ETV Bharat / state

ਬੈਂਕ ਮੈਨੇਜਰ ਦੀ ਸੂਝਬੂਝ ਨੇ ਨਕਾਮ ਕੀਤੀ 60 ਲੱਖ ਦੀ ਡਿਜੀਟਲ ਠੱਗੀ, ਹੋ ਰਹੀ ਪ੍ਰਸ਼ੰਸਾ

ਪੰਜਾਬ ਵਿੱਚ ਵੱਧ ਰਹੇ ਡਿਜੀਟਲ ਠੱਗੀ ਦੇ ਮਾਮਲਿਆਂ ਤੋਂ ਬਾਅਦ ਬੈਂਕ ਮੁਲਾਜ਼ਮ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ।

60 lakh fraud foiled
ਬੈਂਕ ਮੈਨੇਜਰ ਦੀ ਸੂਝਬੂਝ ਨਾਲ ਨਕਾਮ ਹੋਈ 60 ਲੱਖ ਦੀ ਡਿਜੀਟਲ ਠੱਗੀ (Etv bharat)
author img

By ETV Bharat Punjabi Team

Published : February 27, 2026 at 5:00 PM IST

3 Min Read
Choose ETV Bharat

ਪਟਿਆਲਾ: ਇਨ੍ਹੀਂ ਦਿਨੀਂ ਪੰਜਾਬ ਵਿੱਚ ਸਾਈਬਰ ਠੱਗਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਆਪਣੇ ਝਾਂਸੇ 'ਚ ਫਸਾ ਕੇ ਵੱਡੀ ਸਾਈਬਰ ਠੱਗੀ ਕੀਤੀ ਜਾਂਦੀ ਹੈ। ਇਸ ਸਬੰਧੀ ਪੁਲਿਸ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਪਰ ਬਾਵਜੂਦ ਇਸ ਦੇ ਕਈ ਭੋਲੇ ਲੋਕ ਠੱਗਾਂ ਦੇ ਝਾਂਸੇ 'ਚ ਆ ਜਾਂਦੇ ਹਨ। ਅਜਿਹਾ ਹੀ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਰੇਲਵੇ ਤੋਂ ਰਿਟਾਇਰ ਹੋਏ 78 ਸਾਲਾ ਸੋਹਨ ਸਿੰਘ ਸੋਢੀ ਨੂੰ ਠੱਗਾਂ ਨੇ 'ਡਿਜੀਟਲ ਅਰੇਸਟ' ਦੇ ਨਾਮ 'ਤੇ 60 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਬੈਂਕ ਮੈਨੇਜਰ ਅਤੇ ਖੁਦ ਪੀੜਤ ਦੀ ਸੂਝਬੂਝ ਨਾਲ ਇੱਕ ਵੱਡੀ ਠੱਗੀ ਨੂੰ ਨਾਕਾਮ ਕਰ ਦਿੱਤਾ ਗਿਆ। ਬੈਂਕ ਮੈਨੇਜਰ ਦੀ ਸਮਝ ਨਾਲ ਪਰਿਵਾਰ ਦੀ ਮਿਹਨਤ ਦੀ ਕਮਾਈ ਬਚਾ ਲਈ ਗਈ।

60 ਲੱਖ ਦੀ ਡਿਜੀਟਲ ਠੱਗੀ ਨਕਾਮ (Etv Bharat)

'ਵੱਡੀ ਰਕਮ ਹੜੱਪਣ ਦੀ ਯੋਜਨਾ'

ਜਾਣਕਾਰੀ ਮੁਤਾਬਿਕ ਸਾਈਬਰ ਠੱਗਾਂ ਨੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸ ਕੇ ਬਜ਼ੁਰਗ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਫਸਾਉਣ ਦਾ ਡਰ ਦਿਖਾਇਆ। ਜਿਸ ਤੋਂ ਬਾਅਦ ਉਨ੍ਹਾਂ ਦੀ ਐਫਡੀ ਤੁੜਵਾ ਕੇ ਵੱਡੀ ਰਕਮ ਹੜੱਪਣ ਦੀ ਯੋਜਨਾ ਬਣਾਈ। ਇਸ ਤਹਿਤ 23 ਫਰਵਰੀ ਸਵੇਰੇ ਕਰੀਬ 11:40 ਦੇ ਸਮੇਂ ਪੀੜਤ ਸੋਹਨ ਸਿੰਘ ਨੂੰ ਵਟਸਐਪ ਨੰਬਰ 'ਤੇ ਇੱਕ ਕਾਲ ਆਈ। ਪਹਿਲਾਂ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਟੈਲੀਕਾਮ ਵਿਭਾਗ ਦਾ ਅਧਿਕਾਰੀ ਦੱਸਿਆ, ਫਿਰ ਕਾਲ ਨੂੰ ਮੁੰਬਈ ਦੇ ਕਥਿਤ ਸੀਬੀਆਈ ਅਸਿਸਟੈਂਟ ਡਾਇਰੈਕਟਰ ਕੋਲ ਟ੍ਰਾਂਸਫਰ ਕਰ ਦਿੱਤਾ। ਠੱਗ ਨੇ ਦੱਸਿਆ ਕਿ ਉਨ੍ਹਾਂ ਦੇ ਖ਼ਾਤੇ ਵਿੱਚ 247 ਲੋਕਾਂ ਨਾਲ ਹੋਈ ਠੱਗੀ ਦੀ ਰਕਮ ਆਈ ਹੈ ਅਤੇ ਉਨ੍ਹਾਂ ਖ਼ਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਹੈ।

'ਡਿਜੀਟਲ ਅਰੇਸਟ ਦਾ ਪਰਦਾਫਾਸ਼'

ਠੱਗਾਂ ਨੇ ਵੀਡੀਓ ਕਾਲ ‘ਤੇ ਇੱਕ ਨਕਲੀ 'ਸੀਬੀਆਈ ਅਦਾਲਤ' ਵੀ ਦਿਖਾਈ, ਜਿੱਥੇ ਜੱਜ, ਵਕੀਲ ਅਤੇ ਪੁਲਿਸ ਅਧਿਕਾਰੀ ਵਰਗੇ ਲੋਕ ਬੈਠੇ ਦਿਖਾਈ ਦਿੱਤੇ। ਉਨ੍ਹਾਂ ਨੇ 7 ਦਿਨ ਦੇ ਰਿਮਾਂਡ ਦੀ ਧਮਕੀ ਦਿੱਤੀ ਅਤੇ 24 ਘੰਟੇ ਫੋਨ ਆਨ ਰੱਖਣ ਅਤੇ ਕਿਸੇ ਨਾਲ ਸੰਪਰਕ ਨਾ ਕਰਨ ਲਈ ਕਿਹਾ ਜਿਸ ਤੋਂ ਬਾਅਦ ਦੋ ਦਿਨ ਤੱਕ ਬਜ਼ੁਰਗ ਨੂੰ ਡਿਜੀਟਲ ਅਰੇਸਟ ਵਰਗੇ ਹਲਾਤਾਂ ਵਿੱਚ ਡਰਾ ਕੇ ਰੱਖਿਆ ਗਿਆ। ਠੱਗਾਂ ਨੇ ਕਿਹਾ ਕਿ ਜਾਂਚ ਲਈ ਸਾਰੇ ਬੈਂਕ ਖਾਤਿਆਂ ਦੀ ਰਕਮ ਇੱਕ ਖਾਤੇ ਵਿੱਚ ਟ੍ਰਾਂਸਫਰ ਕਰਨੀ ਪਵੇਗੀ। ਇਸ ਡਰ ਦੇ ਮਾਰੇ ਬਜ਼ੁਰਗ ਵੱਖ-ਵੱਖ ਬੈਂਕਾਂ ਵਿੱਚ ਐਫਡੀ ਤੁੜਵਾਉਣ ਗਿਆ ਪਰ ਗੱਲ ਨਹੀਂ ਬਣੀ। ਆਖਿਰਕਾਰ ਉਹ ਡੀਐਲਐਫ ਕਲੋਨੀ ਸਥਿਤ ਪੀਐਨਬੀ ਬੈਂਕ ਪਹੁੰਚੇ। ਜਿੱਥੇ ਉਨ੍ਹਾਂ ਨੇ ਬੈਂਕ ਮੈਨੇਜਰ ਨੂੰ ਸਾਰੀ ਗੱਲ ਦੱਸੀ।



'ਬੈਂਕ ਮੈਨੇਜਰ ਦੀ ਸਾਵਧਾਨੀ ਨਾਲ ਬਚੀ ਰਕਮ'
PNB ਡੀਐਲਐਫ ਕਲੋਨੀ ਦੀ ਬ੍ਰਾਂਚ ਮੈਨੇਜਰ ਹਿਮਾਂਸ਼ੀ ਸਿਆਲ ਨੇ ਦੱਸਿਆ ਕਿ, 'ਬਜ਼ੁਰਗ ਗਾਹਕ ਬਿਨਾਂ ਕੋਈ ਸਪੱਸ਼ਟ ਕਾਰਨ ਦਿੱਤੇ ਐਫਡੀ ਪ੍ਰੀ-ਮੈਚਿਓਰ ਤਰੀਕੇ ਤੋੜਨ ਦੀ ਜ਼ਿੱਦ ਕਰ ਰਹੇ ਸਨ ਅਤੇ ਫੋਨ ‘ਤੇ ਕਿਸੇ ਨਾਲ ਲਗਾਤਾਰ ਗੱਲ ਕਰ ਰਹੇ ਸਨ। ਉਨ੍ਹਾਂ ਦੇ ਵਿਹਾਰ ਤੋਂ ਸ਼ੱਕ ਹੋਇਆ ਕਿ ਮਾਮਲਾ ਸਾਈਬਰ ਠੱਗੀ ਦਾ ਹੋ ਸਕਦਾ ਹੈ। ਬੈਂਕ ਸਟਾਫ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵਧੇਰੇ ਜਾਣਕਾਰੀ ਨਹੀਂ ਦੇ ਰਹੇ ਸਨ। ਇਸ ਦੌਰਾਨ ਬਜ਼ੁਰਗ ਨੇ ਸੂਝਬੂਝ ਦਿਖਾਉਂਦੇ ਹੋਏ ਕਾਗਜ਼ ‘ਤੇ ਲਿਖਿਆ ਕਿ ਉਨ੍ਹਾਂ ਨੂੰ 'ਸਾਈਬਰ ਠੱਗੀ ਦਾ ਸ਼ੱਕ ਹੈ ਅਤੇ ਉਨ੍ਹਾਂ ਦੇ ਪੁੱਤਰ ਨਾਲ ਸੰਪਰਕ ਕੀਤਾ ਜਾਵੇ'।

ਬੈਂਕ ਪ੍ਰਬੰਧਨ ਨੇ ਤੁਰੰਤ ਉਨ੍ਹਾਂ ਦੇ ਪੁੱਤਰ ਨਾਲ ਸੰਪਰਕ ਕੀਤਾ, ਜੋ ਉਸ ਸਮੇਂ ਗੋਆ ਵਿੱਚ ਸਨ। ਨਾਲ ਹੀ ਸਪੱਸ਼ਟ ਕਰ ਦਿੱਤਾ ਕਿ ਬਿਨਾਂ ਢੰਗੀ ਪ੍ਰਕਿਰਿਆ ਐਫਡੀ ਪ੍ਰੀ-ਮੈਚਿਓਰ ਨਹੀਂ ਤੋੜੀ ਜਾ ਸਕਦੀ। ਇਹ ਸੁਣਦੇ ਹੀ ਠੱਗਾਂ ਨੇ ਫੋਨ ਕੱਟ ਦਿੱਤਾ। ਬੈਂਕ ਵੱਲੋਂ ਤੁਰੰਤ ਸਾਈਬਰ ਕ੍ਰਾਈਮ ਥਾਣੇ ਨੂੰ ਸੂਚਨਾ ਦਿੱਤੀ ਗਈ ਅਤੇ ਹੋਰ ਬੈਂਕਾਂ ਨੂੰ ਵੀ ਰਕਮ ਟ੍ਰਾਂਸਫਰ ਨਾ ਕਰਨ ਲਈ ਕਿਹਾ ਗਿਆ। ਇਸ ਤਰ੍ਹਾਂ ਬੈਂਕ ਮੈਨੇਜਰ ਨੇ ਬਜ਼ੂਰਗ ਨੂੰ ਇਸ ਠੱਗੀ ਤੋਂ ਬਚਾ ਲਿਆ।

'ਪੁਲਿਸ ਦੀ ਕਾਰਵਾਈ ਅਤੇ ਅਪੀਲ'

ਡੀਐੱਸਪੀ ਸਾਈਬਰ ਸੈੱਲ ਗੁਰਵੀਰ ਸਿੱਧੂ ਬਰਾੜ ਨੇ ਦੱਸਿਆ ਕਿ 'ਠੱਗਾਂ ਨੇ ਬਜ਼ੁਰਗ ਨੂੰ ਇੰਨਾ ਡਰਾ ਦਿੱਤਾ ਸੀ ਕਿ ਉਹ 60 ਲੱਖ ਰੁਪਏ ਦੀ ਐਫਡੀ ਤੋੜ ਕੇ ਟ੍ਰਾਂਸਫਰ ਕਰਨ ਲਈ ਤਿਆਰ ਹੋ ਗਏ ਸਨ। ਬੈਂਕ ਦੀ ਸਾਵਧਾਨੀ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਨਾਲ ਠੱਗੀ ਹੋਣ ਤੋਂ ਬਚਾਅ ਹੋ ਗਿਆ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਬੰਧਿਤ ਫੋਨ ਨੰਬਰਾਂ ਅਤੇ ਖਾਤਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।'

ਲੋਕਾਂ ਨੂੰ ਅਪੀਲ:
ਡੀਐਸਪੀ ਸਾਈਬਰ ਸੈੱਲ ਗੁਰਵੀਰ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਸਰਕਾਰੀ ਏਜੰਸੀ ਫੋਨ ਜਾਂ ਵੀਡੀਓ ਕਾਲ ਰਾਹੀਂ ਗ੍ਰਿਫਤਾਰੀ ਜਾਂ ਜਾਂਚ ਨਹੀਂ ਕਰਦੀ। ਜੇ ਇਸ ਤਰ੍ਹਾਂ ਦੀ ਕਾਲ ਆਵੇ ਤਾਂ ਘਬਰਾਓ ਨਹੀਂ ਅਤੇ ਤੁਰੰਤ ਸਾਈਬਰ ਹੈਲਪਲਾਈਨ 1930 ਜਾਂ ਨਜ਼ਦੀਕੀ ਸਾਈਬਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਓ। ਸਾਵਧਾਨੀ ਅਤੇ ਜਾਗਰੂਕਤਾ ਹੀ ਸਾਈਬਰ ਠੱਗੀ ਤੋਂ ਬਚਣ ਦਾ ਸਭ ਤੋਂ ਵੱਡਾ ਹਥਿਆਰ ਹੈ।