ETV Bharat / state

"ਕਿਸੇ ਦੇ ਪਿੱਛੇ ਲੱਗ ਕੇ ਓਮਾਨ ਨਾ ਜਾਇਓ ਜ਼ਿੰਦਗੀ ਨਰਕ ਬਣ ਜਾਵੇਗੀ", ਲੜਕੀ ਦੀ ਦਰਦਨਾਕ ਕਹਾਣੀ

ਕਈ ਮਹੀਨਿਆਂ ਬਾਅਦ ਓਮਾਨ ਤੋਂ ਵਾਪਿਸ ਪਰਤੀ ਲੜਕੀ ਨੇ ਸੁਣਾਈ ਹੱਡਬੀਤੀ, ਸੁਣੋ ਕੀ ਕਿਹਾ...

THE GIRL RETURNED FROM OMAN
ਉਮਾਨ ਵਿੱਚ ਫਸੀ ਮਹਿਲਾ ਦੀ ਵਤਨ ਵਾਪਸੀ (Etv Bharat)
author img

By ETV Bharat Punjabi Team

Published : January 5, 2026 at 3:39 PM IST

3 Min Read
Choose ETV Bharat

ਕਪੂਰਥਲਾ: ਓਮਾਨ ਵਿੱਚ ਕਈ ਮਹੀਨਿਆਂ ਤੋਂ ਫਸੀ ਇੱਕ ਭਾਰਤੀ ਮਹਿਲਾ ਆਖਿਰਕਾਰ ਸੁਰੱਖਿਅਤ ਵਤਨ ਵਾਪਸ ਪਹੁੰਚ ਗਈ ਹੈ। ਇਹ ਵਾਪਸੀ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਲਗਾਤਾਰ ਯਤਨਾਂ ਅਤੇ ਭਾਰਤ ਸਰਕਾਰ ਦੀ ਦਖਲਅੰਦਾਜ਼ੀ ਨਾਲ ਸੰਭਵ ਹੋ ਸਕੀ। ਘਰ ਪਹੁੰਚਣ ਉਪਰੰਤ ਮਹਿਲਾ ਨੇ ਮੀਡੀਆ ਸਾਹਮਣੇ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਰੂਹ ਕੰਬਾਊ ਖੁਲਾਸੇ ਕੀਤੇ।

ਓਮਾਨ ਵਿੱਚ ਫਸੀ ਮਹਿਲਾ ਦੀ ਵਤਨ ਵਾਪਸੀ (Etv Bharat)

'ਕੁੜੀਆਂ ਨੂੰ ਆਪਣੇ ਨਾਲ ਵਿਆਹ ਕਰਵਾਉਣ ਲਈ ਮਜ਼ਬੂਰ ਕਰਦੇ ਵਿਆਹੇ ਬੰਦੇ'

ਪੀੜਤ ਮਹਿਲਾ ਨੇ ਦੱਸਿਆ ਕਿ "ਉਹ ਲੱਗਭਗ ਚਾਰ ਮਹੀਨੇ ਓਮਾਨ ਵਿੱਚ ਫਸੀ ਰਹੀ, ਜਿੱਥੇ ਉਸ ਨੂੰ ਘਰੇਲੂ ਕੰਮ ਕਰਨ ਦੇ ਨਾਲ-ਨਾਲ ਸਰੀਰਕ ਸ਼ੋਸ਼ਣ ਲਈ ਵੀ ਮਜ਼ਬੂਰ ਕੀਤਾ ਗਿਆ। ਇਸ ਤੋਂ ਅੱਗੇ ਉਸ ਨੇ ਕਿਹਾ ਕਿ ਉਸ ਸਮੇਂ ਉਸ ਦੀ ਘਰ ਸੁਰੱਖਿਅਤ ਵਾਪਸੀ ਦੀ ਆਸ ਲੱਗਭਗ ਟੁੱਟ ਚੁੱਕੀ ਸੀ, ਪਰ ਹੁਣ ਦੇਸ਼ ਵਾਪਸ ਆ ਕੇ ਉਸ ਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ।" ਉਸ ਨੇ ਕਿਹਾ ਕਿ ਕਦੇ ਵੀ ਕਿਸੇ ਕੁੜੀ ਨੂੰ ਕਿਸੇ ਦੇ ਪਿੱਛੇ ਲੱਗ ਕੇ ਉੱਥੇ ਨਹੀਂ ਜਾਣਾ ਚਾਹੀਦੀ ਸਗੋਂ ਆਪਣੇ ਸਕੇ ਭੈਣ ਭਰਾਵਾਂ ਦੇ ਕਹਿਣ ਉੱਤੇ ਵੀ ਉਥੇ ਜਾਣ ਦਾ ਰਿਸਕ ਨਹੀਂ ਲੈਣਾ ਚਾਹੀਦਾ। ਉਸ ਨੇ ਦੱਸਿਆ ਕਿ ਉੱਥੇ ਲੈ ਜਾ ਕੇ ਕੁੜੀਆਂ ਨੂੰ ਵੇਚਿਆਂ ਨੂੰ ਜਾਂਦਾ ਹੈ ਅਤੇ ਗਲਤ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ। ਉਥੇ ਵਿਆਹੇ ਹੋਏ ਬੰਦੇ ਆਪਣੀਆਂ ਘਰ ਵਾਲੀਆਂ ਹੋਣ ਦੇ ਬਾਵਜੂਦ ਵੀ ਹੋਰ ਵਿਆਹ ਕਰਵਾਉਣ ਲਈ ਦਬਾਅ ਬਣਾਉਂਦੇ ਹਨ ਅਤੇ ਕੁੜੀਆਂ ਨੂੰ ਰਿਲੇਸ਼ਨ ਬਣਾਉਣ ਲਈ ਕਹਿੰਦੇ ਹਨ।

"ਮੈਂ ਆਪਣੇ ਕਿਸੇ ਰਿਸ਼ਤੇਦਾਰ ਦੇ ਪਿੱਛੇ ਲੱਗ ਕੇ ਓਮਾਨ ਵਿੱਚ ਜਾ ਕੇ ਫਸ ਗਈ, ਜਿੱਥੇ ਮੈਨੂੰ ਬਹੁਤ ਕੁਝ ਸਹਿਣਾ ਪਿਆ। ਮੈਂ ਕੁੜੀਆਂ ਨੂੰ ਬੇਨਤੀ ਕਰਦੀ ਹਾਂ ਕਿ ਕੋਈ ਵੀ ਕੁੜੀ ਕਿਸੇ ਦੇ ਪਿੱਛੇ ਲੱਗ ਕੇ ਉੱਥੇ ਨਾ ਜਾਵੇ, ਉੱਥੇ ਲੈ ਜਾ ਕੇ ਕੁੜੀਆਂ ਨੂੰ ਵੇਚ ਦਿੱਤਾ ਜਾਂਦਾ ਅਤੇ ਗਲਤ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ। ਮੈਂ ਤਾਂ ਆ ਗਈ ਪਰ ਹਜੇ ਵੀ ਉੱਥੇ 70-80 ਕੁੜੀਆਂ ਫਸੀਆਂ ਹੋਈਆਂ ਹਨ। ਜੋ ਆਪਣੇ ਘਰ ਵਾਪਿਸ ਆਉਣ ਲਈ ਤਰਸ ਰਹੀਆਂ ਹਨ।"- ਓਮਾਨ ਤੋਂ ਆਈ ਮਹਿਲਾ

ਮਹਿਲਾ ਨੇ ਭਾਰਤ ਸਰਕਾਰ ਅਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਉਸ ਦੀ ਵਾਪਸੀ ਵਿੱਚ ਬਹੁਤ ਹੀ ਮਹੱਤਵਪੂਰਨ ਰਹੀ। ਉਸ ਨੇ ਕਿਹਾ ਕਿ ਇਸ ਕੌੜੇ ਤਜ਼ਰਬੇ ਨੇ ਉਸ ਨੂੰ ਜੀਵਨ ਬਾਰੇ ਇੱਕ ਵੱਡੀ ਸਿੱਖਿਆ ਦਿੱਤੀ ਹੈ ਅਤੇ ਪਰਿਵਾਰ ਨਾਲ ਮੁੜ ਮਿਲਣਾ ਉਸ ਦੇ ਲਈ ਭਾਵੁਕ ਅਤੇ ਸੁਖਦ ਅਨੁਭਵ ਰਿਹਾ।

ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਭਾਰਤ ਸਰਕਾਰ ਦਾ ਧੰਨਵਾਦ

ਅਖੀਰ ਵਿੱਚ ਮਹਿਲਾ ਨੇ ਵਿਦੇਸ਼ ਜਾਣ ਦੀ ਸੋਚ ਰਹੇ ਨੌਜਵਾਨਾਂ ਨੂੰ ਸੋਚ-ਸਮਝ ਕੇ ਕਦਮ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਪੂਰੀ ਜਾਂਚ-ਪੜਤਾਲ ਵਿਦੇਸ਼ ਜਾਣਾ ਖਤਰਨਾਕ ਸਾਬਤ ਹੋ ਸਕਦਾ ਹੈ। ਉਸ ਨੇ ਸੰਤ ਬਲਬੀਰ ਸਿੰਘ ਸੀਚੇਵਾਲ, ਸਰਕਾਰ ਅਤੇ ਸਭ ਮਦਦਗਾਰਾਂ ਦਾ ਇੱਕ ਵਾਰ ਫਿਰ ਧੰਨਵਾਦ ਕੀਤਾ।

ਸੀਚੇਵਾਲ ਨੇ ਨੌਜਵਾਨਾਂ ਨੂੰ ਕੀਤੀ ਅਪੀਲ

ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ "ਰੁਜ਼ਗਾਰ ਦੇ ਚੱਕਰ ਵਿੱਚ ਪੰਜਾਬ ਦੇ ਨੌਜਵਾਨ ਫਰਜ਼ੀ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਹਨ, ਇਹ ਬੇਹੱਦ ਹੀ ਚਿੰਤਾਜਨਕ ਹਨ, ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਮਝਣਾ ਪੈਣਾ ਹੈ ਕਿ ਜੇਕਰ ਉਹ ਵਿਦੇਸ਼ ਦਾ ਰੁੱਖ ਕਰਦੇ ਹਨ, ਤਾਂ ਉਨ੍ਹਾਂ ਕੋਲ ਇੱਕ ਸਹੀ ਤਰੀਕਾ ਹੋਣਾ ਚਾਹੀਦਾ ਹੈ, ਨਾ ਕਿ ਫਰਜ਼ੀ ਏਜੰਟਾਂ ਦੇ ਹੱਥੇ ਚੜ੍ਹ ਕੇ ਖੁਦ ਦੀ ਜ਼ਿੰਦਗੀ ਨੂੰ ਬਰਬਾਦ ਕਰਨ। ਉਨ੍ਹਾਂ ਨੇ ਕਿਹਾ ਹੈ ਕਿ ਉਹ ਪੰਜਾਬ ਭਰ ਦੇ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਹਨ ਕਿ ਜੇਕਰ ਉਹ ਵਿਦੇਸ਼ ਦਾ ਰੁੱਖ ਕਰਦੇ ਹਨ, ਤਾਂ ਸਹੀ ਢੰਗ ਦੇ ਨਾਲ ਹੀ ਕਰਨ ਤਾਂ ਜੋ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਣ। ਉਨ੍ਹਾਂ ਖਾਸ ਅਪੀਲ ਕੀਤੀ ਕਿ ਕੁੜੀਆਂ ਨੂੰ ਅਰਬ ਦੇਸ਼ਾਂ ਵਿੱਚ ਬਿਲਕੁੱਲ ਨਾ ਭੇਜੋ।"