SGPC ਅਤੇ ਜਥੇਦਾਰਾਂ ਵਿਚਾਲੇ ਖਿੱਚੋਤਾਣ ਦਾ ਪੁਰਾਣਾ ਇਤਿਹਾਸ, ਮਾਰੋ ਇੱਕ ਨਜ਼ਰ
ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਸ਼੍ਰੋਮਣੀ ਕਮੇਟੀ ਵੱਲੋਂ ਖ਼ਤਮ ਕੀਤੀਆਂ ਗਈਆਂ। ਜਾਣੋ ਵਿਵਾਦ ਦਾ ਅਸਲ ਕਾਰਨ ਕੀ ਹੈ।

Published : March 1, 2026 at 2:52 PM IST
ਚੰਡੀਗੜ੍ਹ: ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵੱਡਾ ਅਤੇ ਸਖ਼ਤ ਫ਼ੈਸਲਾ ਲੈਂਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਸੇਵਾਮੁਕਤ ਕਰ ਦਿੱਤਾ ਹੈ। ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ। ਇਸ ਘਟਨਾਕ੍ਰਮ ਨੇ ਪੰਥਕ ਹਲਕਿਆਂ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ ਕਿ ਇਸ ਪੂਰੇ ਵਿਵਾਦ ਦੀ ਜੜ੍ਹ ਕੀ ਹੈ? ਹੈੱਡ ਗ੍ਰੰਥੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ ਅਤੇ ਅਤੀਤ ਵਿੱਚ ਕਿਹੜੇ-ਕਿਹੜੇ ਅਧਿਕਾਰੀਆਂ ਨਾਲ ਅਜਿਹਾ ਵਤੀਰਾ ਹੋਇਆ ਹੈ।
ਕੀ ਕਾਰਨ ਸੀ ਅਤੇ ਕਦੋਂ ਤੋਂ ਚੱਲ ਰਿਹਾ ਹੈ ਵਿਵਾਦ?
ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਤਣਾਅ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵੱਧ ਰਿਹਾ ਸੀ, ਖਾਸ ਕਰਕੇ ਜਦੋਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਹਟਾਇਆ ਗਿਆ। ਸਿੱਖ ਵਿਦਵਾਨਾਂ ਦੀ ਮੰਨੀਏ ਤਾਂ 2 ਦਸੰਬਰ ਦੇ ਫ਼ੈਸਲੇ ਤੋਂ ਬਾਅਦ ਇਸ ਵਿਵਾਦ ਦੀ ਸ਼ੁਰੂਆਤ ਹੋਈ, ਜੋ ਪਹਿਲਾਂ ਦੱਬੇ ਸੁਰਾਂ ਵਿਚ ਸੀ ਅਤੇ ਹੁਣ ਸ਼ਰੇਆਮ ਹੋ ਗਿਆ ਹੈ। ਫਰਵਰੀ 2026 ਦੇ ਅਖੀਰਲੇ ਦਿਨਾਂ ਵਿੱਚ ਇਹ ਵਿਵਾਦ ਉਦੋਂ ਸਿਖਰਾਂ 'ਤੇ ਪਹੁੰਚ ਗਿਆ ਜਦੋਂ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਕੰਮਕਾਜ 'ਤੇ ਗੰਭੀਰ ਸਵਾਲ ਚੁੱਕੇ। ਗਿਆਨੀ ਰਘਬੀਰ ਸਿੰਘ ਨੇ ਜਨਤਕ ਤੌਰ 'ਤੇ ਇਲਜ਼ਾਮ ਲਗਾਇਆ ਸੀ ਕਿ "ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੀਆਂ ਜ਼ਮੀਨਾਂ ਜਿਵੇਂ ਰੋਪੜ ਦੇ ਗੁਰਦੁਆਰਾ ਭੱਠਾ ਸਾਹਿਬ ਅਤੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਸੌਦਿਆਂ ਵਿੱਚ ਪਾਰਦਰਸ਼ਤਾ ਨਹੀਂ ਵਰਤੀ ਜਾ ਰਹੀ ਅਤੇ ਇਸ ਵਿੱਚ ਭ੍ਰਿਸ਼ਟਾਚਾਰ ਹੋ ਰਿਹਾ ਹੈ।" ਇਸ 'ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਅਤੇ ਗਿਆਨੀ ਰਘਬੀਰ ਸਿੰਘ ਨੂੰ 72 ਘੰਟੇ ਦਾ ਅਲਟੀਮੇਟਮ ਦਿੱਤਾ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗਿਆਨੀ ਰਘਬੀਰ ਸਿੰਘ ਨੂੰ 72 ਘੰਟੇ ਦਾ ਅਲਟੀਮੇਟਮ ਦਿੱਤਾ ਕਿ ਉਹ ਜਾਂ ਤਾਂ ਆਪਣੇ ਦੋਸ਼ਾਂ ਦੇ ਪੁਖ਼ਤਾ ਅਤੇ ਲਿਖਤੀ ਸਬੂਤ ਪੇਸ਼ ਕਰਨ ਜਾਂ ਫਿਰ ਸੰਗਤ ਤੋਂ ਮੁਆਫ਼ੀ ਮੰਗਣ। ਜਦੋਂ ਮਿੱਥੇ ਸਮੇਂ ਅੰਦਰ ਗਿਆਨੀ ਰਘਬੀਰ ਸਿੰਘ ਵੱਲੋਂ ਕੋਈ ਠੋਸ ਲਿਖਤੀ ਸਬੂਤ ਪੇਸ਼ ਨਹੀਂ ਕੀਤਾ ਗਿਆ ਤਾਂ 26 ਫਰਵਰੀ 2026 ਨੂੰ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਬਿਨਾਂ ਸਬੂਤਾਂ ਦੇ ਸੰਸਥਾ ਦਾ ਅਕਸ ਖਰਾਬ ਕਰਨ ਦੇ ਦੋਸ਼ ਹੇਠ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਸੇਵਾਮੁਕਤ ਕਰ ਦਿੱਤਾ। ਐਸਜੀਪੀਸੀ ਦਾ ਤਰਕ ਹੈ ਕਿ ਇੰਨੇ ਵੱਡੇ ਅਹੁਦੇ 'ਤੇ ਬੈਠ ਕੇ ਬਿਨਾਂ ਸਬੂਤ ਬਿਆਨਬਾਜ਼ੀ ਕਰਨ ਨਾਲ ਸੰਗਤਾਂ ਵਿੱਚ ਦੁਬਿਧਾ ਪੈਦਾ ਹੁੰਦੀ ਹੈ।
ਮਾਰਚ 2025 ਵਿੱਚ ਜਥੇਦਾਰੀ ਤੋਂ ਕੀਤਾ ਲਾਂਭੇ
ਇਸ ਪੂਰੇ ਵਰਤਾਰੇ ਨੂੰ ਜੇਕਰ ਕੁਝ ਪਿੱਛੇ ਤੋਂ ਵਾਚੀਏ ਤਾਂ 2 ਦਸੰਬਰ ਦੇ ਹੁਕਮਨਾਮੇ ਨੇ ਇਸਦਾ ਮੁੱਢ ਬੰਨ੍ਹਿਆ। ਗਿਆਨੀ ਰਘਬੀਰ ਸਿੰਘ ਦਾ ਕਹਿਣਾ ਹੈ ਕਿ "ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦਾ ਅਸਲ ਕਾਰਨ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਜਾਰੀ ਕੀਤਾ ਗਿਆ ਹੁਕਮਨਾਮਾ ਹੈ। ਉਹ ਆਪਣੇ ਫ਼ੈਸਲੇ 'ਤੇ ਦ੍ਰਿੜ ਹਨ ਅਤੇ ਇਸੇ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ਨੂੰ ਪਹਿਲਾਂ ਜਥੇਦਾਰੀ ਤੋਂ ਅਤੇ ਹੁਣ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਹੈ।" ਆਪਣੀ ਸੇਵਾ ਮੁਕਤੀ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੇ ਮੁੜ ਤੋਂ 2 ਦਸੰਬਰ ਵਾਲੇ ਹੁਕਮਨਾਮੇ ਦੀ ਗੱਲ ਦੁਹਰਾਈ ਅਤੇ ਪਿਛਲੇ ਕੁਝ ਸਾਲਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂਚ ਕਮੇਟੀ ਬਣਾਕੇ ਹਟਾਇਆ ਗਿਆ। ਫਿਰ 7 ਮਾਰਚ 2025 ਨੂੰ ਗਿਆਨੀ ਸੁਲਤਾਨ ਸਿੰਘ ਨੂੰ ਵੀ ਤਖ਼ਤ ਸਾਹਿਬ ਦੀਆਂ ਸੇਵਾਵਾਂ ਤੋਂ ਅਲੱਗ ਕੀਤਾ ਗਿਆ। ਉਸ ਤੋਂ ਬਾਅਦ ਉਨ੍ਹਾਂ 'ਤੇ ਵੀ ਵੱਖ-ਵੱਖ ਤਰ੍ਹਾਂ ਦੇ ਦਬਾਅ ਬਣਾਏ ਗਏ ਕਿ ਉਹ ਕੁਝ ਖਾਸ ਬਿਆਨ ਦੇਣ ਜਾਂ ਕੁਝ ਫੈਸਲਿਆਂ ਨਾਲ ਸਹਿਮਤ ਹੋ ਜਾਣ। ਉਨ੍ਹਾਂ ਕਿਹਾ ਕਿ ਇਹ ਸਾਰੀ ਗੱਲ ਉਹ ਪਹਿਲਾਂ ਹੀ ਸੰਗਤ ਨਾਲ ਸਾਂਝੀ ਕਰ ਚੁੱਕੇ ਹਨ।

ਜੇਕਰ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੈਸਲੇ ਕੁਝ ਹੋਰ ਢੰਗ ਨਾਲ ਕੀਤੇ ਜਾਂਦੇ, ਤਾਂ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ। ਉਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਪੰਥ ਦੀ ਹਾਜ਼ਰੀ ਵਿੱਚ ਜੋ ਫੈਸਲੇ ਲਏ ਗਏ, ਉਹ ਗੁਰਮਤਿ ਅਤੇ ਪੰਥਕ ਭਾਵਨਾਵਾਂ ਦੇ ਅਨੁਸਾਰ ਸਨ ਅਤੇ ਉਨ੍ਹਾਂ ਤੋਂ ਉਹ ਕਦੇ ਵੀ ਪਿੱਛੇ ਨਹੀਂ ਹਟੇ। ਵੱਖ-ਵੱਖ ਤਰ੍ਹਾਂ ਦੇ ਦਬਾਅ ਬਣਾਏ ਗਏ ਕਿ ਕੁਝ ਖਾਸ ਬਿਆਨ ਦੇਵਾਂ ਜਾਂ ਕੁਝ ਫੈਸਲਿਆਂ ਨਾਲ ਸਹਿਮਤ ਹੋ ਜਾਣ। ਇਹ ਸਾਰੀ ਗੱਲ ਉਹ ਪਹਿਲਾਂ ਹੀ ਸੰਗਤ ਨਾਲ ਸਾਂਝੀ ਕਰ ਚੁੱਕੇ ਹਨ।- ਗਿਆਨੀ ਰਘਬੀਰ ਸਿੰਘ, ਸਾਬਕਾ ਜਥੇਦਾਰ ਅਤੇ ਹੈੱਡ ਗ੍ਰੰਥੀ
ਹੈੱਡ ਗ੍ਰੰਥੀ ਅਤੇ ਜਥੇਦਾਰ ਦੀ ਨਿਯੁਕਤੀ ਕਿਵੇਂ ਹੁੰਦੀ ਹੈ?
ਇਸ ਪੂਰੇ ਵਰਤਾਰੇ ਤੋਂ ਇਕ ਸਵਾਲ ਖੜ੍ਹਾ ਹੁੰਦਾ ਹੈ ਕਿ ਆਖਿਰ ਜਥੇਦਾਰਾਂ ਜਾਂ ਹੈੱਡ ਗ੍ਰੰਥੀਆਂ ਦੀ ਨਿਯੁਕਤੀ ਕਿਵੇਂ ਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੀ ਅਧਿਕਾਰ ਹਨ ਕਿ ਉਹ ਕਿਸੇ ਜਥੇਦਾਰ ਜਾਂ ਹੈੱਡ ਗ੍ਰੰਥੀ ਨੂੰ ਸੇਵਾ ਮੁਕਤ ਕਰ ਸਕਣ। ਸਿੱਖ ਸੰਸਥਾਵਾਂ ਵਿੱਚ ਹੈੱਡ ਗ੍ਰੰਥੀ ਅਤੇ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਹਮੇਸ਼ਾ ਬਹਿਸ ਦਾ ਵਿਸ਼ਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਸਿੱਖਾਂ ਦੀ ਚੁਣੀ ਹੋਈ ਪ੍ਰਤੀਨਿਧ ਸੰਸਥਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਹੋਰ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਬਦਲੀ ਜਾਂ ਉਨ੍ਹਾਂ ਨੂੰ ਸੇਵਾ-ਮੁਕਤ ਕਰਨ ਦਾ ਪੂਰਾ ਕਾਨੂੰਨੀ ਅਤੇ ਪ੍ਰਬੰਧਕੀ ਅਧਿਕਾਰ ਐਸਜੀਪੀਸੀ ਦੀ ਕਾਰਜਕਾਰਨੀ ਕਮੇਟੀ (ਅੰਤਰਿੰਗ ਕਮੇਟੀ) ਕੋਲ ਹੁੰਦਾ ਹੈ, ਜਿਸ ਦੀ ਅਗਵਾਈ ਪ੍ਰਧਾਨ ਵੱਲੋਂ ਕੀਤੀ ਜਾਂਦੀ ਹੈ। ਸਿੱਖ ਗੁਰਦੁਆਰਾ ਐਕਟ 1925 ਦੇ ਸੈਕਸ਼ਨ 85 ਦੇ ਤਹਿਤ ਗੁਰਦੁਆਰਾ ਸਾਹਿਬਾਨਾਂ ਦੇ ਜਿਵੇਂ ਕਿ ਕੁਝ ਗੁਰਦੁਆਰਾ ਸਾਹਿਬ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਇਤਿਹਾਸਕ ਅਸਥਾਨਾਂ ਦੇ ਪ੍ਰਬੰਧ ਲਈ ਕਮੇਟੀ ਨਿਯੁਕਤ ਕੀਤੀ ਗਈ ਹੈ। ਸੈਕਸ਼ਨ 85 ਅਧੀਨ ਆਉਂਦੇ ਗੁਰਦੁਆਰਾ ਸਾਹਿਬ ਅਤੇ ਉਹਨਾਂ ਦੇ ਪ੍ਰਬੰਧ ਲਈ ਬਣਾਈ ਗਈ ਟੀਮ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੇਖਦੀ ਹੈ ਅਤੇ ਕਰਮਚਾਰੀਆਂ ਦੀ ਨਿਯੁਕਤੀ ਕਰਦੀ ਹੈ। ਜਦੋਂ ਕਿ ਇਹ ਕਮੇਟੀਆਂ ਸਥਾਨਕ ਮਾਮਲਿਆਂ ਦਾ ਪ੍ਰਬੰਧਨ ਕਰਦੀਆਂ ਹਨ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਨਿਯੰਤਰਣ ਦੇ ਅੰਦਰ ਕੰਮ ਕਰਦੀਆਂ ਹਨ। ਸਿੱਖ ਗੁਰਦੁਆਰਾ ਐਕਟ 1925 ਦੇ ਸੈਕਸ਼ਨ 69 ਦੇ ਮੁਤਾਬਿਕ ਅੰਤਰਿੰਗ ਕਮੇਟੀ ਕੋਲ ਇਹ ਅਧਿਕਾਰ ਹੁੰਦਾ ਹੈ ਕਿ ਮੁਲਾਜ਼ਮਾਂ ਦੀ ਨਿਯੁਕਤੀ ਕਰ ਸਕੇ ਅਤੇ ਉਹਨਾਂ ਨੂੰ ਅਹੁਦੇ ਤੋਂ ਲਾਂਭੇ ਕਰ ਸਕੇ। ਕਮੇਟੀ ਕੋਲ ਇਹ ਵੀ ਅਧਿਕਾਰ ਹੈ ਕਿ ਸਮੇਂ-ਸਮੇਂ 'ਤੇ ਉਹ ਮੁਲਾਜਮਾਂ ਦੀ ਗਿਣਤੀ, ਗ੍ਰੇਡ, ਤਨਖ਼ਾਹ, ਸਕੇਲ ਅਤੇ ਹੋਰ ਮਿਹਨਤਾਨਾ ਨਿਰਧਾਰਿਤ ਕਰਦੀ ਹੈ। ਸੈਕਸ਼ਨ 69 ਵਿਚ ਇਹ ਤਜਵੀਜ਼ ਵੀ ਸ਼ਾਮਿਲ ਹੈ ਕਿ ਇਹ ਕਮੇਟੀ ਅਨੁਸ਼ਾਸ਼ਨ ਭੰਗ ਕਰਨ ਤਹਿਤ ਉਹਨਾਂ ਮੁਲਾਜ਼ਮਾ ਨੂੰ ਸਜ਼ਾ, ਜ਼ੁਰਮਾਨਾ ਜਾਂ ਅਹੁਦੇ ਤੋਂ ਹਟਾ ਸਕਦੀ ਹੈ।
ਹੈੱਡ ਗ੍ਰੰਥੀ ਦੇ ਅਹੁਦੇ ਲਈ ਯੋਗਤਾ ਦੇ ਮਾਪਦੰਡ ਕੀ ਹਨ ?
ਹੈੱਡ ਗ੍ਰੰਥੀ ਦੀ ਨਿਯੁਕਤੀ ਸਿੱਖ ਗੁਰਦੁਆਰਾ ਐਕਟ 1925 ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿਚ ਹੁੰਦੀ ਹੈ। ਹੈੱਡ ਗ੍ਰੰਥੀ ਦੇ ਅਹੁੱਦੇ ਤੱਕ ਪਹੁੰਚਣ ਵਾਲੇ ਵਿਅਕਤੀ ਦਾ ਉੱਚ ਕੋਟੀ ਦਾ ਵਿਦਵਾਨ, ਗੁਰਬਾਣੀ ਦਾ ਡੂੰਘਾ ਗਿਆਤਾ, ਸਿੱਖ ਰਹਿਤ ਮਰਿਯਾਦਾ ਦਾ ਪੂਰਨ ਧਾਰਨੀ ਅਤੇ ਪੰਥਕ ਸੋਚ ਵਾਲਾ ਹੋਣਾ ਲਾਜ਼ਮੀ ਮੰਨਿਆ ਜਾਂਦਾ ਹੈ। ਆਮ ਤੌਰ 'ਤੇ ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਗ੍ਰੰਥੀ ਸਿੰਘਾਂ ਜਾਂ ਪੰਥ ਦੇ ਉੱਘੇ ਵਿਦਵਾਨਾਂ ਵਿੱਚੋਂ ਹੀ ਸੀਨੀਅਰਤਾ ਅਤੇ ਯੋਗਤਾ ਦੇ ਆਧਾਰ 'ਤੇ ਹੈੱਡ ਗ੍ਰੰਥੀ ਥਾਪਿਆ ਜਾਂਦਾ ਹੈ। ਸਿਧਾਂਤਕ ਤੌਰ 'ਤੇ ਇਹ ਨਿਯੁਕਤੀ ਧਾਰਮਿਕ ਯੋਗਤਾ ਦੇ ਆਧਾਰ 'ਤੇ ਹੁੰਦੀ ਹੈ ਪਰ ਅਕਸਰ ਵਿਰੋਧੀ ਧਿਰਾਂ ਅਤੇ ਧਾਰਮਿਕ ਆਗੂ ਇਹ ਇਲਜ਼ਾਮ ਲਗਾਉਂਦੇ ਹਨ ਕਿ ਨਿਯੁਕਤੀਆਂ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਪ੍ਰਭਾਵ ਪੂਰੀ ਤਰ੍ਹਾਂ ਭਾਰੂ ਰਹਿੰਦਾ ਹੈ। ਜਦੋਂ ਵੀ ਕੋਈ ਜਥੇਦਾਰ ਜਾਂ ਹੈੱਡ ਗ੍ਰੰਥੀ ਸਿਆਸੀ ਲੀਡਰਸ਼ਿਪ ਦੀ ਮਰਜ਼ੀ ਦੇ ਖ਼ਿਲਾਫ਼ ਕੋਈ ਫ਼ੈਸਲਾ ਲੈਂਦਾ ਹੈ ਤਾਂ ਉਸ ਨੂੰ ਬਦਲ ਦਿੱਤਾ ਜਾਂਦਾ ਹੈ।

ਹੈੱਡ ਗ੍ਰੰਥੀ ਦੀਆਂ ਡਿਊਟੀਆਂ ਕੀ ਹੁੰਦੀਆਂ ਹਨ ?
ਸਾਬਕਾ ਐਸਜੀਪੀਸੀ ਮੈਂਬਰ ਅਮਰਿੰਦਰ ਸਿੰਘ ਕਹਿੰਦੇ ਹਨ ਕਿ "ਹੈੱਡ ਗ੍ਰੰਥੀ ਦਾ ਰੁਤਬਾ ਫੌਜ ਮੁਖੀ ਵਰਗਾ ਹੁੰਦਾ ਹੈ। ਹੈੱਡ ਗ੍ਰੰਥੀ ਦੀ ਮਰਜ਼ੀ ਤੋਂ ਬਿਨਾਂ ਸ੍ਰੀ ਦਰਬਾਰ ਸਾਹਿਬ ਅੰਦਰ ਕੋਈ ਵੀ ਗਤੀਵਿਧੀ ਨਹੀਂ ਹੋ ਸਕਦੀ। ਕੀਰਤਨ ਦੀ ਮਰਿਯਾਦਾ ਅਤੇ ਰਾਗਾਂ ਨੂੰ ਸਮੇਂ-ਸਮੇਂ 'ਤੇ ਲਾਗੂ ਕਰਵਾਉਣਾ ਹੈੱਡ ਗ੍ਰੰਥੀ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਰਾਗੀ ਸਿੰਘਾਂ ਦੀ ਡਿਊਟੀਆਂ ਅਤੇ ਊਣਤਾਈਆਂ ਵੇਖਣਾ ਵੀ ਹੈੱਡ ਗ੍ਰੰਥੀ ਦਾ ਅਧਿਕਾਰ ਹੈ।ਗਿਆਨੀ ਰਘਬੀਰ ਸਿੰਘ ਵੀ ਇਸੇ ਅਧਿਕਾਰ ਖੇਤਰ ਅਧੀਨ ਕੰਮ ਕਰਦੇ ਸਨ।"
ਕੌਣ ਹਨ ਗਿਆਨੀ ਰਘਬੀਰ ਸਿੰਘ ?
ਗਿਆਨੀ ਰਘੁਬੀਰ ਸਿੰਘ ਮੰਨੀ ਪ੍ਰਮੰਨੀ ਧਾਰਮਿਕ ਸਖ਼ਸ਼ੀਅਤ ਹਨ। ਉਹਨਾਂ ਦਾ ਧਰਮ ਦੇ ਪ੍ਰਚਾਰ ਵਿਚ ਲੰਬਾ ਤਜ਼ਰਬਾ ਹੈ। ਗਿਆਨੀ ਰਘਬੀਰ ਸਿੰਘ ਦ ਜਨਮ ਅੰਮ੍ਰਿਤਸਰ ਦੇ ਸੁਲਤਾਨਵਿੰਡ ਵਿਚ ਹੋਇਆ। ਬਚਪਨ ਤੋਂ ਹੀ ਉਹਨਾਂ ਦਾ ਰੁਝਾਨ ਗੁਰਬਾਣੀ ਅਤੇ ਇਤਿਹਾਸ ਵੱਲ ਸੀ। ਉਹਨਾਂ ਨੇ ਆਪਣਾ ਸਫ਼ਰ ਸ੍ਰੀ ਹਰਮੰਦਿਰ ਸਾਹਿਬ ਦੇ ਗ੍ਰੰਥੀ ਵਜੋਂ ਸੰਨ 1989 ਵਿਚ ਸ਼ੁਰੂ ਕੀਤਾ। ਉਹਨਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਈ। 1995 ਤੋਂ ਲੈ ਕੇ ਸਾਲ 2014 ਤੱਕ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਚ ਪੰਜ ਪਿਆਰਿਆਂ ਵਜੋਂ ਸੇਵਾਵਾਂ ਨਿਭਾਈਆਂ। 2017 ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣੇ। 2023 ਵਿਚ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰ ਵਜੋਂ ਰੁਖਸਤਗੀ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪਿਆ ਗਿਆ। ਐਸਜੀਪੀਸੀ ਨਾਲ ਤਲਖੀ ਦਰਮਿਆਨ ਗਿਆਨੀ ਰਘਬੀਰ ਸਿੰਘ ਨੂੰ ਮਾਰਚ 2025 ਵਿਚ ਜਥੇਦਾਰੀ ਤੋਂ ਲਾਂਭੇ ਕਰਕੇ ਸ੍ਰੀ ਹਰਮੰਦਿਰ ਸਾਹਿਬ ਦੇ ਹੈੱਡ ਗ੍ਰੰਥੀ ਥਾਪਿਆ ਗਿਆ।

ਇਸ ਤੋਂ ਪਹਿਲਾਂ ਕਿਸ-ਕਿਸੇ 'ਤੇ ਹੋਇਆ ਐਕਸ਼ਨ ?
ਸਿੱਖ ਆਗੂਆਂ ਅਤੇ ਸਿੱਖ ਸਿਆਸਤ ਨਾਲ ਸਬੰਧਿਤ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗਿਆਨੀ ਰਘਬੀਰ ਸਿੰਘ ਨੂੰ ਹਟਾਏ ਜਾਣ ਦਾ ਮਾਮਲਾ ਐਸਜੀਪੀਸੀ ਦੇ ਇਤਿਹਾਸ ਵਿੱਚ ਪਹਿਲਾ ਮਾਮਲਾ ਨਹੀਂ ਹੈ। ਪਹਿਲਾਂ ਵੀ ਕਈ ਵਾਰ ਧਾਰਮਿਕ ਸ਼ਖਸੀਅਤਾਂ ਅਤੇ ਕਰਮਚਾਰੀਆਂ ਨੂੰ ਪ੍ਰਬੰਧਕਾਂ ਜਾਂ ਸਿਆਸੀ ਦਬਾਅ ਹੇਠ ਅਹੁਦਿਆਂ ਤੋਂ ਜ਼ਲੀਲ ਕਰਕੇ ਹਟਾਉਣ ਜਾਂ ਖੱਜਲ-ਖੁਆਰ ਕਰਨ ਦੇ ਗੰਭੀਰ ਇਲਜ਼ਾਮ ਲੱਗਦੇ ਰਹੇ ਹਨ। ਜੇਕਰ ਇਸ ਦੇ ਪਿਛੋਕੜ 'ਤੇ ਝਾਤ ਮਾਰੀਏ ਤਾਂ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ। ਜਿਹਨਾਂ ਵਿਚ ਐਸਜੀਪੀਸੀ ਮੁਲਾਜ਼ਮਾਂ ਅਤੇ ਐਸਜੀਪੀਸੀ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਅਤੇ ਮੀਡੀਆ ਦੀਆਂ ਸੁਰਖੀਆਂ ਵੀ ਬਣੀਆਂ।
- ਭਾਈ ਰਣਜੀਤ ਸਿੰਘ (1999)
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ 1999 ਵਿੱਚ ਅਚਾਨਕ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਸ ਸਮੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਚਾਲੇ ਸਿਆਸੀ ਖਿੱਚੋਤਾਣ ਚੱਲ ਰਹੀ ਸੀ। ਜਦੋਂ ਭਾਈ ਰਣਜੀਤ ਸਿੰਘ ਨੇ ਨਿਰਪੱਖ ਫ਼ੈਸਲਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸਿਆਸੀ ਦਬਾਅ ਹੇਠ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਗਈ। ਇਸਦਾ ਜ਼ਿਕਰ ਭਾਈ ਰਣਜੀਤ ਸਿੰਘ ਆਪਣੀ ਵਾਰਤਾਲਾਪ ਵਿਚ ਕਈ ਵਾਰ ਕਰ ਚੁੱਕੇ ਹਨ।
- ਗਿਆਨੀ ਬਲਵੰਤ ਸਿੰਘ ਨੰਦਗੜ੍ਹ (2015)
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਹੱਕ ਵਿੱਚ ਡਟਣ ਕਾਰਨ ਐਸਜੀਪੀਸੀ ਨੇ ਅਹੁਦੇ ਤੋਂ ਹਟਾ ਦਿੱਤਾ ਸੀ। ਉਨ੍ਹਾਂ 'ਤੇ ਸੰਤ ਸਮਾਜ ਅਤੇ ਸਿਆਸੀ ਆਗੂਆਂ ਦੇ ਦਬਾਅ ਹੇਠ ਕਾਰਵਾਈ ਕੀਤੀ ਗਈ ਸੀ ਕਿਉਂਕਿ ਉਨ੍ਹਾਂ ਨੇ ਲੀਡਰਸ਼ਿਪ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
- ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸਿਆਸੀ ਦਬਾਅ ਦਾ ਸਾਹਮਣਾ ਕਰਨਾ ਪਿਆ। ਆਮ ਆਦਮੀ ਪਾਰਟੀ ਦੇ ਆਗੂ ਦੀ ਮੰਗਣੀ ਵਿੱਚ ਜਾਣ ਅਤੇ ਕੁਝ ਹੋਰ ਪੰਥਕ ਮੁੱਦਿਆਂ 'ਤੇ ਲੀਡਰਸ਼ਿਪ ਤੋਂ ਵੱਖਰਾ ਅਤੇ ਤਿੱਖੇ ਬਿਆਨਾਂ ਕਾਰਨ ਉਨ੍ਹਾਂ ਨੂੰ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਇਸ ਦਾ ਜ਼ਿਕਰ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਵਾਰ ਕੀਤਾ ਅਤੇ ਐਸਜੀਪੀਸੀ ਵੱਲੋਂ ਵੀ ਗਿਆਨੀ ਹਰਪ੍ਰੀਤ ਸਿੰਘ 'ਤੇ ਕਈ ਟਿੱਪਣੀਆਂ ਕੀਤੀਆਂ ਗਈਆਂ। ਹਾਲਾਂਕਿ ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਵਿਵਾਦ ਨੂੰ ਵੀ ਕਾਰਵਾਈ ਦਾ ਅਧਾਰ ਬਣਾਇਆ ਗਿਆ ਸੀ। ਗਿਆਨੀ ਹਰਪ੍ਰੀਤ ਸਿੰਘ ਆਪਣਾ ਸਪੱਸ਼ਟੀਕਰਨ ਦੇਣ ਲਈ ਭਰੇ ਦਰਬਾਰ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਹਜ਼ੂਰੀ ਵਿਚ ਪਹੁੰਚੇ ਸਨ।
- ਗਿਆਨੀ ਗੁਰਬਚਨ ਸਿੰਘ
ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਵਿਵਾਦਿਤ ਫ਼ੈਸਲੇ ਮਗਰੋਂ ਸਿੱਖ ਸੰਗਤਾਂ ਵੱਲੋਂ ਭਾਰੀ ਵਿਰੋਧ ਹੋਇਆ। ਉਸ ਸਮੇਂ ਸ਼੍ਰੋਮਣੀ ਕਮੇਟੀ ਉੱਤੇ ਗਿਆਨੀ ਗੁਰਬਚਨ ਸਿੰਘ ਨੂੰ ਬਚਾਉਣ ਦੇ ਇਲਜ਼ਾਮ ਵੀ ਲੱਗੇ, ਪਰ ਸੰਗਤ ਦੇ ਭਾਰੀ ਦਬਾਅ ਕਾਰਨ ਅੰਤ ਵਿੱਚ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ।

- ਗਿਆਨੀ ਪੂਰਨ ਸਿੰਘ ਨਾਲ ਬੀਬੀ ਜਗੀਰ ਕੌਰ ਦਾ ਵਿਵਾਦ
ਅਜਿਹਾ ਹੀ ਇਕ ਵਿਵਾਦ ਗਿਆਨੀ ਪੂਰਨ ਸਿੰਘ ਅਤੇ ਬੀਬੀ ਜਗੀਰ ਕੌਰ ਵਿਚਾਲੇ ਸਾਹਮਣੇ ਆਇਆ ਸੀ। ਉਸ ਸਮੇਂ ਗਿਆਨੀ ਪੂਰਨ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ ਅਤੇ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਸਾਲ 1998–1999 ਦੇ ਦੌਰਾਨ ਇਹ ਵਿਵਾਦ ਉਸ ਵੇਲੇ ਉਭਰਿਆ ਜਦੋਂ ਗਿਆਨੀ ਪੂਰਨ ਸਿੰਘ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦੇ ਦੋਸ਼ਾਂ ਦੇ ਤਹਿਤ 'ਤਨਖਾਹੀਆ' ਕਰਾਰ ਦਿੱਤਾ ਸੀ। ਇਹ ਫ਼ੈਸਲਾ ਸਿੱਖ ਰਾਜਨੀਤੀ ਵਿੱਚ ਵੱਡੀ ਹਲਚਲ ਦਾ ਕਾਰਨ ਬਣਿਆ। ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਇਸ ਫ਼ੈਸਲੇ ਨੂੰ ਵਿਵਾਦਤ ਮੰਨਿਆ, ਜਿਸ ਤੋਂ ਬਾਅਦ ਇਹ ਮਾਮਲਾ ਅਧਿਕਾਰ ਅਤੇ ਪ੍ਰਬੰਧਕੀ ਸੰਸਥਾਵਾਂ ਦੇ ਦਰਮਿਆਨ ਅਧਿਕਾਰਾਂ ਦੀ ਹੱਦ ਨੂੰ ਲੈ ਕੇ ਤਕਰਾਰ ਵਿੱਚ ਬਦਲ ਗਿਆ। ਇਸ ਵਿਵਾਦ ਨੇ ਇਹ ਸਵਾਲ ਖੜਾ ਕੀਤਾ ਕਿ ਸਿੱਖ ਪੰਥ ਵਿੱਚ ਅਸਲ ਅਧਿਕਾਰ ਕਿਸ ਕੋਲ ਹਨ, ਧਾਰਮਿਕ ਅਧਿਕਾਰੀ ਜਾਂ ਪ੍ਰਬੰਧਕੀ ਸੰਸਥਾ? 1999 ਵਿੱਚ ਸ਼੍ਰੋਮਣੀ ਕਮੇਟੀ ਨੇ ਗਿਆਨੀ ਪੂਰਨ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ।
- ਹਜ਼ੂਰੀ ਰਾਗੀ ਅਤੇ ਪ੍ਰਚਾਰਕ
ਸਿਰਫ਼ ਜਥੇਦਾਰ ਹੀ ਨਹੀਂ ਬਲਕਿ ਕਈ ਹਜ਼ੂਰੀ ਰਾਗੀ ਅਤੇ ਪ੍ਰਚਾਰਕ ਵੀ ਇਸ ਸਿਆਸੀ ਅਤੇ ਪ੍ਰਬੰਧਕੀ ਸਿਸਟਮ ਦਾ ਸ਼ਿਕਾਰ ਹੋਏ ਹਨ। ਇਸ ਸਬੰਧ ਵਿਚ ਵੀ ਐਸਜੀਪੀਸੀ ਕਈ ਵਾਰ ਸਵਾਲਾਂ ਦੇ ਘੇਰੇ ਵਿਚ ਆਈ। ਭਾਈ ਬਲਦੇਵ ਸਿੰਘ ਵਡਾਲਾ ਜਿਨ੍ਹਾਂ ਨੇ ਬਾਅਦ ਵਿੱਚ ਸਿੱਖ ਸਦਭਾਵਨਾ ਦਲ ਬਣਾਇਆ, ਉਹਨਾਂ ਨੇ ਵੀ ਜਦੋਂ ਸ਼੍ਰੋਮਣੀ ਕਮੇਟੀ 'ਚ ਭ੍ਰਿਸ਼ਟਾਚਾਰ ਅਤੇ ਕਮੀਆਂ ਨੂੰ ਲੈਕੇ ਮੁੱਦਾ ਚੁੱਕਿਆ ਤਾਂ ਉਨ੍ਹਾਂ ਦੀ ਦੂਰ-ਦੁਰਾਡੇ ਬਦਲੀ ਕਰ ਦਿੱਤੀ ਗਈ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਹੀ ਖ਼ਤਮ ਕਰ ਦਿੱਤੀਆਂ ਗਈਆਂ। ਸਤੰਬਰ 2020 ਵਿਚ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਓਂਕਾਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਹੈੱਡ ਗ੍ਰੰਥੀ ਜਗਤਾਰ ਸਿੰਘ ਸਾਰੇ ਰਾਗੀਆਂ 'ਤੇ ਉਹਨਾਂ ਦੀ ਮਰਜ਼ੀ ਦੇ ਸ਼ਬਦ ਪੜ੍ਹਨ ਦੇ ਦਬਾਅ ਬਣਾਉਂਦੇ ਹਨ ਅਤੇ ਉਹਨਾਂ ਦੀ ਕਾਬਲੀਅਤ 'ਤੇ ਟਿੱਪਣੀਆਂ ਕਰਦੇ ਹਨ।
ਗੁਰਦੁਆਰਾ ਐਕਟ 1925 ਤਹਿਤ ਨਿਯਮ ਤਾਂ ਬਣੇ ਹਨ ਪਰ ਉਹਨਾਂ ਤਹਿਤ ਨਿਯੁਕਤੀ ਜਾਂ ਰੁਖ਼ਸਤਗੀ ਕਦੇ ਨਹੀਂ ਹੁੰਦੀ। ਐਸਜੀਪੀਸੀ ਨੇ ਇਸ ਲਈ ਆਪਣੇ ਪ੍ਰਬੰਧਕੀ ਨਿਯਮ ਬਣਾਏ ਹੋਏ ਹਨ। ਉਸਦੇ ਹਿਸਾਬ ਨਾਲ ਵੀ ਜੇ ਐਸਜੀਪੀਸੀ ਕੰਮ ਕਰੇ ਤਾਂ ਵੀ ਬਹੁਤ ਵਧੀਆ ਤਰੀਕੇ ਨਾਲ ਕੰਮ ਹੋ ਸਕਦਾ ਹੈ। ਐਸਜੀਪੀਸੀ ਸਾਰੇ ਨਿਯਮਾਂ ਅਤੇ ਕਾਨੂੰਨਾਂ ਨੂੰ ਆਪਣੀ ਮਰਜ਼ੀ ਨਾਲ ਛਿੱਕੇ ਟੰਗ ਕੇ ਕੰਮ ਕਰ ਰਹੀ ਹੈ। ਜਿਹੜੀ ਨੀਤੀ ਐਸਜੀਪੀਸੀ ਦੇ ਅਕਾਵਾਂ ਨੂੰ ਮਨਜ਼ੂਰ ਹੁੰਦੀ ਹੈ ਓਸੇ ਤਹਿਤ ਕੰਮ ਹੁੰਦਾ ਹੈ। ਜੇਕਰ ਗੁਰਦੁਆਰਾ ਐਕਟ ਦੇ ਨਿਯਮਾਂ ਮੁਤਾਬਿਕ ਕੰਮ ਕੀਤਾ ਜਾਵੇ ਤਾਂ ਸਭ ਕੁਝ ਚੰਗਾ ਹੋਵੇਗਾ, ਪਰ ਅਜਿਹਾ ਹੁੰਦਾ ਨਹੀਂ। -ਅਮਰਿੰਦਰ ਸਿੰਘ, ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
"ਗਿਆਨੀ ਰਘਬੀਰ ਸਿੰਘ ਨੂੰ ਲਾਂਭੇ ਕਰਨਾ ਮੰਦਭਾਗਾ"
ਸਾਬਕਾ ਐਸਜੀਪੀਸੀ ਮੈਂਬਰ ਅਮਰਿੰਦਰ ਸਿੰਘ ਕਹਿੰਦੇ ਹਨ ਕਿ "ਗਿਆਨੀ ਰਘਬੀਰ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕਰਨਾ ਮੰਦਭਾਗਾ ਹੈ। ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਲਾਂਭੇ ਕਰਨ ਦੀ ਇਬਾਰਤ 2 ਦਸੰਬਰ ਵਾਲੇ ਫ਼ੈਸਲੇ ਦੇ ਦਿਨ ਤੋਂ ਹੀ ਲਿਖੀ ਜਾ ਰਹੀ ਸੀ। 2 ਦਸੰਬਰ ਦੇ ਫ਼ੈਸਲੇ ਤੋਂ ਬਾਅਦ ਇਕ ਵੱਡੇ ਘਰਾਣੇ ਦੇ ਮਨ ਵਿਚ ਗਿਆਨੀ ਰਘਬੀਰ ਸਿੰਘ ਲਈ ਕੁੜੱਤਣ ਪੈਦਾ ਹੋ ਗਈ ਸੀ ਕਿਉਂਕਿ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ 'ਤੇ ਖੜ੍ਹੇ ਹੋ ਕੇ ਸੱਚ ਬੋਲਣ ਦੀ ਜ਼ੁਅਰਤ ਕੀਤੀ। ਗਿਆਨੀ ਸੁਲਤਾਨ ਸਿੰਘ ਨਾਲ ਵੀ ਅਜਿਹਾ ਕੋਈ ਘਟਨਾਕ੍ਰਮ ਵਾਪਰ ਸਕਦਾ ਹੈ। ਗਿਆਨੀ ਰਘਬੀਰ ਸਿੰਘ ਦੀ ਸੇਵਾਮੁਕਤੀ ਵਿਚ ਕੁਝ ਸਮਾਂ ਹੀ ਬਾਕੀ ਸੀ, ਸੇਵਾ ਮੁਕਤੀ ਤੋਂ ਪਹਿਲਾਂ ਹੀ ਉਹਨਾਂ ਨੂੰ ਜ਼ਲੀਲ ਕਰਕੇ ਕੱਢਿਆ ਗਿਆ।"
ਬਹੁਤ ਹੀ ਦੁਖਦਾਈ ਗੱਲ ਹੈ ਕਿ ਕਿਸ ਤਰੀਕੇ ਨਾਲ ਜਥੇਦਾਰ ਸਾਹਿਬਾਨ ਨੂੰ ਹਟਾਇਆ ਜਾ ਰਿਹਾ। ਉਨ੍ਹਾਂ 'ਤੇ ਕਿਸ ਤਰ੍ਹਾਂ ਨਾਲ ਇਲਜ਼ਾਮ ਲਗਾਏ ਜਾ ਰਹੇ ਹਨ। ਜਿਹੜੇ ਸਿੱਖ ਚਿੰਤਕ ਹਨ ਤੇ ਸਿੱਖੀ ਨੂੰ ਸਮਰਪਿਤ ਹਨ, ਉਨ੍ਹਾਂ ਲਈ ਇਹ ਗੱਲ ਬਹੁਤ ਹੀ ਜਿਆਦਾ ਦੁੱਖ ਦੇਣ ਵਾਲੀ ਹੈ। ਅਜਿਹਾ ਤਾਂ ਕਿਸੇ ਛੋਟ ਵਿਅਕਤੀ ਨੂੰ ਵੀ ਨੌਕਰੀ ਤੋਂ ਅਸੀਂ ਨਹੀਂ ਕੱਢ ਸਕਦੇ। ਇਹ ਗੱਲ ਨਹੀਂ ਹੋਣੀ ਚਾਹੀਦੀ ਤੇ ਇਸ ਦਾ ਕੋਈ ਸਿਸਟਮ ਹੋਣਾ ਚਾਹੀਦਾ ਹੈ।- ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸਿੱਖ ਬੁੱਧੀਜੀਵੀ
"ਗਿਆਨੀ ਰਘਬੀਰ ਸਿੰਘ ਨਾਲ ਹੋਇਆ ਵਰਤਾਰਾ ਸਹੀ ਨਹੀਂ"
ਸਿੱਖ ਚਿੰਤਕ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਗਿਆਨੀ ਰਘਬੀਰ ਸਿੰਘ ਨਾਲ ਹੋਏ ਵਰਤਾਰੇ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ "ਜਥੇਦਾਰ ਅਤੇ ਹੈੱਡ ਗ੍ਰੰਥੀਆਂ ਨੂੰ ਹਟਾਉਣ ਦਾ ਇਹ ਤਰੀਕਾ ਠੀਕ ਨਹੀਂ ਹੈ। ਜਿਸ ਤਰੀਕੇ ਨਾਲ ਗਿਆਨੀ ਰਘਬੀਰ ਸਿੰਘ ਨੂੰ ਕੱਢਿਆ ਗਿਆ ਉਸ ਤਰੀਕੇ ਨਾਲ ਤੀਜੇ ਦਰਜੇ ਦੇ ਕਰਮਚਾਰੀ ਨਾਲ ਵੀ ਨਹੀਂ ਕੀਤਾ ਜਾਂਦਾ। ਨੌਕਰੀ ਤੋਂ ਵਿਦਾਇਗੀ ਬੜੇ ਮਾਣ ਸਤਿਕਾਰ ਨਾਲ ਦਿੱਤੀ ਜਾਂਦੀ ਹੈ। ਸਾਰੇ ਮਾਪਦੰਡਾਂ ਦੇ ਅਧਾਰ 'ਤੇ ਜਥੇਦਾਰ ਦੀ ਨਿਯੁਕਤੀ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੀ ਵਿਦਾਇਗੀ ਵੀ ਪੂਰੇ ਮਾਣ ਸਤਿਕਾਰ ਨਾਲ ਹੋਣੀ ਚਾਹੀਦੀ ਹੈ। ਐਸਜੀਪੀਸੀ ਦੀ ਕਾਰਜਸ਼ੈਲੀ ਸਵਾਲਾਂ ਦੇ ਘੇਰੇ ਵਿਚ ਹੈ। ਐਸਜੀਪੀਸੀ 'ਤੇ ਭ੍ਰਿਸ਼ਟਾਚਾਰ ਦੇ ਕਈ ਇਲਜ਼ਾਮ ਲੱਗਦੇ ਰਹੇ। ਇਹ ਗੱਲਾਂ ਬਹੁਤ ਮਾੜੀਆਂ ਹਨ ਅਤੇ ਇਸਦੇ ਨਤੀਜੇ ਬਹੁਤ ਬੁਰੇ ਭੁਗਤਣੇ ਪੈਣਗੇ।"
ਗਿਆਨੀ ਰਘਬੀਰ ਸਿੰਘ ਨੂੰ ਸੇਵਾਵਾਂ ਤੋਂ ਲਾਂਭੇ ਕਰਨ ਦੇ ਇਸ ਤਾਜ਼ਾ ਫ਼ੈਸਲੇ ਨੇ ਇੱਕ ਵਾਰ ਫਿਰ ਇਹ ਬਹਿਸ ਛੇੜ ਦਿੱਤੀ ਹੈ ਕਿ ਸਿੱਖਾਂ ਦੀਆਂ ਸਰਵਉੱਚ ਧਾਰਮਿਕ ਸੰਸਥਾਵਾਂ ਅਤੇ ਉਨ੍ਹਾਂ ਦੇ ਪ੍ਰਬੰਧ ਵਿੱਚ ਕਿੰਨੀ ਕੁ ਪਾਰਦਰਸ਼ਤਾ ਹੈ। ਸ਼੍ਰੋਮਣੀ ਕਮੇਟੀ ਦਾ ਤਰਕ ਹੈ ਕਿ ਅਨੁਸ਼ਾਸਨਹੀਣਤਾ ਅਤੇ ਬਿਨਾਂ ਸਬੂਤ ਸੰਸਥਾ ਨੂੰ ਬਦਨਾਮ ਕਰਨਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਦਕਿ ਦੂਜੇ ਪਾਸੇ, ਪੰਥਕ ਵਿਦਵਾਨਾਂ ਅਤੇ ਸੰਗਤਾਂ ਦਾ ਇੱਕ ਵੱਡਾ ਹਿੱਸਾ ਇਹ ਮੰਨਦਾ ਹੈ ਕਿ ਜਦੋਂ ਵੀ ਕੋਈ ਅਧਿਕਾਰੀ ਜਾਂ ਜਥੇਦਾਰ ਮੌਜੂਦਾ ਸਿਸਟਮ ਜਾਂ ਸਿਆਸੀ ਆਗੂਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ, ਤਾਂ ਉਸ ਨੂੰ 'ਨੋਟਿਸ' ਅਤੇ 'ਸੇਵਾਮੁਕਤੀ' ਵਰਗੇ ਹਥਿਆਰਾਂ ਨਾਲ ਚੁੱਪ ਕਰਵਾ ਦਿੱਤਾ ਜਾਂਦਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਮੁੱਦਾ ਪੰਜਾਬ ਦੀ ਧਾਰਮਿਕ ਅਤੇ ਰਾਜਨੀਤਿਕ ਫਿਜ਼ਾ ਵਿੱਚ ਹੋਰ ਗਰਮਾਉਣ ਦੀ ਪੂਰੀ ਸੰਭਾਵਨਾ ਹੈ।

