ETV Bharat / state

ਈਡੀ ਨੂੰ ਅਮਨ ਅਰੋੜਾ ਦੀ ਚੁਣੌਤੀ, "ਹੇਰਾਫੇਰੀ ਸਾਬਤ ਹੋਈ ਤਾਂ ਛੱਡ ਦੇਵਾਂਗਾ ਸਿਆਸਤ"

ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਬਦਨਾਮ ਕਰਨ ਅਤੇ ਸਿਆਸੀ ਤੌਰ ‘ਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Aman Arora challenge to ED
ਈਡੀ ਨੂੰ ਅਮਨ ਅਰੋੜਾ ਦੀ ਚੁਣੌਤੀ (Official account of Aam Aadmi Party - Punjab)
author img

By ETV Bharat Punjabi Team

Published : May 8, 2026 at 3:50 PM IST

4 Min Read
Choose ETV Bharat

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਭੂਚਾਲ ਆ ਗਿਆ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਜਾਰੀ ਕੀਤੇ ਇੱਕ ਅਧਿਕਾਰਤ ਪ੍ਰੈਸ ਨੋਟ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦਾ ਨਾਂਅ ਸਿੱਧੇ ਤੌਰ 'ਤੇ ਲਿਖਿਆ ਗਿਆ। 7 ਮਈ ਨੂੰ ਚੰਡੀਗੜ੍ਹ, ਮੋਹਾਲੀ ਅਤੇ ਖਰੜ ਵਿੱਚ ਹੋਈ ਵੱਡੀ ਛਾਪੇਮਾਰੀ ਨੂੰ ਲੈਕੇ ਅੱਜ ਅਮਨ ਅਰੋੜਾ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕੇਂਦਰੀ ਏਜੰਸੀ ਅਤੇ ਭਾਜਪਾ ਸਰਕਾਰ ਵਿਰੁੱਧ ਤਿੱਖੇ ਹਮਲੇ ਕੀਤੇ ਹਨ।


'ਗੌਰਵ ਧੀਰ ਭਰਾਵਾਂ ਨਾਲ਼ੋਂ ਵਧ ਕੇ'
ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਨਾਮ ਜਾਣਬੁੱਝ ਕੇ ਖ਼ਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ, "ਗੌਰਵ ਧੀਰ ਮੇਰੇ ਲਈ ਭਰਾਵਾਂ ਨਾਲ਼ੋਂ ਵਧ ਕੇ ਕੱਲ੍ਹ ਵੀ ਸੀ, ਅੱਜ ਵੀ ਹੈ ਅਤੇ ਆਉਣ ਵਾਲੇ ਕੱਲ੍ਹ ਵੀ ਰਹਿਣਗੇ। ਸਾਡਾ ਆਪਸ ਵਿੱਚ ਬੜਾ ਪਿਆਰ ਹੈ ਪਰ ਗੌਰਵ ਧੀਰ ਨਾਲ ਮੇਰੀ ਕੋਈ ਵੀ ਬਿਜ਼ਨੇਸ ਡੀਲ ਕਦੇ ਵੀ ਨਹੀਂ ਹੋਈ। ਮੈਂ 1991 ਤੋਂ ਸਿਆਸਤ ਵਿੱਚ ਹਾਂ ਅਤੇ ਕਿਸੇ ਤੋਂ ਪੈਸੇ ਲੈਣੇ ਜਾਂ ਮੰਗਣੇ ਤਾਂ ਕੀ, ਕਦੇ ਝਾਕ ਤੱਕ ਨਹੀਂ ਰੱਖੀ।"



'ਇਹ ਭਾਜਪਾ ਦੀ ਮੋਡਸ ਓਪਰਾਂਡੀ'
ਅਮਨ ਅਰੋੜਾ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਵੇਂ-ਜਿਵੇਂ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਭਾਜਪਾ ਨੇ ਆਪਣੇ ਸਟਾਈਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਚੋਣ ਵਾਲੇ ਸੂਬੇ ਵਿੱਚ ਈਡੀ ਅਤੇ ਸੀਬੀਆਈ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਲੋਕਾਂ ਦੀ ਬਾਂਹ ਮਰੋੜਦੇ ਹਨ। ਅਰੋੜਾ ਨੇ ਅੱਗੇ ਕਿਹਾ ਕਿ, "ਈਡੀ ਨੇ ਗੌਰਵ ਧੀਰ ਨੂੰ ਤਾਂ ਮੇਰਾ ਨੇੜਲਾ ਸਾਥੀ ਦੱਸ ਕੇ ਬਿਆਨ ਜਾਰੀ ਕਰ ਦਿੱਤਾ, ਪਰ ਇਹ ਕਿਉਂ ਨਹੀਂ ਲਿਖਿਆ ਕਿ ਇੱਕ ਹੋਰ ਮੁਲਜ਼ਮ ਸੁਰੇਸ਼ ਕੁਮਾਰ ਬਜਾਜ ਨੇ 2023-24 ਵਿੱਚ ਭਾਜਪਾ ਨੂੰ ਢਾਈ ਲੱਖ ਰੁਪਏ ਦਾ ਚੰਦਾ ਦਿੱਤਾ ਸੀ।"



'ਈਡੀ ਨੂੰ ਅਰੋੜਾ ਦੀ ਚੁਣੌਤੀ'
ਅਮਨ ਅਰੋੜਾ ਨੇ ਅੱਗੇ ਚੁਣੌਤੀ ਦਿੰਦਿਆਂ ਕਿਹਾ, "ਮੈਂ ਈਡੀ ਨੂੰ ਚੈਲੇਂਜ ਅਤੇ ਬੇਨਤੀ ਕਰਦਾ ਹਾਂ ਕਿ ਮੈਨੂੰ ਪੁੱਛਗਿੱਛ ਲਈ ਸੱਦੋ। ਮੇਰੇ ਫੋਨ ਦੀ ਫੋਰੈਂਸਿਕ ਜਾਂਚ ਕਰਵਾਓ। ਇਸ ਮਾਮਲੇ ਵਿੱਚ ਸੁਰੇਸ਼ ਕੁਮਾਰ ਬਜਾਜ, ਅਜੈ ਸਹਿਗਲ, ਨਿਤਿਨ ਗੋਹਿਲ ਅਤੇ ਪ੍ਰਿਤਪਾਲ ਢੀਂਡਸਾ ਵਰਗੇ ਲੋਕਾਂ ਦੇ ਨਾਂਅ ਵੀ ਸ਼ਾਮਲ ਦੱਸੇ ਜਾ ਰਹੇ ਹਨ। ਜੇ ਗੌਰਵ ਧੀਰ ਤੋਂ ਬਗੈਰ ਇਸ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਹੋਰ ਸ਼ਖ਼ਸ ਦਾ ਨੰਬਰ ਕਦੇ ਮੇਰੇ ਫੋਨ ਵਿੱਚ ਸੇਵ ਵੀ ਹੋਇਆ ਤਾਂ ਮੇਰੇ ਉੱਤੇ ਕਾਰਵਾਈ ਕਰ ਲੈਣਾ।" ਉਨ੍ਹਾਂ ਅੱਗੇ ਕਿਹਾ ਕਿ, "ਜੇਕਰ ਈਡੀ ਜਾਂ ਕੋਈ ਵੀ ਹੋਰ ਏਜੰਸੀ ਮੇਰੇ ਵਿਰੁੱਧ ਇੱਕ ਰੁਪਏ ਦੀ ਵੀ ਨਜਾਇਜ਼ ਲੈਣ-ਦੇਣ ਜਾਂ ਹੇਰਾਫੇਰੀ ਸਾਬਤ ਕਰ ਦੇਵੇ ਤਾਂ ਮੈਂ ਅੱਜ ਹੀ ਰਾਜਨੀਤੀ ਤੋਂ ਸੰਨਿਆਸ ਲੈ ਲਵਾਂਗਾ।"


'ਇਹ ਤਾਂ ਹਾਲੇ ਸ਼ੁਰੂਆਤ ਹੈ'
ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਮਨ ਅਰੋੜਾ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਇਸ ਨੂੰ ਮਹਿਜ਼ ਸ਼ੁਰੂਆਤ ਦੱਸਿਆ ਸੀ। ਉਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਉੱਤੇ ਪੋਸਟ ਕਰਕੇ ਲਿਖਿਆ ਕਿ,"ਈਡੀ ਦੀ ਕਾਰਵਾਈ ਨੇ ਅੱਜ ਕੱਟੜ ਇਮਾਨਦਾਰਾਂ ਦੇ ਦਾਅਵੇ ਦਾ ਸੱਚ ਉਜਾਗਰ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਆਖ ਰਹੇ ਸਨ ਕਿ ਇਸ ਈਡੀ ਰੇਡ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਪਰ ਆਮ ਲੋਕਾਂ ਦੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲਿਆਂ ਦੇ ਸੂਬਾ ਪ੍ਰਧਾਨ ਦਾ ਹੀ ਨਾਮ ਕਰੋੜਾਂ ਦੇ ਲੈਣ ਦੇਣ ਵਿੱਚ ਆਇਆ ਹੈ। ਇਹ ਤਾਂ ਸ਼ੁਰੂਆਤ ਹੈ ਹਾਲੇ ਤਾਂ ਕਈ ਹੋਰ ਪਰਦੇ ਖੁੱਲ੍ਹਣਗੇ।" ਉਨ੍ਹਾਂ ਅੱਗੇ ਤਿੱਖਾ ਤੰਜ ਕਸਦਿਆਂ ਕਿਹਾ ਕਿ "ਸਭ ਦਾ ਸਾਥ ਸਭ ਦਾ ਵਿਕਾਸ ਦੀ ਨੀਤੀ ਤੋਂ ਬਾਅਦ ਹੁਣ ਸਭ ਦਾ ਹਿਸਾਬ ਹੋਣ ਦਾ ਸਮਾਂ ਵੀ ਆ ਗਿਆ ਜਾਪਦਾ ਹੈ।"


ਈਡੀ ਦੀ ਕਾਰਵਾਈ ਅਤੇ ਗੰਭੀਰ ਇਲਜ਼ਾਮ
ਈਡੀ ਨੇ ਕੱਲ੍ਹ ਸਵੇਰੇ ਧੀਰ ਕੰਸਟਰੱਕਸ਼ਨ ਦੇ ਮਾਲਕ ਬਿਲਡਰ ਗੌਰਵ ਧੀਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ 12 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਦੇਰ ਰਾਤ ਜਾਰੀ ਪ੍ਰੈੱਸ ਨੋਟ ਵਿੱਚ ਈਡੀ ਨੇ ਦਾਅਵਾ ਕੀਤਾ ਕਿ ਅਮਨ ਅਰੋੜਾ, ਗੌਰਵ ਧੀਰ ਦੇ "ਨੇੜਲੇ ਸਾਥੀ" ਹਨ। ਏਜੰਸੀ ਮੁਤਾਬਕ, ਇਹ ਮਾਮਲਾ ਜ਼ਮੀਨਾਂ ਦੀ ਖਰੀਦ-ਫਰੋਖ਼ਤ ਵਿੱਚ ਹੋਈ ਧੋਖਾਧੜੀ ਅਤੇ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਹੈ। ਈਡੀ ਦਾ ਕਹਿਣਾ ਹੈ ਕਿ ਇੱਕ ਪ੍ਰਮੁੱਖ ਪ੍ਰੋਜੈਕਟ ਨੂੰ ਸਰਕਾਰੀ ਪ੍ਰਭਾਵ ਦੀ ਵਰਤੋਂ ਕਰਕੇ ਬਹੁਤ ਘੱਟ ਕੀਮਤ 'ਤੇ ਹਾਸਲ ਕੀਤਾ ਗਿਆ ਸੀ। ਛਾਪੇਮਾਰੀ ਦੌਰਾਨ ਈਡੀ ਨੇ ਲਗਭਗ 1 ਕਰੋੜ ਰੁਪਏ ਦੀ ਨਕਦੀ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ।



“ਜਿਨ੍ਹਾਂ ਦੇ ਨਾਮ ਆਏ, ਮੈਂ ਪਹਿਲੀ ਵਾਰ ਸੁਣੇ”

ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਿਨ੍ਹਾਂ ਲੋਕਾਂ ਦੇ ਨਾਮ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਸੁਰੇਸ਼ ਬਜਾਜ, ਨਿਤਿਨ ਗੋਇਲ ਅਤੇ ਪ੍ਰੀਤਪਾਲ ਢੀਂਡਸਾ ਸਮੇਤ ਕਈ ਹੋਰ ਨਾਮ ਸ਼ਾਮਲ ਹਨ। ਅਮਨ ਅਰੋੜਾ ਮੁਤਾਬਕ ਉਨ੍ਹਾਂ ਨੇ ਇਹ ਨਾਮ ਪਹਿਲੀ ਵਾਰ ਸੁਣੇ ਹਨ ਅਤੇ ਉਨ੍ਹਾਂ ਦਾ ਇਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ।


“ਚੋਣਾਂ ਤੋਂ ਪਹਿਲਾਂ ਈਡੀ ਦਾ ਇਸਤੇਮਾਲ ਕਰਦੀ ਹੈ ਭਾਜਪਾ”

ਅਮਨ ਅਰੋੜਾ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਹ ਪੁਰਾਣੀ ਕਾਰਗੁਜ਼ਾਰੀ ਰਹੀ ਹੈ ਕਿ ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਉੱਥੇ ਈਡੀ ਅਤੇ ਹੋਰ ਏਜੰਸੀਆਂ ਦਾ ਇਸਤੇਮਾਲ ਕਰਕੇ ਵਿਰੋਧੀ ਧਿਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਿਸ ਸੁਰੇਸ਼ ਬਜਾਜ ਦਾ ਨਾਮ ਮਾਮਲੇ ਵਿੱਚ ਆ ਰਿਹਾ ਹੈ, ਉਸ ਵੱਲੋਂ 2023-24 ਦੌਰਾਨ ਢਾਈ ਲੱਖ ਰੁਪਏ ਦਾ ਚੰਦਾ ਦਿੱਤਾ ਗਿਆ ਸੀ, ਪਰ ਇਸ ਗੱਲ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ।

ਹਵਾ ਵਿੱਚ ਉੱਡੇ ਸਨ ਨੋਟ
ਜ਼ਿਕਰਯੋਗ ਹੈ ਕਿ ਕੱਲ੍ਹ ਛਾਪੇਮਾਰੀ ਦੌਰਾਨ ਖਰੜ ਦੀ ਇੱਕ ਸੁਸਾਇਟੀ ਵਿੱਚ ਇੱਕ ਅਜੀਬ ਘਟਨਾ ਵਾਪਰੀ ਸੀ, ਜਿੱਥੇ ਈਡੀ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਇੱਕ ਫਲੈਟ ਦੀ ਬਾਲਕੋਨੀ ਵਿੱਚੋਂ ਨਕਦੀ ਨਾਲ ਭਰੇ ਬੈਗ ਹੇਠਾਂ ਸੁੱਟੇ ਗਏ ਸਨ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਈਡੀ ਨੇ ਉਸ ਬੈਗ ਵਿੱਚੋਂ 21 ਲੱਖ ਰੁਪਏ ਨਕਦੀ ਬਰਾਮਦ ਹੋਣ ਅਤੇ ਕਰੀਬ 1 ਕਰੋੜ ਰੁਪਏ ਦੀ ਰਿਕਵਰੀ ਦਾ ਵੀ ਜ਼ਿਕਰ ਕੀਤਾ ਸੀ।