ਛੋਟੇ ਸਰਦਾਰ ਦੇ ਵੱਡੇ ਰਿਕਾਰਡ, ਹੁਲਾ-ਹੂਪ ਵਿੱਚ ਬਣਾਇਆ ਇੰਡੀਆ ਬੁੱਕ ਆਫ਼ ਰਿਕਾਰਡ
ਲੁਧਿਆਣਾ ਦੇ ਸੱਤ ਸਾਲਾ ਸਚਿਆਰ ਓਬਰਾਏ ਨੇ ਹੁਲਾ-ਹੂਪ ਵਿੱਚ ਇੰਡੀਆ ਬੁੱਕ ਆਫ਼ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ ਹੈ। ਪੜ੍ਹੋ ਖ਼ਬਰ...

Published : January 1, 2026 at 6:27 PM IST
ਲੁਧਿਆਣਾ: ਸ਼ਹਿਰ ਲੁਧਿਆਣਾ ਦੇ ਸੱਤ ਸਾਲਾ ਸਚਿਆਰ ਸਿੰਘ ਓਬਰਾਏ ਨੇ ਹੁਲਾ-ਹੂਪ ਵਿੱਚ ਆਪਣੀ ਸ਼ਾਨਦਾਰ ਹੁਨਰ ਅਤੇ ਸੰਤੁਲਨ ਦਾ ਪ੍ਰਦਰਸ਼ਨ ਕਰਕੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਆਪਣਾ ਨਾਂ ਦਰਜ ਕੀਤਾ ਹੈ। ਸਚਿਆਰ ਨੇ ਹੁਲਾ-ਹੂਪ ਨੂੰ ਘੜੀ ਦੀ ਉਲਟ ਦਿਸ਼ਾ ਵਿੱਚ ਘੁੰਮਾਉਂਦੇ ਹੋਏ 63 ਪੌੜੀਆਂ ਚੜ੍ਹ ਕੇ 300 ਸੈਕਿੰਡ 'ਚ ਇਹ ਉਪਲਬਧੀ ਹਾਸਲ ਕੀਤੀ, ਜੋ ਕਿ ਉਸ ਦੀ ਧੀਰਜ ਅਤੇ ਇਕਾਗਰਤਾ ਦਾ ਪ੍ਰਮਾਣ ਹੈ। ਅਜਿਹਾ ਕਰਨ ਵਾਲਾ ਉਹ ਪੰਜਾਬ ਦਾ ਹੀ ਨਹੀਂ ਸਗੋਂ ਦੇਸ਼ 'ਚ ਇਕਲੋਤਾ ਬੱਚਾ ਬਣਿਆ ਹੈ। ਉਸ ਦਾ ਪਰਿਵਾਰ ਉਸ ਦੀ ਇਸ ਉਪਲਬਧੀ ਤੋਂ ਕਾਫੀ ਖੁਸ਼ ਹੈ।
ਪਰਿਵਾਰ 'ਚ ਖੁਸ਼ੀ ਦਾ ਮਾਹੌਲ
ਇਸ ਇਤਿਹਾਸਕ ਪ੍ਰਾਪਤੀ ਤੋਂ ਬਾਅਦ ਸਚਿਆਰ ਸਿੰਘ ਓਬਰਾਏ ਦਾ ਪਰਿਵਾਰ ਖੁਸ਼ੀ ਨਾਲ ਭਰ ਗਿਆ ਹੈ। ਉਸ ਦੇ ਮਾਪਿਆਂ, ਪਰਿਵਾਰ ਅਤੇ ਸ਼ੁਭਚਿੰਤਕਾਂ ਨੂੰ ਉਸ ਦੀ ਸਫਲਤਾ 'ਤੇ ਮਾਣ ਹੈ। ਪਰਿਵਾਰ ਦਾ ਕਹਿਣਾ ਹੈ ਕਿ "ਇਹ ਸਚਿਆਰ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ ਅਤੇ ਉਹ ਉਸਦੇ ਭਵਿੱਖ ਦੇ ਯਤਨਾਂ ਵਿੱਚ ਉਸ ਦਾ ਸਮਰਥਨ ਕਰਦੇ ਰਹਿਣਗੇ।"

ਪਰਿਵਾਰ ਦਾ ਨਾਂ ਕੀਤਾ ਰੋਸ਼ਨ
ਉਸ ਦੀ ਮਾਤਾ ਨੇ ਦੱਸਿਆ ਕਿ "ਉਹ ਕਾਫੀ ਖੁਸ਼ ਨੇ ਕਿ ਇੰਨੀ ਘੱਟ ਉਮਰ ਦੇ ਵਿੱਚ ਉਹਨਾਂ ਦੇ ਬੇਟੇ ਨੇ ਜਿਥੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ, ਉਥੇ ਹੀ ਸ਼ਹਿਰ ਲੁਧਿਆਣਾ ਅਤੇ ਪੰਜਾਬ ਦਾ ਨਾਂ ਵੀ ਰੋਸ਼ਨ ਕੀਤਾ ਹੈ। ਸਚਿਆਰ ਨੂੰ ਇਸ ਖੇਡ ਦਾ ਸ਼ੁਰੂ ਤੋਂ ਹੀ ਕਾਫੀ ਸ਼ੌਂਕ ਸੀ ਅਤੇ ਅਕਸਰ ਹੀ ਉਹ ਇਹ ਕਰਦਾ ਰਹਿੰਦਾ ਸੀ। ਉਸ ਦੇ ਪਿਤਾ ਵੀ ਸਚਿਆਰ ਦੀ ਇਸ ਉਪਲਬਧੀ ਤੋਂ ਕਾਫ਼ੀ ਖੁਸ਼ ਹਨ।"

ਏਸ਼ੀਆ ਤੇ ਗਿਨੀਜ਼ ਲਈ ਤਿਆਰੀ
ਇਸ ਰਿਕਾਰਡ ਦੀ ਅਧਿਕਾਰਤ ਤੌਰ 'ਤੇ 27 ਨਵੰਬਰ, 2025 ਨੂੰ ਪੁਸ਼ਟੀ ਕੀਤੀ ਗਈ ਸੀ। 1 ਜਨਵਰੀ ਨੂੰ ਆਯੋਜਿਤ ਇੱਕ ਪੁਰਸਕਾਰ ਸਮਾਰੋਹ ਵਿੱਚ ਉਸ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ ਦਾ ਇੱਕ ਤਗਮਾ ਅਤੇ ਕਿੱਟ ਭੇਟ ਕੀਤੀ ਗਈ। ਇਹ ਪ੍ਰਾਪਤੀ ਨਾ ਸਿਰਫ਼ ਸਚਿਆਰ ਸਿੰਘ ਦੀ ਪ੍ਰਤਿਭਾ ਨੂੰ ਦਰਸਾਉਂਦੀ ਹੈ, ਬਲਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਨ ਲਈ ਇੱਕ ਪ੍ਰੇਰਨਾਦਾਇਕ ਉਦਾਹਰਣ ਵਜੋਂ ਵੀ ਪੇਸ਼ ਕਰਦੀ ਹੈ। ਸਚਿਆਰ ਦੇ ਪਰਿਵਾਰ ਨੇ ਦੱਸਿਆ ਕਿ "ਹੁਣ ਉਹ ਏਸ਼ੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੇ ਲਈ ਯਤਨ ਕਰ ਰਿਹਾ ਹੈ ਅਤੇ ਉਸ ਦਾ ਸੁਫ਼ਨਾ ਹੈ ਕਿ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਆਪਣਾ ਨਾਂ ਦਰਜ ਕਰਵਾਏ।"

