ETV Bharat / state

Rakhi 2026: ਲਾ ਬੂਬੂ, ਲੁੰਬਾ ਤੇ ਜੜਾਊ ਰੱਖੜੀਆਂ, 'ਚੈੱਕ' ਵਾਲੀ ਬਹੁਤ ਸੋਹਣੀ...ਚੰਡੀਗੜ੍ਹ ਦੇ ਬਾਜ਼ਾਰਾਂ 'ਚ ਇਸ ਵਾਰ ਹੋਰ ਕੀ ਖਾਸ?

ਭਰਾ-ਭਰਜਾਈ, ਬੱਚਿਆਂ ਸਣੇ ਲੱਡੂ ਗੋਪਾਲ ਲਈ ਖੂਬਸੂਰਤ ਰੱਖੜੀਆਂ। 'ਚੈੱਕ' ਵਾਲੀ ਰੱਖੜੀ ਨੇ ਖਿੱਚਿਆ ਧਿਆਨ। ਪੱਤਰਕਾਰ ਕਵਲਜੀਤ ਕੌਰ ਦੀ ਰਿਪੋਰਟ।

Rakhi 2026
Rakhi 2026: ਲਾ ਬੂਬੂ, ਲੁੰਬਾ ਤੇ ਜੜਾਊ ਰੱਖੜੀਆਂ, 'ਚੈੱਕ' ਵਾਲੀ ਬਹੁਤ ਸੋਹਣੀ... (ETV Bharat)
author img

By ETV Bharat Punjabi Team

Published : August 27, 2026 at 1:06 PM IST

3 Min Read
Choose ETV Bharat

ਚੰਡੀਗੜ੍ਹ: ਰੱਖੜੀ ਦੇ ਤਿਉਹਾਰ ਨੂੰ ਲੈ ਕੇ ਚੰਡੀਗੜ੍ਹ ਦੇ ਬਾਜ਼ਾਰਾਂ ਵਿੱਚ ਰੌਣਕ ਵਧਣ ਲੱਗੀ ਹੈ। ਭੈਣ-ਭਰਾ ਦੇ ਪਿਆਰ ਅਤੇ ਸਾਂਝ ਦਾ ਪ੍ਰਤੀਕ ਇਸ ਤਿਉਹਾਰ ਲਈ ਸੈਕਟਰ-23 ਸਮੇਤ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਰੱਖੜੀਆਂ ਦੀਆਂ ਦੁਕਾਨਾਂ ਸਜ ਚੁੱਕੀਆਂ ਹਨ। ਇਸ ਵਾਰ ਬਾਜ਼ਾਰ ਵਿੱਚ ਰਵਾਇਤੀ ਰੱਖੜੀਆਂ ਦੇ ਨਾਲ-ਨਾਲ ਕਈ ਨਵੇਂ ਡਿਜ਼ਾਈਨ ਅਤੇ ਵੱਖਰੀ ਪੈਕਿੰਗ ਵੀ ਗਾਹਕਾਂ ਦਾ ਧਿਆਨ ਖਿੱਚ ਰਹੀ ਹੈ।

ਲਾ ਬੂਬੂ, ਲੁੰਬਾ ਤੇ ਜੜਾਊ ਰੱਖੜੀਆਂ, 'ਚੈੱਕ' ਵਾਲੀ ਬਹੁਤ ਸੋਹਣੀ...ਚੰਡੀਗੜ੍ਹ ਦੇ ਬਾਜ਼ਾਰਾਂ 'ਚ ਇਸ ਵਾਰ ਹੋਰ ਕੀ ਖਾਸ? (ETV Bharat)

ਰੇਜ਼ਿਨ ਤੋਂ ਲੈ ਕੇ ਜੜਾਊ ਰੱਖੜੀਆਂ ਤੱਕ ਨਵੇਂ ਡਿਜ਼ਾਈਨ

ਸੈਕਟਰ-23 ਦੇ ਇੱਕ ਦੁਕਾਨਦਾਰ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਗਾਹਕਾਂ ਲਈ ਰੱਖੜੀਆਂ ਵਿੱਚ ਕਾਫ਼ੀ ਵੈਰਾਇਟੀ ਦੇਖਣ ਨੂੰ ਮਿਲ ਰਹੀ ਹੈ। ਰੇਜ਼ਿਨ ਦੀਆਂ ਰੱਖੜੀਆਂ ਆਪਣੀ ਖੂਬਸੂਰਤ ਅਤੇ ਵੱਖਰੀ ਲੁੱਕ ਕਾਰਨ ਪਸੰਦ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਅਮਰੀਕਨ ਡਾਇਮੰਡ ਅਤੇ ਨਵਰਤਨ ਜੜਾਊ ਰੱਖੜੀਆਂ ਵੀ ਉਪਲਬਧ ਹਨ, ਜੋ ਦੇਖਣ ਵਿੱਚ ਗਹਿਣਿਆਂ ਵਰਗੀ ਲੁੱਕ ਦਿੰਦੀਆਂ ਹਨ।

ਭਾਬੀਆਂ ਲਈ ਲੁੰਬਾ ਵੀ ਬਣਿਆ ਖਾਸ ਆਕਰਸ਼ਣ

ਭਰਾਵਾਂ ਦੇ ਨਾਲ-ਨਾਲ ਭਾਬੀਆਂ ਲਈ ਵੀ ਇਸ ਵਾਰ ਲੁੰਬਾ ਰੱਖੜੀਆਂ ਦੀ ਖਾਸ ਰੇਂਜ ਬਾਜ਼ਾਰ ਵਿੱਚ ਹੈ। ਦੁਕਾਨਦਾਰ ਮੁਤਾਬਕ ‘ਪਾਕਿਸਤਾਨੀ ਲੁੰਬਾ’ ਖਾਸ ਤੌਰ ’ਤੇ ਪਸੰਦ ਕੀਤਾ ਜਾ ਰਿਹਾ ਹੈ। ਇਸ ਦੀ ਬਣਾਵਟ ਕਾਫ਼ੀ ਹੱਦ ਤੱਕ ਜਿਊਲਰੀ ਵਰਗੀ ਹੈ। ਇਸ ਤੋਂ ਇਲਾਵਾ ਬ੍ਰੈਸਲੇਟ ਸਟਾਈਲ ਦੇ ਲੁੰਬੇ ਵੀ ਉਪਲਬਧ ਹਨ, ਜੋ ਗੁੱਟ ’ਤੇ ਪਹਿਨਣ ਤੋਂ ਬਾਅਦ ਕਾਫ਼ੀ ਆਕਰਸ਼ਕ ਲੱਗਦੇ ਹਨ।

Rakhi 2026
ਨਵਜੰਮੇ ਬੱਚਿਆਂ ਲਈ ਖਾਸ ਰੱਖੜੀਆਂ (ETV Bharat)

ਬੱਚਿਆਂ ਲਈ ਲਾ ਬੂਬੂ ਅਤੇ ਮਿਕੀ ਮਾਊਸ ਵਾਲੀਆਂ ਰੱਖੜੀਆਂ

ਬੱਚਿਆਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਜ਼ਾਰ ਵਿੱਚ ਸਾਫਟ ਟੌਇਜ਼ ਵਾਲੀਆਂ ਰੱਖੜੀਆਂ ਤੋਂ ਇਲਾਵਾ ਲਾ ਬੂਬੂ ਅਤੇ ਮਿਕੀ ਮਾਊਸ ਡਿਜ਼ਾਈਨ ਵੀ ਲਿਆਂਦੇ ਗਏ ਹਨ। ਨਵਜੰਮੇ ਬੱਚਿਆਂ ਲਈ ਸੂਤੀ ਧਾਗੇ ਵਾਲੀਆਂ ਰੱਖੜੀਆਂ ਵੀ ਉਪਲਬਧ ਹਨ, ਤਾਂ ਜੋ ਉਨ੍ਹਾਂ ਦੀ ਨਾਜ਼ੁਕ ਚਮੜੀ ਨੂੰ ਧਿਆਨ ਵਿੱਚ ਰੱਖਿਆ ਜਾ ਸਕੇ।ਇਸ ਦੇ ਨਾਲ ਹੀ ਲੱਡੂ ਗੋਪਾਲ ਜੀ ਲਈ ਛੋਟੇ ਆਕਾਰ ਦੀਆਂ ਖਾਸ ਰੱਖੜੀਆਂ ਵੀ ਬਾਜ਼ਾਰ ਵਿੱਚ ਉਪਲਬਧ ਹਨ। ਧਾਰਮਿਕ ਆਸਥਾ ਨਾਲ ਜੁੜੇ ਗਾਹਕ ਇਨ੍ਹਾਂ ਰੱਖੜੀਆਂ ਨੂੰ ਵੀ ਪਸੰਦ ਕਰ ਰਹੇ ਹਨ।

ਰੱਖੜੀ ਦੇ ਨਾਲ ‘ਚੈੱਕ’ ਵਾਲੀ ਪੈਕਿੰਗ ਨੇ ਖਿੱਚਿਆ ਧਿਆਨ

ਇਸ ਵਾਰ ਰੱਖੜੀਆਂ ਦੀ ਪੈਕਿੰਗ ਵੀ ਗਾਹਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਕੁਝ ਰੱਖੜੀਆਂ ਨਾਲ ਖਾਸ ‘ਚੈੱਕ’ ਵਾਲੀ ਪੈਕਿੰਗ ਦਿੱਤੀ ਜਾ ਰਹੀ ਹੈ, ਜਿਸ ’ਤੇ ‘ਮਾਈ ਡੀਅਰ ਬ੍ਰਦਰ, ਲੌਟਸ ਆਫ਼ ਲਵ, ਹੈਪੀਨੈਸ, ਸਕਸੈੱਸ’ ਵਰਗੇ ਸ਼ਬਦ ਲਿਖੇ ਹਨ। ਇਸ ਤਰ੍ਹਾਂ ਰੱਖੜੀ ਦੇ ਨਾਲ ਹੀ ਭਰਾ ਲਈ ਪਿਆਰ ਅਤੇ ਸ਼ੁਭਕਾਮਨਾਵਾਂ ਦਾ ਸੁਨੇਹਾ ਵੀ ਦਿੱਤਾ ਜਾ ਸਕਦਾ ਹੈ।

Rakhi 2026
'ਚੈੱਕ' ਵਾਲੀ ਰੱਖੜੀ (ETV Bharat)

ਬਾਜ਼ਾਰ ਵਿੱਚ ਤਿਆਰ-ਬਰ-ਤਿਆਰ ਰੱਖੜੀ ਦੀਆਂ ਥਾਲੀਆਂ

ਜਿਨ੍ਹਾਂ ਭੈਣਾਂ ਕੋਲ ਘਰ ਵਿੱਚ ਰੱਖੜੀ ਦੀ ਥਾਲੀ ਤਿਆਰ ਕਰਨ ਦਾ ਸਮਾਂ ਨਹੀਂ ਹੈ, ਉਨ੍ਹਾਂ ਲਈ ਬਾਜ਼ਾਰ ਵਿੱਚ ਤਿਆਰ-ਬਰ-ਤਿਆਰ ਸਜਾਵਟੀ ਥਾਲੀਆਂ ਵੀ ਉਪਲਬਧ ਹਨ। ਇਨ੍ਹਾਂ ਥਾਲੀਆਂ ਵਿੱਚ ਚਾਵਲ, ਕੇਸਰ, ਮਿਸ਼ਰੀ, ਨਾਰੀਅਲ, ਮੋਰ ਪੰਖ ਅਤੇ ਗਣੇਸ਼ ਜੀ ਦੀ ਮੂਰਤੀ ਸਣੇ ਹੋਰ ਸਮੱਗਰੀ ਨੂੰ ਸਜਾ ਕੇ ਤਿਆਰ ਕੀਤਾ ਗਿਆ ਹੈ। ਇਸ ਨਾਲ ਗਾਹਕਾਂ ਨੂੰ ਇੱਕੋ ਥਾਂ ’ਤੇ ਰੱਖੜੀ ਨਾਲ ਸਬੰਧਤ ਲੋੜੀਂਦੀ ਸਮੱਗਰੀ ਮਿਲ ਰਹੀ ਹੈ।

Rakhi 2026
ਤਿਆਰ-ਬਰ-ਤਿਆਰ ਰੱਖੜੀ ਦੀਆਂ ਥਾਲੀਆਂ (ETV Bharat)

10 ਰੁਪਏ ਤੋਂ ਸ਼ੁਰੂ ਕੀਮਤ, ਪ੍ਰੀਮੀਅਮ ਰੱਖੜੀਆਂ 350 ਰੁਪਏ ਤੱਕ

ਦੁਕਾਨਦਾਰ ਦਮਨਪ੍ਰੀਤ ਸਿੰਘ ਮੁਤਾਬਕ, "ਸਧਾਰਨ ਰੱਖੜੀਆਂ ਦੀ ਕੀਮਤ ਲਗਭਗ 10 ਰੁਪਏ ਤੋਂ ਸ਼ੁਰੂ ਹੋ ਰਹੀ ਹੈ, ਜਦਕਿ ਅਮਰੀਕਨ ਡਾਇਮੰਡ ਵਰਗੀਆਂ ਪ੍ਰੀਮੀਅਮ ਰੱਖੜੀਆਂ 200 ਤੋਂ 350 ਰੁਪਏ ਤੱਕ ਮਿਲ ਰਹੀਆਂ ਹਨ। ਇਸ ਤਰ੍ਹਾਂ ਬਾਜ਼ਾਰ ਵਿੱਚ ਘੱਟ ਬਜਟ ਤੋਂ ਲੈ ਕੇ ਪ੍ਰੀਮੀਅਮ ਰੇਂਜ ਤੱਕ ਹਰ ਤਰ੍ਹਾਂ ਦੀਆਂ ਰੱਖੜੀਆਂ ਮੌਜੂਦ ਹਨ।"

Rakhi 2026
ਭਰਾ-ਭਰਜਾਈ, ਬੱਚਿਆਂ ਸਣੇ ਲੱਡੂ ਗੋਪਾਲ ਲਈ ਖੂਬਸੂਰਤ ਰੱਖੜੀਆਂ (ETV Bharat)

ਆਨਲਾਈਨ ਖਰੀਦਦਾਰੀ ਦੇ ਬਾਵਜੂਦ ਬਾਜ਼ਾਰਾਂ ਵਿੱਚ ਰੌਣਕ

ਦੁਕਾਨਦਾਰ ਨੇ ਦੱਸਿਆ ਕਿ, ਆਨਲਾਈਨ ਸ਼ਾਪਿੰਗ ਦਾ ਰੁਝਾਨ ਜ਼ਰੂਰ ਵਧਿਆ ਹੈ, ਪਰ ਤਿਉਹਾਰਾਂ ਦੇ ਮੌਕੇ ’ਤੇ ਲੋਕ ਬਾਜ਼ਾਰ ਆ ਕੇ ਰੱਖੜੀਆਂ ਨੂੰ ਸਾਹਮਣੇ ਤੋਂ ਦੇਖਣ ਅਤੇ ਆਪਣੀ ਪਸੰਦ ਮੁਤਾਬਕ ਖਰੀਦਣ ਨੂੰ ਤਰਜੀਹ ਦੇ ਰਹੇ ਹਨ। ਇਸ ਕਾਰਨ ਰੱਖੜੀ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਗਾਹਕਾਂ ਦੀ ਆਮਦ ਵਧ ਰਹੀ ਹੈ।ਇਸਦੇ ਨਾਲ ਸੈਕਟਰ 15 'ਚ ਰੱਖੜੀ ਵੇਚਣ ਵਾਲੀ ਦੁਕਾਨਦਾਰ ਬੇਬੀ ਦਾ ਕਹਿਣਾ ਹੈ ਕਿ, ਆਨਲਾਈਨ ਸ਼ਾਪਿੰਗ ਅਤੇ ਮਹਿੰਗਾ੮ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਉਹਨਾਂ ਦਾ ਕਾਰੋਬਾਰ ਪ੍ਰਭਾਵਿਤ ਕੀਤਾ ਹੈ।