ਪੰਜਾਬ ਦੇ ਇਨ੍ਹਾਂ ਹਿੱਸਿਆਂ 'ਚ ਖੁੱਲ੍ਹ ਕੇ ਪਵੇਗਾ ਮੀਂਹ, ਮੌਸਮ ਹੋਵੇਗਾ ਠੰਡਾ-ਠਾਰ, ਜਾਣੋ ਕਦੋਂ ?
ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪਵੇਗਾ।

Published : July 6, 2026 at 6:52 PM IST
ਲੁਧਿਆਣਾ: ਪੰਜਾਬ ਚ 2 ਜੁਲਾਈ ਤੋਂ ਮੌਨਸੂਨ ਦਾਖਿਲ ਹੋ ਚੁੱਕਾ ਹੈ ਅਤੇ ਬੀਤੇ ਦਿਨਾਂ ਦੌਰਾਨ ਵੀ ਮੀਂਹ ਵੇਖਣ ਨੂੰ ਮਿਲਿਆ ਹੈ। ਆਉਂਦੇ 3 ਤੋਂ 4 ਦਿਨ ਯਾਨੀ 10 ਜੁਲਾਈ ਤੱਕ ਪੰਜਾਬ ਭਰ ਦੇ ਵਿੱਚ ਮੀਂਹ ਪੈਣ ਦਾ ਅਸਰ ਵੇਖਣ ਨੂੰ ਮਿਲੇਗਾ। ਖਾਸ ਕਰਕੇ ਉੱਤਰੀ ਪੂਰਬੀ ਇਲਾਕਿਆਂ ਵਿੱਚ ਜਿਵੇਂ ਹੁਸ਼ਿਆਪੁਰ, ਪਠਾਨਕੋਟ, ਰੋਪੜ ਅਤੇ ਜਲੰਧਰ, ਨਵਾਂਸ਼ਹਿਰ ਆਦਿ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੇ ਆਸਾਰ ਹਨ, ਜਿਸ ਨੂੰ ਲੈ ਕੇ ਆਉਂਦੇ ਦਿਨਾਂ ਵਿੱਚ ਆਈ. ਐਮ. ਡੀ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
"ਕਿਸਾਨਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ"
ਇਸੇ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੀ ਮੁਖੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਨ੍ਹਾਂ ਦੱਸਿਆ ਕਿ "ਉੱਤਰੀ ਪੂਰਬੀ ਇਲਾਕਿਆਂ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜਿਸ ਕਰਕੇ ਕਿਸਾਨਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ। ਲੁਧਿਆਣਾ ਵਿੱਚ ਵੀ ਜੁਲਾਈ ਦੀ ਬਾਰਿਸ਼ 220 ਐੱਮ. ਐੱਮ ਦੇ ਨੇੜੇ ਹੈ ਅਤੇ ਹੁਣ ਤੱਕ ਲੁਧਿਆਣਾ ਵਿੱਚ 93 ਐਮ. ਐਮ. ਤੱਕ ਮੀਂਹ ਪੈ ਚੁੱਕਿਆ ਹੈ।"
"ਸਿਹਤ ਦਾ ਵੀ ਵਿਸ਼ੇਸ਼ ਖਿਆਲ ਰੱਖਣ ਲੋਕ"
ਜਾਣਕਾਰੀ ਦਿੰਦੇ ਹੋਏ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕੇ "ਇਸ ਸਮੇਂ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟ ਤੋਂ ਘੱਟ 26 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਆਉਂਦੇ ਦਿਨਾਂ ਵਿੱਚ ਵੀ ਤਾਪਮਾਨ ਇਸੇ ਤਰਾਂ ਰਹੇਗਾ। ਇਸਦੇ ਨਾਲ ਹੀ ਦਿਨ ਦਾ ਅਤੇ ਰਾਤ ਦਾ ਤਾਪਮਾਨ ਦੋਵੇਂ ਹੀ ਐਵਰੇਜ ਦੇ ਨੇੜੇ ਚੱਲ ਰਿਹਾ ਹੈ। ਅਜਿਹੇ ਮੌਸਮ ਵਿੱਚ ਨਮੀ ਦੀ ਮਾਤਰਾ ਕਾਫੀ ਵੱਧ ਜਾਂਦੀ ਹੈ, ਇਸ ਕਰਕੇ ਲੋਕ ਸਿਹਤ ਦਾ ਵੀ ਵਿਸ਼ੇਸ਼ ਖਿਆਲ ਰੱਖਣ।"

"ਇਹ ਮੌਸਮ ਕਿਸਾਨਾਂ ਲਈ ਵੀ ਲਾਹੇਵੰਦ"
ਇਸ ਤੋਂ ਇਲਾਵਾ ਕਿਸਾਨਾਂ ਨੂੰ ਵੀ ਸਲਾਹ ਦਿੰਦੇ ਹੋਏ ਡਾਕਟਰ ਕਿੰਗਰਾ ਨੇ ਕਿਹਾ ਹੈ ਕਿ ਮੌਨਸੂਨ ਦੇ ਮੱਦੇਨਜ਼ਰ ਕਿਸਾਨ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ ਵਿੱਚ ਇਹ ਮੌਸਮ ਕਿਸਾਨਾਂ ਲਈ ਵੀ ਲਾਹੇਵੰਦ ਹੈ। ਇਸ ਵੇਲੇ ਕਿਸਾਨ ਵੱਧ ਤੋਂ ਵੱਧ ਉਹ ਬਾਰਿਸ਼ ਤੇ ਪਾਣੀ ਦਾ ਇਸਤੇਮਾਲ ਕਰ ਸਕਦੇ ਹਨ ਤਾਂ ਜੋ ਝੋਨੇ ਦੀ ਫਸਲ ਲਈ ਧਰਤੀ ਹੇਠਲੇ ਪਾਣੀ ਦਾ ਇਸਤੇਮਾਲ ਘੱਟ ਤੋਂ ਘੱਟ ਕੀਤਾ ਜਾ ਸਕੇ ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਪਹਿਲਾਂ ਹੀ ਘਟਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ:

