ETV Bharat / state

ਪੱਛਮੀ ਦੇਸ਼ ਦੇ ਹੋਟਲ ਵਿੱਚ ਦਸਤਾਰਧਾਰੀ ਸਿੱਖ ਨਾਲ ਬਦਸਲੂਕੀ, SGPC ਮੈਂਬਰ ਨੇ ਜਤਾਇਆ ਸਖ਼ਤ ਇਤਰਾਜ਼

ਪੱਛਮੀ ਦੇਸ਼ ਦੇ ਹੋਟਲ ਵਿੱਚ ਦਸਤਾਰਧਾਰੀ ਸਿੱਖ ਨੂੰ ਦਾਖ਼ਲ ਹੋਣ ਤੋਂ ਰੋਕਣ ਦੀ ਕਥਿਤ ਘਟਨਾ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ।

turban wearing Sikh Controversy
ਪੱਛਮੀ ਦੇਸ਼ ਦੇ ਹੋਟਲ ਵਿੱਚ ਦਸਤਾਰਧਾਰੀ ਸਿੱਖ ਨੂੰ ਦਾਖਲ ਹੋਣ ਤੋਂ ਰੋਕਣ ਦੀ ਘਟਨਾ ਤੇ ਐਸਜੀਪੀਸੀ ਮੈਂਬਰ ਨੇ ਜਤਾਇਆ ਇਤਰਾਜ਼ (ETV BHARAT)
author img

By ETV Bharat Punjabi Team

Published : August 29, 2026 at 4:07 PM IST

2 Min Read
Choose ETV Bharat

ਅੰਮ੍ਰਿਤਸਰ: ਪੱਛਮੀ ਦੇਸ਼ ਵਿੱਚ ਇੱਕ ਹੋਟਲ ਵੱਲੋਂ ਦਸਤਾਰਧਾਰੀ ਸਿੱਖ ਨੂੰ ਦਾਖ਼ਲਾ ਨਾ ਦਿੱਤੇ ਜਾਣ ਦੀ ਕਥਿਤ ਘਟਨਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਮੰਦਭਾਗੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਉਸ ਦੇ ਧਾਰਮਿਕ ਪਹਿਰਾਵੇ ਜਾਂ ਦਸਤਾਰ ਕਾਰਨ ਕਿਸੇ ਹੋਟਲ ਵਿੱਚ ਜਾਣ ਤੋਂ ਰੋਕਿਆ ਗਿਆ ਹੈ ਤਾਂ ਇਹ ਬੇਹੱਦ ਗੰਭੀਰ ਮਾਮਲਾ ਹੈ ਅਤੇ ਇਸ ਦਾ ਗੰਭੀਰ ਨੋਟਿਸ ਲਿਆ ਜਾਣਾ ਚਾਹੀਦਾ ਹੈ।

ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਕਮੇਟੀ ਮੈਂਬਰ (ETV BHARAT)

'ਦਸਤਾਰ ਸਿੱਖ ਦੀ ਧਾਰਮਿਕ ਪਛਾਣ ਦਾ ਅਹਿਮ ਹਿੱਸਾ'

ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ "ਸਾਨੂੰ ਨੂੰ ਜਾਣਕਾਰੀ ਮਿਲੀ ਹੈ ਕਿ ਪੱਛਮੀ ਦੇਸ਼ ਦੇ ਇੱਕ ਹੋਟਲ ਵਿੱਚ ਦਸਤਾਰਧਾਰੀ ਸਿੱਖ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਥਿਤ ਤੌਰ ’ਤੇ ਉਸ ਵਿਅਕਤੀ ਨਾਲ ਬਦਸਲੂਕੀ ਵੀ ਕੀਤੀ ਗਈ ਅਤੇ ਹੋਟਲ ਲਈ ਪਹਿਲਾਂ ਤੋਂ ਦਿੱਤੀ ਗਈ ਰਕਮ ਵੀ ਵਾਪਸ ਨਹੀਂ ਕੀਤੀ ਗਈ। ਜੇਕਰ ਇਹ ਤੱਥ ਸਹੀ ਹਨ ਤਾਂ ਇਹ ਬਹੁਤ ਹੀ ਚਿੰਤਾਜਨਕ ਘਟਨਾ ਹੈ। ਲੋਕਤੰਤਰਿਕ ਸਮਾਜ ਵਿੱਚ ਹਰੇਕ ਵਿਅਕਤੀ ਨੂੰ ਆਪਣੀ ਧਾਰਮਿਕ ਪਛਾਣ ਅਤੇ ਪਹਿਰਾਵੇ ਦੀ ਅਜ਼ਾਦੀ ਹੋਣੀ ਚਾਹੀਦੀ ਹੈ। ਦਸਤਾਰ ਸਿੱਖ ਦੀ ਧਾਰਮਿਕ ਪਛਾਣ ਦਾ ਅਹਿਮ ਹਿੱਸਾ ਹੈ ਅਤੇ ਇਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ।"


"ਸਿੱਖ ਫਲਸਫਾ ਹਮੇਸ਼ਾ ਮਨੁੱਖਤਾ ਦੀ ਭਲਾਈ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦਾ ਹੈ। ਕੋਵਿਡ-19 ਮਹਾਮਾਰੀ ਦੌਰਾਨ ਪੱਛਮੀ ਦੇਸ਼ਾਂ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿੱਚ ਸਿੱਖ ਭਾਈਚਾਰੇ, ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵੱਲੋਂ ਲੋੜਵੰਦ ਲੋਕਾਂ ਦੀ ਵੱਡੇ ਪੱਧਰ ’ਤੇ ਮਦਦ ਕੀਤੀ ਗਈ ਸੀ। ਉਸ ਸਮੇਂ ਸਿੱਖਾਂ ਨੇ ਧਰਮ, ਜਾਤ ਜਾਂ ਨਸਲ ਦਾ ਭੇਦ ਕੀਤੇ ਬਿਨਾਂ ਮਨੁੱਖਤਾ ਦੀ ਸੇਵਾ ਕੀਤੀ।"-ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਕਮੇਟੀ ਮੈਂਬਰ

ਸਿੱਖ ਨੌਜਵਾਨ ਨੂੰ ਹੋਟਲ ਵਿੱਚ ਦਾਖਲ ਨਾ ਹੋਣ ਦੇਣਾ ਮੰਦਭਾਗਾ

ਗਰੇਵਾਲ ਨੇ ਕਿਹਾ ਕਿ "ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਡੂੰਘਾ ਦੁੱਖ ਹੋਇਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਬੰਧਤ ਦੇਸ਼ ਵਿੱਚ ਸਰਗਰਮ ਸਿੱਖ ਸੰਸਥਾਵਾਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਮਾਮਲੇ ਦੀ ਜਾਣਕਾਰੀ ਹਾਸਲ ਕਰਕੇ ਲੋੜੀਂਦਾ ਨੋਟਿਸ ਲਿਆ ਜਾਵੇਗਾ।"

'ਧਾਰਮਿਕ ਪਛਾਣ ਦੇ ਅਧਾਰ ’ਤੇ ਨਹੀਂ ਹੋਣਾ ਚਾਹੀਦਾ ਭੇਦਭਾਵ'

ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਭੇਦਭਾਵ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਇਸ ਮਾਮਲੇ ਨੂੰ ਸਬੰਧਤ ਸਰਕਾਰ ਅਤੇ ਪ੍ਰਸ਼ਾਸਨ ਕੋਲ ਉਠਾਇਆ ਜਾਵੇਗਾ। ਨਾਲ ਹੀ ਉਨ੍ਹਾਂ ਵੱਲੋਂ ਸਬੰਧਤ ਗੁਰਦੁਆਰਾ ਸਾਹਿਬ ਅਤੇ ਸਿੱਖ ਸੰਸਥਾਵਾਂ ਨੂੰ ਵੀ ਇਸ ਮਾਮਲੇ ਵਿੱਚ ਢੁੱਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ ਜਾਵੇਗੀ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸਿੱਖਾਂ ਨਾਲ ਉਨ੍ਹਾਂ ਦੀ ਧਾਰਮਿਕ ਪਛਾਣ ਦੇ ਅਧਾਰ ’ਤੇ ਭੇਦਭਾਵ ਨਹੀਂ ਹੋਣਾ ਚਾਹੀਦਾ।