ਅੱਜ ਪੰਜਾਬ ਦੇ 11 ਜ਼ਿਲ੍ਹਿਆਂ 'ਚ ਭਾਰੀ ਮੀਂਹ ਅਤੇ ਪਹਾੜਾਂ ਵਿੱਚ ਵੀ ਔਰੇਂਜ ਅਲਰਟ?
ਪੰਜਾਬ ਵਿੱਚ ਅੱਜ ਕਈ ਥਾਂ ਭਾਰੀਂ ਮੀਂਹ ਦਾ ਅਲਰਟ, ਕਿਸਾਨਾਂ ਲਈ ਰਾਹਤ। ਜੇਕਰ ਪਹਾੜਾਂ 'ਚ ਵੀ ਘੁੰਮਣ ਜਾਣ ਦਾ ਪਲਾਨ ਹੈ,ਤਾਂ ਪਹਿਲਾਂ ਜਾਣੋ ਮੌਸਮ ਅੱਪਡੇਟ।

Published : July 7, 2026 at 8:35 AM IST
ਚੰਡੀਗੜ੍ਹ/ਹਿਮਾਚਲ: ਪੰਜਾਬ ਅਤੇ ਚੰਡੀਗੜ੍ਹ ਲਈ ਮੀਂਹ ਨੂੰ ਲੈ ਕੇ ਅਲਰਟ ਜਾਰੀ ਹੈ। ਮੌਸਮ ਵਿਭਾਗ ਵਲੋਂ ਸੂਬੇ ਅੰਦਰ 3 ਦਿਨ ਦਰਮਿਆਨੇ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੀ ਮੁਖੀ ਪਵਨੀਤ ਕੌਰ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ, "ਉੱਤਰੀ ਪੂਰਬੀ ਇਲਾਕਿਆਂ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ। ਇਸ ਕਰਕੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਨੂੰ ਲੈ ਕੇ ਖਾਸ ਧਿਆਨ ਰੱਖਣ ਦੀ ਲੋੜ ਹੈ। ਪੰਜਾਬ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ, ਅਜਿਹੇ ਵਿੱਚ ਇਹ ਮੌਸਮ ਕਿਸਾਨਾਂ ਲਈ ਵੀ ਲਾਹੇਵੰਦ ਹੈ।"
ਅੱਜ 11 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ
ਮੌਸਮ ਵਿਭਾਗ ਵਲੋਂ, ਪੰਜਾਬ ਵਿੱਚ ਅੱਜ (ਮੰਗਲਵਾਰ) ਨੂੰ ਪੰਜਾਬ ਦੇ 11 ਜ਼ਿਲ੍ਹਿਆਂ - ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਵਿੱਚ ਭਾਰੀ ਮੀਂਹ ਦਾ ਅਲਰਟ ਹੈ, ਜਦਕਿ ਬਾਕੀ ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਦਰਮਿਆਨੇ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਹੈ। ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਭੱਵਿਖਬਾਣੀ ਹੈ।
ਅਜਿਹਾ ਮੌਸਮ ਪੰਜਾਬ ਵਿੱਚ ਅਗਲੇ ਹੋਰ 2 ਦਿਨ (8 ਅਤੇ 9 ਜੁਲਾਈ) ਨੂੰ ਵੀ ਬਣਿਆ ਰਹੇਗਾ। ਮੌਸਮ ਵਿਭਾਗ ਵਲੋਂ, ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਹੈ।
ਕਿੰਨਾ ਚੱਲ ਰਿਹਾ ਤਾਪਮਾਨ?
ਮੌਸਮ ਵਿਭਾਗ ਵਲੋਂ, ਸੂਬੇ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਅੰਦਰ ਵੱਧ ਤੋਂ ਵੱਧ ਤਾਪਮਾਨ ਵਿੱਚ -1.7 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਗਈ ਹੈ, ਹਾਲਾਂਕਿ ਇਹ ਆਮ ਤਾਪਮਾਨ ਨਾਲੋਂ -2.1 ਡਿਗਰੀ ਸੈਲਸੀਅਸ ਹੇਠਾਂ ਹੈ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ 39.1 ਡਿਗਰੀ ਸੈਲਸੀਅਸ ਬਠਿੰਡਾ ਵਿਖੇ ਰਿਕਾਰਡ ਹੋਇਆ ਹੈ। ਦੂਜੇ ਪਾਸੇ, ਮੌਸਮ ਵਿਭਾਗ ਵਲੋਂ ਘੱਟੋ-ਘੱਟ ਤਾਪਮਾਨ 23.6 ਡਿਗਰੀ ਸੈਲਸੀਅਸ ਥੀਣ ਡੈਮ ਵਿਖੇ ਦਰਜ ਹੋਇਆ।
WEATHER WARNING AND RAINFALL MAP #PUNJAB #HARYANA DATED 06-07-26 pic.twitter.com/8rtmKMgfgd
— IMD Chandigarh (@IMD_Chandigarh) July 6, 2026
ਹਿਮਾਚਲ ਵਿੱਚ ਵੀ ਭਾਰੀ ਮੀਂਹ ਦੀ ਚੇਤਾਵਨੀ
ਜੇਕਰ ਤੁਸੀਂ ਹਿਮਾਚਲ ਪ੍ਰਦੇਸ਼ ਜਾ ਕੇ ਪਹਾੜਾਂ ਵਿੱਚ ਘੁੰਮਣ ਜਾਣ ਦਾ ਪਲਾਨ ਕਰ ਰਹੇ ਹੋ, ਤਾਂ ਉੱਥੋ ਦੇ ਮੌਸਮ ਬਾਰੇ ਵੀ ਪਹਿਲਾਂ ਜਾਣ ਲਓ। ਮੌਸਮ ਵਿਭਾਗ ਦੇ ਮੁਤਾਬਕ, ਅੱਜ (ਮੰਗਲਵਾਰ, 7 ਜੁਲਾਈ) ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਮੰਡੀ, ਸੋਲਨ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਲਈ, ਮੌਸਮ ਵਿਭਾਗ ਨੇ ਇਨ੍ਹਾਂ ਚਾਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ, ਬਿਲਾਸਪੁਰ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਦਰਮਿਆਨੀ ਤੋਂ ਭਾਰੀ ਮੀਂਹ ਪੈਣ ਦੀ ਉਮੀਦ ਹੈ।
ਇਸ ਲਈ, ਮੌਸਮ ਵਿਭਾਗ ਨੇ ਬਿਲਾਸਪੁਰ ਅਤੇ ਸਿਰਮੌਰ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਊਨਾ, ਹਮੀਰਪੁਰ, ਚੰਬਾ, ਕੁੱਲੂ, ਕਿਨੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।

