ETV Bharat / state

ਵਿਆਹ ਦੌਰਾਨ ਸਰਪੰਚ ਦਾ ਕਤਲ, ਆਪ ਪਾਰਟੀ ਨਾਲ ਸੀ ਸਬੰਧਿਤ, ਬਰਾਤ 'ਚ ਸ਼ਾਮਲ ਹਮਲਾਵਰ ਨੇ ਚਲਾਈ ਗੋਲੀ

ਅੰਮ੍ਰਿਤਸਰ ਵਿਖੇ ਇੱਕ ਰਿਜ਼ੋਰਟ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤਾ ਗਿਆ ਸਰਪੰਚ ਦਾ ਕਤਲ।

SARPANCH MURDER AT MARRIAGE
ਵਿਆਹ ਦੇ ਪ੍ਰੋਗਰਾਮ 'ਚ ਆਪ ਪਾਰਟੀ ਦੇ ਸਰਪੰਚ ਦਾ ਕਤਲ (ETV Bharat)
author img

By ETV Bharat Punjabi Team

Published : January 4, 2026 at 9:24 PM IST

4 Min Read
Choose ETV Bharat

ਅੰਮ੍ਰਿਤਸਰ : ਪੰਜਾਬ ਵਿੱਚ ਲਗਾਤਾਰ ਹੀ ਗੈਂਗਸਟਰ ਆਪਣਾ ਪੈਰ ਪਸਾਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਲਗਾਤਾਰ ਹੀ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਹਾਲਾਂਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਰ ਲਗਾਤਾਰ ਹੀ ਗੈਂਗਸਟਰਾਂ ਵੱਲੋਂ ਧਮਕੀਆਂ ਭਰੇ ਫੋਨ ਵੀ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਵਿੱਚ ਅੱਜ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਵਿਖੇ ਮੈਰੀ ਗੋਲਡ ਰਿਜ਼ੋਰਟ ਦੇ ਅੰਦਰ ਇੱਕ ਵਿਆਹ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਨਾਲ ਸਬੰਧਿਤ ਦੱਸੇ ਜਾ ਰਹੇ ਸਰਪੰਚ ਜਰਮਲ ਸਿੰਘ ਉੱਤੇ ਅਣਪਛਾਤਿਆਂ ਵੱਲੋਂ ਗੋਲੀਆਂ ਦਾਗੀਆਂ ਗਈਆਂ ਅਤੇ ਇਸ ਦੌਰਾਨ ਮੌਜੂਦਾ ਸਰਪੰਚ ਦੀ ਮੌਤ ਵੀ ਹੋ ਗਈ।

ਅੰਮ੍ਰਿਤਸਰ ਵਿਖੇ ਇਕ ਰਿਜ਼ੋਰਟ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤਾ ਗਿਆ ਸਰਪੰਚ ਦਾ ਕਤਲ। (ETV Bharat)

'ਸਰਪੰਚ ਦਾ ਸ਼ਰੇਆਮ ਕਤਲ'

ਸਰਪੰਚ ਜਰਮਲ ਸਿੰਘ ਗੋਲੀ ਲੱਗਣ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਿਆ। ਖੂਨ ਨਾਲ ਲੱਥਪੱਥ ਸਰਪੰਚ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਉਸ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਗੋਲੀਬਾਰੀ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਪਹੁੰਚੀ। ਟੀਮ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ, ਹਾਜ਼ਰ ਲੋਕਾਂ ਤੋਂ ਪੁੱਛਗਿੱਛ ਕੀਤੀ। ਪੁਲਿਸ ਨੂੰ ਸ਼ੱਕ ਹੈ ਕਿ ਸਰਪੰਚ ਦਾ ਪਿੱਛਾ ਕੀਤਾ ਜਾ ਰਿਹਾ ਸੀ। ਵਿਆਹ ਵਿੱਚ ਸ਼ਾਮਲ ਹੋਏ ਆਪ ਵਿਧਾਇਕ ਸਰਵਨ ਸਿੰਘ ਨੇ ਕਿਹਾ ਕਿ ਹਮਲਾਵਰ, ਕੋਟ ਅਤੇ ਪੈਂਟ ਪਹਿਨ ਕੇ, ਮਹਿਮਾਨਾਂ ਦੇ ਭੇਸ ਵਿੱਚ ਸਨ। ਉਨ੍ਹਾਂ ਨੇ ਸਰਪੰਚ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਜਦੋਂ ਉਹ ਖਾਣਾ ਖਾ ਰਿਹਾ ਸੀ। ਸਰਪੰਚ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ ਪਰ ਘਟਨਾ ਸਮੇਂ ਉੱਥੇ ਕੋਈ ਨਹੀਂ ਦਿਖਾਈ ਦਿੱਤਾ।

"ਅਣਪਛਾਤੇ ਬੰਦੇ ਆਏ ਅਤੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ"

ਸਰਪੰਚ ਦੇ ਕਤਲ ਦੇ ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਮੈਰੀਗੋਲਡ ਮੈਰਿਜ ਪੈਲੇਸ ਵਿੱਚ ਇੱਕ ਵਿਆਹ ਸੀ। ਦੋ ਅਣਪਛਾਤੇ ਬੰਦੇ ਦੁਪਹਿਰ 2:30 ਤੋਂ 3:00 ਵਜੇ ਦੇ ਵਿਚਕਾਰ ਪਹੁੰਚੇ। ਜਿਵੇਂ ਹੀ ਉਹ ਪਹੁੰਚੇ, ਉਨ੍ਹਾਂ ਨੇ ਸਰਪੰਚ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਮ੍ਰਿਤਕ ਵਲਹੋਟਾ ਤੋਂ ਆਮ ਆਦਮੀ ਪਾਰਟੀ ਦਾ ਸਰਪੰਚ ਜਰਮਲ ਸਿੰਘ ਸੀ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਵਿਚਕਾਰ ਕੀ ਦੁਸ਼ਮਣੀ ਸੀ। ਮੈਨੂੰ ਕਿਸੇ ਧਮਕੀ ਬਾਰੇ ਵੀ ਨਹੀਂ ਪਤਾ। "ਬਰਾਤ ਦੀਨਾਨਗਰ ਤੋਂ ਆਈ ਸੀ, ਜਦੋਂ ਕਿ ਲਾੜੀ ਵਾਲਾ ਪਰਿਵਾਰ ਅੰਮ੍ਰਿਤਸਰ ਦੇ ਅਮਰਕੋਟ ਪਿੰਡ ਤੋਂ ਹੈ। ਉਹ ਲਾੜੀ ਵੱਲੋਂ ਵਿਆਹ ਵਿੱਚ ਸ਼ਾਮਲ ਹੋਣ ਲਈ ਆਏ ਸਨ। ਕੁੜੀ ਦਾ ਭਰਾ ਵੀ ਸਰਪੰਚ ਹੈ, ਇਸ ਲਈ ਉਸ ਨੂੰ ਵਿਆਹ ਵਿੱਚ ਸੱਦਾ ਦਿੱਤਾ ਗਿਆ ਸੀ। ਅਸੀਂ ਦੋ ਗੋਲੀਆਂ ਦੀ ਆਵਾਜ਼ ਸੁਣੀ।'

ਮੇਜ਼ 'ਤੇ ਖਾਣਾ ਖਾ ਰਿਹਾ ਸੀ ਸਰਪੰਚ

ਇਸ ਮਾਮਲੇ ਬਾਰੇ, ਤਰਨ ਤਾਰਨ ਦੇ ਖੇਮ ਕਰਨ ਹਲਕੇ ਤੋਂ 'ਆਪ' ਵਿਧਾਇਕ ਸਰਵਨ ਸਿੰਘ ਧੁੰਨ ਨੇ ਕਿਹਾ, "ਇਹ ਅਮਰਕੋਟ ਸਰਪੰਚ ਸ਼ੈਰੀ ਦੀ ਭੈਣ ਦਾ ਵਿਆਹ ਸੀ। ਮੈਂ ਵੀ ਵਿਆਹ ਸ ਵਿੱਚ ਸ਼ਾਮਿਲ ਸੀ। ਮੈਂ ਹਾਲ ਵਿੱਚ ਸੀ ਅਤੇ ਸਰਪੰਚ ਜਰਮਲ ਮੇਜ਼ 'ਤੇ ਬੈਠਾ ਕੇ ਖਾਣਾ ਖਾ ਰਿਹਾ ਸੀ, ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਧਮਕੀਆਂ ਮਿਲ ਰਹੀਆਂ ਸਨ। ਅਤੇ ਫਿਰੌਤੀ ਮੰਗੀ ਗਈ ਸੀ। ਸਰਪੰਚ ਨੇ ਵਲਟੋਹਾ ਪੁਲਿਸ ਸਟੇਸ਼ਨ ਵਿੱਚ ਵੀ ਕੇਸ ਦਰਜ ਕਰਵਾਇਆ ਸੀ। ਇਹ ਦੁਸ਼ਮਣੀ ਦਾ ਮਾਮਲਾ ਨਹੀਂ ਹੈ, ਸਗੋਂ ਗੈਂਗਸਟਰ ਉਸ ਨੂੰ ਧਮਕੀਆਂ ਦੇ ਰਹੇ ਸਨ। ਇਹੀ ਕਤਲ ਦਾ ਕਾਰਨ ਹੋ ਸਕਦਾ ਹੈ।"

SARPANCH MURDER AT MARRIAGE
ਘਟਨਾ ਦਾ ਪਤਾ ਚਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਿਸ, ਜਾਂਚ ਕੀਤੀ ਸ਼ੁਰੂ (ETV Bharat)

"ਅਸੀਂ ਫਾਇਰੰਗ ਸੁਣ ਕੇ ਭੱਜੇ ਉਦੋਂ ਤੱਕ, ਉਸ ਨੂੰ ਪਹਿਲਾਂ ਹੀ ਗੋਲੀ ਮਾਰ ਦਿੱਤੀ ਗਈ ਸੀ। ਹਮਲਾਵਰਾਂ ਨੇ ਸਿਰਫ ਸਰਪੰਚ ਨੂੰ ਨਿਸ਼ਾਨਾ ਬਣਾਇਆ। ਸਰਪੰਚ ਨਾਲ ਮੇਜ਼ 'ਤੇ ਖਾਣਾ ਖਾ ਰਹੇ ਹੋਰ ਲੋਕਾਂ ਨੇ ਕਿਹਾ ਕਿ ਦੋ ਹਮਲਾਵਰ ਸਨ। ਸਰਪੰਚ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ ਪਰ ਸ਼ਾਇਦ ਸੁਰੱਖਿਆ ਵਿੱਚ ਕੁਝ ਲਾਪਰਵਾਹੀ ਸੀ। ਮੈਂ ਸਰਪੰਚ ਨੂੰ ਮਿਲਿਆ ਵੀ ਸੀ। ਅਸੀਂ ਇਕੱਠੇ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕੀਤਾ। ਫਿਰ ਮੈਂ ਖਾਣਾ ਖਾਣ ਗਿਆ ਅਤੇ ਉਹ ਦੋਸਤਾਂ ਨਾਲ ਇੱਕ ਮੇਜ਼ 'ਤੇ ਬੈਠਾ ਸੀ। ਹਮਲਾਵਰਾਂ ਨੇ ਕੋਟ ਅਤੇ ਪੈਂਟ ਪਾਈ ਹੋਈ ਸੀ। ਉਨ੍ਹਾਂ ਨੇ ਆਪਣੇ ਚਿਹਰੇ ਵੀ ਨਹੀਂ ਢੱਕੇ ਸਨ।" -ਸਰਵਨ ਸਿੰਘ ਧੁੰਨ,ਵਿਧਾਇਕ,ਆਪ

'ਸੀਸੀਟੀਵੀ ਕੈਮਰਿਆਂ ਦੀ ਜਾਂਚ'

ਇਸ ਮੌਕੇ ਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, 'ਸਾਨੂੰ ਸੂਚਨਾ ਮਿਲੀ ਕਿ ਇੱਕ ਰਿਜ਼ੋਰਟ ਵਿੱਚ ਗੋਲੀਆਂ ਚੱਲੀਆਂ ਹਨ ਅਤੇ ਅਸੀਂ ਮੌਕੇ 'ਤੇ ਪੁੱਜੇ ਹਾਂ, ਇੱਥੇ ਆ ਕੇ ਪਤਾ ਲੱਗਾ ਕਿ ਵਲਟੋਹਾ ਤੋਂ ਮੌਜੂਦਾ ਸਰਪੰਚ ਜੋ ਕਿ ਆਮ ਆਦਮੀ ਪਾਰਟੀ ਦੇ ਹਨ ਜਰਮਲ ਸਿੰਘ, ਉਨ੍ਹਾਂ ਨੂੰ ਦੋ ਗੋਲੀਆਂ ਲੱਗੀਆਂ ਹਨ। ਜਿਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਰਿਜ਼ੋਰਟ ਦੇ ਅੰਦਰ ਜੋ ਸੀਸੀਟੀਵੀ ਕੈਮਰੇ ਲੱਗੇ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।'

, "ਅਸੀਂ ਜਾਂਚ ਕਰ ਰਹੇ ਹਾਂ। ਮੈਰਿਜ ਪੈਲੇਸ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਸਰਪੰਚ ਜਰਮਲ ਸਿੰਘ ਨੂੰ ਪਹਿਲਾਂ ਧਮਕੀਆਂ ਮਿਲੀਆਂ ਸਨ ਤਾਂ ਉਨ੍ਹਾਂ ਕਿਹਾ, "ਇਹ ਤਰਨਤਾਰਨ ਦਾ ਮਾਮਲਾ ਹੈ।" ਇਸ ਸਵਾਲ ਦਾ ਜਵਾਬ ਸਿਰਫ਼ ਤਰਨ ਤਾਰਨ ਪੁਲਿਸ ਹੀ ਦੇ ਸਕਦੀ ਹੈ। ਸਰਪੰਚ ਇੱਕ ਸਮਾਗਮ ਲਈ ਅੰਮ੍ਰਿਤਸਰ ਆਇਆ ਸੀ। ਹਮਲਾਵਰ ਵਿਆਹ ਦੇ ਮਹਿਮਾਨਾਂ ਦੇ ਭੇਸ ਵਿੱਚ ਆਏ ਸਨ। ਖੁਫੀਆ ਅਤੇ ਤਕਨੀਕੀ ਟੀਮਾਂ ਜਾਂਚ ਕਰ ਰਹੀਆਂ ਹਨ। ਉਹ ਜਲਦੀ ਹੀ ਮਾਮਲੇ ਦਾ ਪਤਾ ਲਗਾਉਣਗੇ।"- ਜਗਜੀਤ ਸਿੰਘ ਵਾਲੀਆ, ਡੀਸੀਪੀ,ਅੰਮ੍ਰਿਤਸਰ

Sarpanch murder At Marriage
ਮ੍ਰਿਤਕ ਦੀ ਫਾਲੀਲ ਫੋਟੋ (ETV Bharat)

ਜਗਜੀਤ ਸਿੰਘ ਵਾਲੀਆ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਉੱਤੇ ਸਵਾਲ ਵੀ ਖੜ੍ਹੇ ਕੀਤੇ ਜਾ ਰਹੇ ਹਨ। ਹਾਲਾਂਕਿ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਦੇ ਵਿੱਚ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ ਤੱਕ ਕੀਤੀ ਜਾ ਰਹੀ ਹੈ ਪਰ ਕੀ ਉਸ ਸਰਪੰਚ ਦੀ ਜਾਨ ਵਾਪਸ ਲਿਆਂਦੀ ਜਾ ਸਕਦੀ ਹੈ। ਜਿਸ ਨੂੰ ਪਹਿਲਾ ਹੀ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਪ੍ਰਸ਼ਾਸਨ ਵੱਲੋਂ ਜਾਨਾਂ ਦੀ ਰੱਖਿਆ ਨਹੀਂ ਕੀਤੀ ਗਈ।