ਮਾਝੇ ਲਈ ਮਾਣ ਵਾਲੀ ਖ਼ਬਰ: ਖਡੂਰ ਸਾਹਿਬ ਦਾ ਸਕੂਲ ਆਫ਼ ਐਮੀਨੈਂਸ ਭਾਰਤ ਦੇ ਖ਼ੁਬਸੂਰਤ ਸਕੂਲਾਂ ਵਿੱਚ ਸ਼ਾਮਲ
ਦੇਸ਼ ਭਰ ਦੇ 1.471 ਮਿਲੀਅਨ ਸਕੂਲਾਂ ਵਿੱਚੋਂ ਸਕੂਲ ਆਫ਼ ਐਮੀਨੈਂਸ ਖਡੂਰ ਸਾਹਿਬ ਨੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।


Published : July 21, 2026 at 6:44 PM IST
ਤਰਨ ਤਾਰਨ : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਕੂਲ ਆਫ਼ ਐਮੀਨੈਂਸ ਲਗਾਤਾਰ ਤਰੱਕੀ ਵੱਲ ਵੱਧ ਰਹੇ ਹਨ। ਜਿਥੇ ਮਾਪੇ ਆਪਣੇ ਬੱਚਿਆਂ ਨੂੰ ਇਨ੍ਹਾਂ ਸਰਕਾਰੀ ਸਕੂਲਾਂ 'ਚ ਦਾਖਲਾ ਕਰਵਾ ਕੇ ਚੰਗੀ ਪੜ੍ਹਾਈ ਕਰਵਾ ਰਹੇ ਹਨ ਤਾਂ ਉਥੇ ਹੀ ਖਡੂਰ ਸਾਹਿਬ ਦੇ ਸਕੂਲ ਆਫ ਐਮੀਨੈਂਂਸ ਨੇ ਰਾਸ਼ਟਰੀ ਪੁਰਸਕਾਰ ਜਿੱਤ ਕੇ ਇੱਕ ਹੋਰ ਨਾਮਨਾ ਖੱਟ ਲਿਆ ਹੈ। ਜਿਸ ਨੂੰ ਦੇਸ਼ ਭਰ ਦੇ 1.471 ਮਿਲੀਅਨ ਸਕੂਲਾਂ ਵਿੱਚੋਂ ਸਨਮਾਨਿਤ ਕੀਤਾ ਗਿਆ, ਚਾਰ ਸਖ਼ਤ ਪੜਾਵਾਂ ਨੂੰ ਪਾਰ ਕਰਨ ਤੋਂ ਬਾਅਦ ਇਹ ਪੁਰਸਕਾਰ ਪ੍ਰਾਪਤ ਕੀਤਾ ਹੈ।
ਪੂਰੇ ਮਾਝਾ ਖੇਤਰ 'ਚ ਇੱਕ ਲੌਤਾ ਸਕੂਲ
ਦੱਸ ਦਈਏ ਕਿ ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਖਡੂਰ ਸਾਹਿਬ ਦੇ ਸਕੂਲ ਆਫ਼ ਐਮੀਨੈਂਸ ਨੇ ਇੱਕ ਹੋਰ ਵੱਡੀ ਉਪਲਬਧੀ ਆਪਣੇ ਨਾਮ ਕਰ ਲਈ ਹੈ। ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਐੱਸ.ਐੱਚ.ਵੀ.ਆਰ. (SHVR) ਪ੍ਰੋਗਰਾਮ ਤਹਿਤ ਦੇਸ਼ ਦੇ ਚੁਣਿੰਦੇ ਸੁੰਦਰ, ਹਰਿਆ-ਭਰਿਆ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਸਰਕਾਰੀ ਸਕੂਲਾਂ ਦੀ ਕੀਤੀ ਗਈ ਚੋਣ ਵਿੱਚ ਖਡੂਰ ਸਾਹਿਬ ਦੇ ਇਸ ਸਕੂਲ ਨੂੰ ਵਿਸ਼ੇਸ਼ ਸਥਾਨ ਮਿਲਿਆ ਹੈ। ਸਭ ਤੋਂ ਮਾਣ ਵਾਲੀ ਗੱਲ ਇਹ ਹੈ ਕਿ ਪੂਰੇ ਮਾਝਾ ਖੇਤਰ ਵਿੱਚੋਂ ਇਸ ਮਾਣਮੱਤੀ ਸੂਚੀ ਵਿੱਚ ਸ਼ਾਮਲ ਹੋਣ ਵਾਲਾ ਇਹ ਇਕੱਲਾ ਸਰਕਾਰੀ ਸਕੂਲ ਹੈ।
ਪੰਜਾਬ ਦਾ ਵਧਿਆ ਮਾਣ
ਸਕੂਲ ਦੀ ਇਹ ਉਪਲਬਧੀ ਨਾ ਸਿਰਫ਼ ਤਰਨ ਤਾਰਨ ਜ਼ਿਲ੍ਹੇ ਲਈ, ਸਗੋਂ ਪੂਰੇ ਪੰਜਾਬ ਲਈ ਮਾਣ ਦੀ ਗੱਲ ਹੈ। ਸਕੂਲ ਦੀ ਆਲੀਸ਼ਾਨ ਅਤੇ ਸੁੰਦਰ ਇਮਾਰਤ, ਹਰਿਆ-ਭਰਿਆ ਵਾਤਾਵਰਨ, ਸਾਫ਼-ਸੁਥਰਾ ਕੈਂਪਸ, ਵਿਦਿਆਰਥੀ-ਅਨੁਕੂਲ ਸਹੂਲਤਾਂ, ਆਧੁਨਿਕ ਕਲਾਸਰੂਮ, ਵਿਗਿਆਨ ਅਤੇ ਕੰਪਿਊਟਰ ਲੈਬਾਂ, ਖੇਡਾਂ ਲਈ ਬਿਹਤਰ ਬੁਨਿਆਦੀ ਢਾਂਚਾ ਅਤੇ ਉੱਚ ਪੱਧਰੀ ਸਿੱਖਿਆ ਪ੍ਰਬੰਧ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੀ ਚੋਣ ਕੀਤੀ ਗਈ ਹੈ।

ਅਧਿਆਪਕਾਂ ਦੇ ਸਿਹਰਾ
ਸਕੂਲ ਦੀ ਇਸ ਪ੍ਰਾਪਤੀ ਨਾਲ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਸਕੂਲ ਵਿੱਚ ਵਿਦਿਆਰਥੀਆਂ ਨੇ ਇੱਕ-ਦੂਜੇ ਨੂੰ ਵਧਾਈ ਦਿੱਤੀ, ਜਦਕਿ ਅਧਿਆਪਕਾਂ ਨੇ ਇਸ ਸਫ਼ਲਤਾ ਨੂੰ ਸਾਂਝੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਦੱਸਿਆ। ਇਲਾਕੇ ਦੇ ਲੋਕਾਂ ਨੇ ਵੀ ਇਸ ਪ੍ਰਾਪਤੀ ਨੂੰ ਖਡੂਰ ਸਾਹਿਬ ਅਤੇ ਮਾਝਾ ਖੇਤਰ ਲਈ ਮਾਣ ਵਾਲਾ ਪਲ ਕਰਾਰ ਦਿੰਦਿਆਂ ਸਕੂਲ ਪ੍ਰਬੰਧਨ ਨੂੰ ਵਧਾਈ ਦਿੱਤੀ।ਸਕੂਲ ਦੇ ਪ੍ਰਿੰਸੀਪਲ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ 'ਇਹ ਸਨਮਾਨ ਪੂਰੀ ਸਕੂਲ ਟੀਮ ਦੀ ਲਗਾਤਾਰ ਮਿਹਨਤ, ਅਧਿਆਪਕਾਂ ਦੀ ਨਿਸ਼ਠਾ ਅਤੇਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਆਧੁਨਿਕ ਬਣਾਉਣ, ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਅਤੇ ਗੁਣਵੱਤਾ ਵਾਲੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਯਤਨਾਂ ਦਾ ਇਸ ਉਪਲਬਧੀ ਵਿੱਚ ਮਹੱਤਵਪੂਰਨ ਯੋਗਦਾਨ ਹੈ।'

ਵੱਖ-ਵੱਖ ਮੁਹਿੰਮਾਂ ਤਹਿਤ ਬਣੀ ਪਛਾਣ
ਉਨ੍ਹਾਂ ਅੱਗੇ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਿਰਫ਼ ਪਾਠ ਪੁਸਤਕਾਂ ਤੱਕ ਸੀਮਤ ਨਹੀਂ ਰੱਖਿਆ ਜਾਂਦਾ, ਸਗੋਂ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਵਿਗਿਆਨਕ ਸੋਚ, ਡਿਜ਼ੀਟਲ ਸਿੱਖਿਆ ਅਤੇ ਵਾਤਾਵਰਨ ਸੰਭਾਲ ਵਰਗੇ ਖੇਤਰਾਂ ਵਿੱਚ ਵੀ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸਕੂਲ ਦੇ ਹਰੇ-ਭਰੇ ਕੈਂਪਸ ਨੂੰ ਸੰਭਾਲਣ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਮੇਂ-ਸਮੇਂ 'ਤੇ ਰੁੱਖ ਲਗਾਉਣ ਅਤੇ ਸਫ਼ਾਈ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ, ਜਿਸ ਕਾਰਨ ਇਹ ਸਕੂਲ ਆਪਣੀ ਕੁਦਰਤੀ ਸੁੰਦਰਤਾ ਲਈ ਵੀ ਜਾਣਿਆ ਜਾਂਦਾ ਹੈ।
ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਇਸ ਤਰ੍ਹਾਂ ਦੀਆਂ ਉਪਲਬਧੀਆਂ ਇਹ ਸਾਬਤ ਕਰਦੀਆਂ ਹਨ ਕਿ ਜੇਕਰ ਸਹੀ ਯੋਜਨਾਬੰਦੀ, ਮਜ਼ਬੂਤ ਬੁਨਿਆਦੀ ਢਾਂਚਾ ਅਤੇ ਸਮਰਪਿਤ ਅਧਿਆਪਕ ਮਿਲ ਜਾਣ ਤਾਂ ਸਰਕਾਰੀ ਸਕੂਲ ਵੀ ਦੇਸ਼ ਪੱਧਰ 'ਤੇ ਨਵੀਆਂ ਮਿਸਾਲਾਂ ਕਾਇਮ ਕਰ ਸਕਦੇ ਹਨ। ਖਡੂਰ ਸਾਹਿਬ ਦੇ ਸਕੂਲ ਆਫ਼ ਐਮੀਨੈਂਸ ਨੂੰ ਮਿਲੀ ਇਹ ਰਾਸ਼ਟਰੀ ਪੱਧਰ ਦੀ ਪਛਾਣ ਨਾ ਸਿਰਫ਼ ਮਾਝਾ ਖੇਤਰ ਦੇ ਹੋਰ ਸਕੂਲਾਂ ਲਈ ਪ੍ਰੇਰਣਾ ਬਣੇਗੀ, ਸਗੋਂ ਇਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀਆਂ ਉਪਲਬਧੀਆਂ ਨੂੰ ਵੀ ਦੇਸ਼ ਭਰ ਵਿੱਚ ਨਵੀਂ ਪਹਿਚਾਣ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।

