ETV Bharat / state

ਪੰਜਾਬ 'ਤੇ ਪਿਆ ਇਜ਼ਰਾਈਲ–ਈਰਾਨ ਜੰਗ ਦਾ ਅਸਰ, ਦੁਬਈ–UAE ਦੀਆਂ ਕਈ ਉਡਾਣਾਂ ਰੱਦ

ਈਰਾਨ ਇਜ਼ਰਾਈਲ ਜੰਗ ਕਾਰਨ ਉਡਾਣਾਂ ਰੱਦ ਹੋ ਰਹੀਆਂ ਹਨ। ਜਿਸ ਕਾਰਨ ਪੰਜਾਬ ਤੋਂ ਜਾਣ ਵਾਲੇ ਯਾਤਰੀ ਵੀ ਪਰੇਸ਼ਾਨ ਹੋ ਰਹੇ ਹਨ।

Dubai-UAE flights cancelled
ਪੰਜਾਬ 'ਤੇ ਪਿਆ ਅਮਰੀਕਾ ਅਤੇ ਇਜ਼ਰਾਈਲ–ਈਰਾਨ ਦੀ ਜੰਗ ਦਾ ਅਸਰ (Etv Bharat)
author img

By ETV Bharat Punjabi Team

Published : March 1, 2026 at 5:04 PM IST

3 Min Read
Choose ETV Bharat

ਅੰਮ੍ਰਿਤਸਰ: ਅਮਰੀਕਾ ਅਤੇ ਈਰਾਨ ਇਜ਼ਰਾਈਲ ਜੰਗ ਦੌਰਾਨ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਜਿਸ ਦਾ ਅਸਰ ਪੰਜਾਬ 'ਤੇ ਵੀ ਪੈ ਰਿਹਾ ਹੈ। ਖ਼ਬਰਾਂ ਮੁਤਾਬਕ ਈਰਾਨ ਨੇ ਦੁਬਈ 'ਤੇ ਹਮਲਾ ਕਰ ਦਿੱਤਾ ਹੈ। ਨਤੀਜੇ ਵਜੋਂ ਭਾਰਤ ਨੇ ਦੁਬਈ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ ਅਤੇ ਦੁਬਈ ਹਵਾਈ ਅੱਡਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸ ਹੀ ਤਹਿਤ ਸੁਰੱਖਿਆ ਕਾਰਨਾਂ ਕਰਕੇ ਹੁਣ ਅੰਮ੍ਰਿਤਸਰ ਤੋਂ ਹਵਾਈ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ। ਜਿਸ ਕਾਰਨ ਅਰਬ ਅਮੀਰਾਤ (UAE), ਦੁਬਈ, ਸ਼ਾਰਜਾਹ ਅਤੇ ਹੋਰ ਮਿਡਲ ਈਸਟ ਮੰਜ਼ਿਲਾਂ ਵੱਲ ਜਾਣ ਵਾਲੀਆਂ ਅਤੇ ਉੱਥੋਂ ਆਉਣ ਜਾਣ ਵਾਲੇ ਲੋਕ ਵੀ ਖੱਜਲ ਹੋ ਰਹੇ ਹਨ।

ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ (Etv Bharat)

ਯਾਤਰੀਆਂ ਨੂੰ ਨਹੀਂ ਕੋਈ ਜਾਣਕਾਰੀ

ਐਤਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚਣ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਬਈ, ਸ਼ਾਰਜਾਹ ਅਤੇ ਹੋਰ ਖਾੜੀ ਦੇਸ਼ਾਂ ਵੱਲ ਜਾਣ ਵਾਲੇ ਸੈਂਕੜੇ ਯਾਤਰੀ ਏਅਰਪੋਰਟ ‘ਤੇ ਫਸੇ ਹੋਏ ਹਨ। ਇਨ੍ਹਾਂ ਯਾਤਰੀਆਂ ਨੂੰ ਅਚਾਨਕ ਉਡਾਣਾਂ ਰੱਦ ਹੋਣ ਅਤੇ ਅੱਗੇ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਾ ਮਿਲਣ ਕਾਰਨ ਵੱਧ ਦਿੱਕਤ ਪੇਸ਼ ਆ ਰਹੀ ਹੈ। ਦੱਸਦਈਏ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ, ਸ਼ਾਰਜਾਹ ਅਤੇ ਹੋਰ ਖਾੜੀ ਦੇਸ਼ਾਂ ਲਈ ਜਾਣ ਵਾਲੀਆਂ ਕਰੀਬ 10 ਉਡਾਣਾਂ ਰੱਦ ਕੀਤੀਆਂ ਗਈਆਂ ਹਨ।

ਯਾਤਰੀਆਂ ਨੇ ਦੱਸੇ ਹਾਲ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ ਰਾਤ ਚੰਡੀਗੜ੍ਹ ਏਅਰਪੋਰਟ ਵੀ ਬੰਦ ਕੀਤਾ ਗਿਆ ਸੀ। ਉਥੇ ਹੀ ਏਅਰਪੋਰਟ ਨਿਰਦੇਸ਼ਕ ਭੂਪਿੰਦਰ ਸਿੰਘ ਨੇ ਵੀ ਬੀਤੇ ਕੱਲ੍ਹ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ। ਉਥੇ ਹੀ ਏਅਰਪੋਰਟ ‘ਤੇ ਪਹੁੰਚੇ ਯਾਤਰੀ ਅਰਵਿੰਦਰ ਸਿੰਘ ਨੇ ਦੱਸਿਆ ਕਿ ''ਮੈਂ ਪਿਛਲੇ ਦੋ ਸਾਲਾਂ ਤੋਂ ਦੋਹਾ ਵਿੱਚ ਲੇਬਰ ਦਾ ਕੰਮ ਕਰ ਰਿਹਾ ਹਾਂ ਅਤੇ ਇੱਕ ਮਹੀਨਾ ਪਹਿਲਾਂ ਆਪਣੇ ਘਰ ਅੰਮ੍ਰਿਤਸਰ ਆਇਆ ਸੀ। ਅੱਜ ਕੰਪਨੀ ਵੱਲੋਂ ਵਾਪਸ ਕਤਰ ਜਾਣ ਲਈ ਟਿਕਟ ਭੇਜੀ ਗਈ ਸੀ, ਪਰ ਏਅਰਪੋਰਟ ‘ਤੇ ਏਅਰ ਇੰਡੀਆ ਵੱਲੋਂ ਦੱਸਿਆ ਗਿਆ ਕਿ ਉਸ ਦੀ ਉਡਾਣ ਰੱਦ ਕਰ ਦਿੱਤੀ ਗਈ ਹੈ ਅਤੇ ਅਗਲੀ ਉਡਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ, ਇਸ ਸਬੰਧੀ ਕੰਪਨੀ ਨੂੰ ਸੁਚਿਤ ਕੀਤਾ ਗਿਆ ਹੈ ਪਰ ਪਤਾ ਨਹੀਂ ਅਜੇ ਹੋਰ ਕਿੰਨੇ ਦਿਨ ਪਰੇਸ਼ਾਨੀ ਦਾ ਸਾਹਮਣਾ ਕਰਦਿਆਂ ਘਰ ਰਹਿਣਾ ਪਵੇਗਾ।'

Dubai-UAE flights cancelled
ਪੰਜਾਬ 'ਤੇ ਪਿਆ ਅਮਰੀਕਾ ਅਤੇ ਇਜ਼ਰਾਈਲ–ਈਰਾਨ ਦੀ ਜੰਗ ਦਾ ਅਸਰ (Etv Bharat)

ਇੱਕ ਹੋਰ ਯਾਤਰੀ ਜਗਦੀਪ ਸਿੰਘ ਨੇ ਦੱਸਿਆ ਕਿ 'ਮੈਂ ਪਿਛਲੇ 10 ਸਾਲਾਂ ਤੋਂ ਮਸਕਟ 'ਚ ਕੰਮ ਕਰ ਰਿਹਾ ਹਾਂ ਅਤੇ ਡੇਢ ਮਹੀਨਾ ਪਹਿਲਾਂ ਹੀ ਆਪਣੇ ਪਿੰਡ ਆਇਆ ਸੀ। ਛੁੱਟੀ ਖ਼ਤਮ ਹੋਣ ਤੋਂ ਬਾਅਦ ਅੱਜ ਪੰਜਾਬ ਦੇ ਕਲਾਨੌਰ ਤੋਂ ਮਸਕਟ ਜਾਣ ਲਈ ਨਿਕਲਿਆ ਸੀ ਪਰ ਜਦੋਂ ਏਅਰਪੋਰਟ ਪਹੁੰਚਿਆ ਤਾਂ ਪਤਾ ਲੱਗਿਆ ਕਿ ਅਮਰੀਕਾ ਅਤੇ ਇਰਾਨ ਦੀ ਜੰਗ ਕਾਰਨ ਉਸ ਦੀ ਉਡਾਣ ਰੱਦ ਕਰ ਦਿੱਤੀ ਗਈ ਹੈ। ਇਸ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਤੋਂ ਦਿੱਲੀ ਅਤੇ ਫਿਰ ਦਿੱਲੀ ਤੋਂ ਮਸਕਟ ਜਾਣਾ ਸੀ, ਪਰ ਹੁਣ ਕੋਈ ਵੀ ਅੰਤਰਰਾਸ਼ਟਰੀ ਉਡਾਣ ਨਹੀਂ ਚੱਲ ਰਹੀ।'

ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਦੁਬਈ ਵਿੱਚ ਫਸੀ

ਜ਼ਿਰਕਯੋਗ ਹੈ ਕਿ ਈਰਾਨ 'ਤੇ ਅਮਰੀਕਾ-ਇਜ਼ਰਾਈਲ ਹਮਲੇ ਤੋਂ ਬਾਅਦ ਉਡਾਣਾਂ ਵਿੱਚ ਵਿਘਨ ਅਤੇ ਰੱਦ ਹੋਣ ਕਾਰਨ ਦੇਸ਼ ਭਰ ਦੇ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਦੁਬਈ ਵਿੱਚ ਫਸੀ ਹੋਈ ਹੈ। ਇਸੇ ਤਰ੍ਹਾਂ ਕਰਨਾਟਕ ਦੇ ਕੁਝ ਸੈਲਾਨੀ ਦੁਬਈ ਵਿੱਚ ਫਸੇ ਹੋਏ ਹਨ। ਪੁਣੇ ਦੇ 40 ਐਮਬੀਏ ਵਿਦਿਆਰਥੀ ਵੀ ਦੁਬਈ ਵਿੱਚ ਫਸੇ ਹੋਏ ਹਨ। ਮਹਾਰਾਸ਼ਟਰ ਦੇ ਯਾਤਰੀਆਂ ਨੇ ਲੰਬੇ ਇੰਤਜ਼ਾਰ ਅਤੇ ਉਡਾਣਾਂ ਰੱਦ ਹੋਣ ਦੀ ਸ਼ਿਕਾਇਤ ਕੀਤੀ। ਆਈਏਐਨਐਸ ਨਾਲ ਗੱਲ ਕਰਦੇ ਹੋਏ, ਇੱਕ ਯਾਤਰੀ ਨੇ ਕਿਹਾ, "ਸਾਡੀ ਉਡਾਣ ਸਵੇਰੇ 8:30 ਵਜੇ ਦੇ ਕਰੀਬ ਨਿਰਧਾਰਤ ਸੀ, ਪਰ ਇਸਨੂੰ ਰੱਦ ਕਰ ਦਿੱਤਾ ਗਿਆ। ਇਸ ਸਮੇਂ, ਅਸੀਂ ਅਗਲੀ ਉਡਾਣ ਦੀ ਉਡੀਕ ਕਰ ਰਹੇ ਹਾਂ, ਅਤੇ ਜਿਵੇਂ ਹੀ ਇਹ ਰਵਾਨਾ ਹੋਵੇਗੀ ਅਸੀਂ ਰਵਾਨਾ ਹੋ ਜਾਵਾਂਗੇ।"

ਮੁੰਬਈ ਏਅਰਪੋਰਟ ਬੰਦ

ਸੁਰੱਖਿਆ ਚਿੰਤਾਵਾਂ ਕਾਰਨ ਏਅਰਲਾਈਨਾਂ ਵੱਲੋਂ ਸੇਵਾਵਾਂ ਮੁਅੱਤਲ ਕਰਨ ਕਾਰਨ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲਗਭਗ 98 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦੌਰਾਨ, ਚੰਡੀਗੜ੍ਹ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਹਵਾਈ ਆਵਾਜਾਈ ਪ੍ਰਬੰਧਨ ਵਿੱਚ ਵਿਘਨ ਦੀ ਪੁਸ਼ਟੀ ਕੀਤੀ। ਸ਼ਨੀਵਾਰ ਨੂੰ, ਸਿਰਫ਼ ਇੱਕ ਦੁਬਈ ਜਾਣ ਵਾਲੀ ਉਡਾਣ ਰੱਦ ਕੀਤੀ ਗਈ ਸੀ, ਪਰ ਐਤਵਾਰ ਨੂੰ, ਦੁਬਈ ਜਾਣ ਅਤੇ ਜਾਣ ਵਾਲੀਆਂ ਦੋਵੇਂ ਉਡਾਣਾਂ ਪ੍ਰਭਾਵਿਤ ਹੋਈਆਂ।

ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਕਾਫ਼ੀ ਪ੍ਰਭਾਵਿਤ ਹੋਇਆ, 17 ਆਉਣ- ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਨਾਲ ਬਹੁਤ ਸਾਰੇ ਯਾਤਰੀ ਫਸ ਗਏ। ਇਹ ਰੱਦ ਕਰਨਾ ਈਰਾਨ 'ਤੇ ਅਮਰੀਕਾ-ਇਜ਼ਰਾਈਲ ਦੇ ਸਾਂਝੇ ਹਮਲੇ ਕਾਰਨ ਹੋਏ ਇੱਕ ਵੱਡੇ ਖੇਤਰੀ ਵਿਘਨ ਦਾ ਹਿੱਸਾ ਹੈ।