ਭਾਜਪਾ ਦਾ ਅੰਦਰੂਨੀ ਕਲੇਸ਼ ਸੜਕਾਂ ’ਤੇ, ਬਾਗੀ ਆਗੂਆਂ ਵੱਲੋਂ ‘ਪੰਜਾਬ ਭਾਜਪਾ ਬਚਾਓ ਰੈਲੀ’
ਭਾਜਪਾ ਵੱਲੋਂ 13 ਦਿਨਾਂ ਬਾਅਦ ਜ਼ਿਲ੍ਹਾ ਪ੍ਰਧਾਨ ਬਦਲਣ ਨੂੰ ਲੈ ਕੇ ਵਿਵਾਦ ਜਾਰੀ ਹੈ ਅਤੇ ਬਾਗੀ ਆਗੂਆਂ ਨੇ ‘ਪੰਜਾਬ ਭਾਜਪਾ ਬਚਾਓ ਰੈਲੀ’ ਕੱਢ ਰੋਸ ਪ੍ਰਗਟਾਇਆ।


Published : August 30, 2026 at 11:16 AM IST
ਸੰਗਰੂਰ: ਵਿੱਚ ਭਾਰਤੀ ਜਨਤਾ ਪਾਰਟੀ ਦਾ ਅੰਦਰੂਨੀ ਵਿਵਾਦ ਹੁਣ ਸੜਕਾਂ ’ਤੇ ਆ ਗਿਆ ਹੈ। ਪਾਰਟੀ ਦੇ ਬਾਗੀ ਆਗੂਆਂ ਵੱਲੋਂ ਅੱਜ ‘ਪੰਜਾਬ ਭਾਜਪਾ ਬਚਾਓ ਰੈਲੀ’ ਕੱਢੀ ਗਈ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਸਮਰਥਕ ਸ਼ਾਮਲ ਹੋਏ। ਹੱਥਾਂ ਵਿੱਚ ਭਾਜਪਾ ਦੇ ਝੰਡੇ ਫੜ ਕੇ ਵਰਕਰ ਬਰਨਾਲਾ ਚੌਂਕ ਤੋਂ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਵੱਡੇ ਚੌਂਕ ਤੱਕ ਪਹੁੰਚੇ। ਇਸ ਦੌਰਾਨ ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਸ਼੍ਰੀਨਿਵਾਸੁਲੂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਜ਼ਾਹਰ ਕੀਤਾ ਗਿਆ।
13 ਦਿਨ ਬਾਅਦ ਹੀ ਅਹੁਦੇ ਤੋਂ ਹਟਾ ਦਿੱਤੇ ਪ੍ਰਧਾਨ
ਰਣਦੀਪ ਸਿੰਘ ਦਿਓਲ ਸਾਬਕਾ ਜ਼ਿਲ੍ਹਾ ਪ੍ਰਧਾਨ, ਮਨਿੰਦਰ ਸਿੰਘ ਕਪਿਆਲ ਅਤੇ ਭਾਜਪਾ ਆਗੂ ਜਤਿੰਦਰ ਕਾਲੜਾ ਦੀ ਅਗਵਾਈ ਵਿੱਚ ਕੱਢੀ ਗਈ ਇਸ ਰੈਲੀ ਨੂੰ ਲੈ ਕੇ ਸੰਗਰੂਰ ਦੀ ਸਿਆਸਤ ਵਿੱਚ ਚਰਚਾ ਤੇਜ਼ ਹੋ ਗਈ ਹੈ। ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਵਰਕਰ ਪੈਦਲ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਲੰਘੇ ਅਤੇ ਪਾਰਟੀ ਅੰਦਰ ਚੱਲ ਰਹੇ ਵਿਵਾਦ ਨੂੰ ਲੈ ਕੇ ਆਪਣਾ ਵਿਰੋਧ ਦਰਜ ਕਰਵਾਇਆ।
ਇਹ ਪੂਰਾ ਵਿਵਾਦ ਮਨਿੰਦਰ ਸਿੰਘ ਕਪਿਆਲ ਨੂੰ ਸੰਗਰੂਰ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਅਤੇ ਕੁਝ ਹੀ ਦਿਨਾਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸ਼ੁਰੂ ਹੋਇਆ। ਬਾਗੀ ਆਗੂਆਂ ਦੇ ਮੁਤਾਬਕ ਮਨਿੰਦਰ ਸਿੰਘ ਕਪਿਆਲ ਨੂੰ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ ਤੋਂ ਕਰੀਬ 13 ਦਿਨ ਬਾਅਦ ਹੀ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਪੁਰਾਣੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਨੂੰ ਮੁੜ ਜ਼ਿੰਮੇਵਾਰੀ ਦੇ ਦਿੱਤੀ ਗਈ।
ਰਿਸ਼ਵਤ ਲੈਣ ਵਰਗੇ ਗੰਭੀਰ ਇਲਜ਼ਾਮ ਵੀ ਲਗਾਏ
ਇਸ ਫੈਸਲੇ ਨੂੰ ਲੈ ਕੇ ਰਣਦੀਪ ਸਿੰਘ ਦਿਓਲ, ਮਨਿੰਦਰ ਸਿੰਘ ਕਪਿਆਲ ਅਤੇ ਜਤਿੰਦਰ ਕਾਲੜਾ ਵੱਲੋਂ ਪਿਛਲੇ ਦਿਨੀਂ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ ਸੀ। ਆਗੂਆਂ ਨੇ ਪੰਜਾਬ ਸੰਗਠਨ ਮੰਤਰੀ ਸ਼੍ਰੀਨਿਵਾਸੁਲੂ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ 'ਮਨਿੰਦਰ ਸਿੰਘ ਕਪਿਆਲ ਨੂੰ 13 ਦਿਨਾਂ ਦੇ ਅੰਦਰ ਪਾਰਟੀ ਦੇ ਸੰਵਿਧਾਨ ਅਤੇ ਨਿਯਮਾਂ ਤੋਂ ਬਾਹਰ ਜਾ ਕੇ ਅਹੁਦੇ ਤੋਂ ਹਟਾਇਆ ਗਿਆ। ਬਾਗੀ ਆਗੂਆਂ ਨੇ ਇਸ ਤੋਂ ਇਲਾਵਾ ਸੰਗਠਨ ਵਿੱਚ ਕਥਿਤ ਤੌਰ ’ਤੇ ਪੈਸੇ ਅਤੇ ਰਿਸ਼ਵਤ ਲੈਣ ਵਰਗੇ ਗੰਭੀਰ ਇਲਜ਼ਾਮ ਵੀ ਲਗਾਏ ਸਨ। ਬਾਗੀ ਆਗੂਆਂ ਨੇ ਦਾਅਵਾ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ।
ਤਿੰਨ ਆਗੂਆਂ ਨੂੰ ਮਿਲ ਚੁੱਕੇ ਹਨ ਕਾਰਨ ਦੱਸੋ ਨੋਟਿਸ
ਹਾਲਾਂਕਿ ਇਨ੍ਹਾਂ ਇਲਜ਼ਾਮਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ ਅਤੇ ਇਨ੍ਹਾਂ ਸਬੰਧੀ ਸ਼੍ਰੀਨਿਵਾਸੁਲੂ ਜਾਂ ਪਾਰਟੀ ਦੇ ਅਧਿਕਾਰਤ ਪੱਖ ਦਾ ਜਵਾਬ ਵੀ ਮਹੱਤਵਪੂਰਨ ਹੈ। ਇਸ ਵਿਵਾਦ ਦੇ ਵਿਚਕਾਰ ਭਾਜਪਾ ਵੱਲੋਂ ਰਣਦੀਪ ਸਿੰਘ ਦਿਓਲ, ਮਨਿੰਦਰ ਸਿੰਘ ਕਪਿਆਲ ਅਤੇ ਜਤਿੰਦਰ ਕਾਲੜਾ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਬਾਗੀ ਆਗੂਆਂ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਸੰਵਿਧਾਨ ਅਤੇ ਨਿਯਮਾਂ ਦੇ ਅਨੁਸਾਰ ਨੋਟਿਸ ਦਾ ਜਵਾਬ ਦੇਣਗੇ।
ਹੁਣ ਸੰਗਰੂਰ ਵਿੱਚ ਭਾਜਪਾ ਦਾ ਇਹ ਅੰਦਰੂਨੀ ਵਿਵਾਦ ਪਾਰਟੀ ਲਈ ਵੱਡੀ ਚੁਣੌਤੀ ਬਣਦਾ ਦਿਖਾਈ ਦੇ ਰਿਹਾ ਹੈ। ਇੱਕ ਪਾਸੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਦਾ ਅਧਿਕਾਰਤ ਧੜਾ ਹੈ, ਜਦਕਿ ਦੂਜੇ ਪਾਸੇ ਬਾਗੀ ਆਗੂ ਖੁੱਲ੍ਹੇ ਤੌਰ ’ਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਅੱਜ ਦੀ ਰੈਲੀ ਵਿੱਚ ਵਰਕਰਾਂ ਦੀ ਨਜ਼ਰ ਆਈ ਵੱਡੀ ਗਿਣਤੀ ਨੇ ਸੰਗਰੂਰ ਭਾਜਪਾ ਦੇ ਅੰਦਰ ਚੱਲ ਰਹੇ ਵਿਵਾਦ ਨੂੰ ਹੋਰ ਚਰਚਾ ਵਿੱਚ ਲਿਆ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਭਾਜਪਾ ਦੀ ਸੂਬਾ ਲੀਡਰਸ਼ਿਪ ਇਸ ਮਾਮਲੇ ਨੂੰ ਕਿਵੇਂ ਹੱਲ ਕਰਦੀ ਹੈ ਅਤੇ ਕੀ ਦੋਵੇਂ ਧੜਿਆਂ ਵਿਚਕਾਰ ਮੁੜ ਸਹਿਮਤੀ ਬਣ ਸਕਦੀ ਹੈ।

