ETV Bharat / state

ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਕੰਟਰੋਲ ਹਾਸਲ ਕਰਨ ਲਈ ਸਰਕਾਰ ਨੇ ਧੋਖੇ ਨਾਲ ਬਣਾਇਆ ਬੇਅਦਬੀ ਕਾਨੂੰਨ, ਫੂਲਕਾ ਦਾ ਵੱਡਾ ਬਿਆਨ

ਅੱਜ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਹੈ, ਇਸ ਮੌਕੇ ਉਨ੍ਹਾਂ ਤੋਂ ਜਵਾਬ ਤਲਬ ਕੀਤੇ ਜਾਣਗੇ।

Harvinder Singh Phoolka, senior advocate of Delhi High Court
ਸਪੀਕਰ ਸੰਧਵਾਂ ਦੀ ਪੇਸ਼ੀ ਨੂੰ ਲੈਕੇ ਬੋਲੇ ਭਾਜਪਾ ਆਗੂ ਐਚਐਸ ਫੂਲਕਾ (ANI (ETV BHARAT))
author img

By ETV Bharat Punjabi Team

Published : May 8, 2026 at 10:42 AM IST

3 Min Read
Choose ETV Bharat

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅੰਮ੍ਰਿਤਸਰ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ। ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਪੰਜਾਬ ‘ਚ ‘ਆਪ’ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਬੇਅਦਬੀ ਕਾਨੂੰਨ ਬਾਰੇ ਆਪਣਾ ਸਪੱਸ਼ਟੀਕਰਨ ਸੌਂਪਣਗੇ। ਉਥੇ ਹੀ ਸਪੀਕਰ ਸੰਧਵਾਂ ਦੀ ਪੇਸ਼ੀ ਤੋਂ ਪਹਿਲਾਂ ਸੀਨੀਅਰ ਵਕੀਲ ਅਤੇ ਭਾਜਪਾ ਆਗੂ ਐਚਐਸ ਫੂਲਕਾ ਨੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ 'ਬੇਅਦਬੀ ਦੀਆਂ ਸਜ਼ਾਵਾਂ ਵਧਾਉਣ ਦੇ ਬਹਾਨੇ...ਉਨ੍ਹਾਂ ਨੇ ਅਸਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਪੂਰਾ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਹੈ।'

ਬਹਾਨੇ ਨਾਲ ਪਾਸ ਕੀਤਾ ਐਕਟ

ਏਐਨਆਈ ਨਾਲ ਗੱਲਬਾਤ ਕਰਦਿਆਂ ਐਚ.ਐਸ.ਫੂਲਕਾ ਨੇ ਕਿਹਾ ਕਿ "ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਤਲਬ ਕੀਤਾ ਹੈ, ਕਿਉਂਕਿ ਪੰਜਾਬ ਸਰਕਾਰ ਨੇ ਗੁਪਤ ਢੰਗ ਨਾਲ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ (ਸੋਧ) ਐਕਟ, 2026' ਐਕਟ ਪਾਸ ਕੀਤਾ ਹੈ... ਬੇਅਦਬੀ ਦੀਆਂ ਸਜ਼ਾਵਾਂ ਵਧਾਉਣ ਦੇ ਬਹਾਨੇ... ਉਨ੍ਹਾਂ ਨੇ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ 'ਤੇ ਪੂਰਾ ਕੰਟਰੋਲ ਹਾਸਲ ਕਰ ਲਿਆ ਹੈ... ਕੋਈ ਵੀ ਸਿੱਖ ਜੋ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਰੱਖਦਾ ਹੈ, ਹੁਣ ਉਸ ਨੂੰ ਇਸ ਦਾ ਅਧਿਕਾਰਤ ਰਖਵਾਲਾ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੋਵੇਗੀ। ਜੇਕਰ ਅਜਿਹਾ ਕਰਨ ਵਿੱਚ ਅਸਫਲ ਰਿਹਾ, ਤਾਂ ਇਸ ਦੇ ਨਤੀਜੇ ਵਜੋਂ ਪੰਜ ਸਾਲ ਦੀ ਕੈਦ ਦੀ ਸਜ਼ਾ ਹੋਵੇਗੀ...ਇਹ ਤੱਥ ਕਿ ਇਹ ਸਾਰੀ ਪ੍ਰਕਿਰਿਆ ਇੰਨੀ ਗੁਪਤਤਾ ਨਾਲ ਕੀਤੀ ਗਈ ਸੀ, ਬਹੁਤ ਇਤਰਾਜ਼ਯੋਗ ਹੈ।"

'ਐਸਜੀਪੀਸੀ ਦੇ ਖਿਲਾਫ ਸੂਬਾ ਸਰਕਾਰ'

ਸੀਨੀਅਰ ਵਕੀਲ ਐਚ.ਐਸ.ਫੂਲਕਾ ਨੇ ਕਿਹਾ ਕਿ 'ਇਸ ਤੋਂ ਪਹਿਲਾਂ ਜਦੋਂ ਵੀ ਕਿਸੇ ਵੀ ਸਰਕਾਰ ਨੇ ਧਾਰਮਿਕ ਮਾਮਲਿਆਂ 'ਤੇ ਕੋਈ ਕਾਨੂੰਨ ਬਣਾਇਆ ਹੈ ਤਾਂ ਉਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਲਾਹ ਮਸ਼ਵਰਾ ਕੀਤਾ ਹੈ। ਐਸਜੀਪੀਸੀ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਕਾਨੂੰਨ ਲਾਗੂ ਹੋਏ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧੌਖੇ ਨਾਲ ਐਸਜੀਪੀਸੀ ਨੂੰ ਕੰਟਰੋਲ ਕਰਨ ਲਈ ਝੂਠ ਦੇ ਅਧਾਰ 'ਤੇ ਕਾਨੂੰਨ ਬਣਾਇਆ ਹੈ। ਪੰਜਾਬ ਸਰਕਾਰ ਸ਼ੁਰੂ ਤੋਂ ਹੀ ਐਸਜੀਪੀਸੀ ਦੇ ਖਿਲਾਫ ਚੱਲ ਰਹੀ ਹੈ।'

ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਕਾਨੂੰਨ ਦੇ ਖਰੜੇ ਨੂੰ ਤਿਆਰ ਕਰਨ ਦੀ ਪ੍ਰਕਿਰਿਆ ‘ਤੇ ਇਤਰਾਜ਼ ਉਠਾਉਣ ਤੋਂ ਬਾਅਦ ਇਹ ਮੁੱਦਾ ਧਿਆਨ ‘ਚ ਆਇਆ ਹੈ। ਜਥੇਦਾਰ ਗੜਗੱਜ ਨੇ ਕਿਹਾ ਸੀ ਕਿ 'ਬੇਅਦਬੀ ਵਰਗੇ ਸੰਵੇਦਨਸ਼ੀਲ ਤੇ ਧਾਰਮਿਕ ਮਾਮਲੇ ‘ਤੇ ਕਾਨੂੰਨ ਬਣਾਉਣ ਤੋਂ ਪਹਿਲਾਂ ਪੰਥ ਦੀ ਸਮੂਹਿਕ ਰਾਏ ਲੈਣੀ ਜ਼ਰੂਰੀ ਸੀ। ਉਨ੍ਹਾਂ ਨੇ ਕਿਹਾ ਕਿ ਸਿੱਖ ਪਰੰਪਰਾਵਾਂ ਤੇ ਧਾਰਮਿਕ ਮਰਿਆਦਾ ਨਾਲ ਜੁੜੇ ਮਾਮਲਿਆਂ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਨੂੰ ਸਰਵਉੱਚ ਮੰਨਿਆ ਜਾਂਦਾ ਹੈ ਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।'

ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਵੱਧ ਸਤਿਕਾਰਯੋਗ: ਸੰਧਵਾਂ

ਉਥੇ ਹੀ ਇਸ ਮਾਮਲੇ 'ਚ ਆਪਣਾ ਪੱਖ ਰੱਖਦਿਆਂ ਪੰਜਾਬ ਵਿਧਾਨ ਸਭਾ ਸਪੀਕਰ, ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉਨ੍ਹਾਂ ਲਈ ਸਭ ਤੋਂ ਵੱਧ ਸਤਿਕਾਰਯੋਗ ਤੇ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਬੁਲਾਇਆ ਗਿਆ ਹੈ ਤਾਂ ਉਹ ਪੂਰੀ ਨਿਮਰਤਾ ਤੇ ਸ਼ਰਧਾ ਨਾਲ ਆਪਣਾ ਸਪੱਸ਼ਟੀਕਰਨ ਪੇਸ਼ ਕਰਨਗੇ। ਸੰਧਵਾਂ ਨੇ ਇਹ ਵੀ ਕਿਹਾ ਕਿ ਉਹ ਨਿੱਜੀ ਤੌਰ ‘ਤੇ ਜਥੇਦਾਰ ਨੂੰ ਮਾਮਲੇ ਸੰਬੰਧੀ ਸਾਰੇ ਵੇਰਵੇ ਪ੍ਰਦਾਨ ਕਰਨਗੇ। ਹੁਣ ਸਾਰਿਆਂ ਦਾ ਧਿਆਨ ਸਪੀਕਰ ਤੇ ਜਥੇਦਾਰ ਦੀ ਮੁਲਾਕਾਤ ‘ਤੇ ਹੈ, ਇਸ ਮੁਲਾਕਾਤ ਤੋਂ ਬਾਅਦ ਵਧੇਰੇ ਸਪੱਸ਼ਟਤਾ ਮਿਲਣ ਦੀ ਉਮੀਦ ਹੈ।