ETV Bharat / state

ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਨਿਯਮ ਸਖ਼ਤ, ਜਾਣੋ ਕੀ-ਕੀ ਹੈ ਬੈਨ

ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦਾ ਪ੍ਰਦਰਸ਼ਨ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਨ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਸਖ਼ਤ ਕਦਮ ਚੁੱਕੇ ਜਾਂਦੇ ਹਨ।

STRICT RULES MISUSE SOCIAL MEDIA
ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਨਿਯਮ ਸਖ਼ਤ (ETV Bharat)
author img

By ETV Bharat Punjabi Team

Published : January 9, 2026 at 9:02 PM IST

3 Min Read
Choose ETV Bharat

ਬਠਿੰਡਾ : ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਜੇਕਰ ਅਸੀਂ ਇਸ ਨੂੰ ਸਾਵਧਾਨੀ ਨਾਲ ਵਰਤੀਏ ਤਾਂ ਇਹ ਸਾਡੇ ਲਈ ਵਰਦਾਨ ਹੈ ਪਰ ਅਸੀਂ ਇਸ ਤਰ੍ਹਾਂ ਨਹੀਂ ਕਰਦੇ। ਸੋਸ਼ਲ ਮੀਡੀਆ ਬਾਰੇ ਬਹਿਸ ਛਿੜਨ ਦਾ ਮੁੱਖ ਕਾਰਨ ਇਹ ਹੀ ਹੈ ਕਿ ਇਸ ਦੀ ਦੁਰਵਰਤੋਂ ਵੱਡੇ ਪੱਧਰ ’ਤੇ ਹੋ ਰਹੀ ਹੈ। ਦਰਅਸਲ ਸੋਸ਼ਲ ਮੀਡੀਆ ਬਣਨ ਦੇ ਨੁਕਸਾਨ ਨਹੀਂ ਹਨ, ਉਸ ਨੂੰ ਇਸਤੇਮਾਲ ਕਰਨ ਦੇ ਤਰੀਕਿਆਂ ਦੇ ਨੁਕਸਾਨ ਹਨ। ਤਕਨਾਲੋਜੀ ਕਦੀ ਵੀ ਨੁਕਸਾਨਦਾਇਕ ਨਹੀਂ ਹੁੰਦੀ ਜਦੋਂ ਤੱਕ ਉਸ ਨੂੰ ਗ਼ਲਤ ਤਰੀਕੇ ਨਾਲ ਇਸਤੇਮਾਲ ਨਾ ਕੀਤਾ ਜਾਵੇ।

ਸੋਸ਼ਲ ਮੀਡੀਆ ਦੀ ਦੁਰਵਰਤੋਂ,ਜਾਣੋ ਕੀ-ਕੀ ਹੈ ਬੈਨ (ETV Bharat)

ਸੋਸ਼ਲ ਮੀਡੀਆ ਪਲੈਟਫਾਰਮ

ਸੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਹੈ ਜਿੱਥੇ ਅਸੀਂ ਲੋਕਾਂ ਨਾਲ ਵਿਚਾਰਾਂ ਦੀ ਸਾਂਝ ਕਰ ਸਕਦੇ ਹਾਂ। ਇਸ ਮਾਧਿਅਮ ਨੇ ਸੰਸਾਰ ਨੂੰ ਇੱਕ ਗਲੋਬਲ ਪਿੰਡ ਬਣਾ ਦਿੱਤਾ ਹੈ ਜਿਸ ਵਿੱਚ ਅਸੀਂ ਸਾਰੇ ਹੀ ਇੱਕ ਦੂਜੇ ਤੋਂ ਜਾਣੂ ਹਾਂ। ਗੱਲ ਪਲਾਂ ਵਿੱਚ ਕਿਤੋਂ ਦੀ ਕਿਤੇ ਪਹੁੰਚ ਜਾਂਦੀ ਹੈ। ਆਪਣੇ ਵਰਗੀ ਵਿਚਾਰਧਾਰਾ ਦੇ ਲੋਕ ਮਿਲਣ ਤਾਂ ਗੱਲਬਾਤ ਕਰਨ ਵਿੱਚ ਜਾਂ ਆਪਣੀਆਂ ਲਿਖਤਾਂ ਸਾਂਝੀਆਂ ਕਰਨ ਵਿੱਚ ਚੰਗਾ ਲੱਗਦਾ ਹੈ। ਕਿਸੇ ਮੁਸੀਬਤ ਦੇ ਵੇਲੇ ਸੋਸ਼ਲ ਮੀਡੀਆ ’ਤੇ ਪਾਈ ਗਈ ਇੱਕ ਪੁਕਾਰ ਨਾਲ ਹਜ਼ਾਰਾਂ ਹੱਥ ਮਦਦ ਲਈ ਅੱਗੇ ਆ ਜਾਂਦੇ ਹਨ।

ਅੱਜ ਕੱਲ੍ਹ ਜਿਸ ਵੀ ਵਿਅਕਤੀ ਦੇ ਹੱਥ ਵਿੱਚ ਮੋਬਾਇਲ ਹੈ। ਉਸ ਵੱਲੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਆਪਣੀ ਜ਼ਿੰਦਗੀ ਦੇ ਨਿੱਜੀ ਪਲ ਇਨ੍ਹਾਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਂਝੇ ਕੀਤੇ ਜਾਂਦੇ ਹਨ ਪਰ ਕਈ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਅਜਿਹੀ ਸਮੱਗਰੀ ਪੋਸਟ ਕੀਤੀ ਜਾਂਦੀ ਹੈ ਜੋ ਕਿ ਕਾਨੂੰਨ ਅਨੁਸਾਰ ਜੁਰਮ ਹੈ ਅਤੇ ਪੁਲਿਸ ਵੱਲੋਂ ਅਜਿਹੀ ਸਮੱਗਰੀ ਪੋਸਟ ਕਰਨ ਵਾਲਿਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ ਪਰ ਫਿਰ ਵੀ ਲੋਕ ਇਹ ਸਭ ਕਰਨੋਂ ਨਹੀਂ ਟਲਦੇ।

ਪੁਲਿਸ ਨੇ ਚੁੱਕਿਆ ਖਾਸ ਕਦਮ

ਸੋਸ਼ਲ ਮੀਡੀਆ ਪਲੇਟਫ਼ਾਰਮਾਂ ‘ਤੇ ਵਧ ਰਹੀ ਗਲਤ ਸਮੱਗਰੀ ਨੂੰ ਰੋਕਣ ਲਈ ਜਿੱਥੇ ਕੰਪਨੀਆਂ ਨੇ ਆਪਣੇ ਨਿਯਮ ਬਣਾਏ ਹੋਏ ਹਨ। ਉੱਥੇ ਹੀ ਪੁਲਿਸ ਵੱਲੋਂ ਵੀ ਗਲਤ ਸਮੱਗਰੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਤੱਕ ਕੀਤਾ ਜਾਂਦਾ ਹੈ। ਪੰਜਾਬ ਵਿੱਚ 2022-23 ਤੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ 170 ਦੇ ਕਰੀਬ ਮਾਮਲੇ ਦਰਜ ਕੀਤੇ ਗਏ ਹਨ।



ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੀ-ਕੀ ਹੈ ਬੈਨ ?

ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ, 'ਸੋਸ਼ਲ ਮੀਡੀਆ ਤੇ ਹਥਿਆਰਾਂ ਦਾ ਪ੍ਰਦਰਸ਼ਨ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਨ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਸਖ਼ਤ ਕਦਮ ਚੁੱਕੇ ਜਾਂਦੇ ਹਨ। ਅਜਿਹਾ ਕਰਨ ਵਾਲੇ ਵਿਅਕਤੀ ਖਿਲਾਫ ਜਿੱਥੇ ਮਾਮਲਾ ਦਰਜ ਕੀਤਾ ਜਾਂਦਾ ਹੈ। ਉੱਥੇ ਹੀ ਜੇਕਰ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਵਿਅਕਤੀ ਵੱਲੋਂ ਕਿਸੇ ਹੋਰ ਦੇ ਅਸਲੇ ਨਾਲ ਤਸਵੀਰ ਜਾ ਵੀਡੀਓ ਪਾਈ ਜਾਂਦੀ ਹੈ ਤਾਂ ਅਸਲਾਧਾਰਕ ਖਿਲਾਫ ਵੀ ਕਾਰਵਾਈ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਹਰ ਇਕ ਵਿਅਕਤੀ ਨੂੰ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਸ ਵਿਅਕਤੀ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਵੀ ਪੁਲਿਸ ਵਿਭਾਗ ਵੱਲੋਂ ਕੀਤੀ ਜਾਂਦੀ ਹੈ।'

"ਸੋਸ਼ਲ ਮੀਡੀਆ ਪਲੇਟਫਾਰਮ ਤੇ ਧਰਮ, ਜਾਤ, ਨਸਲ ਜਾਂ ਲਿੰਗ ਦੇ ਆਧਾਰ ‘ਤੇ ਨਫ਼ਰਤ ਭਰੀ ਭਾਸ਼ਾ ਵਰਤਣਾ ਪੂਰੀ ਤਰ੍ਹਾਂ ਬੈਨ ਹੈ। ਇਸੇ ਤਰ੍ਹਾਂ ਹਿੰਸਾ, ਦਹਿਸ਼ਤਗਰਦੀ ਅਤੇ ਆਤੰਕੀ ਪ੍ਰਚਾਰ ਨਾਲ ਸੰਬੰਧਿਤ ਪੋਸਟਾਂ ਨੂੰ ਪ੍ਰਮੋਟ ਕਰਨਾ, ਅਸ਼ਲੀਲ ਅਤੇ ਨਗਨ ਸਮੱਗਰੀ, ਖ਼ਾਸ ਕਰਕੇ ਬੱਚਿਆਂ ਨਾਲ ਜੁੜੀ ਹੋਈ, ਕਾਨੂੰਨੀ ਤੌਰ ‘ਤੇ ਗੰਭੀਰ ਜੁਰਮ ਹੈ। ਜੇਕਰ ਅਜਿਹਾ ਕਰਦਾ ਕੋਈ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।"- ਨਰਿੰਦਰ ਸਿੰਘ,ਐਸਪੀ

ਇਹ ਚੀਜ਼ਾਂ ਹਨ ਬੈਨ

  1. ਨਫ਼ਰਤ ਭਰੀ ਭਾਸ਼ਾ (Hate Speech)
  2. ਧਰਮ, ਜਾਤ, ਲਿੰਗ, ਨਸਲ ਜਾਂ ਕਿਸੇ ਸਮੂਹ ਵਿਰੁੱਧ ਗਾਲਾਂ ਜਾਂ ਉਕਸਾਵਾ
  3. ਹਿੰਸਾ ਅਤੇ ਦਹਿਸ਼ਤਗਰਦੀ
  4. ਕਤਲ, ਮਾਰਕੁੱਟ, ਦੰਗੇ, ਆਤੰਕੀ ਪ੍ਰਚਾਰ ਜਾਂ ਹਿੰਸਾ ਨੂੰ ਵਧਾਵਾ
  5. ਅਸ਼ਲੀਲ ਜਾਂ ਨਗਨ ਸਮੱਗਰੀ, ਖ਼ਾਸ ਕਰਕੇ ਬੱਚਿਆਂ ਨਾਲ ਸੰਬੰਧਿਤ ਸਮੱਗਰੀ ਪ੍ਰਕਾਸ਼ਨ ਕਰਨਾ ਬਿਲਕੁਲ ਗੈਰ ਕਾਨੂੰਨੀ ਹੈ।

ਐਸਪੀ ਨਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਜੁਰਮ ਕਰਨ ਵਾਲਿਆਂ ਖਿਲਾਫ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਂਦਾ ਹੈ। ਆਈਟੀ ਐਕਟ, 2000 (Information Technology Act) ਕਾਰਵਾਈਆਂ ਕੀਤੀਆਂ ਜਾਣਗੀਆਂ।

ਵੱਖ-ਵੱਖ ਧਾਰਾਵਾਂ ਲਾ ਕੇ ਕੀਤਾ ਜਾਵੇਗਾ ਗ੍ਰਿਫਤਾਰ

ਧਾਰਾ 67: ਅਸ਼ਲੀਲ ਸਮੱਗਰੀ ਆਨਲਾਈਨ ਪੋਸਟ ਕਰਨ ‘ਤੇ ਸਜ਼ਾ,
ਧਾਰਾ 67A: ਯੌਨਕ ਤੌਰ ‘ਤੇ ਸਪੱਸ਼ਟ (Sexually Explicit) ਸਮੱਗਰੀ
ਧਾਰਾ 67B: ਬੱਚਿਆਂ ਨਾਲ ਸੰਬੰਧਿਤ ਅਸ਼ਲੀਲ ਸਮੱਗਰੀ (ਸਖ਼ਤ ਸਜ਼ਾ)
ਧਾਰਾ 66E: ਕਿਸੇ ਦੀ ਨਿੱਜਤਾ ਭੰਗ ਕਰਨਾ (ਪ੍ਰਾਈਵੇਟ ਤਸਵੀਰ/ਵੀਡੀਓ),ਧਾਰਾ 153A: ਧਰਮ/ਜਾਤ ਦੇ ਆਧਾਰ ‘ਤੇ ਨਫ਼ਰਤ ਫੈਲਾਉਣਾ
ਧਾਰਾ 295A: ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ
ਧਾਰਾ 499/500: ਮਾਨਹਾਨੀ (Defamation)
ਧਾਰਾ 354D: ਆਨਲਾਈਨ ਸਟਾਕਿੰਗ
ਧਾਰਾ 506: ਧਮਕੀ ਦੇਣਾ (Criminal Intimidation)
ਧਾਰਾ 509: ਔਰਤ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਵਾਲੀ ਭਾਸ਼ਾ, ਫੇਕ ਨਿਊਜ਼ ਅਤੇ ਅਫ਼ਵਾਹਾਂ
ਧਾਰਾ 505 IPC: ਅਫ਼ਵਾਹਾਂ ਰਾਹੀਂ ਡਰ ਜਾਂ ਅਸ਼ਾਂਤੀ ਫੈਲਾਉਣਾ
ਧਾਰਾ 124A (ਦੇਸ਼ਦ੍ਰੋਹ): ਖਾਸ ਗੰਭੀਰ ਮਾਮਲਿਆਂ ਵਿੱਚ (ਸੀਮਿਤ ਵਰਤੋਂ) ਤਹਿਤ ਕਾਰਵਾਈ ਹੋ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ 2 ਤੋਂ 7 ਸਾਲ ਤੱਕ ਕੈਦ (ਧਾਰਾ ਅਨੁਸਾਰ) ਹੋ ਸਕਦੀ ਹੈ।


ਇਸ ਲਈ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਜ਼ਰ ਰੱਖਣ ਤਾਂ ਜੋ ਉਹ ਅਜਿਹੀ ਕੋਈ ਹਰਕਤ ਨਾ ਕਰਨ ਜਿਸ ਕਾਰਨ ਉਨ੍ਹਾਂ ਨੂੰ ਕਿਸੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇ।