"ਸਾਡਾ ਸੂਚਨਾ ਸੈਂਟਰ ਕਮਜ਼ੋਰ", IIT ਰੋਪੜ ਪਹੁੰਚੇ ਪੰਜਾਬ ਰਾਜਪਾਲ ਦਾ ਕਾਨੂੰਨ ਵਿਵਸਥਾ ਉੱਤੇ ਬਿਆਨ
ਪੰਜਾਬ ਵਿੱਚ ਹੋ ਰਹੀਆਂ ਘਟਨਾਵਾਂ ਉੱਤੇ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ- ਸਾਡਾ ਸੂਚਨਾ ਸੈਂਟਰ ਕਮਜ਼ੋਰ, ਇਸ ਨੂੰ ਮਜ਼ਬੂਤ ਕਰਨ ਦੀ ਲੋੜ।"

Published : February 25, 2026 at 12:15 PM IST
ਰੂਪਨਗਰ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੋਪੜ ਵਿਖੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਲਈ ਪਹੁੰਚੇ। ਉਹਨਾਂ ਵੱਲੋਂ ਆਈਆਈਟੀ ਦੇ 18ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਹਿੱਸਾ ਲਿਆ। ਮਾਣਯੋਗ ਰਾਜਪਾਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਸਬੰਧੀ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ, "ਫਿਲਹਾਲ ਕੁਝ ਕਮੀਆਂ ਜ਼ਰੂਰ ਹਨ। ਉਨ੍ਹਾਂ ਮੰਨਿਆ ਕਿ ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿੱਥੇ ਵਾਰਦਾਤ ਹੋਣ ਤੋਂ ਬਾਅਦ ਹੀ ਸੂਚਨਾ ਮਿਲਦੀ ਹੈ।"
"ਸਾਡਾ ਸੂਚਨਾ ਸੈਂਟਰ ਕਮਜ਼ੋਰ"
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਨਯੋਗ ਰਾਜਪਾਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਸਬੰਧੀ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ, "ਫਿਲਹਾਲ ਕੁਝ ਕਮੀਆਂ ਜ਼ਰੂਰ ਹਨ। ਉਨ੍ਹਾਂ ਮੰਨਿਆ ਕਿ ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿੱਥੇ ਵਾਰਦਾਤ ਹੋਣ ਤੋਂ ਬਾਅਦ ਹੀ ਸੂਚਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸੂਚਨਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ, ਤਾਂ ਜੋ ਸੰਭਾਵਿਤ ਵਾਰਦਾਤਾਂ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਸਕੇ ਅਤੇ ਸਮੇਂ ਸਿਰ ਕਾਰਵਾਈ ਕਰਕੇ ਉਨ੍ਹਾਂ ਨੂੰ ਰੋਕਿਆ ਜਾ ਸਕੇ।"
ਯਕੀਨੀ ਤੌਰ ਉੱਤੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਅਜਿਹਾ ਸੰਤੁਸ਼ਟੀ ਭਰਿਆ ਨਤੀਜਾ ਨਹੀਂ ਮਿਲਿਆ। ਅਜੇ ਵੀ ਰੋਜ਼ਾਨਾ ਕਿਤੇ ਨਾ ਕਿਤੇ ਘਟਨਾ-ਦੁਰਘਟਨਾ ਹੋ ਰਹੀ ਹੈ। ਮੇਰੀ ਵੀ ਜ਼ਿੰਮੇਵਾਰੀ ਹੈ ਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਇਨ੍ਹਾਂ ਨੂੰ ਰੋਕਿਆ ਜਾਵੇ। ਸਾਡੀ ਸੂਚਨਾ ਪ੍ਰਣਾਲੀ ਜ਼ਰੂਰ ਕਿਤੇ ਨਾ ਕਿਤੇ ਕਮਜ਼ੋਰ ਹੈ, ਘਟਨਾ ਤੋਂ ਬਾਅਦ ਸੂਚਨਾ ਮਿਲਦੀ ਹੈ। ਬਾਅਦ ਵਿੱਚ ਜ਼ਰੂਰ ਜਾਂਚ ਕਰਕੇ ਮੁਲਜ਼ਮਾਂ ਤੱਕ ਪਹੁੰਚਿਆਂ ਜਾਂਦਾ ਹੈ। ਪਰ ਜੇਕਰ ਸੂਚਨਾ ਪਹਿਲਾਂ ਹੀ ਮਿਲੇ, ਤਾਂ ਘਟਨਾ ਹੀ ਨਾ ਹੋਵੇ। -ਗੁਲਾਬ ਚੰਦ ਕਟਾਰੀਆ, ਰਾਜਪਾਲ, ਪੰਜਾਬ
ਲੋੜ ਪਈ ਤਾਂ ਕੇਂਦਰ ਸਰਕਾਰ ਨਾਲ ਵੀ ਕਰਨਗੇ ਗੱਲ
ਰਾਜਪਾਲ ਨੇ ਇਹ ਵੀ ਕਿਹਾ ਕਿ, "ਉਹ ਸੂਬਾ ਸਰਕਾਰ ਨਾਲ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ। ਜੇਕਰ ਲੋੜ ਪਈ, ਤਾਂ ਕੇਂਦਰ ਸਰਕਾਰ ਅਤੇ ਕੇਂਦਰੀ ਏਜੰਸੀਆਂ ਨਾਲ ਸਹਿਕਾਰਤਾ ਵਧਾਉਣ ਲਈ ਵੀ ਉਹ ਆਪਣੀ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਅਤੇ ਇਸ ਲਈ ਸਾਰੇ ਸੰਬੰਧਿਤ ਪੱਖਾਂ ਨੂੰ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ।" ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਸਾਂਝੇ ਉਪਰਾਲਿਆਂ ਅਤੇ ਪ੍ਰਭਾਵਸ਼ਾਲੀ ਰਣਨੀਤੀਆਂ ਨਾਲ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਰਾਜ ਨੂੰ ਤਰੱਕੀ ਦੇ ਰਾਹ ‘ਤੇ ਅੱਗੇ ਵਧਾਇਆ ਜਾਵੇਗਾ।"
ਵੱਖ-ਵੱਖ ਖੋਜ ਪ੍ਰੋਜੈਕਟਾਂ, ਸਟਾਰਟਅੱਪ ਬਾਰੇ ਕੀਤੀ ਗੱਲ
ਦੌਰੇ ਦੌਰਾਨ ਰਾਜਪਾਲ ਨੇ ਸੰਸਥਾ ਵਿੱਚ ਚੱਲ ਰਹੇ ਵੱਖ-ਵੱਖ ਖੋਜ ਪ੍ਰੋਜੈਕਟਾਂ, ਸਟਾਰਟਅੱਪ ਉਪਰਾਲਿਆਂ ਅਤੇ ਉਦਯੋਗਿਕ ਸਾਂਝੇਦਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਖਾਸ ਤੌਰ ‘ਤੇ ਆਰਟੀਫੀਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਹਰੀ ਊਰਜਾ ਅਤੇ ਸਿਹਤ ਤਕਨਾਲੋਜੀ ਨਾਲ ਜੁੜੇ ਪ੍ਰੋਜੈਕਟਾਂ ਵਿੱਚ ਦਿਲਚਸਪੀ ਦਿਖਾਈ।
ਆਈਆਈਟੀ ਰੋਪੜ ਵਰਗੀਆਂ ਸੰਸਥਾਵਾਂ ਪੰਜਾਬ ਨੂੰ ਨਵੀਨਤਾ ਅਤੇ ਤਕਨੀਕੀ ਤਰੱਕੀ ਦੇ ਮੈਦਾਨ ਵਿੱਚ ਅੱਗੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਖੋਜਕਾਰਾਂ ਨਾਲ ਸੰਵਾਦ ਕਰਦੇ ਹੋਏ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੋਜ ਨੂੰ ਸਮਾਜਿਕ ਭਲਾਈ ਅਤੇ ਰਾਸ਼ਟਰੀ ਵਿਕਾਸ ਨਾਲ ਜੋੜਣ। -ਗੁਲਾਬ ਚੰਦ ਕਟਾਰੀਆ, ਰਾਜਪਾਲ, ਪੰਜਾਬ
ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਕਿਹਾ ਕਿ, "ਸਿੱਖਿਆ ਅਤੇ ਖੋਜ ਕਿਸੇ ਵੀ ਰਾਜ ਦੀ ਤਰੱਕੀ ਦਾ ਅਧਾਰ ਹੁੰਦੇ ਹਨ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਆਈਆਈਟੀ ਰੋਪੜ ਭਵਿੱਖ ਵਿੱਚ ਵੀ ਨਵੀਆਂ ਉਚਾਈਆਂ ਹਾਸਲ ਕਰੇਗਾ ਅਤੇ ਦੇਸ਼-ਵਿਦੇਸ਼ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਏ ਰੱਖੇਗਾ। ਉਨ੍ਹਾਂ ਨੇ ਸੰਸਥਾ ਪ੍ਰਬੰਧਨ ਨੂੰ ਵਧਾਈ ਦਿੰਦਿਆਂ ਕਿਹਾ ਕਿ 18 ਸਾਲਾਂ ਦਾ ਇਹ ਸਫਰ ਉਪਲਬਧੀਆਂ ਨਾਲ ਭਰਪੂਰ ਰਿਹਾ ਹੈ।"
ਇਸ ਮੌਕੇ ਸੰਸਥਾ ਦੇ ਡਾਇਰੈਕਟਰ, ਪ੍ਰੋਫੈਸਰਾਂ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਰਾਜਪਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਤਕਨੀਕੀ ਪ੍ਰਦਰਸ਼ਨੀਆਂ ਅਤੇ ਨਵੀਨਤਮ ਖੋਜ ਮਾਡਲ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਰਾਜਪਾਲ ਨੇ ਧਿਆਨ ਨਾਲ ਵੇਖਿਆ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।

