ਕੀ ਰਾਹੁਲ ਗਾਂਧੀ ਦੀ ਕਾਂਗਰਸ ਨੂੰ ਚਿਤਾਵਨੀ ਦਾ 2027 ਦੀਆਂ ਚੋਣਾਂ 'ਚ ਹੋਵੇਗਾ ਅਸਰ! ਜਾਣੋ ਕੀ ਕਹਿੰਦੇ ਹਨ ਮਾਹਿਰ
ਬਰਨਾਲਾ ਰੈਲੀ 'ਚ ਰਾਹੁਲ ਗਾਂਧੀ ਦੇ ਸਖ਼ਤ ਲਹਿਜੇ ਦੇ 2027 'ਚ ਕੀ ਮਾਈਨੇ, ਆਖਿਰ ਇਸ ਬਿਆਨ ਤੋਂ ਬਾਅਦ ਕੀ ਇਕੱਠੇ ਹੋ ਜਾਣਗੇ।


Published : March 1, 2026 at 10:49 AM IST
ਲੁਧਿਆਣਾ: ਬੀਤੇ ਦਿਨੀਂ ਬਰਨਾਲਾ 'ਚ ਕਾਂਗਰਸ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ, ਜਿਸ ਵਿੱਚ ਰਾਹੁਲ ਗਾਂਧੀ ਨੇ ਮੰਚ 'ਤੇ ਸੰਬੋਧਿਤ ਕਰਦੇ ਹੋਏ ਦੋ ਟੁੱਕ ਕਹਿ ਦਿੱਤਾ ਕਿ ' ਮੰਚ 'ਤੇ ਸਾਡੀ ਟੀਮ ਬੈਠੀ ਹੈ, ਮੈਂ ਇਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਰੇ ਟੀਮ ਦੇ ਵਿੱਚ ਕੰਮ ਕਰਨ, ਜੇਕਰ ਟੀਮ ਦੇ ਵਿੱਚ ਕੰਮ ਨਹੀਂ ਕਰਨਾ ਤਾਂ ਉਨ੍ਹਾਂ ਨੂੰ ਰਿਜ਼ਰਵ 'ਚ ਬਿਠਾ ਦਿੱਤਾ ਜਾਵੇਗਾ, ਭਾਵੇਂ ਉਹ ਕਿੰਨਾ ਹੀ ਸੀਨੀਅਰ ਲੀਡਰ ਕਿਉਂ ਨਾ ਹੋਵੇ ਫਿਰ ਉਨ੍ਹਾਂ ਨੂੰ ਮੈਂ ਅਤੇ ਖੜਗੇ ਜੀ ਹੀ ਵੇਖਾਂਗੇ'।
ਬਰਨਾਲਾ ਮੰਚ ਤੋਂ ਦਿੱਤੇ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਭੁਚਾਲ ਆ ਚੁੱਕਿਆ ਹੈ। ਜਿੱਥੇ ਸੱਤਾ ਧਿਰ ਦੇ ਨਾਲ ਭਾਜਪਾ-ਸ਼੍ਰੋਮਣੀ ਅਕਾਲੀ ਦਲ ਇਸ 'ਤੇ ਕਾਂਗਰਸ ਨੂੰ ਘੇਰ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਵੱਲੋਂ ਦਿੱਤੀ ਗਈ ਇਹ ਚਿਤਾਵਨੀ ਪੰਜਾਬ ਕਾਂਗਰਸ ਦੇ ਲਈ ਆਉਂਦੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਤ ਹੋ ਸਕਦੀ ਹੈ।
ਰਾਹੁਲ ਗਾਂਧੀ ਦੇ ਬਿਆਨ 'ਤੇ ਮਾਹਿਰਾਂ ਦੀ ਰਾਏ
ਆਲ ਇੰਡੀਆ ਰੇਡੀਓ ਦੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਲੁਧਿਆਣਵੀ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 'ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਵੀ ਚੋਣ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਆਪਸੀ ਕਾਟੋ-ਕਲੇਸ਼ ਚੱਲ ਰਿਹਾ ਹੋਵੇ। ਕਾਂਗਰਸ ਦੇ ਆਗੂਆਂ ਵਿਚਕਾਰ ਅਕਸਰ ਹੀ ਚੋਣਾਂ ਤੋਂ ਪਹਿਲਾਂ ਧੜੇਬਾਜ਼ੀ ਵੇਖਣ ਨੂੰ ਮਿਲਦੀ ਹੈ। ਇਸ ਦਾ ਵੱਡਾ ਕਾਰਨ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਾ ਕਰਨਾ ਹੈ। ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਵੀ ਇਹੀ ਮਾਇਨੇ ਲੱਗਦੇ ਹਨ ਕਿ ਕਾਂਗਰਸ ਉਦੋਂ ਤੱਕ ਮੁੱਖ ਮੰਤਰੀ ਦਾ ਚਿਹਰਾ ਐਲਾਨ ਨਹੀਂ ਕਰੇਗੀ ਜਦੋਂ ਤੱਕ ਨਤੀਜੇ ਨਹੀਂ ਆ ਜਾਂਦੇ।' ਹਰ ਵੱਡੇ ਲੀਡਰ ਨੂੰ ਟੀਚਾ ਦਿੱਤਾ ਜਾਵੇਗਾ ਜੋ ਆਪਣੇ ਆਪਣੇ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਪਾਵੇਗਾ ਉਸ ਨੂੰ ਹੀ ਕਾਂਗਰਸ ਦੀ ਕਮਾਨ ਮਿਲੇਗੀ।

ਭਾਵੇਂ ਭਾਜਪਾ ਜ਼ਰੂਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਪਰ ਇਹ ਗੱਲ ਸਾਫ ਹੈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਹੀ ਹੋਵੇਗਾ। ਇਹੀ ਕਾਰਨ ਹੈ ਕਿ ਹਾਈ ਕਮਾਨ ਇਨ੍ਹਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, 'ਚੋਣਾਂ ਨੇੜੇ ਆਉਂਦਿਆਂ ਹੀ ਇਹਨਾਂ ਸਾਰਿਆਂ ਨੂੰ ਇੱਕ ਧਾਗੇ ਦੇ ਵਿੱਚ ਪਰੋ ਦਿੱਤਾ ਜਾਵੇਗਾ।-ਸਰਬਜੀਤ ਸਿੰਘ ਲੁਧਿਆਣਵੀ, ਸੀਨੀਅਰ ਪੱਤਰਕਾਰ
'ਮੁੱਦਾਹੀਣ ਹੋ ਚੁੱਕੀਆਂ ਹਨ ਸਿਆਸੀ ਪਾਰਟੀਆਂ'
ਇਸ ਸੰਬੰਧੀ ਖੱਬੇ ਪੱਖੀ ਪਾਰਟੀ ਸੀ.ਪੀ.ਆਈ. ਦੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨਾਲ ਵੀ ਅਸੀਂ ਗੱਲਬਾਤ ਕੀਤੀ। ਜਿਨਾਂ ਸਾਫ ਤੌਰ 'ਤੇ ਕਿਹਾ ਕਿ 'ਪੰਜਾਬ ਦੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਮੁੱਦਾਹੀਣ ਹੋ ਚੁੱਕੀਆਂ ਹਨ, ਇਹਨਾਂ ਦੇ ਕੋਲ ਕੋਈ ਵੀ ਮੁੱਦਾ ਨਹੀਂ ਹੈ। ਭਾਵੇਂ ਇਹ ਲੋਕ ਜਿੰਨੀ ਮਰਜ਼ੀ ਗੱਲਾਂ ਮੰਚ ਤੋਂ ਕਰ ਲੈਣ ਪਰ ਲੋਕ ਹੁਣ ਇੱਕ ਚੰਗੀ ਧਿਰ ਵੱਲ ਵੇਖ ਰਹੇ ਹਨ ਜੋ ਕਿ ਫਿਲਹਾਲ ਪੰਜਾਬ ਦੇ ਵਿੱਚ ਬਣਦੀ ਨਹੀਂ ਵਿਖਾਈ ਦੇ ਰਹੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਿਰ ਬਣ ਸਕਦੀ ਹੈ। ਕਾਂਗਰਸ ਦੇ ਮੁਖੀ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਸਾਫ ਹੋ ਚੁੱਕਾ ਹੈ ਕਿ ਪੰਜਾਬ ਕਾਂਗਰਸ ਦੇ ਵਿਚਕਾਰ ਜੋ ਅੱਜ ਧੜੇਬਾਜ਼ੀ ਵੱਡੇ ਪੱਧਰ 'ਤੇ ਚੱਲ ਰਹੀ ਹੈ ਉਸ ਦਾ ਸੇਕ ਹਾਈ ਕਮਾਨ ਨੂੰ ਵੀ ਲੱਗ ਰਿਹਾ ਹੈ।'

ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ 'ਭਾਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਅਲੱਗ-ਅਲੱਗ ਹੋਣ ਦੇ ਦਾਅਵੇ ਤਾਂ ਕਰ ਰਹੀਆਂ ਨੇ ਪਰ ਕੇਂਦਰ ਦੇ ਵਿੱਚ ਇਕੱਠੇ ਚੋਣਾਂ ਲੜ ਰਹੇ ਹਨ। ਕਈ ਹੋਰ ਸੂਬਿਆਂ ਦੇ ਵਿੱਚ ਵੀ ਇਨ੍ਹਾਂ ਦਾ ਗਠਜੋੜ ਹੋਇਆ ਹੈ। 'ਪੰਜਾਬ ਦੇ ਵਿੱਚ 2027 ਦਾ ਅਖਾੜਾ ਭਖਿਆ ਹੋਇਆ ਹੈ ਪਰ ਕੋਈ ਵੀ ਪਾਰਟੀ ਮੁੱਦੇ ਦੀ ਗੱਲ ਕਰਨ ਦੀ ਥਾਂ ਅਤੇ ਗਰੀਬ ਮਜ਼ਦੂਰਾਂ ਦੀ ਗੱਲ ਕਰਨ ਦੀ ਥਾਂ ਅਤੇ ਨੌਕਰੀਆਂ ਦੀ ਗੱਲ ਕਰਨ ਦੀ ਥਾਂ ਅਤੇ ਵਿਕਾਸ ਦੀ ਗੱਲ ਕਰਨ ਦੀ ਥਾਂ ਇੱਕ ਦੂਜੇ ਉੱਤੇ ਸਵਾਲ ਖੜੇ ਕਰ ਰਹੀਆਂ ਨੇ।'
ਪ੍ਰੋਫੈਸਰ ਅਮਨਪ੍ਰੀਤ ਸਿੰਘ ਬਰਾੜ ਕਹਿੰਦੇ ਨੇ ਕਿ 'ਅੱਜ ਜੋ ਰਾਹੁਲ ਗਾਂਧੀ ਨੇ ਕੀਤਾ ਹੈ ਉਹ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ, ਉਨ੍ਹਾਂ ਨੇ ਇਹ ਬੋਲਣ ਦੇ ਵਿੱਚ ਕਾਫੀ ਦੇਰੀ ਲਗਾ ਦਿੱਤੀ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਕਾਂਗਰਸ ਦੇ ਵੱਡੇ ਲੀਡਰ ਹਨ ਉਨ੍ਹਾਂ ਨੂੰ ਇਹ ਲੱਗ ਰਿਹਾ ਹੈ ਕਿ ਉਹ ਹੀ ਪਾਰਟੀ ਨੂੰ ਚਲਾ ਰਹੇ ਨੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ ਹੀ ਮੁੱਖ ਮੰਤਰੀ ਹੋਣਗੇ। ਹਰ ਕੋਈ ਕਾਂਗਰਸੀ ਲੀਡਰ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਵੇਖ ਰਿਹਾ ਹੈ, ਜਦੋਂ ਕਿ ਟੀਮ ਦੇ ਵਿੱਚ ਕੰਮ ਨਹੀਂ ਕਰਦਿਆਂ ਇਹ ਗੱਲਾਂ ਬਹੁਤ ਪਹਿਲਾਂ ਹੀ ਹੋ ਜਾਣੀਆਂ ਚਾਹੀਦੀਆਂ ਸਨ, ਪਰ ਹਾਲੇ ਹੋਰ ਇਨ੍ਹਾਂ ਨੂੰ ਤਾੜਨਾ ਦੀ ਲੋੜ ਹੈ।
ਮੁੱਦਿਆਂ ਦੀ ਰਾਜਨੀਤੀ ਛੱਡ ਕੇ ਕਾਂਗਰਸੀ ਆਗੂ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਨੇ। ਸੱਤਾ ਧਿਰ ਦੇ ਕੰਮਾਂ ਨੂੰ ਛੱਡ ਕੇ ਇੱਕ ਦੂਜੇ ਦੇ ਖਿਲਾਫ ਚੱਲ ਰਹੀ ਅੰਦਰੂਨੀ ਜੰਗ ਇੱਕ ਬਹੁਤ ਵੱਡਾ ਮੁੱਦਾ ਕਾਂਗਰਸ ਲਈ ਸਿਰਦਰਦੀ ਵਾਲਾ ਬਣਿਆ ਹੋਇਆ ਹੈ। -ਪ੍ਰੋਫੈਸਰ ਅਮਨਪ੍ਰੀਤ ਸਿੰਘ ਬਰਾੜ, ਮਾਹਿਰ

ਅਕਾਲੀਆਂ ਨੇ ਘੇਰੀ ਕਾਂਗਰਸ
ਰਾਹੁਲ ਗਾਂਧੀ ਦੀ ਚਿਤਾਵਨੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 'ਰਾਹੁਲ ਗਾਂਧੀ ਦੀ ਜੋ ਪੰਜਾਬ ਫੇਰੀ ਸੀ ਉਹ ਆਪਣੇ ਕਾਂਗਰਸ ਦੇ ਆਗੂਆਂ ਦੇ ਵਿਚਕਾਰ ਚੱਲ ਰਹੇ ਕਲੇਸ਼ ਨੂੰ ਖ਼ਤਮ ਕਰਨ ਦੀ ਸੀ, ਕਿਉਂਕਿ ਜੇਕਰ ਕਲੇਸ਼ ਖ਼ਤਮ ਨਾ ਹੋਇਆ ਤਾਂ ਕਾਂਗਰਸ ਦਾ ਆਪਸੀ ਕਲੇਸ਼ ਕਾਂਗਰਸ ਨੂੰ ਪੰਜਾਬ 'ਚ ਖ਼ਤਮ ਕਰ ਦੇਵੇਗਾ'।
ਭਾਜਪਾ ਦਾ ਨਿਸ਼ਾਨਾ
ਪਹਿਲਾਂ ਕਾਂਗਰਸ ਦੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਆਗੂ ਅਤੇ ਭਾਜਪਾ ਦੇ ਮੌਜੂਦਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ 'ਰਾਹੁਲ ਗਾਂਧੀ ਨੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਕਾਂਗਰਸ ਦੇ ਆਗੂਆਂ ਦੀ ਮੰਚ ਦੇ ਉੱਤੋਂ ਹੀ ਬੇਇੱਜ਼ਤੀ ਕੀਤੀ ਹੈ, ਇਹ ਤਾਂ ਉਹ ਕਾਂਗਰਸ ਦਫ਼ਤਰ ਬੁਲਾ ਕੇ ਵੀ ਕਰ ਸਕਦੇ ਸਨ। ਸਾਰੇ ਹੀ ਸੀਨੀਅਰ ਕਾਂਗਰਸ ਦੇ ਲੀਡਰਾਂ ਦੀ ਰਾਹੁਲ ਗਾਂਧੀ ਨੇ ਇਹ ਗੱਲ ਕਹਿ ਕੇ ਸਾਫ਼ ਝਾੜ ਪਾ ਦਿੱਤੀ ਕਿ ਉਹ ਖਿਡਾਰੀਆਂ ਦੇ ਵਿੱਚ ਸ਼ਾਮਿਲ ਨਹੀਂ ਹਨ। ਇਹ ਗੱਲ ਸਾਰਿਆਂ ਨੂੰ ਹੀ ਪਤਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਕਿਵੇਂ ਧੜਿਆਂ ਦੇ ਵਿੱਚ ਵੰਡੀ ਹੋਈ ਹੈ ਅਤੇ ਇਹ ਹੀ ਕਾਰਨ ਹੈ ਕਿ ਮੰਚ ਤੋਂ ਇਹ ਗੱਲਾਂ ਰਾਹੁਲ ਗਾਂਧੀ ਨੂੰ ਕਰਨੀਆਂ ਪੈ ਗਈਆਂ।'

