ETV Bharat / state

ਚੜਦੇ ਸਾਲ ਕਤਲ ਦੀਆਂ ਵਾਰਦਾਤਾਂ, ਗੋਲੀਆਂ ਨਾਲ ਦਹਿਲਿਆ ਪੰਜਾਬ, ਵਿਰੋਧੀਆਂ ਨੇ ਘੇਰੀ ਸਰਕਾਰ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਵੱਧ ਰਹੇ ਅਪਰਾਧਾਂ ਕਾਰਨ ਵਿਰੋਧੀ ਧਿਰ ਦੇ ਹਮਲੇ ਦਾ ਸ਼ਿਕਾਰ ਹੈ।

Murder incidents as New Year approaches
ਨਵੇਂ ਸਾਲ ਦੇ ਚੜਦੇ ਕਤਲ ਦੀਆਂ ਵਾਰਦਾਤਾਂ (Etv Bharat)
author img

By ETV Bharat Punjabi Team

Published : January 6, 2026 at 5:26 PM IST

5 Min Read
Choose ETV Bharat

ਪਟਿਆਲਾ/ਬਠਿੰਡਾ/ਤਰਨ ਤਾਰਨ/ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਜਿੱਥੇ 2025 ਵਿੱਚ ਇੱਕ ਵੱਡਾ ਮੁੱਦਾ ਰਹੀ, ਉੱਥੇ ਹੀ 2026 ਦੀ ਸ਼ੁਰੂਆਤ ਵੀ ਸੂਬੇ ਵਿੱਚ ਗੋਲੀਬਾਰੀ ਅਤੇ ਕਤਲਾਂ ਦੀਆਂ ਨਵੀਆਂ ਘਟਨਾਵਾਂ ਨਾਲ ਹੋਈ ਹੈ। ਪਹਿਲੇ ਪੰਜ ਦਿਨਾਂ ਵਿੱਚ ਹੀ ਸੂਬੇ ਵਿੱਚ ਗੋਲੀਬਾਰੀ ਨਾਲ ਕਤਲ ਦੀਆਂ ਘੱਟੋ-ਘੱਟ ਚਾਰ ਘਟਨਾਵਾਂ ਵਾਪਰੀਆਂ ਹਨ, ਜਿਸ ਨਾਲ ਸੂਬੇ ਵਿੱਚ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਇਸ ਨਾਲ ਲੋਕਾਂ ਵਿੱਚ ਦਹਿਸ਼ਤ ਪੈਦਾ ਹੋ ਗਈ ਹੈ, ਜਦੋਂ ਕਿ ਮੁਲਜ਼ਮ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਸ਼ਰ੍ਹੇਆਮ ਫਰਾਰ ਹੋ ਜਾਂਦੇ ਹਨ, ਇੰਝ ਲੱਗਦਾ ਹੈ ਕਿ ਅਜਿਹੇ ਮੁਲਜ਼ਮਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਚੜ੍ਹਦੇ ਸਾਲ ਹੀ ਪੰਜਾਬ ਵਿੱਚ ਹੋਈਆਂ ਇਨ੍ਹਾਂ ਵਾਰਦਾਤਾਂ ਕਾਰਨ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ਉੱਤੇ ਹੈ, ਆਓ ਜਾਣਦੇ ਹਾਂ ਸੂਬਾ ਸਰਕਾਰ ਅਤੇ ਵਿਰੋਧੀ ਪਾਰਟੀਆਂ ਦਾ ਇਸ ਬਾਰੇ ਕੀ ਕਹਿਣਾ ਹੈ...

ਆਮ ਆਦਮੀ ਪਾਰਟੀ ਦੇ ਵਿਚਾਰ (Etv Bharat)

'ਕੁਝ ਤਾਕਤਾਂ ਪੰਜਾਬੀਆਂ ਨੂੰ ਹੱਸਦਾ ਵੱਸਦਾ ਨਹੀਂ ਦੇਖਣਾ ਚਾਹੁੰਦੀਆਂ'

ਪਟਿਆਲਾ ਵਿੱਚ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਾਨੂੰਨ-ਵਿਵਸਥਾ ਬਾਰੇ ਗੱਲ ਕਰਦਿਆਂ ਕਿਹਾ ਕਿ "ਪੰਜਾਬ ਵਿੱਚ ਹੋ ਰਿਹਾ ਕੋਈ ਵੀ ਕਤਲ ਹੈ ਬਹੁਤ ਦੁਖਦਾਈ ਹੈ। ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਹੜ੍ਹਾਂ ਦੌਰਾਨ ਵੀ ਪਾਕਿਸਤਾਨ ਤੋਂ ਭਾਰੀ ਮਾਤਰਾ ਵਿੱਚ ਹੈਰੋਇਨ ਆਈ ਹੈ। ਪਾਕਿਸਤਾਨ ਤਾਂ ਦੁਸ਼ਮਣ ਦੇਸ਼ ਹੈ ਪਰ ਗੁਜਰਾਤ ਅਤੇ ਮਹਾਰਾਸ਼ਟਰ ਵੱਲੋਂ ਵੀ ਹੈਰੋਇਨ ਭੇਜੀ ਜਾ ਰਹੀ ਹੈ। ਕੁਝ ਤਾਕਤਾਂ ਪੰਜਾਬ ਅਤੇ ਪੰਜਾਬੀਆਂ ਨੂੰ ਹੱਸਦਾ ਵੱਸਦਾ ਨਹੀਂ ਦੇਖਣਾ ਚਾਹੁੰਦੀਆਂ ਹਨ, ਉਹ ਪੰਜਾਬ ਦਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨ੍ਹਾਂ ਦੇ ਗੈਂਗਸਟਰਾਂ ਨਾਲ ਸੰਬੰਧ ਹਨ। ਪੰਜਾਬ ਨੂੰ ਡਰੱਗਜ਼, ਗੈਂਗਸਟਰਵਾਦ ਅਤੇ ਨਾਰਕੋ-ਟੈਰਰਿਜ਼ਮ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸਰਕਾਰ ਦੀ ਨੀਤੀ ਜ਼ੀਰੋ ਟੋਲਰੈਂਸ ਦੀ ਹੈ ਅਤੇ ਅਪਰਾਧੀ ਕਿਤੇ ਵੀ ਲੁਕੇ ਹੋਣ, ਉਨ੍ਹਾਂ ਨੂੰ ਫੜ ਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ।"

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੰਮ੍ਰਿਤਸਰ ਦੇ ਮੈਰਿਜ ਪੈਲੇਸ ਵਿੱਚ 2 ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਕਤਲ ਕੀਤੇ ਗਏ ਸਰਪੰਚ ਜਰਮਲ ਸਿੰਘ ਦੇ ਘਰ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਅਮਨ ਅਰੋੜਾ ਨੇ ਦੱਸਿਆ ਕਿ "ਕਾਤਲਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਜਿਹੜੇ ਵੀ ਬਦਮਾਸ਼ਾਂ ਹਨ ਇਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਗੈਂਗਸਟਰ ਹੁਣੇ ਪੈਦਾ ਨਹੀਂ ਹੋਏ, ਇਹ ਪਹਿਲਾਂ ਤੋਂ ਹੀ ਪੈਦਾ ਹੋਏ ਸੀ ਪਰ ਹੌਲੀ-ਹੌਲੀ ਇਨ੍ਹਾਂ ਦਾ ਆਤੰਕ ਇਨ੍ਹਾਂ ਵੱਧ ਗਿਆ ਕਿ ਇਨ੍ਹਾਂ ਨੂੰ ਜੜ੍ਹੋਂ ਖਤਮ ਕਰਨ ਲਈ ਥੋੜਾ ਸਮਾਂ ਤਾਂ ਜਰੂਰ ਲੱਗੇਗਾ ਪਰ ਅਸੀਂ ਇਨ੍ਹਾਂ ਦਾ ਖਾਤਮਾ ਕਰ ਕੇ ਹੀ ਰਹਾਂਗੇ। ਬੱਸ ਇਸ ਚੀਜ਼ ਦੀ ਸਮੱਸਿਆ ਆਉਂਦੀ ਹੈ ਕਿ ਇਨ੍ਹਾਂ ਦੇ ਮਾਸਟਰਮਾਇਂਡ ਬਾਹਰਲੇ ਦੇਸ਼ਾਂ ਵਿੱਚ ਬੈਠੇ ਬਨ ਜਿੰਨ੍ਹਾਂ ਨੂੰ ਡਿਪੋਟਰ ਕਰਕੇ ਲੈ ਕੇ ਆਉਣ ਲਈ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਪੈਣਾ ਪਰ ਉਨ੍ਹਾਂ ਵੱਲੋਂ ਹੱਥ ਬੰਨ੍ਹ ਦਿੱਤੇ ਜਾਂਦੇ ਹਨ।"

ਵਿਰੋਧੀਆਂ ਨੇ ਘੇਰੀ ਸਰਕਾਰ (Etv Bharat)

'ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ੍ਹ'

ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿੱਚ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕਦੇ ਕਿਹਾ ਕਿ "ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਫੇਲ੍ਹ ਹੋ ਚੁੱਕੀ ਹੈ। ਪੰਜਾਬ ਵਿੱਚ ਰੋਜਾਨਾ ਕਤਲ, ਲੁੱਟ ਖੋਹ, ਫਰੌਤੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸਰਕਾਰ ਦੌਰਾਨ ਨਾਮੀ ਕਲਾਕਾਰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਪਰ ਉਸ ਦਾ ਪਰਿਵਾਰ ਅੱਜ ਵੀ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਅੰਮ੍ਰਿਤਸਰ ਵਿਖੇ ਵਿਆਹ ਸਮਾਗਮ ਦੌਰਾਨ ਐਮਐਲਏ ਦੀ ਹਾਜ਼ਰੀ ਵਿੱਚ ਕਤਲ ਹੋਣਾ, ਮੋਗਾ ਵਿੱਚ ਨੌਜਵਾਨ ਦਾ ਦਿਨ-ਦਿਹਾੜ੍ਹੇ ਕਤਲ ਹੋ ਜਾਣਾ, ਕਬੱਡੀ ਖਿਡਾਰੀਆਂ ਦੇ ਕਤਲ ਹੋਈ ਜਾਣਾ, ਪੁਲਿਸ ਥਾਣਿਆਂ ਵਿੱਚ ਗ੍ਰਨੇਡ ਅਟੈਕ ਹੋ ਜਾਣਾ, ਇਸ ਤਰ੍ਹਾਂ ਘਟਨਾਵਾਂ ਨਾਲ ਪੰਜਾਬ ਦਾ ਹਰ ਇੱਕ ਨਾਗਰਿਕ ਡਰ ਦਾ ਮਾਹੌਲ ਵਿੱਚ ਜੀਣ ਲਈ ਮਜ਼ਬੂਰ ਹੋ ਗਿਆ ਹੈ। ਪੰਜਾਬ ਵਿੱਚ ਕੋਈ ਵੀ ਵਰਗ ਸੁਰੱਖਿਤ ਨਹੀਂ ਹੈ। ਫਿਰ ਵੀ 'ਆਪ' ਸਰਕਾਰ ਤੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ।"

'ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਾ ਦੀ ਕੋਈ ਚੀਜ਼ ਨਹੀਂ'

ਸ੍ਰੀ ਮੁਕਤਸਰ ਸਾਹਿਬ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ "ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੋਈ ਚੀਜ਼ ਹੀ ਨਹੀਂ ਹੈ, ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ। ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਇੱਕ ਵਿਆਹ ਸਮਾਰੋਹ ਦੌਰਾਨ ਸਰਪੰਚ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੌਰਾਨ ਮਹਿਮਾਨ ਆਪਣੀ ਜਾਨ ਬਚਾਉਣ ਲਈ ਮੇਜ਼ਾਂ ਹੇਠ ਲੁਕਣ ਲਈ ਮਜ਼ਬੂਰ ਹੋ ਗਏ। ਪੰਜਾਬ ਵਿੱਚ ਇਹ ਪਹਿਲਾ ਹਾਦਸਾ ਨਹੀਂ ਹੈ, ਇਹ ਵਿਆਹ ਦੌਰਾਨ ਵਾਪਰੀ ਇਹ ਦੂਜੀ ਘਟਨਾ ਹੈ ਕਿ ਲੋਕਾਂ ਨੇ ਵਿਆਹ ਵਿੱਚ ਮੇਜ਼ਾਂ ਦੇ ਥੱਲੇ ਲੁੱਕ-ਲੁੱਕ ਕੇ ਆਪਣੀ ਜਾਨ ਬਚਾਈ।"

"ਮੈਂ ਖੁਦ ਉਹ ਵੀਡੀਓ ਦੇਖੀ ਹੈ, ਜਿਸ ਵਿੱਚ ਉਹ ਹਮਲਾਵਰ ਸ਼ਰੇਆਮ ਬਿਨ੍ਹਾਂ ਮੂੰਹ ਢੱਕੇ ਆਉਂਦੇ ਹਨ, ਸਿੱਧਾ ਆ ਕੇ ਸਿਰ ਵਿੱਚ ਗੋਲੀ ਮਾਰਦੇ ਹਨ ਅਤੇ ਬਿਨ੍ਹਾਂ ਕਿਸੇ ਡਰ ਦੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਅਜਿਹੇ ਮਾਮਲਿਆਂ ਵਿੱਚ ਪੁਲਿਸ ਦੀ ਭੂਮਿਕਾ ਕੀ ਰਹਿ ਗਈ ਹੈ, ਕਿਉਂਕਿ ਅਕਸਰ ਪੁਲਿਸ ਸਿਰਫ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਤੱਕ ਹੀ ਸੀਮਿਤ ਰਹਿ ਜਾਂਦੀ ਹੈ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਤਰਨ ਤਾਰਨ ਵਿੱਚ ਸਾਡੇ ਬਲਾਕ ਪ੍ਰਧਾਨ ਦਾ ਕਤਲ ਹੋਇਆ, ਜਿਸ ਮਗਰੋਂ ਮੈਂ ਖੁਦ ਸਾਰੀ ਰਾਤ ਧਰਨੇ ’ਤੇ ਬੈਠਾ ਰਿਹਾ, ਪਰ ਅੱਜ ਤੱਕ ਦੋਸ਼ੀ ਫੜ੍ਹੇ ਨਹੀਂ ਗਏ। ਪੀੜਤ ਪਰਿਵਾਰ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਅਤੇ ਹਮਲਾਵਰ ਬੇਖੌਫ਼ ਘੁੰਮ ਰਹੇ ਹਨ।"- ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਧਾਨ ਪੰਜਾਬ ਕਾਂਗਰਸ

'ਪੁਲਿਸ ਅਧਿਕਾਰੀਆਂ ਦੀ ਮੌਜੂਦਗੀ 'ਚ ਕਬੱਡੀ ਖਿਡਾਰੀ ਦਾ ਕਤਲ'

ਰਾਜਾ ਵੜਿੰਗ ਨੇ ਕਿਹਾ ਕਿ ਇਸ ਤੋਂ ਇਲਾਵਾ ਲੁਧਿਆਣਾ ਅਤੇ ਮੋਹਾਲੀ ਵਿੱਚ ਵੀ ਦਿਨ-ਦਿਹਾੜੇ ਨਿਹੱਥੇ ਲੋਕਾਂ ਦੇ ਕਤਲ ਹੋਏ, ਜਿੱਥੇ ਕਬੱਡੀ ਖਿਡਾਰੀ ਦਾ ਕਤਲ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਹੋ ਗਿਆ। ਪੰਜਾਬ ਵਿੱਚ ਗੈਂਗਵਾਰ ਆਮ ਹੋ ਚੁੱਕੀ ਹੈ ਅਤੇ ਪੰਜਾਬ ਪੁਲਿਸ ਦੇ ਨਾਮ ’ਤੇ ਲੋਕਾਂ ਦਾ ਭਰੋਸਾ ਲੱਗਭਗ ਖਤਮ ਹੋ ਗਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਲਾਤ ਇੰਝ ਹੀ ਰਹੇ, ਤਾਂ ਲੋਕਾਂ ਨੂੰ ਆਪਣੀ ਜਾਨ-ਮਾਲ ਦੀ ਰੱਖਿਆ ਆਪ ਹੀ ਕਰਨੀ ਪਵੇਗੀ ਅਤੇ ਪੰਜਾਬ ਪੂਰੀ ਤਰ੍ਹਾਂ ਰੱਬ ਦੇ ਆਸਰੇ ਛੱਡਿਆ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਹੈ ਪਰ ਮੁੱਖ ਮੰਤਰੀ ਦਾ ਇਨ੍ਹਾਂ ਘਟਨਾਵਾਂ ਵੱਲ ਕੋਈ ਧਿਆਨ ਨਹੀਂ ਹੈ, ਉਸਨੇ ਕਦੇ ਵੀ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਵੱਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਕਿ ਕ੍ਰਾਇਮ ਘਟ ਹੋ ਗਿਆ। ਰਾਜਾ ਵੜਿੰਗ ਨੇ ਕਿਹਾ ਕਿ ਕ੍ਰਾਇਮ ਤਾਂ ਆਪੇ ਹੀ ਘਟ ਗਿਆ ਕਿਉਂਕਿ ਪਰਚੇ ਦਰਜ ਹੋ ਨਹੀਂ ਰਹੇ। ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਤੁਸੀਂ ਹੈਂਡ ਗ੍ਰਨੇਡ ਫਟਣ ਦੀਆਂ ਘਟਨਾਵਾਂ ਨੂੰ ਵੀ ਕਹਿ ਦਿੰਦੇ ਹੋ ਕਿ ਟਾਇਰ ਫਟ ਗਿਆ ਇਸ ਤਰ੍ਹਾਂ ਝੂਠ ਬੋਲਣ ਨਾਲ ਕੁਝ ਨਹੀਂ ਹੋ ਸਕਦਾ।