ETV Bharat / state

SGPC ਨੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਕੀਤੀ ਛੁੱਟੀ, ਸੁਣੋ ਕੀ ਬੋਲੇ ਗਿਆਨੀ ਰਘਬੀਰ ਸਿੰਘ

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ 72 ਘੰਟਿਆਂ ਦੇ ਸਮੇਂ ਅੰਦਰ ਸਾਰੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ।

GIANI RAGHBIR SINGH SERVICES CANCEL
SGPC ਨੇ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਕੀਤੀਆਂ ਰੱਦ (Etv Bharat)
author img

By ETV Bharat Punjabi Team

Published : February 26, 2026 at 8:05 PM IST

3 Min Read
Choose ETV Bharat

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਹੋਈ SGPC ਦੀ ਅੰਤ੍ਰਿੰਗ ਕਮੇਟੀ ਮੀਟਿੰਗ ਤੋਂ ਬਾਅਦ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਵੱਡਾ ਫੈਸਲਾ ਕੀਤਾ ਹੈ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ SGPC ਖ਼ਿਲਾਫ਼ ਲਗਾਤਾਰ ਲਗਾਏ ਜਾ ਰਹੇ ਇਲਜ਼ਾਮਾਂ ਸਬੰਧੀ ਉਨ੍ਹਾਂ ਨੂੰ 72 ਘੰਟਿਆਂ ਦਾ ਨੋਟਿਸ ਦਿੱਤਾ ਗਿਆ ਸੀ, ਪਰ ਨਿਰਧਾਰਿਤ ਸਮੇਂ ਅੰਦਰ ਕੋਈ ਵੀ ਜਵਾਬ ਨਹੀਂ ਮਿਲਿਆ। ਇਸ ਕਰਕੇ ਉਨ੍ਹਾਂ ਦੱਸਿਆ ਕਿ ਗਿਆਨੀ ਰਘਬੀਰ ਸਿੰਘ ਨੂੰ ਅੱਜ ਤੋਂ ਸੇਵਾ ਮੁਕਤ (ਰਿਟਾਇਰ) ਕੀਤਾ ਜਾਂਦਾ ਹੈ।

SGPC ਨੇ ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਕੀਤੀਆਂ ਰੱਦ (Etv Bharat)

ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਕਿਸੇ ਦਬਾਅ ਹੇਠ ਨਹੀਂ ਲਿਆ ਫੈਸਲਾ

ਐਡਵੋਕੇਟ ਧਾਮੀ ਨੇ ਕਿਹਾ ਕਿ "ਮੀਟਿੰਗ ਦੌਰਾਨ ਸਾਰੇ ਪੱਖਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਇਹ ਨਤੀਜਾ ਨਿਕਲਿਆ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਸਵੇਰੇ-ਸ਼ਾਮ ਦੀ ਸੇਵਾ ਨਿਯਮਤ ਤੌਰ ‘ਤੇ ਨਾ ਨਿਭਾਉਣਾ ਅਤੇ ਮੁੱਖ ਗ੍ਰੰਥੀ ਵਰਗੇ ਉੱਚ ਸਤਿਕਾਰ ਅਤੇ ਜ਼ਿੰਮੇਵਾਰ ਅਹੁਦੇ ਨਾਲ ਇਨਸਾਫ਼ ਨਾ ਕਰਨਾ ਗੁਰੂ ਘਰ ਦੀ ਮਰਿਆਦਾ ਦੇ ਖਿਲਾਫ਼ ਹੈ। ਇਸ ਕਾਰਨ ਅੰਤ੍ਰਿੰਗ ਕਮੇਟੀ ਨੇ ਇਕਮਤ ਨਾਲ ਫੈਸਲਾ ਲਿਆ ਕਿ ਗਿਆਨੀ ਰਘਬੀਰ ਸਿੰਘ ਨੂੰ ਅੱਜ ਤੋਂ ਸੇਵਾ ਮੁਕਤ (ਰਿਟਾਇਰ) ਕੀਤਾ ਜਾਂਦਾ ਹੈ। ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਇਹ ਫੈਸਲਾ ਕਿਸੇ ਦਬਾਅ ਹੇਠ ਨਹੀਂ, ਸਗੋਂ ਗੁਰੂ ਘਰ ਦੀ ਮਰਿਆਦਾ ਅਤੇ ਸੰਸਥਾ ਦੀ ਇਜ਼ਜ਼ਤ ਨੂੰ ਧਿਆਨ ‘ਚ ਰੱਖ ਕੇ ਲਿਆ ਗਿਆ ਹੈ।"

"ਕੋਈ ਸ਼ਿਕਾਇਤ ਜਾਂ ਸ਼ਿਕਵਾ ਨਹੀਂ, ਇਸ ਫੈਸਲੇ ਨੂੰ ਸਿਰ ਝੁਕਾ ਕੇ ਸਵੀਕਾਰ ਕਰਦਾ ਹਾਂ"

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ "ਅੱਜ 26 ਫ਼ਰਵਰੀ ਨੂੰ SGPC ਦੀ ਮੀਟਿੰਗ ਹੋਈ, ਜਿਸ ਵਿੱਚ ਉਹੀ ਫੈਸਲਾ ਲਿਆ ਗਿਆ, ਜਿਸ ਦਾ ਅਨੁਮਾਨ ਸੰਗਤ ਪਹਿਲਾਂ ਤੋਂ ਹੀ ਲਗਾ ਰਹੀ ਸੀ। ਇਸ ਫੈਸਲੇ ਨੂੰ ਮੈਂ ਸਿਰ ਝੁਕਾ ਕੇ ਸਵੀਕਾਰ ਕਰਦਾ ਹਾਂ ਅਤੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਜਾਂ ਸ਼ਿਕਵਾ ਨਹੀਂ ਹੈ।"

“ਜੋ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ ਹੈ, ਉਹੀ ਹੋਵੇਗਾ।”

ਗਿਆਨੀ ਰਘਬੀਰ ਸਿੰਘ ਨੇ ਕਿਹਾ “ਜੋ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ ਹੈ, ਉਹੀ ਹੋਵੇਗਾ।” ਨਾਲ ਹੀ ਉਨ੍ਹਾਂ ਸੰਗਤ ਅੱਗੇ ਬੇਨਤੀ ਰੱਖੀ ਕਿ ਇਸ ਸਾਰੇ ਵਰਤਾਰੇ ਦੇ ਪਿੱਛੇ 2 ਦਸੰਬਰ ਦੇ ਫੈਸਲੇ ਕੇਂਦਰੀ ਕਾਰਕ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੈਸਲੇ ਕੁਝ ਹੋਰ ਢੰਗ ਨਾਲ ਕੀਤੇ ਜਾਂਦੇ, ਤਾਂ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ। ਉਨ੍ਹਾਂ ਕਿਹਾ ਕਿ ਉਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਪੰਥ ਦੀ ਹਾਜ਼ਰੀ ਵਿੱਚ ਜੋ ਫੈਸਲੇ ਲਏ ਗਏ, ਉਹ ਗੁਰਮਤ ਅਤੇ ਪੰਥਕ ਭਾਵਨਾਵਾਂ ਦੇ ਅਨੁਸਾਰ ਸਨ ਅਤੇ ਉਨ੍ਹਾਂ ਤੋਂ ਉਹ ਕਦੇ ਵੀ ਪਿੱਛੇ ਨਹੀਂ ਹਟੇ।

"ਪਹਿਲਾਂ ਹੀ ਸਾਂਝੀਆਂ ਕੀਤੀਆਂ ਜਾ ਚੁੱਕੀਆਂ ਨੇ ਸਾਰੀਆਂ ਗੱਲਾਂ"

ਗਿਆਨੀ ਰਘਬੀਰ ਸਿੰਘ ਨੇ ਪਿਛਲੇ ਕੁਝ ਸਾਲਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂਚ ਕਮੇਟੀ ਬਣਾਕੇ ਹਟਾਇਆ ਗਿਆ, ਫਿਰ 7 ਮਾਰਚ 2025 ਨੂੰ ਗਿਆਨੀ ਸੁਲਤਾਨ ਸਿੰਘ ਨੂੰ ਵੀ ਤਖ਼ਤ ਸਾਹਿਬ ਦੀਆਂ ਸੇਵਾਵਾਂ ਤੋਂ ਅਲੱਗ ਕੀਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ’ਤੇ ਵੀ ਵੱਖ-ਵੱਖ ਤਰ੍ਹਾਂ ਦੇ ਦਬਾਅ ਬਣਾਏ ਗਏ ਕਿ ਉਹ ਕੁਝ ਖਾਸ ਬਿਆਨ ਦੇਣ ਜਾਂ ਕੁਝ ਫੈਸਲਿਆਂ ਨਾਲ ਸਹਿਮਤ ਹੋ ਜਾਣ। ਉਨ੍ਹਾਂ ਕਿਹਾ ਕਿ ਇਹ ਸਾਰੀ ਗੱਲ ਉਹ ਪਹਿਲਾਂ ਹੀ ਸੰਗਤ ਨਾਲ ਸਾਂਝੀ ਕਰ ਚੁੱਕੇ ਹਨ।

"ਹੌਲੀ-ਹੌਲੀ ਸੰਗਤ ਸਾਹਮਣੇ ਰੱਖਣਗਾਂ ਸਬੂਤ"

ਲੰਗਰ ਘੋਟਾਲੇ ਅਤੇ ਹੋਰ ਆਰਥਿਕ ਬੇਨਿਯਮੀਆਂ ਬਾਰੇ ਬੋਲਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਪੱਕੇ ਦਸਤਾਵੇਜ਼ੀ ਸਬੂਤ ਮੌਜੂਦ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਬੂਤ ਉਹ ਹੌਲੀ-ਹੌਲੀ ਸੰਗਤ ਸਾਹਮਣੇ ਰੱਖਣਗੇ, ਤਾਂ ਜੋ SGPC ਨੂੰ ਭਰਿਸ਼ਟਾਚਾਰ ਤੋਂ ਮੁਕਤ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗੁਰੂ ਕੀ ਗੋਲਕ ਦੀ ਲੁੱਟ ਕਸੁੱਟ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਹੋਣੀ ਚਾਹੀਦੀ।

"SGPC ਆਪਣੇ ਆਪ ਵਿੱਚ ਇੱਕ ਬਹੁਤ ਪਵਿੱਤਰ ਸੰਸਥਾ"

ਅੰਤ ਵਿੱਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ SGPC ਆਪਣੇ ਆਪ ਵਿੱਚ ਇੱਕ ਬਹੁਤ ਪਵਿੱਤਰ ਸੰਸਥਾ ਹੈ, ਜਿਸ ਦੀ ਸਥਾਪਨਾ ਸ਼ਹੀਦਾਂ ਦੀ ਕੁਰਬਾਨੀ ਨਾਲ ਹੋਈ ਹੈ। ਉਨ੍ਹਾਂ ਕਿਹਾ “ਸੰਸਥਾ ਮਾੜੀ ਨਹੀਂ, ਪਰ ਜਿਸ ਸਿਸਟਮ ਦੇ ਅਧੀਨ ਇਹ ਚੱਲ ਰਹੀ ਹੈ, ਉਹ ਖਰਾਬ ਹੋ ਚੁੱਕਾ ਹੈ,”। ਗਿਆਨੀ ਰਘਬੀਰ ਸਿੰਘ ਨੇ ਦੁਹਰਾਇਆ ਕਿ ਉਹ ਆਪਣੇ ਨਾਲ ਹੋਏ ਫੈਸਲੇ ਦਾ ਸਵਾਗਤ ਕਰਦੇ ਹਨ, ਪਰ ਆਉਣ ਵਾਲੇ ਸਮੇਂ ਵਿੱਚ ਭਰਿਸ਼ਟਾਚਾਰ ਅਤੇ ਸੰਗਤ ਦੇ ਸ਼ੋਸ਼ਣ ਨਾਲ ਜੁੜੇ ਸਾਰੇ ਸੱਚ ਸੰਗਤ ਦੇ ਸਾਹਮਣੇ ਲਿਆਂਦੇ ਜਾਣਗੇ।