ਪੰਜਾਬੀ ਭਾਸ਼ਾ ਦਾ ਰੇੜਕਾ, ਵਾਇਰਲ ਵੀਡੀਓ 'ਤੇ ਮੁਲਾਜ਼ਮਾਂ ਵੱਲੋਂ ਕਾਰਵਾਈ ਦੀ ਮੰਗ
ਅੰਮ੍ਰਿਤਸਰ ਦੇ ਰਿਆਲਟੋ ਚੌਂਕ ਡਾਕਖਾਨੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਮੁਲਾਜ਼ਮਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ।


Published : January 2, 2026 at 2:56 PM IST
ਅੰਮ੍ਰਿਤਸਰ: ਪੰਜਾਬੀ ਭਾਸ਼ਾ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਉਥੇ ਹੀ ਅੰਮ੍ਰਿਤਸਰ ਦੇ ਰਿਆਲਟੋ ਚੌਂਕ ਡਾਕਖਾਨੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਅਧਿਕਾਰੀ ਨੂੰ ਪੰਜਾਬੀ ਲਿਖਣੀ ਅਤੇ ਬੋਲਣੀ ਨਹੀਂ ਆ ਰਹੀ। ਵੀਡੀਓ 'ਚ ਕੋਈ ਵਿਅਕਤੀ ਪੰਜਾਬੀ 'ਚ ਲਿਖੀ ਹੋਈ ਆਪਣੀ ਡਾਕ ਲੈਕੇ ਪਹੁੰਚਦਾ ਹੈ ਤੇ ਇਸ ਦੌਰਾਨ ਡਾਕਖਾਨੇ ਦੇ ਮੁਲਾਜ਼ਮ ਨੂੰ ਪੰਜਾਬੀ ਪੜ੍ਹਨ 'ਚ ਮੁਸ਼ਕਿਲ ਆਉਂਦੀ ਹੈ ਤਾਂ ਉਕਤ ਵਿਅਕਤੀ ਡਾਕਖਾਨੇ 'ਚ ਪੰਜਾਬੀ ਨਾ ਹੋਣ ਦਾ ਮੁੱਦਾ ਚੁੱਕਦਾ ਹੈ।
ਡਾਕਖਾਨੇ ਦੀ ਵੀਡੀਓ ਵਾਇਰਲ
ਉਥੇ ਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਡਾਕਖਾਨੇ ਦੇ ਅਧਿਕਾਰੀਆਂ ਨੇ ਵੀਡੀਓ ਬਣਾਉਣ ਵਾਲੇ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਕਿ ਉਕਤ ਵਿਅਕਤੀ ਵੱਲੋਂ ਡਾਕਖਾਨੇ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਵੀਡੀਓ ਬਣਾਈ ਗਈ ਹੈ, ਜਦਕਿ ਉਕਤ ਵਿਅਕਤੀ ਨੂੰ ਡਾਕ ਪੋਸਟ ਕਰਨ ਲਈ ਮੁਲਾਜ਼ਮ ਵੱਲੋਂ ਦੂਜਾ ਵਿਕਲਪ ਦਿੱਤਾ ਗਿਆ ਸੀ। ਵਾਇਰਲ ਵੀਡੀਓ 'ਚ ਦਿਖਾਈ ਦੇ ਰਹੇ ਮੁਲਾਜ਼ਮ ਵਿਸ਼ਾਲ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਤੋਂ ਹਨ ਅਤੇ ਪਿਛਲੇ ਚਾਰ ਸਾਲ ਤੋਂ ਅੰਮ੍ਰਿਤਸਰ ਦੇ ਪੋਸਟ ਆਫ਼ਿਸ ਵਿੱਚ ਪੋਸਟਲ ਅਸਿਸਟੈਂਟ ਵਜੋਂ ਕੰਮ ਕਰ ਰਹੇ ਹਨ।
ਪੰਜਾਬੀ ਭਾਸ਼ਾ ਨੂੰ ਲੈਕੇ ਚੁੱਕਿਆ ਮੁੱਦਾ
ਵਿਸ਼ਾਲ ਸਿੰਘ ਨੇ ਦੱਸਿਆ ਕਿ "ਮੈਨੂੰ ਹਿੰਦੁਸਤਾਨ ਦੀ ਰਾਸ਼ਟਰੀ ਭਾਸ਼ਾ ਹਿੰਦੀ ਅਤੇ ਇੰਗਲਿਸ਼ ਆਉਂਦੀ ਹੈ, ਪਰ ਮੈਨੂੰ ਇੱਥੇ ਆਏ ਇੱਕ ਵਿਅਕਤੀ ਵੱਲੋਂ ਪੰਜਾਬੀ ਬੋਲਣ ਅਤੇ ਪੜ੍ਹਨ 'ਤੇ ਜ਼ੋਰ ਦਿੱਤਾ ਗਿਆ। ਮੈਨੂੰ ਪੰਜਾਬੀ ਨਹੀਂ ਆਉਂਦੀ, ਕਿਉਂਕਿ ਸਾਡੇ ਡਾਕਖਾਨੇ 'ਚ ਕੰਮ ਕਰਨ ਲਈ ਸਿਰਫ਼ ਹਿੰਦੀ ਅਤੇ ਇੰਗਲਿਸ਼ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਹ ਮਹਿਕਮਾ ਕੇਂਦਰ ਸਰਕਾਰ ਅਧੀਨ ਆਉਂਦਾ ਹੈ ਅਤੇ ਸਾਡੀਆਂ ਪੋਸਟਾਂ ਪੂਰੇ ਦੇਸ਼ ਵਿੱਚ ਹੁੰਦੀਆਂ ਰਹਿੰਦੀਆਂ ਹਨ।"
ਹਿੰਦੀ ਤੇ ਅੰਗਰੇਜ਼ੀ 'ਚ ਹੁੰਦਾ ਕੰਮ
ਉਹਨਾਂ ਕਿਹਾ ਕਿ "ਅਸੀਂ ਵੱਖ-ਵੱਖ ਭਾਸ਼ਾਵਾਂ ਕਿਵੇਂ ਸਿੱਖ ਸਕਦੇ ਹਾਂ, ਜੇਕਰ ਕੱਲ੍ਹ ਨੂੰ ਮੇਰੀ ਬੰਗਾਲ ਜਾਂ ਤਮਿਲਨਾਡੂ 'ਚ ਡਿਊਟੀ ਲੱਗਦੀ ਹੈ, ਤਾਂ ਕੀ ਮੇਰੇ ਲਈ ਬੰਗਾਲੀ ਜਾਂ ਤਾਮਿਲ ਭਾਸ਼ਾ ਸਿੱਖਣੀ ਜ਼ਰੂਰੀ ਹੋਵੇਗੀ। ਸਾਨੂੰ ਸਿਰਫ ਹਿੰਦੀ ਅਤੇ ਅੰਗਰੇਜ਼ੀ ਬੋਲਣ ਲਈ ਹੀ ਕਿਹਾ ਗਿਆ ਹੈ, ਕਿਉਂਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ। ਉਸ ਵਿਅਕਤੀ ਵੱਲੋਂ ਜ਼ਬਰੀ ਮੇਰੀ ਵੀਡੀਓ ਬਣਾਈ ਗਈ ਅਤੇ ਮੈਨੂੰ ਗਲਤ ਸ਼ਬਦ ਬੋਲੇ ਗਏ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਸ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਸਾਡੀ ਇੱਥੇ ਡਾਕਘਰ 'ਚ ਨਿਯਤਾਂ ਹੈ। ਲੋਕਾਂ ਦਾ ਸਮਾਨ ਡਾਕ ਘਰ 'ਚ ਆਉਂਦਾ ਹੈ। ਇਸ ਦੇ ਨਾਲ ਹੀ ਕਈ ਲੋਕਾਂ ਦੀਆਂ ਐਫਡੀ ਦੇ ਪੈਸੇ ਵੀ ਇੱਥੇ ਪਏ ਹੁੰਦੇ ਹਨ।"
ਵਿਅਕਤੀ 'ਤੇ ਕਾਰਵਾਈ ਦੀ ਮੰਗ
ਇਸ ਮੌਕੇ ਡਾਕ ਘਰ ਦੇ ਸੁਪਰਵਾਈਜ਼ਰ ਗੁਰਸ਼ਰਨਜੀਤ ਸਿੰਘ ਨੇ ਦੱਸਿਆ ਕਿ "ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਉਸ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਸ ਵਿਅਕਤੀ ਨੇ ਵੀਡੀਓ ਬਣਾ ਕੇ ਸਾਡੀ ਨਿਯਤਾ ਨੂੰ ਭੰਗ ਕੀਤਾ ਹੈ। ਮੇਰੇ ਮੁਲਾਜ਼ਮ ਨੂੰ ਪੰਜਾਬੀ ਬੋਲਣ 'ਤੇ ਜ਼ੋਰ ਦਿੱਤਾ ਗਿਆ, ਜਦਕਿ ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਹੈ ਅਤੇ ਉਸ ਦਾ ਵਿਕਲਪ ਅੰਗਰੇਜ਼ੀ ਹੈ। ਜੇਕਰ ਕਿਸੇ ਨੂੰ ਹਿੰਦੀ ਨਹੀਂ ਸਮਝ ਆਉਂਦੀ ਤਾਂ ਅਸੀਂ ਅੰਗਰੇਜ਼ੀ ਵਿੱਚ ਗੱਲ ਕਰਦੇ ਹਾਂ। ਮੇਰੇ ਮੁਲਾਜ਼ਮ ਨੂੰ ਡਰਾਇਆ ਧਮਕਾਇਆ ਗਿਆ। ਉਸ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ਨੇ ਇਹ ਵੀਡੀਓ ਬਣਾ ਕੇ ਸਾਡੇ ਮਹਿਕਮੇ ਅਤੇ ਸਾਡੇ ਪੋਸਟ ਆਫਿਸ ਨੂੰ ਜਲੀਲ ਕਰਨ ਦੀ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।"

