ਖਾੜੀ ਮੁਲਕਾਂ 'ਚ ਫਸੇ ਪੰਜਾਬੀਆਂ ਲਈ ਰਾਜਾ ਵੜਿੰਗ ਨੇ ਕੇਂਦਰ ਨੂੰ ਲਿਖੀ ਚਿੱਠੀ, ਸੀਐਮ ਮਾਨ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ
ਈਰਾਨ ਅਤੇ ਇਜ਼ਰਾਈਲ ਜੰਗ ਸਬੰਧੀ ਗੱਲ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ।


Published : March 2, 2026 at 3:44 PM IST
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਲਫ ਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਦੇ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿੱਚ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਐਸਜੈ ਸ਼ੰਕਰ ਨੂੰ ਚਿੱਠੀ ਲਿਖ ਕੇ ਮਾਮਲੇ ਦੀ ਗੰਭੀਰਤਾ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਬਠਿੰਡਾ ਕਾਲਜ ਦੀ ਪ੍ਰਿੰਸੀਪਲ ਦੀ ਦੁਬਈ ਵਿੱਚੋਂ ਸੁਰੱਖਿਅਤ ਵਾਪਸੀ ਲਈ ਈ-ਮੇਲ ਜ਼ਰੀਏ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਗਈ ਹੈ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।
ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਪੰਜਾਬ ਸਰਕਾਰ
ਮੀਡੀਆ ਨਾਲ ਗੱਲ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ 'ਖਾੜੀ ਦੇ ਕਈ ਦੇਸ਼ਾਂ ਵਿੱਚ ਪੰਜਾਬ ਸਮੇਤ ਦੇਸ਼ ਦੇ ਹੋਰ ਹਿੱਸਿਆਂ ਦੇ ਨੌਜਵਾਨ ਰੁਜ਼ਗਾਰ ਦੀ ਲਈ ਗਏ ਹੋਏ ਹਨ, ਪਰ ਕੁਝ ਲੋਕ ਉੱਥੇ ਨੌਕਰੀ ਸੰਬੰਧੀ ਵਿਵਾਦਾਂ, ਵੀਜ਼ਾ ਸਮੱਸਿਆਵਾਂ ਜਾਂ ਕੰਪਨੀਆਂ ਦੇ ਬੰਦ ਹੋਣ ਕਾਰਨ ਮੁਸ਼ਕਲ ਹਾਲਾਤ ਵਿੱਚ ਫਸੇ ਹੋਏ ਹਨ। ਉਨ੍ਹਾਂ ਦੇ ਪਰਿਵਾਰਾਂ ਵੱਲੋਂ ਲਗਾਤਾਰ ਸਹਾਇਤਾ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਸਬੰਧੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਭਾਰਤੀ ਦੂਤਾਵਾਸਾਂ ਰਾਹੀਂ ਤੁਰੰਤ ਕਾਰਵਾਈ ਕੀਤੀ ਜਾਵੇ। ਜੋ ਲੋਕ ਜੰਗ ਦੇ ਮਾਹੌਲ 'ਚ ਫਸੇ ਹੋਏ ਹਨ ਉਨ੍ਹਾਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਜ਼ਰੂਰਤ ਪੈਣ ‘ਤੇ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ।'
ਬਰਨਾਲਾ ਰੈਲੀ ਵਿੱਚ ਇਕਜੁੱਟਤਾ ਦਾ ਸੰਦੇਸ਼
ਬਰਨਾਲਾ 'ਚ ਹੋਈ ਰੈਲੀ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਪਾਰਟੀ ਲੀਡਰਾਂ ਨੂੰ ਦਿੱਤੇ ਗਏ ਸੰਦੇਸ਼ ਬਾਰੇ ਵੀ ਰਾਜਾ ਵੜਿੰਗ ਨੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ 'ਰਾਹੁਲ ਗਾਂਧੀ ਨੇ ਸਾਫ਼ ਤੌਰ ‘ਤੇ ਕਿਹਾ ਕਿ 'ਜੇ ਪਾਰਟੀ ਦੇ ਸਾਰੇ ਨੇਤਾ ਅਤੇ ਵਰਕਰ ਟੀਮ ਵਾਂਗ ਇਕੱਠੇ ਹੋ ਕੇ ਕੰਮ ਕਰਨਗੇ ਤਾਂ ਜਿੱਤ ਯਕੀਨੀ ਬਣੇਗੀ। ਕਾਂਗਰਸ ਪਾਰਟੀ ਇਕਜੁੱਟ ਹੋ ਕੇ ਲੋਕਾਂ ਦੇ ਮੁੱਦਿਆਂ ਨੂੰ ਚੁੱਕ ਰਹੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਮਜ਼ਬੂਤੀ ਨਾਲ ਮੈਦਾਨ ਵਿੱਚ ਉਤਰੇਗੀ।' ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਦਾ ਭਰੋਸਾ ਕਾਂਗਰਸ ‘ਤੇ ਵੱਧ ਰਿਹਾ ਹੈ ਅਤੇ ਪਾਰਟੀ ਜਨਤਾ ਦੀਆਂ ਉਮੀਦਾਂ ‘ਤੇ ਖ਼ਰਾ ਉਤਰਣ ਲਈ ਵਚਨਬੱਧ ਹੈ।
ਅਮਿਤ ਸ਼ਾਹ ਦੀ ਪੰਜਾਬ ਰੈਲੀ 'ਤੇ ਵਾਰ
ਦੇਸ਼ ਦੇ ਗ੍ਰਹਿ ਮੰਤਰੀ 14 ਮਾਰਚ ਨੂੰ ਪੰਜਾਬ ਦੇ ਮੋਗਾ ਵਿਖੇ ਵੱਡੀ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ। ਜਿਸ 'ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ 'ਇਹ ਤਾਂ ਇਕ ਟ੍ਰੇਲਰ ਹੈ, ਅਮਿਤ ਸ਼ਾਹ 14 ਮਾਰਚ ਨੂੰ ਕੁਝ ਵੀ ਕਹਿ ਸਕਦੇ ਹਨ। ਉਨ੍ਹਾਂ ਨੇ ਕਿਥੇ, ਕਦੋਂ ਅਤੇ ਕੀ ਕਹਿਣਾ ਹੈ ਇਸ ਸਬੰਧੀ ਮਤਲਬ ਸਿਰਫ਼ ਕੁਝ ਹੀ ਲੋਕ ਸਮਝਦੇ ਹਨ। ਲੰਘੇ ਦਿਨੀਂ ਪ੍ਰਧਾਨ ਮੰਤਰੀ ਮੋਦੀ ਦਾ ਡੇਰਿਆਂ 'ਤੇ ਆਉਣਾ ਅਤੇ ਖ਼ਾਸ ਤੌਰ 'ਤੇ ਜਲੰਧਰ ਜਾਣਾ ਇਕ ਖ਼ਾਸ ਕਿਸਮ ਦੀ ਰਾਜਨੀਤੀ ਹੈ। ਭਾਰਤੀ ਜਨਤਾ ਪਾਰਟੀ ਨੇ ਕਦੇ ਵੀ ਕੰਮ ਦੇ ਅਧਾਰ 'ਤੇ ਸਰਕਾਰ ਨਹੀਂ ਬਣਾਈ ਬਲਕਿ ਧਰਮ ਅਤੇ ਜਾਤ ਦੇ ਅਧਾਰ 'ਤੇ ਵੋਟਾਂ ਦੀ ਵੰਡ ਕਰਕੇ ਹੀ ਸਰਕਾਰ ਬਣਾਈ ਹੈ।'
ਅਰਬ ਦੇਸ਼ਾਂ ਦੇ ਵਿੱਚ ਲੜਾਈ ਲੱਗਣ ਕਰਕੇ ਬਹੁਤ ਸਾਰੇ ਪੰਜਾਬੀ ਇਹਨਾਂ ਮੁਲਕਾਂ ਵਿੱਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ .. ਅੱਜ NRI Wing ਦੇ ਨੰਬਰ ਜਾਰੀ ਕਰ ਰਹੇ ਹਾਂ ਜੇ ਕੋਈ ਖੁਦ ਜਾਂ ਉਹਨਾਂ ਦੇ ਪਰਿਵਾਰ ਦਾ ਮੈਂਬਰ ਇਹਨਾਂ ਮੁਲਕਾਂ ਵਿੱਚ ਫਸਿਆ ਹੈ ਤਾਂ ਤੁਰੰਤ ਸੰਪਰਕ ਕਰੋ.. ਮੈਂ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਵਿੱਚ ਹਾਂ ਜਲਦੀ ਉਹਨਾਂ…
— Bhagwant Mann (@BhagwantMann) March 2, 2026
ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ
ਜ਼ਿਕਰਯੋਗ ਹੈ ਕਿ ਇਰਾਨ ਅਤੇ ਇਜ਼ਰਾਈਲ ਦੀ ਜੰਗ ਕਾਰਨ ਗਲਫ ਦੇਸ਼ਾਂ 'ਚ ਫਸੇ ਪੰਜਾਬੀਆਂ ਨੂੰ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਇਸ ਹੀ ਤਹਿਤ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਉਨ੍ਹਾਂ ਆਪਣੀ ਪੋਸਟ 'ਚ ਲਿਖਿਆ ਕਿ "ਅਰਬ ਦੇਸ਼ਾਂ ਦੇ ਵਿੱਚ ਲੜਾਈ ਲੱਗਣ ਕਰਕੇ ਬਹੁਤ ਸਾਰੇ ਪੰਜਾਬੀ ਇਹਨਾਂ ਮੁਲਕਾਂ ਵਿੱਚ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ .. ਅੱਜ NRI Wing ਦੇ ਨੰਬਰ ਜਾਰੀ ਕਰ ਰਹੇ ਹਾਂ ਜੇ ਕੋਈ ਖੁਦ ਜਾਂ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਇਨਾਂ ਮੁਲਕਾਂ ਵਿੱਚ ਫਸਿਆ ਹੈ ਤਾਂ ਤੁਰੰਤ ਸੰਪਰਕ ਕਰੋ.. ਮੈਂ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਵਿੱਚ ਹਾਂ ਜਲਦੀ ਉਹਨਾਂ ਨੂੰ ਅਸੀਂ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ..NRI Wing Punjab 24/7 Control Room 0172-2260042 0172-2260043 What’s App No +91 94787 79112'

