ਸੰਗਰੂਰ ਪੁਲਿਸ ਨੇ ਮਹਿਜ਼ 12 ਘੰਟਿਆਂ 'ਚ ਕਾਬੂ ਕੀਤੇ ਸਾਈਕਲਿਸਟਾਂ ਨੂੰ ਲੁੱਟਣ ਵਾਲੇ ਮੁਲਜ਼ਮ
ਸੰਗਰੂਰ ਵਿਖੇ ਮੁੱਖ ਮੰਤਰੀ ਮਾਨ ਦੇ ਘਰ ਤੋਂ ਮਹਿਜ਼ ਕੁਝ ਦੁਰੀ 'ਤੇ ਮੁਲਜ਼ਮਾਂ ਨੇ ਸਾਈਕਲਿਸਟਾਂ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।


Published : May 28, 2026 at 4:54 PM IST
ਸੰਗਰੂਰ: ਪੁਲਿਸ ਨੇ ਦਿਨ ਦਿਹਾੜੇ ਸਾਈਕਲ ਸਵਾਰਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਮਹਿਜ਼ 12 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਜ਼ੈੱਨ ਕਾਰ ਅਤੇ ਮੋਬਾਈਲ ਫੋਨ, ਦਾਤਰ ਅਤੇ ਇੱਕ ਸਕੂਟਰ ਵੀ ਬਰਾਮਦ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।
ਇਸ ਮੌਕੇ ਐਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ 'ਸ਼ਰਾਰਤੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਦਰ ਸੰਗਰੂਰ ਅਤੇ ਸ਼ਹਿਰੀ ਇਲਾਕੇ ਵਿੱਚ ਹੋਈਆਂ ਵਾਰਦਾਤਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਇੱਕ ਵੱਡੀ ਸਫ਼ਲਤਾ ਤਹਿਤ ਪੁਲਿਸ ਨੇ ਮਹਿਜ਼ 12 ਘੰਟਿਆਂ ਦੇ ਅੰਦਰ ਸਾਈਕਲਿਸਟਾਂ ਤੋਂ ਲੁੱਟ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਬੀਤੀ 27 ਮਈ 2026 ਨੂੰ ਪਟਿਆਲਾ ਦੀ ਕ੍ਰਿਸ਼ਨਾ ਬਸਤੀ ਦੇ ਰਹਿਣ ਵਾਲੇ ਰਾਜ ਕੁਮਾਰ (ਪੁੱਤਰ ਮਗਰ ਚੰਦ) ਨੇ ਸ਼ਿਕਾਇਤ ਦਰਜ ਕਰਵਾਈ ਸੀ। ਰਾਜ ਕੁਮਾਰ ਸਵੇਰੇ ਕਰੀਬ 5 ਵਜੇ ਸੰਗਰੂਰ ਤੋਂ ਪਿੰਡ ਘਾਬੜਾ ਵੱਲ ਸਾਈਕਲਿੰਗ ਕਰਨ ਜਾ ਰਹੇ ਸਨ, ਤਾਂ ਸੰਗਰੂਰ ਵੱਲੋਂ ਆਈ ਇੱਕ ਚਿੱਟੇ ਰੰਗ ਦੀ ਜ਼ੈਨ ਕਾਰ ਵਿੱਚੋਂ ਇੱਕ ਮੂੰਹ-ਬੰਨ੍ਹਿਆ ਨੌਜਵਾਨ ਉੱਤਰਿਆ। ਉਸ ਨੇ ਰਾਜ ਕੁਮਾਰ ਨੂੰ ਘੇਰ ਲਿਆ ਅਤੇ ਉਨ੍ਹਾਂ ਦਾ ਆਈਫ਼ੋਨ 15 ਪ੍ਰੋ ਮੈਕਸ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਿਆ।'

ਮੁਲਜ਼ਮਾਂ ਦੀ ਪਛਾਣ
ਇਸ ਵਾਰਦਾਤ ਦੀ ਲਾਈਵ ਵੀਡੀਓ ਵੀ ਬਣੀ, ਜਿਸ ਦੇ ਅਧਾਰ 'ਤੇ ਪੁਲਿਸ ਨੇ ਕਾਰਵਾਈ ਕੀਤੀ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ 12 ਘੰਟਿਆਂ ਦੇ ਅੰਦਰ ਦੋ ਮੁਲਜ਼ਮਾਂ ਨੁੰ ਕਾਬੂ ਕੀਤਾ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਹਰਮਨਪ੍ਰੀਤ ਸਿੰਘ (ਪੁੱਤਰ ਪਰਮਜੀਤ ਕੁਮਾਰ, ਨਿਵਾਸੀ ਖੁਰਾਣਾ) ਅਤੇ ਪ੍ਰਭਜੋਤ ਸਿੰਘ (ਪੁੱਤਰ ਜਸਵੀਰ ਸਿੰਘ, ਨਿਵਾਸੀ ਅਕਬਰਪੁਰ) ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਕੋਲੋਂ ਵਾਰਦਾਤ 'ਚ ਵਰਤੀ ਜ਼ੈਨ ਕਾਰ, ਖੋਹਿਆ ਹੋਇਆ ਆਈਫ਼ੋਨ 15 ਪ੍ਰੋ ਮੈਕਸ (ਵੀਵੋ ਬ੍ਰਾਂਡ ਮੋਬਾਈਲ) ਅਤੇ ਇੱਕ ਐਕਟਿਵਾ ਸਕੂਟਰ (ਨੰਬਰ DL-12SE-1445) ਬਰਾਮਦ ਕੀਤਾ ਗਿਆ।

ਲੁੱਟ ਦੀਆਂ ਕਈ ਵਾਰਦਾਤਾਂ ਨੂੰ ਦਿੱਤਾ ਅੰਜਾਮ
ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ 'ਮੁਲਜ਼ਮਾਂ ਨੇ ਇਸ ਤੋਂ ਪਹਿਲਾਂ ਸੰਗਰੂਰ ਦੇ ਮਹਿਲ ਮੁਬਾਰਕ ਗੁਰਦੁਆਰਾ ਸਾਹਿਬ ਨੇੜੇ ਤੇਜਿੰਦਰ ਸਿੰਘ ਭੁੱਲਰ ਨਾਲ ਕੁੱਟਮਾਰ ਕਰਕੇ ਉਸ ਦਾ ਸਕੂਟਰ ਵੀ ਖੋਹਿਆ ਸੀ। ਇਸ ਸਬੰਧੀ ਥਾਣੇ ਵਿੱਚ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਇਹ ਵੀ ਕਬੂਲਿਆ ਕਿ ਵਾਰਦਾਤ ਵਿੱਚ ਵਰਤੀ ਜ਼ੈਨ ਕਾਰ ਉਨ੍ਹਾਂ ਨੇ ਸ਼ਿਸ਼ੂ ਸਕੂਲ ਨੇੜੇ ਤੋਂ ਚੋਰੀ ਕੀਤੀ ਸੀ। ਫਿਲਹਾਲ ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਹੋਰ ਵੀ ਕਈ ਅਹਿਮ ਖੁਲਾਸੇ ਸਾਹਮਣੇ ਆ ਸਕਦੇ ਹਨ।'

