ETV Bharat / state

ਸੁਲਤਾਨਪੁਰ ਲੋਧੀ ਨਗਰ ਕੌਂਸਲ 'ਤੇ ਰਾਣਾ ਧੜੇ ਦਾ ਕਬਜ਼ਾ, ਮੋਗਾ ਨਗਰ ਨਿਗਮ ਦੀ ਕਿਸ ਹੱਥ ਕਮਾਨ ? ਜਾਣੋ

ਸੁਲਤਾਨਪੁਰ ਲੋਧੀ ਨਗਰ ਕੌਂਸਲ 'ਤੇ ਰਾਣਾ ਧੜੇ ਦਾ ਮੁੜ ਕਬਜ਼ਾ ਹੋ ਚੁੱਕਾ ਹੈ। ਮੋਗਾ ਨਗਰ ਨਿਗਮ ਨੂੰ ਨਵਾਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਮਿਲਿਆ।

Sultanpur Lodhi Municipal Council
ਸੁਲਤਾਨਪੁਰ ਲੋਧੀ ਨਗਰ ਕੌਂਸਲ 'ਤੇ ਰਾਣਾ ਧੜੇ ਦਾ ਕਬਜ਼ਾ (ETV BHARAT)
author img

By ETV Bharat Punjabi Team

Published : July 6, 2026 at 4:37 PM IST

5 Min Read
Choose ETV Bharat

ਸੁਲਤਾਨਪੁਰ ਲੋਧੀ/ਮੋਗਾ: ਪਵਿੱਤਰ ਗੁਰੂ ਨਗਰੀ ਸੁਲਤਾਨਪੁਰ ਲੋਧੀ ਦੀ ਨਗਰ ਕੌਂਸਲ 'ਤੇ ਰਾਣਾ ਧੜੇ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀਆਂ ਚੋਣਾਂ ਆਪਣੇ ਹੱਕ ਵਿੱਚ ਕਰਵਾ ਲਈਆਂ। ਨਗਰ ਕੌਂਸਲ ਦਫ਼ਤਰ ਵਿਖੇ ਐਸ.ਡੀ.ਐਮ. ਦੀ ਅਗਵਾਈ ਹੇਠ ਸਖ਼ਤ ਸੁਰੱਖਿਆ ਪ੍ਰਬੰਧਾਂ ਵਿੱਚ ਹੋਈ ਮੀਟਿੰਗ ਦੌਰਾਨ ਪਹਿਲਾਂ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ। ਇਸ ਉਪਰੰਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਵਾਈ ਗਈ, ਜਿਸ ਵਿੱਚ ਸੰਦੀਪ ਕੌਰ ਚੀਮਾ ਨੂੰ ਨਗਰ ਕੌਂਸਲ ਦਾ ਨਵਾਂ ਪ੍ਰਧਾਨ ਅਤੇ ਗੁਰਜੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ।

ਸੁਲਤਾਨਪੁਰ ਲੋਧੀ ਨਗਰ ਕੌਂਸਲ ਨੂੰ ਮਿਲਿਆ ਨਵਾਂ ਪ੍ਰਧਾਨ (ETV BHARAT)

ਰਾਣਾ ਧੜੇ ਦੇ ਸਮਰਥਕਾਂ ਵੱਲੋਂ ਮਨਾਏ ਜਾ ਰਹੇ ਜਸ਼ਨ

ਇਸ ਮੌਕੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਰਾਣਾ ਧੜੇ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਜਿੱਤ ਦਾ ਜਸ਼ਨ ਮਨਾਇਆ ਗਿਆ।

13 ਸੀਟਾਂ ਵਿੱਚੋਂ 7 ਸੀਟਾਂ 'ਤੇ ਰਾਣਾ ਧੜੇ ਦੇ ਉਮੀਦਵਾਰ ਰਹੇ ਸੀ ਜੇਤੂ

ਗੌਰਤਲਬ ਹੈ ਕਿ ਨਗਰ ਕੌਂਸਲ ਦੀਆਂ 13 ਸੀਟਾਂ ਵਿੱਚੋਂ 7 ਸੀਟਾਂ 'ਤੇ ਰਾਣਾ ਧੜੇ ਦੇ ਸਮਰਥਿਤ ਉਮੀਦਵਾਰ ਜੇਤੂ ਰਹੇ ਸਨ, ਜਦਕਿ ਆਮ ਆਦਮੀ ਪਾਰਟੀ ਦੇ 5 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਸੀ। ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਵਿੱਚ ਗਈ, ਜਦਕਿ ਕਾਂਗਰਸ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਪਹਿਲਾਂ 2 ਜੁਲਾਈ ਨੂੰ ਮੀਟਿੰਗ ਰੱਖੀ ਗਈ ਸੀ, ਪਰ ਉਹ ਮੁਲਤਵੀ ਹੋ ਗਈ ਸੀ। ਅੱਜ ਦੁਬਾਰਾ ਮੀਟਿੰਗ ਕਰਵਾ ਕੇ ਚੋਣ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ।

ਚੋਣ ਤੋਂ ਬਾਅਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਮੂਹ ਨਗਰ ਨਿਵਾਸੀਆਂ, ਵੋਟਰਾਂ, ਸਮਰਥਕਾਂ ਅਤੇ ਪਾਰਟੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ "ਲੋਕਾਂ ਨੇ ਇੱਕ ਵਾਰ ਫਿਰ ਸੱਚ ਅਤੇ ਵਿਕਾਸ ਦੀ ਰਾਜਨੀਤੀ 'ਤੇ ਮੋਹਰ ਲਗਾਈ ਹੈ। ਚੋਣਾਂ ਦੌਰਾਨ ਉਨ੍ਹਾਂ ਦੇ ਜੇਤੂ ਉਮੀਦਵਾਰਾਂ 'ਤੇ ਕਈ ਤਰ੍ਹਾਂ ਦਾ ਦਬਾਅ ਬਣਾਇਆ ਗਿਆ ਅਤੇ ਝੂਠੇ ਮੁਕੱਦਮਿਆਂ ਵਿੱਚ ਫਸਾਉਣ ਦੀਆਂ ਸਾਜ਼ਿਸ਼ਾਂ ਵੀ ਰਚੀਆਂ ਗਈਆਂ, ਪਰ ਉਹ ਸਫਲ ਨਹੀਂ ਹੋ ਸਕੀਆਂ। ਅੰਤ ਵਿੱਚ ਗੁਰੂ ਨਗਰੀ ਵਿੱਚ ਸੱਚ ਦੀ ਜਿੱਤ ਹੋਈ ਹੈ। ਗੁਰੂ ਨਗਰੀ ਹਮੇਸ਼ਾ ਇਨਸਾਫ਼ ਅਤੇ ਸ਼ਾਂਤੀ ਦੀ ਹਾਮੀ ਰਹੀ ਹੈ। ਜੋ ਲੋਕ ਇੱਥੇ ਡਰ ਅਤੇ ਭੈ ਦੀ ਸਿਆਸਤ ਕਰਦੇ ਹਨ, ਉਨ੍ਹਾਂ ਨੂੰ ਲੋਕ ਕਦੇ ਕਬੂਲ ਨਹੀਂ ਕਰਦੇ।"

"ਦੁਬਾਰਾ ਨਗਰ ਕੌਂਸਲ ਦੇ ਪ੍ਰਧਾਨ ਜ਼ਿੰਮੇਵਾਰੀ ਮਿਲੀ ਹੈ। ਇਲਾਕਵਾਸੀਆਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੋ ਵੀ ਸ਼ਹਿਰ ਦੇ ਵਿੱਚ ਕੰਮ ਅਧੂਰੇ ਪਏ ਹਨ। ਸਾਰੇ ਮਸਲਿਆਂ 'ਤੇ ਪ੍ਰਸ਼ਾਸਨ ਨੂੰ ਗੱਲਬਾਤ ਚੱਲ ਰਹੀ ਹੈ। ਸਾਰੇ ਕੰਮਾਂ ਨੂੰ ਜਲਦ ਨੇਪਰੇ ਚਾੜ੍ਹਿਆ ਜਾਵੇਗਾ। ਲੋਕਾਂ ਨੂੰ ਨਗਰ ਕੌਂਸਲ ਦੇ ਰੋਜ਼ਾਨਾਂ ਦੇ ਕੰਮਾਂ ਲਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਆਉਣ ਦਿੱਤਾ ਜਾਵੇਗਾ। "-ਰਾਣਾ ਇੰਦਰ ਪ੍ਰਤਾਪ ਸਿੰਘ, ਵਿਧਾਇਕ

ਨਵੀਂ ਚੁਣੀ ਗਈ ਪ੍ਰਧਾਨ ਸੰਦੀਪ ਕੌਰ ਚੀਮਾ ਨੇ ਆਪਣੀ ਚੋਣ 'ਤੇ ਸਮੂਹ ਵੋਟਰਾਂ, ਸਮਰਥਕਾਂ, ਪਾਰਟੀ ਲੀਡਰਸ਼ਿਪ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ "ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ। ਪਵਿੱਤਰ ਗੁਰੂ ਨਗਰੀ ਸੁਲਤਾਨਪੁਰ ਲੋਧੀ ਦੇ ਸਰਬਪੱਖੀ ਵਿਕਾਸ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਸ਼ਹਿਰ ਦੇ ਹਰ ਵਰਗ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਉਨ੍ਹਾਂ ਦੀ ਪਹਿਲ ਹੋਵੇਗੀ।"

ਇਸੇ ਤਰ੍ਹਾਂ ਨਵੀਂ ਚੁਣੀ ਗਈ ਮੀਤ ਪ੍ਰਧਾਨ ਗੁਰਜੀਤ ਕੌਰ ਨੇ ਵੀ ਸਮੂਹ ਵੋਟਰਾਂ, ਸਮਰਥਕਾਂ ਅਤੇ ਪਾਰਟੀ ਆਗੂਆਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ "ਨਗਰ ਕੌਂਸਲ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਪਵਿੱਤਰ ਗੁਰੂ ਨਗਰੀ ਦੇ ਵਿਕਾਸ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਦਿਆਂ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਅੱਗੇ ਵਧਾਇਆ ਜਾਵੇਗਾ।"

ਨਗਰ ਕੌਂਸਲ ਦੀ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨਾਲ ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ ਰਾਣਾ ਧੜੇ ਨੇ ਇੱਕ ਵਾਰ ਫਿਰ ਆਪਣੀ ਮਜ਼ਬੂਤ ਪਕੜ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਹੁਣ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਨਵੀਂ ਟੀਮ ਵੱਲੋਂ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ 'ਤੇ ਟਿਕੀਆਂ ਹੋਈਆਂ ਹਨ।

ਮੋਗਾ ਨਗਰ ਨਿਗਮ ਨੂੰ ਮਿਲਿਆ ਨਵਾਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ

ਮੋਗਾ ਨਗਰ ਨਿਗਮ ਨੂੰ ਨਵਾਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਮਿਲ ਗਿਆ ਹੈ। ਨਗਰ ਨਿਗਮ ਵਿੱਚ ਹੋਈ ਚੋਣ ਦੌਰਾਨ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਨ ਵਾਲੇ ਕੌਂਸਲਰ ਰਕੇਸ਼ ਕੁਮਾਰ ਕਾਲਾ ਬਜਾਜ ਨੂੰ ਸੀਨੀਅਰ ਡਿਪਟੀ ਮੇਅਰ ਚੁਣਿਆ ਗਿਆ, ਜਦਕਿ ਗੌਰਵ ਗਰਗ ਨੂੰ ਡਿਪਟੀ ਮੇਅਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਦੇ ਨਾਲ ਹੀ ਨਗਰ ਨਿਗਮ ਦੀ ਫਾਇਨੈਂਸ ਐਂਡ ਕਾਂਟ੍ਰੈਕਟ ਕਮੇਟੀ (F&CC) ਦੇ ਮੈਂਬਰਾਂ ਵਜੋਂ ਜਗਸੀਰ ਸਿੰਘ ਹੁੰਦਲ ਅਤੇ ਨੀਟਾ ਕੌਰ ਨੂੰ ਚੁਣਿਆ ਗਿਆ।

Moga Municipal Corporation
ਮੋਗਾ ਨਗਰ ਨਿਗਮ ਨੂੰ ਮਿਲਿਆ ਨਵਾਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ (ETV BHARAT)

ਚੋਣ ਪ੍ਰਕਿਰਿਆ ਦੌਰਾਨ ਨਗਰ ਨਿਗਮ ਦੇ ਕੁੱਲ 50 ਕੌਂਸਲਰਾਂ 'ਚੋਂ 36 ਕੌਂਸਲਰ ਹਾਜ਼ਰ ਰਹੇ

ਚੋਣ ਪ੍ਰਕਿਰਿਆ ਦੌਰਾਨ ਨਗਰ ਨਿਗਮ ਦੇ ਕੁੱਲ 50 ਕੌਂਸਲਰਾਂ ਵਿੱਚੋਂ 36 ਕੌਂਸਲਰ ਹਾਜ਼ਰ ਰਹੇ। ਇਸ ਤੋਂ ਇਲਾਵਾ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਵੀ ਆਪਣੇ ਅਧਿਕਾਰ ਅਨੁਸਾਰ ਵੋਟ ਪਾਈ, ਜਿਸ ਨਾਲ ਕੁੱਲ 37 ਵੋਟਾਂ ਪਈਆਂ। ਜ਼ਿਕਰਯੋਗ ਹੈ ਕਿ ਮੇਅਰ ਦੀ ਚੋਣ ਪਹਿਲਾਂ ਹੀ ਹੱਥ ਖੜ੍ਹੇ ਕਰਵਾ ਕੇ ਕਰਵਾਈ ਗਈ ਸੀ, ਜਦਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੋਟਿੰਗ ਰਾਹੀਂ ਸੰਪੰਨ ਹੋਈ।

ਆਮ ਆਦਮੀ ਪਾਰਟੀ ਨੇ 30 ਸੀਟਾਂ ਜਿੱਤ ਕੇ ਕੀਤਾ ਸੀ ਸਪੱਸ਼ਟ ਬਹੁਮਤ ਹਾਸਲ

ਉੱਥੇ ਹੀ ਦੱਸ ਦਈਏ ਕਿ ਨਗਰ ਨਿਗਮ ਮੋਗਾ ਦੀਆਂ ਚੋਣਾਂ ਵਿੱਚ ਕੁੱਲ 50 ਵਾਰਡ ਸਨ। ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੇ 30 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ। ਇਸ ਤੋਂ ਇਲਾਵਾ 7 ਆਜ਼ਾਦ ਉਮੀਦਵਾਰ, 7 ਕਾਂਗਰਸ ਦੇ, 3 ਸ਼੍ਰੋਮਣੀ ਅਕਾਲੀ ਦਲ ਦੇ ਅਤੇ 3 ਭਾਜਪਾ ਦੇ ਕੌਂਸਲਰ ਜੇਤੂ ਰਹੇ ਸਨ।

ਅਕਾਲੀ ਦਲ ਅਤੇ ਕਾਂਗਰਸ ਨੇ ਚੋਣ ਪ੍ਰਕਿਰਿਆ ਦਾ ਕੀਤਾ ਬਾਈਕਾਟ

ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੌਰਾਨ ਵੀ ਸਿਆਸੀ ਹਲਚਲ ਦੇਖਣ ਨੂੰ ਮਿਲੀ। ਸ਼੍ਰੋਮਣੀ ਅਕਾਲੀ ਦਲ ਦੇ ਤਿੰਨੋਂ ਕੌਂਸਲਰਾਂ ਅਤੇ ਕਾਂਗਰਸ ਦੇ ਸੱਤਾਂ ਕੌਂਸਲਰਾਂ ਵੱਲੋਂ ਇਸ ਚੋਣ ਪ੍ਰਕਿਰਿਆ ਦਾ ਬਾਈਕਾਟ ਕੀਤਾ ਗਿਆ। ਇਸ ਕਾਰਨ ਇਹ ਦੋਵੇਂ ਪਾਰਟੀਆਂ ਵੋਟਿੰਗ ਪ੍ਰਕਿਰਿਆ ਤੋਂ ਦੂਰ ਰਹੀਆਂ। ਦੂਜੇ ਪਾਸੇ ਆਮ ਆਦਮੀ ਪਾਰਟੀ, ਆਜ਼ਾਦ ਅਤੇ ਭਾਜਪਾ ਦੇ ਹਾਜ਼ਰ ਕੌਂਸਲਰਾਂ ਦੀ ਮੌਜੂਦਗੀ ਵਿੱਚ ਚੋਣ ਅਮਨ-ਅਮਾਨ ਨਾਲ ਸੰਪੰਨ ਹੋਈ।

ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਮੋਗਾ ਦੀ ਵਿਧਾਇਕ ਰਹੇ ਮੌਜੂਦ

ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦੇਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਨਵੇਂ ਚੁਣੇ ਗਏ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਐਫ਼ ਐਂਡ ਸੀ ਸੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਚੁਣਿਆ ਹੈ ਅਤੇ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਮੋਗਾ ਸ਼ਹਿਰ ਦੇ ਵਿਕਾਸ, ਬਿਹਤਰ ਸਫ਼ਾਈ, ਬੁਨਿਆਦੀ ਸਹੂਲਤਾਂ ਅਤੇ ਨਗਰ ਨਿਗਮ ਦੇ ਪਾਰਦਰਸ਼ੀ ਪ੍ਰਬੰਧਨ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨ।

ਨਗਰ ਨਿਗਮ ਦਫ਼ਤਰ ਵਿੱਚ ਜਸ਼ਨ ਦਾ ਮਾਹੌਲ

ਚੋਣ ਨਤੀਜਿਆਂ ਤੋਂ ਬਾਅਦ ਨਗਰ ਨਿਗਮ ਦਫ਼ਤਰ ਵਿੱਚ ਜਸ਼ਨ ਦਾ ਮਾਹੌਲ ਬਣਿਆ ਰਿਹਾ। ਪਾਰਟੀ ਆਗੂਆਂ, ਕੌਂਸਲਰਾਂ ਅਤੇ ਸਮਰਥਕਾਂ ਵੱਲੋਂ ਨਵੇਂ ਚੁਣੇ ਗਏ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਐਫ਼ ਐਂਡ ਸੀ ਸੀ ਮੈਂਬਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਮਿਠਾਈਆਂ ਵੰਡ ਕੇ ਵਧਾਈ ਦਿੱਤੀ ਗਈ। ਹੁਣ ਮੋਗਾ ਦੇ ਲੋਕਾਂ ਨੂੰ ਉਮੀਦ ਹੈ ਕਿ ਨਗਰ ਨਿਗਮ ਦੀ ਨਵੀਂ ਟੀਮ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।