਦਿੱਤਾ ਜਾ ਰਿਹਾ ਹੈ। ਦਿੱਲੀ ਦੀ ਸਬਕਾ ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਅਪ-ਸ਼ਬਦਾਵਲੀ ਵਰਤਣ ਦੇ ਲਈ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਬਰਨਾਲਾ ਦੇ ਤਿੰਨੇ ਹਲਕਿਆਂ ਵੱਲੋਂ ਬਰਨਾਲਾ ਡੀਸੀ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਨੂੰ ਕਿਸੇ ਵੀ ਹਾਲਤ ਵਿੱਚ ਸਾਡੇ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸੰਗਰੂਰ ਧਰਨੇ 'ਚ ਆਗੂ ਪੱਖ ਰੱਖਦੇ ਹੋਏ (Etv Bharat)

'ਆਪ' ਨੇ ਪੈਦਾ ਕੀਤੀ ਧਰਮ ਦੀ ਲੜਾਈ

ਉਥੇ ਹੀ ਸੰਗਰੂਰ 'ਚ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਦਿੱਤਾ ਗਿਆ। ਇਸ ਸਬੰਧ 'ਚ ਸ਼੍ਰੋਮਣੀ ਅਕਾਲੀ ਦਲ ਆਗੂ ਵਿਨਰਜੀਤ ਗੋਲਡੀ ਨੇ ਕਿਹਾ ਕਿ "ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਦਿੱਤਾ ਬਿਆਨ ਬਹੁਤ ਹੀ ਮੰਦਭਾਗਾ ਹੈ। ਮੈਂ ਪਿਛਲੇ 15 ਸਾਲਾਂ ਤੋਂ ਕਹਿ ਰਿਹਾ ਕਿ ਪੰਜਾਬ 'ਚ ਜਿੰਨੀ ਧਰਮ ਦੀ ਲੜਾਈ ਤੇ ਲੋਕਾਂ 'ਚ ਨਫ਼ਰਤ ਪੈਦਾ ਹੋਈ ਹੈ, ਉਹ ਆਮ ਆਦਮੀ ਪਾਰਟੀ ਨੇ ਕੀਤੀ ਹੈ। ਸਿੱਖਾਂ ਅਤੇ ਪੰਜਾਬੀਆਂ ਨੂੰ ਕਮਜ਼ੋਰ ਕਰਨ 'ਚ ਵੀ 'ਆਪ' ਦਾ ਹੀ ਹੱਥ ਹੈ। ਅਸੀਂ ਚਾਹੁੰਦੇ ਹਾਂ ਕਿ ਆਤਿਸ਼ੀ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਤੇ ਪਰਚਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਪਰਚਾ ਕੀਤਾ ਗਿਆ, ਉਸ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਪੰਜਾਬ ਪੁਲਿਸ ਆਮ ਆਦਮੀ ਪਾਰਟੀ ਦੀ ਹੱਥ ਠੋਕੇ ਬਣੀ ਹੋਈ ਹੈ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇਗੀ ਤਾਂ ਇਕੱਲੇ-ਇਕੱਲੇ ਦਾ ਹਿਸਾਬ ਕੀਤਾ ਜਾਵੇਗਾ।"

Shiromani Akali Dal protest
ਸ਼੍ਰੋਮਣੀ ਅਕਾਲੀ ਦਲ ਧਰਨਾ (Etv Bharat)

ਸਖ਼ਤ ਕਾਰਵਾਈ ਤੇ ਮੈਂਬਰਸ਼ਿਪ ਹੋਵੇ ਰੱਦ

ਅੱਜ ਮਾਨਸਾ 'ਚ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪੱਧਰੀ ਰੋਸ ਧਰਨਾ ਦੇ ਕੇ ਪੰਜਾਬ ਦੇ ਰਾਜਪਾਲ ਅਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਤੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮਾਨਸਾ ਦੇ ਬਾਲ ਭਵਨ ਵਿਖੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉੱਥੇ ਹੀ ਪਾਰਟੀ ਲੀਡਰਾਂ ਨੇ ਕਿਹਾ ਕਿ "ਆਤਿਸ਼ੀ ਵੱਲੋਂ ਗੁਰੂਆਂ ਬਾਰੇ ਕੀਤੀ ਟਿੱਪਣੀ ਦੀ ਕੋਈ ਵੀ ਮੁਆਫ਼ੀ ਨਹੀਂ ਦਿੱਤੀ ਜਾ ਸਕਦੀ। ਇਸ ਲਈ ਅੱਜ ਉਹ ਡਿਪਟੀ ਕਮਿਸ਼ਨਰਾਂ ਰਾਹੀਂ ਦਿੱਲੀ ਵਿਧਾਨ ਸਭਾ ਦੇ ਸਪੀਕਰ ਅਤੇ ਪੰਜਾਬ ਦੇ ਰਾਜਪਾਲ ਤੋਂ ਮੰਗ ਕਰ ਰਹੇ ਹਨ ਕਿ ਆਤਿਸ਼ੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਦੀ ਵਿਧਾਨ ਸਭਾ ਵਿੱਚੋਂ ਮੈਂਬਰਸ਼ਿਪ ਖਾਰਜ ਕੀਤੀ ਜਾਵੇ। ਜਿਸ ਨੇ ਦਿੱਲੀ ਵਿਧਾਨ ਸਭਾ ਦੇ ਪਵਿੱਤਰ ਸਦਨ ਵਿੱਚ ਗਲਤ ਬਿਆਨਬਾਜ਼ੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਗੁਰੂਆਂ ਅਤੇ ਸਿੱਖ ਧਰਮ ਬਾਰੇ ਲਗਾਤਾਰ ਹੋ ਰਹੀ ਬਿਆਨਬਾਜ਼ੀ ਸਾਫ ਬਿਆਨ ਕਰਦੀ ਹੈ ਕਿ ਇਹ ਸਿੱਖਾਂ ਨੂੰ ਕਿਸ ਕਦਰ ਨਫਰਤ ਕਰਦੇ ਹਨ।"

ਮਾਨਸਾ ਧਰਨੇ 'ਚ ਆਗੂ ਪੱਖ ਰੱਖਦੇ ਹੋਏ (Etv Bharat)

ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ

ਉਥੇ ਹੀ ਬਠਿੰਡਾ 'ਚ ਵੀ ਡੀਸੀ ਦਫ਼ਤਰ ਅੱਗੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਦੇ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ "ਗੁਰੂ ਸਾਹਿਬਾਨ ਖ਼ਿਲਾਫ਼ ਕਿਸੇ ਵੀ ਕਿਸਮ ਦੀ ਅਪਮਾਨਜਨਕ ਟਿੱਪਣੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਬਿਆਨਾਂ ਨੇ ਸਿੱਖ ਸਮਾਜ ਵਿੱਚ ਭਾਰੀ ਰੋਸ ਪੈਦਾ ਕੀਤਾ ਹੈ, ਪਰ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ‘ਚ ਚੁੱਪੀ ਧਾਰਨ ਕਰਨਾ ਬਹੁਤ ਹੀ ਨਿੰਦਣਯੋਗ ਹੈ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ ਸਾਬਕਾ ਸੀਐਮ ਆਤਿਸ਼ੀ ਨੂੰ ਬਚਾਉਣ ਲਈ ਹੁਣ ਪੰਜਾਬ ਵਿੱਚ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਬੁਖਲਾਟ ਵਿੱਚ ਹੈ।"