ਲੋਹੜੀ ਵਾਲੇ ਦਿਨ ਵੀ ਨਹੀਂ ਹੋਣਗੇ ਧੁੱਪ ਦੇ ਦਰਸ਼ਨ? ਅੱਜ ਵੀ ਇਨ੍ਹਾਂ ਥਾਵਾਂ ਉੱਤੇ ਕੋਹਰੇ ਦਾ ਅਲਰਟ
ਪੰਜਾਬ ਵਿੱਚ ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਕੋਲਡ ਡੇਅ। ਜਾਣੋ, ਲੋਹੜੀ ਵਾਲੇ ਦਿਨ ਕਿਵੇਂ ਰਹੇਗਾ ਮੌਸਮ?

Published : January 10, 2026 at 7:48 AM IST
ਚੰਡੀਗੜ੍ਹ: ਪੰਜਾਬ ਸਣੇ ਚੰਡੀਗੜ੍ਹ ਵਿੱਚ ਲੋਕਾਂ ਉੱਤੇ ਠੰਢ ਦਾ ਕਹਿਰ ਜਾਰੀ ਹੈ। ਲੋਹੜੀ ਵਾਲੇ ਦਿਨ ਵੀ ਲੋਕਾਂ ਨੂੰ ਠੰਢ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਅੱਜ (ਸ਼ਨੀਵਾਰ) ਮੌਸਮ ਵਿਭਾਗ ਵੱਲੋਂ ਸੂਬੇ ਦੇ ਕਈ ਹਿੱਸਿਆਂ ਵਿੱਚ ਕੋਲਡ ਡੇਅ ਅਤੇ ਸੰਘਣੀ ਧੁੰਦ ਦਾ ਅਲਰਟ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 17.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਕਿੰਨਾ ਚੱਲ ਰਿਹਾ ਤਾਪਮਾਨ?
ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 1.5 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜੋ ਆਮ ਤਾਪਮਾਨ ਤੋਂ -3.6 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਰੂਪਨਗਰ (ਭਾਖੜਾ ਡੈਮ) ਵਿੱਚ ਵੱਧ ਤੋਂ ਵੱਧ ਤਾਪਮਾਨ 17.8 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ। ਉੱਥੇ ਹੀ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਅੰਦਰ -1.3 ਡਿਗਰੀ ਸੈਲਸੀਅਸ ਗਿਰਾਵਟ ਦਰਜ ਹੋਈ ਹੈ, ਇਹ ਆਮ ਤਾਪਮਾਨ ਦੇ ਨੇੜੇ ਹੈ। ਘੱਟ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਬਠਿੰਡਾ ਵਿਖੇ ਦਰਜ ਕੀਤਾ ਗਿਆ।
WEATHER WARNING AND RAINFALL MAP #PUNJAB #HARYANA DATED 09-01-2026 pic.twitter.com/O5iaqtBzfm
— IMD Chandigarh (@IMD_Chandigarh) January 9, 2026
ਅੱਜ ਕਿਵੇਂ ਰਹੇਗਾ ਮੌਸਮ?
ਮੌਸਮ ਵਿਭਾਗ ਵੱਲੋਂ ਅੱਜ (ਸ਼ਨੀਵਾਰ) ਨੂੰ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਸਣੇ ਕੋਲ਼ਡ ਡੇਅ ਨੂੰ ਲੈ ਕੇ ਯੈਲੋ ਅਲਰਟ ਜਾਰੀ ਹੈ, ਜਦਕਿ 7 ਜ਼ਿਲ੍ਹਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਨਹੀਂ ਹੈ।
ਸੀਤ ਲਹਿਰ ਤੇ ਸੰਘਣੀ ਧੁੰਦ ਦਾ ਅਲਰਟ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਐਸਏਐਸ ਨਗਰ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ।
ਕੋਲਡ ਡੇਅ- ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਅਤੇ ਫ਼ਰੀਦਕੋਟ ਤੋਂ ਇਲਾਵਾ, ਅੱਜ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਕੋਈ ਅਲਰਟ ਨਹੀਂ ਹੈ।
ਲੋਹੜੀ ਵਾਲੇ ਦਿਨ ਤੱਕ ਮੌਸਮ ਕਿਵੇਂ ਰਹੇਗਾ?
10 ਜਨਵਰੀ ਤੋਂ ਲੈ ਕੇ 13 ਜਨਵਰੀ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਹੈ। ਜਦਕਿ ਕੁਝ ਜ਼ਿਲ੍ਹਿਆਂ ਵਿੱਚ ਕੋਲਡ ਡੇਅ/ਸੀਤ ਲਹਿਰ ਦੀ ਵੀ ਭੱਵਿਖਬਾਣੀ ਹੈ।
ਮੌਸਮ ਵਿਭਾਗ ਵਲੋਂ ਮੀਂਹ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

