ETV Bharat / state

'ਸੱਚਾ ਗੁਰੂ ਲਾਧੋ ਰੇ' ਜੋੜ ਮੇਲੇ ਦਾ ਇਤਿਹਾਸ, ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਭੋਰਾ ਸਾਹਿਬ 'ਚ ਕੀਤੀ 26 ਸਾਲ ਤਪੱਸਿਆ

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੇਰੇ ਸਮਾਂ ਬਾਬਾ ਬਕਾਲਾ ਸਾਹਿਬ ਵਿੱਚ ਗੁਜਾਰਿਆ, ਪੜ੍ਹੋ ਪੱਤਰਕਾਰ ਗੁਰਦਰਸ਼ਨ ਸਿੰਘ ਦੀ ਰਿਪੋਰਟ...

history of the true Guru Ladho Re
ਸੱਚਾ ਗੁਰੂ ਲਾਧੋ ਰੇ (Etv Bharat)
author img

By ETV Bharat Punjabi Team

Published : August 28, 2026 at 8:02 PM IST

|

Updated : August 28, 2026 at 9:03 PM IST

6 Min Read
Choose ETV Bharat

ਅੰਮ੍ਰਿਤਸਰ: ਇਤਿਹਾਸਿਕ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਨੌਵੀਂ ਪਾਤਸ਼ਾਹੀ ਸਾਹਿਬ ਵਿਖੇ ਹਰ ਸਾਲ 'ਸੱਚਾ ਗੁਰੂ ਲਾਧੋ ਰੇ' ਸਲਾਨਾ ਜੋੜ ਮੇਲਾ ਸੰਗਤ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦੌਰਾਨ ਦੇਸ਼ ਦੁਨੀਆਂ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਦੇ ਲਈ ਬਾਬਾ ਬਕਾਲਾ ਸਾਹਿਬ ਪਹੁੰਚਦੇ ਹਨ। ਇਸ ਇਤਿਹਾਸਿਕ ਜੋੜ ਮੇਲੇ ਦੇ ਇਤਿਹਾਸ ਸਬੰਧੀ ਈਟੀਵੀ ਭਾਰਤ ਦੀ ਟੀਮ ਵੱਲੋਂ ਗੁਰਦੁਆਰਾ ਸ੍ਰੀ ਨੌਵੀਂ ਪਾਤਸ਼ਾਹੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ।

'ਸੱਚਾ ਗੁਰੂ ਲਾਧੋ ਰੇ' ਜੋੜ ਮੇਲੇ ਦਾ ਇਤਿਹਾਸ (Etv Bharat)

ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ ਨੇ ਦੱਸਿਆ ਕੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਸਿੱਖ ਇਤਿਹਾਸ ਵਿੱਚ ਬੇਹੱਦ ਮਹੱਤਵਪੂਰਨ ਸਥਾਨ ਰੱਖਦੀ ਹੈ। ਇੱਥੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਵਜੋਂ ਪ੍ਰਗਟ ਹੋਏ ਅਤੇ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਛੱਤ ’ਤੇ ਚੜ੍ਹ ਕੇ 'ਸੱਚਾ ਗੁਰੂ ਲਾਧੋ ਰੇ' ਦਾ ਹੌਕਾ ਲਗਾ ਕੇ ਸੰਗਤ ਨੂੰ ਸੱਚੇ ਗੁਰੂ ਦੇ ਦਰਸ਼ਨ ਹੋਣ ਦੀ ਖ਼ਬਰ ਦਿੱਤੀ। ਇਸ ਇਤਿਹਾਸਕ ਘਟਨਾ ਦੀ ਯਾਦ ਵਿੱਚ ਹਰ ਸਾਲ ਬਾਬਾ ਬਕਾਲਾ ਸਾਹਿਬ ਵਿਖੇ 'ਸੱਚਾ ਗੁਰੂ ਲਾਧੋ ਰੇ' ਜੋੜ ਮੇਲਾ ਮਨਾਇਆ ਜਾਂਦਾ ਹੈ।

HISTORY OF THE TRUE GURU LADHO RE
ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੀ (Etv Bharat)

ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ ਨੇ ਦੱਸਿਆ ਇਤਿਹਾਸ

ਉਨ੍ਹਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਇਤਿਹਾਸ ਦੀ ਸ਼ੁਰੂਆਤ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਾਲ ਹੁੰਦੀ ਹੈ। ਦਿੱਲੀ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਕਿ ਅਗਲਾ ਗੁਰੂ “ ਬਕਾਲੇ” ਹੈ। ਇਸ ਬਚਨ ਤੋਂ ਬਾਅਦ ਸਿੱਖ ਸੰਗਤ ਵਿੱਚ ਇਹ ਜਾਣਨ ਦੀ ਉਤਸੁਕਤਾ ਪੈਦਾ ਹੋਈ ਕਿ ਬਕਾਲਾ ਵਿਖੇ ਅਸਲ ਗੁਰੂ ਕੌਣ ਹਨ।

HISTORY OF THE TRUE GURU LADHO RE
ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੀ ਦੇ ਅੰਦਰ ਦੀਆਂ ਤਸਵੀਰਾਂ (Etv Bharat)

"ਜਦੋਂ ਸੰਗਤ ਨੂੰ ਉਪਦੇਸ਼ ਦਿੰਦਿਆਂ ਹੋਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਕਿ ਹੁਣ ਅਸੀਂ ਇਸ ਸੰਸਾਰ ਤੋਂ ਚਲੇ ਜਾਣਾ ਹੈ, ਉਨ੍ਹਾਂ ਦੀ ਇਸ ਗੱਲ ਮਗਰੋਂ ਸੰਗਤਾਂ ਦੀਆਂ ਅੱਖਾਂ ਵਿੱਚ ਵੈਰਾਗ ਦੇ ਹੰਝੂ ਆ ਗਏ। ਉਨ੍ਹਾਂ ਨੇ ਕਿਹਾ ਕਿ ਗੂਰੁ ਜੀ ਪਹਿਲਾਂ ਜਿੰਨੇ ਵੀ ਗੁਰੂ ਸਨ ਉਹ ਆਪਣੇ ਹੱਥੀਂ ਗੁਰਤਾਗੱਦੀ ਆਪਣੇ ਉਤਰਾਅਧਿਕਾਰੀ ਨੂੰ ਦੇ ਜਾਂਦੇ ਸਨ। ਹੁਣ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡੇ ਤੋਂ ਬਾਅਦ ਗੁਰਤਾਗੱਦੀ ਦਾ ਉਤਰਾਅਧਿਕਾਰੀ ਕੌਣ ਹੋਵੇਗਾ, ਤਾਂ ਉਨ੍ਹਾਂ ਨੇ ਹੱਥ ਨਾਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜਿਹੜਾ ਤੁਹਾਡਾ ਗੁਰੂ ਹੈ ਉਹ ਇਸ ਸਮੇਂ ਬਕਾਲਾ ਵਿੱਚ ਭਗਤ ਕਰ ਰਹੇ ਹੈ।" -ਭਾਈ ਹਰਦੇਵ ਸਿੰਘ, ਹੈੱਡ ਗ੍ਰੰਥੀ

HISTORY OF THE TRUE GURU LADHO RE
ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੀ ਦੇ ਅੰਦਰ ਲੱਗੇ ਪਵਿੱਤਰ ਸਰੂਪ (Etv Bharat)

"ਉਸ ਸਮੇਂ ਬਹੁਤ ਪਖੰਡੀਆਂ ਨੇ ਆਪਣੇ ਆਪ ਨੂੰ ਗੁਰੂ ਅਖਵਾਉਣਾ ਸ਼ੁਰੂ ਕਰ ਦਿੱਤਾ ਸੀ"

ਸ੍ਰੀ ਗੁਰੂ ਤੇਗ ਬਹਾਦਰ ਜੀ ਰਿਸ਼ਤੇਦਾਰੀ ਵਿੱਚ ਬਾਬਾ ਸ੍ਰੀ ਹਰਿਕ੍ਰਿਸ਼ਨ ਸਿੰਘ ਦੇ ਬਾਬਾ ਜੀ ਲੱਗਦੇ ਸੀ, ਇਸ ਕਰਕੇ ਉਨ੍ਹਾਂ ਨੇ ਬਾਬਾ ਸ਼ਬਦ ਉਚਾਰਨਾ ਕੀਤਾ, ਉਦੋਂ ਇਸ ਪਿੰਡ ਦਾ ਨਾਮ ਸਿਰਫ ਬਕਾਲਾ ਸੀ। ਬਾਬਾ ਸ੍ਰੀ ਹਰਿਕ੍ਰਿਸ਼ਨ ਸਿੰਘ ਨੇ ਸ਼ਬਦ ਉਚਾਰਨ ਕੀਤੇ ਕਿ ਉਹੀ ਉਥੇ ਗੁਰੂ ਬਣਨਗੇ ਅਤੇ ਸਾਰੀ ਸੰਗਤ ਦੀ ਸੰਭਾਲ ਕਰਨਗੇ। ਪਰ ਸੰਗਤ ਇਸ ਗੱਲ ਦਾ ਕਬੂਲ ਨਹੀਂ ਕਰ ਸਕੀ। ਉਸ ਤੋਂ ਬਾਅਦ ਭਾਈ ਗੁਰੂਦਿੱਤਾ ਜੀ ਬਕਾਲੇ ਵਿੱਚ ਆਏ ਪਰ ਕੋਈ ਗੁਰੂ ਨਹੀਂ ਲੱਭਿਆ। ਉਸ ਸਮੇਂ ਬਹੁਤ ਪਖੰਡੀਆਂ ਨੇ ਆਪਣੇ ਆਪ ਨੂੰ ਗੁਰੂ ਅਖਵਾਉਣਾ ਸ਼ੁਰੂ ਕਰ ਦਿੱਤਾ ਸੀ। ਜੋ ਸੰਗਤਾਂ ਦੂਰ ਦੁਰਾਡੇ ਤੋਂ ਆਉਂਦੀਆਂ ਸਨ, ਆਪਣੀਆਂ ਕੁਝ ਭੇਟਾਂ ਉਨ੍ਹਾਂ ਕੋਲ ਰੱਖ ਕੇ ਨਿਰਾਸ਼ ਹੋ ਕੇ ਚਲੀਆਂ ਜਾਂਦੀਆਂ ਸਨ।

HISTORY OF THE TRUE GURU LADHO RE
ਕੰਧਾਂ ਉੱਤੇ ਲੱਗਾ ਗੁਰੂ ਸਹਿਬਾਨਾਂ ਦੇ ਪਵਿੱਤਰ ਸਰੂਪ (Etv Bharat)

"ਭਿਆਨਕ ਤੂਫ਼ਾਨ ਵਿੱਚ ਫਸਿਆ ਭਾਅ ਭਾਈ ਮੱਖਣ ਸ਼ਾਹ ਲੁਬਾਣਾ ਜੀ ਦਾ ਜਹਾਜ਼"

ਭਾਈ ਹਰਦੇਵ ਸਿੰਘ ਨੇ ਦੱਸਿਆ ਕਿ ਇੱਕ ਵਪਾਰਕ ਸਫ਼ਰ ਦੌਰਾਨ ਗੁਰੂ ਘਰ ਦੇ ਸ਼ਰਧਾਲੂ ਭਾਈ ਮੱਖਣ ਸ਼ਾਹ ਲੁਬਾਣਾ ਦਾ ਜਹਾਜ਼ ਭਿਆਨਕ ਤੂਫ਼ਾਨ ਵਿੱਚ ਫਸ ਗਿਆ ਸੀ। ਜਿਸ ਕਰਕੇ ਉਨ੍ਹਾਂ ਨੇ ਬਹੁਤ ਅਰਦਾਸਾਂ ਕੀਤੀਆਂ। ਫਿਰ ਉਨ੍ਹਾਂ ਨੇ ਜਪੁਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੇ ਜੀਵਨ ਅਤੇ ਸਮਾਨ ਖ਼ਤਰੇ ਵਿੱਚ ਦੇਖ ਕੇ ਗੁਰੂ ਅੱਗੇ ਅਰਦਾਸ ਕੀਤੀ, ਅਤੇ ਸੁੱਖ-ਸਲਾਮਤੀ ਨਾਲ ਜਹਾਜ਼ ਦੇ ਬਚ ਜਾਣ ’ਤੇ 500 ਸੋਨੇ ਦੀਆਂ ਮੋਹਰਾਂ ਭੇਟ ਕਰਨ ਦਾ ਪ੍ਰਣ ਕੀਤਾ, ਉਹ ਹੱਥ ਜੋੜ ਕੇ ਕਹਿਣ ਲੱਗੇ ਕਿ ਸਤਿਗੁਰੂ ਜੀ ਤੁਸੀਂ ਮੇਰਾ ਬੇੜਾ ਬੰਨ੍ਹੇ ਲਗਾਓ। ਮੈਂ 500 ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ। ਜਿਸ ਤੋਂ ਬਾਅਦ ਸਤਿਗੁਰੂ ਦੀ ਕਿਰਪਾ ਹੋਈ ਅਤੇ ਉਸਦਾ ਬੇੜਾ ਡੁੱਬਣੋ ਬਚ ਗਿਆ ਅਤੇ ਕਿਨਾਰੇ 'ਤੇ ਜਾ ਲਗਾ। ਉਹ ਬਹੁਤ ਖੁਸ਼ ਹੋਇਆ ਅਤੇ ਜਦੋਂ ਪੰਜਾਬ ਆਏ ਤਾਂ ਸੰਗਤਾਂ ਅਤੇ ਪਰਿਵਾਰ ਨਾਲ ਬਕਾਲਾ ਦੇ ਸਾਉਣੀ ਸਾਹਿਬ ਗੁਰਦੁਆਰਾ ਵਿੱਚ ਰੁਕੇ। ਇਸ਼ਨਾਨ ਪਾਣੀ ਕਰਕੇ ਜਦੋਂ ਉਹ ਤੁਰਨ ਲੱਗੇ ਤਾਂ ਉਨ੍ਹਾਂ ਨੇ ਦੇਖਿਆ ਕਿ ਇੱਥੇ ਤਾਂ ਗੁਰੂ ਹੀ ਬਹੁਤ ਨੇ, ਇਨ੍ਹਾਂ ਵਿੱਚੋਂ ਵਿਸ਼ਵਾਸ ਕਿਸ 'ਤੇ ਕੀਤਾ ਜਾਵੇ। ਫਿਰ ਮਨ ਵਿੱਚ ਖਿਆਲ ਆਇਆ ਕਿ ਜਿਹੜਾ ਸੱਚਾ ਗੁਰੂ ਹੋਵੇਗਾ ਉਹ ਆਪਣੀ ਅਮਾਨਤ ਆਪ ਹੀ ਮੰਗ ਕੇ ਲੈ ਲਵੇਗਾ।

HISTORY OF THE TRUE GURU LADHO RE
'ਸੱਚਾ ਗੁਰੂ ਲਾਧੋ ਰੇ' ਗੁਰੂਦੁਆਰੇ ਦੇ ਅੰਦਰ ਦੀਆਂ ਤਸਵੀਰਾਂ (Etv Bharat)

ਅਸਲੀ ਗੁਰੂ ਪਛਾਨਣ ਲਈ ਲਗਾਈ ਵਿਉਂਤ

ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਅਸਲ ਗੁਰੂ ਦੀ ਪਹਿਚਾਣ ਕਰਨ ਲਈ ਇੱਕ ਵਿਲੱਖਣ ਤਰੀਕਾ ਅਪਣਾਇਆ। ਇਸ ਦੌਰਾਨ ਉਨ੍ਹਾਂ ਨੇ ਪਖੰਡੀ ਗੁਰੂ ਵਜੋਂ 22 ਮੰਜੀਆਂ ਡਾਹ ਕੇ ਬੈਠੇ ਹਰ ਦਾਅਵੇਦਾਰ ਅੱਗੇ ਕੇਵਲ 05 ਮੋਹਰਾਂ ਰੱਖੀਆਂ। ਪਰ ਲੋਭ ਲਾਲਚ ਵਿੱਚ ਆਏ ਕਿਸੇ ਵੀ ਪਖੰਡੀ ਨੇ ਇਹ ਨਹੀਂ ਪੁੱਛਿਆ ਕਿ ਤੂੰ 500 ਸੁਖਣਾ ਸੁਖ ਕੇ 05-05 ਮੋਹਰਾਂ ਹੀ ਕਿਉਂ ਦੇ ਰਿਹਾ ਹੈਂ। ਸਤਿਗੁਰੂ ਤੇਗ ਬਹਾਦਰ ਜੀ ਸਮਰੱਥ ਸਨ ਉਹ ਪਰ ਉਹ ਵੈਰਾਗ ਤਿਆਗ ਦੀ ਮੂਰਤ ਸਨ, ਉਹ ਭੋਰਾ ਸਾਹਿਬ ਵਿੱਚ ਲਗਾਤਾਰ ਭਗਤੀ ਵਿੱਚ ਲੀਨ ਰਹਿੰਦੇ ਸਨ। ਮੱਖਣ ਸਾਹਿਬ ਲੁਬਾਣਾ ਜੀ ਨੇ ਕਿਸੇ ਰਾਹੀ ਤੋਂ ਪੁੱਛਿਆ ਕਿ ਇੱਥੇ ਕੋਈ ਹੋਰ ਵੀ ਗੁਰੂ ਹੈ ਕੋਈ? ਤਾਂ ਉਸ ਰਾਹੀ ਨੇ ਕਿਹਾ ਕਿ ਇੱਥੇ ਇੱਕ ਤੇਗਾ ਨਾਮ ਦਾ ਗੁਰੂ ਹੈ ਉਹ ਭੋਰੇ ਵਿੱਚ ਬੈਠਾ ਤਪੱਸਿਆ ਕਰ ਰਿਹਾ ਹੈ, ਪਰ ਉਹ ਕਿਸੇ ਨਾਲ ਮਿਲਦਾ-ਗਿਲਦਾ ਨਹੀਂ ਹੈ, ਉਹ ਇੱਕਾਂਤ ਵਿੱਚ ਰਹਿਣ ਵਾਲੇ ਹਨ।

ਸੱਚਾ ਗੁਰੂ ਪਛਾਨਣ 'ਤੇ ਕੋਠੇ ਚੜ੍ਹ ਕੇ ਦਿੱਤਾ ਹੋਕਾ

ਇਸ ਦੇ ਨਾਲ ਹੀ ਭਾਈ ਹਰਦੇਵ ਸਿੰਘ ਜੀ ਨੇ ਦੱਸਿਆ ਕਿ "ਫਿਰ ਬਾਬਾ ਮੱਖਣ ਸ਼ਾਹ ਲੁਬਾਣਾ ਸਾਹਿਬ ਜੀ ਭੋਰਾ ਸਾਹਿਬ ਵਿੱਚ ਗਏ। ਉਥੇ ਜਾ ਕੇ ਉਨ੍ਹਾਂ ਨੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਭਗਤੀ ਵਿੱਚ ਲੀਨ ਦੇਖਿਆ ਤਾਂ ਉਨ੍ਹਾਂ ਨੂੰ ਜਾ ਕੇ ਮੱਥਾ ਟੇਕਿਆ। ਜਦੋਂ ਭਾਈ ਮੱਖਣ ਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਵੀ 05 ਮੋਹਰਾਂ ਰੱਖੀਆਂ ਤਾਂ ਗੁਰੂ ਸਾਹਿਬ ਜੀ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਕਿਹਾ ਕਿ "ਮੱਖਣ ਸ਼ਾਹ ਜੀ 500 ਮੋਹਰਾਂ ਸੁੱਖ ਕੇ 05 ਚੜ੍ਹਾਉਨਾ", ਉਸ ਤੋਂ ਬਾਅਦ ਮੱਖਣ ਸ਼ਾਹੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਅੱਖਾਂ ਵਿੱਚੋਂ ਵੈਰਾਗ ਦੇ ਹੰਝੂ ਵਹਿ ਗਏ, ਅਤੇ ਮੱਥਾ ਟੇਕਦਿਆਂ 500 ਮੋਹਰ ਸਤਿਗੂਰਾਂ ਦੇ ਅੱਗੇ ਰੱਖ ਦਿੱਤੀਆਂ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਸਤਿਗੁਰੂ ਜੀ ਬਾਹਰ 22 ਪਖੰਡੀ ਲੋਕਾਂ ਨੂੰ ਲੁੱਟ ਰਹੇ ਹਨ, ਤੁਸੀਂ ਪ੍ਰਗਟ ਹੋਵੋ, ਜਿਸਤੇ ਸਤਿਗੁਰੂ ਨੇ ਕਿਹਾ ਕਿ ਸਾਨੂੰ ਕਿਸੇ ਵੀ ਚੀਜ਼ ਦੀ ਭੁੱਖ ਨਹੀਂ ਹੈ ਅਸੀਂ ਪ੍ਰਗਟ ਨਹੀਂ ਹੋਣਾ। ਜਿਸ ਤੋਂ ਬਾਅਦ ਸਤਿਗੁਰੂ ਜੀ ਨੇ ਭਾਈ ਮੱਖਣ ਸ਼ਾਹ ਜੀ ਦੇ ਜਿੱਦ ਕਰਨ ਤੇ ਕਿਹਾ ਕਿ ਜਿਸ ਤਰ੍ਹਾਂ ਸੰਗਤਾਂ ਹੁਕਮ ਲਗਾਉਣਗੀਆਂ ਉਸੇ ਤਰ੍ਹਾਂ ਹੋਵੇਗਾ। ਫਿਰ ਮੱਖਣ ਸ਼ਾਹ ਲੁਬਾਣਾ ਬਾਹਰ ਆਇਆ ਅਤੇ ਕੋਠੇ 'ਤੇ ਚੜਿਆ, ਆਪਣੇ ਗਲ ਵਿੱਚ ਪਾਏ ਪਰਨੇ ਨਾਲ ਸਿਰ ਉਤੋਂ ਦੀ ਘੁੰਮਾ ਕੇ ਹੋਕਾ ਦੇਣਾ ਸ਼ੂਰੁ ਕਰ ਦਿੱਤਾ ਅਤੇ ਲੋਕਾਂ ਨੂੰ ਇਕੱਠਾ ਕਰਦਿਆਂ “ਸਾਚਾ ਗੁਰੂ ਲਾਧੋ ਰੇ, ਸਾਚਾ ਗੁਰੂ ਲਾਧੋ ਰੇ” ਦਾ ਜੈਕਾਰਾ ਲਗਾਇਆ। ਜਿਸ ਦਾ ਮਤਲਬ ਸੀ ਕਿ ਸੱਚਾ ਗੁਰੂ ਲੱਭ ਗਿਆ ਹੈ। ਜਦੋਂ ਸੱਚ ਦੀ ਜੋਤ ਪ੍ਰਗਟ ਹੋਈ ਤਾਂ 22 ਮੰਜੀਆਂ ਡਾਹ ਕੇ ਬੈਠੇ ਪਖੰਡੀ ਮੰਜੀਆਂ ਚੁੱਕ ਕੇ ਭੱਜ ਗਏ ਸੀ।"

SACHA GURU LADHO RE HISTORY
ਗੁਰੂ ਸਹਿਬਾਨਾਂ ਦੇ ਪਵਿੱਤਰ ਸਰੂਪ (Etv Bharat)

ਸੰਗਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨੌਵੇਂ ਪਾਤਸ਼ਾਹ ਵਜੋਂ ਸਵੀਕਾਰਿਆ

ਇਸ ਤੋਂ ਬਾਅਦ ਸੰਗਤ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨੌਵੇਂ ਪਾਤਸ਼ਾਹ ਵਜੋਂ ਸਵੀਕਾਰਿਆ ਅਤੇ ਉਨ੍ਹਾਂ ਦੇ ਦਰਸ਼ਨ ਕਰਨੇ ਸ਼ੁਰੂ ਕੀਤੇ। ਬਾਬਾ ਗੁਰਦਿੱਤਾ ਜੀ ਨੇ ਜੋ ਮੇਨ ਦਰਬਾਰ ਸਾਹਿਬ ਬਣਿਆ ਹੋਇਆ ਹੈ, ਉਥੇ ਗੁਰੂ ਤੇਗ ਬਹਾਦਰ ਜੀ ਨੂੰ ਸੋਹਣੀ ਵਿਛਾਉਣੀ 'ਤੇ ਬੈਠਾ ਕੇ ਉਨ੍ਹਾਂ ਨੂੰ ਗੁਰਤਾਗੱਦੀ ਦਾ ਉਤਰਾਅਧਿਕਾਰੀ ਵੱਜੋਂ ਨਿਵਾਜਿਆਂ।

ਬਾਬਾ ਬਕਾਲਾ ਸਾਹਿਬ ਦਾ ਉਹ ਸਥਾਨ ਅੱਜ ਵੀ ਇਸ ਮਹਾਨ ਇਤਿਹਾਸਕ ਘਟਨਾ ਦੀ ਯਾਦ ਦਿਵਾਉਂਦਾ ਹੈ। ਗੁਰਦੁਆਰਾ ਭੋਰਾ ਸਾਹਿਬ ਉਸ ਥਾਂ ਨਾਲ ਜੁੜਿਆ ਹੈ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕਾਂਤ ਵਿੱਚ ਸਿਮਰਨ ਕੀਤਾ, ਜਦਕਿ ਗੁਰਦੁਆਰਾ ਦਰਬਾਰ ਸਾਹਿਬ ਗੁਰੂ ਗੱਦੀ ਨਾਲ ਸਬੰਧਤ ਇਤਿਹਾਸਕ ਯਾਦਾਂ ਨੂੰ ਸੰਭਾਲਦਾ ਹੈ।

ਇਸ ਲਈ 'ਸੱਚਾ ਗੁਰੂ ਲਾਧੋ ਰੇ' ਜੋੜ ਮੇਲਾ ਸਿਰਫ਼ ਇੱਕ ਧਾਰਮਿਕ ਮੇਲਾ ਨਹੀਂ, ਸਗੋਂ ਸਿੱਖ ਇਤਿਹਾਸ ਦੀ ਉਸ ਮਹਾਨ ਘਟਨਾ ਦੀ ਯਾਦ ਹੈ, ਜਿਸ ਵਿੱਚ ਭਾਈ ਮੱਖਣ ਸ਼ਾਹ ਲੁਬਾਣਾ ਜੀ ਦੀ ਸ਼ਰਧਾ, ਸੂਝ-ਬੂਝ ਅਤੇ ਗੁਰੂ ਪ੍ਰਤੀ ਅਟੁੱਟ ਵਿਸ਼ਵਾਸ ਨੇ ਸੱਚੇ ਗੁਰੂ ਦੀ ਪਹਿਚਾਣ ਸੰਗਤ ਸਾਹਮਣੇ ਕਰਵਾਈ। ਇਹ ਇਤਿਹਾਸ ਅੱਜ ਵੀ ਸੰਗਤ ਨੂੰ ਸੱਚ, ਸ਼ਰਧਾ ਅਤੇ ਗੁਰੂ ਪ੍ਰਤੀ ਵਿਸ਼ਵਾਸ ਦਾ ਸੰਦੇਸ਼ ਦਿੰਦਾ ਹੈ।

ਇਹ ਵੀ ਪੜ੍ਹੋ:

Last Updated : August 28, 2026 at 9:03 PM IST