ETV Bharat / state

ਮਾਝੇ ਦੀ ਧਰਤੀ ਤੋਂ ਮਨਰੇਗਾ ਬਚਾਓ ਸੰਗਰਾਮ ਦਾ ਅਗਾਜ਼, ਕਾਂਗਰਸ ਨੇ ਵਿੱਢਿਆ ਸੰਘਰਸ਼

ਮਾਝੇ ਦੀ ਧਰਤੀ ਤੋਂ ਪੰਜਾਬ ਕਾਂਗਰਸ ਵੱਲੋਂ ਮਨਰੇਗਾ ਬਚਾਓ ਸੰਗਰਾਮ ਦਾ ਅਗਾਜ਼ ਕੀਤਾ ਗਿਆ ਹੈ।

MNREGA SAVE CAMPAIGN
ਮਾਝੇ ਦੀ ਧਰਤੀ ਤੋਂ ਮਨਰੇਗਾ ਬਚਾਓ ਸੰਗਰਾਮ ਦਾ ਅਗਾਜ਼ (ETV BHARAT)
author img

By ETV Bharat Punjabi Team

Published : January 8, 2026 at 2:15 PM IST

2 Min Read
Choose ETV Bharat

ਅੰਮ੍ਰਿਤਸਰ: ਮਨਰੇਗਾ ਸਕੀਮ ਨੂੰ ਬੰਦ ਕਰਕੇ ਇਸ ਦੀ ਥਾਂ ਉੱਤੇ ਜੀ ਰਾਮ ਜੀ ਬਿੱਲ ਪਿਛਲੇ ਸਾਲ 16 ਦਸੰਬਰ ਨੂੰ ਭਾਰਤ ਦੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਲੋਕ ਸਭਾ ਵਿੱਚ ਲਿਆਂਦਾ ਗਿਆ,ਜਿਸ ਤੋਂ ਬਾਅਦ ਕਾਂਗਰਸ ਵੱਲੋਂ ਲਗਾਤਾਰ ਕੇਂਦਰ ਸਰਕਾਰ ਦਾ ਇਸ ਮਾਮਲੇ ਉੱਤੇ ਵਿਰੋਧ ਜਾਰੀ ਹੈ। ਮਨਰੇਗਾ ਸਕੀਮ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਦੇ ਵਿਰੋਧ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸੂਬਾ ਪੱਧਰੀ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ।

ਮਨਰੇਗਾ ਬਚਾਓ ਸੰਗਰਾਮ ਦਾ ਅਗਾਜ਼, ਕਾਂਗਰਸ ਨੇ ਵਿੱਢਿਆ ਸੰਘਰਸ਼ (ETV BHARAT)

'ਅੰਮ੍ਰਿਤਸਰ ਅਤੇ ਗੁਰਦਾਸਪੁਰ ਮੁੱਖ ਕੇਂਦਰ'

ਇਸ ਸੰਘਰਸ਼ ਦੀ ਸ਼ੁਰੂਆਤ ਮਾਝਾ ਖੇਤਰ ਤੋਂ ਕੀਤੀ ਗਈ, ਜਿਸ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਮੁੱਖ ਕੇਂਦਰ ਰਹੇ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਅਭਿਆਨ ਕਾਂਗਰਸ ਵੱਲੋਂ ਪਹਿਲਾਂ ਕੀਤੀਆਂ ਗਈਆਂ ਪ੍ਰੈੱਸ ਕਾਨਫਰੰਸਾਂ ਤੋਂ ਬਾਅਦ ਅਗਲਾ ਵੱਡਾ ਕਦਮ ਹੈ।

'ਮਨਰੇਗਾ ਨੂੰ ਖਤਮ ਕਰਨ ਦੀ ਯੋਜਨਾ'
ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਮੁਤਾਬਿਕ, 'ਅੱਜ ਤੋਂ ਸ਼ੁਰੂ ਹੋਇਆ ਮਨਰੇਗਾ ਬਚਾਓ ਸੰਗਰਾਮ ਲਗਭਗ 15 ਦਿਨਾਂ ਤੱਕ ਚੱਲੇਗਾ, ਜਿਸ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਭਾਵਾਂ ਕੀਤੀਆਂ ਜਾਣਗੀਆਂ ਅਤੇ ਮਜ਼ਦੂਰਾਂ ਨਾਲ ਸਿੱਧੀ ਗੱਲਬਾਤ ਕੀਤੀ ਜਾਵੇਗੀ। ਮਨਰੇਗਾ ਗਰੀਬ ਅਤੇ ਮਜ਼ਦੂਰ ਵਰਗ ਦੀ ਲਾਈਫਲਾਈਨ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਨੂੰ ਲਗਭਗ ਖਤਮ ਕਰਨ ਦਾ ਮਨ ਬਣਾ ਲਿਆ ਹੈ।'

'ਫੰਡਾਂ ਵਿੱਚ ਕਟੌਤੀ'

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ, 'ਮਨਰੇਗਾ ਯੋਜਨਾ ਕਾਂਗਰਸ ਸਰਕਾਰ ਨੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਸੀ ਤਾਂ ਜੋ ਗਰੀਬ ਪਰਿਵਾਰਾਂ ਨੂੰ ਘਰ ਬੈਠੇ ਰੁਜ਼ਗਾਰ ਦੀ ਗਰੰਟੀ ਮਿਲ ਸਕੇ। ਕੇਂਦਰ ਸਰਕਾਰ ਨੇ ਫੰਡਾਂ ਵਿੱਚ ਕਟੌਤੀ ਕਰਕੇ ਅਤੇ ਪੰਜਾਬ ਸਰਕਾਰ ਨੇ ਆਪਣਾ ਹਿੱਸਾ ਨਾ ਪਾ ਕੇ ਇਸ ਯੋਜਨਾ ਨੂੰ ਠੱਪ ਕਰ ਦਿੱਤਾ ਹੈ।'

ਪਹਿਲਾਂ ਕੇਂਦਰ ਸਰਕਾਰ 90 ਫੀਸਦੀ ਅਤੇ ਰਾਜ ਸਰਕਾਰ 10 ਫੀਸਦੀ ਹਿੱਸਾ ਪਾਉਂਦੀ ਸੀ ਪਰ ਹੁਣ ਨਵੀਂ ਪ੍ਰਣਾਲੀ ਅਧੀਨ ਰਾਜ ਸਰਕਾਰ ’ਤੇ 40 ਫੀਸਦੀ ਬੋਝ ਪਾ ਦਿੱਤਾ ਗਿਆ ਹੈ, ਜੋ ਪੰਜਾਬ ਦੀ ਮਾਲੀ ਹਾਲਤ ਦੇ ਮੱਦੇਨਜ਼ਰ ਅਸੰਭਵ ਹੈ। ਬਾਇਓਮੈਟਰਿਕ ਹਾਜ਼ਰੀ ਅਤੇ ਐਪ ਸਿਸਟਮ ’ਤੇ ਵੀ ਸਿਰਫ ਮਨਰੇਗਾ ਨਾਲ ਜੁੜੇ ਲੋਕਾਂ ਦਾ ਸ਼ੋਸ਼ਣ ਹੀ ਕਰਦਾ ਹੈ। ਬਜ਼ੁਰਗ ਮਜ਼ਦੂਰਾਂ ਨੂੰ ਅੰਗੂਠਾ ਲਗਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਬਹੁਤੀ ਵਾਰ ਤਾਂ ਉਨ੍ਹਾਂ ਨੂੰ ਆਪਣੀ ਮਿਹਨਤ ਦੀ ਕਮਾਈ ਤੱਕ ਨਹੀਂ ਮਿਲਦੀ,ਇਸ ਲਈ ਪੰਜਾਬ ਵਿੱਚ ਕਾਂਗਰਸ ਵੱਲੋਂ ਮਨਰੇਗਾ ਬਚਾਓ ਸੰਗਰਾਮ ਮੁਹਿੰਮ ਦਾ ਅਗਾਜ਼ ਕੀਤਾ ਗਿਆ ਹੈ।- ਅਮਰਿੰਦਰ ਸਿੰਘ ਰਾਜਾ ਵੜਿੰਗ,ਪ੍ਰਧਾਨ,ਪੰਜਾਬ ਕਾਂਗਰਸ

ਇਸ ਮੌਕੇ ਸੀਨੀਅਰ ਕਾਂਗਰਸ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ, 'ਮਨਰੇਗਾ ਬਚਾਓ ਸੰਗਰਾਮ ਦੀ ਸ਼ੁਰੂਆਤ ਅੱਜ ਗੁਰਦਾਸਪੁਰ ਤੋਂ ਕੀਤੀ ਗਈ ਹੈ ਅਤੇ ਇਹ ਸੰਘਰਸ਼ 12 ਤਰੀਕ ਤੱਕ ਲਗਾਤਾਰ ਜਾਰੀ ਰਹੇਗਾ। ਕਾਂਗਰਸ ਪਾਰਟੀ ਇਹ ਲੜਾਈ ਸਿਰਫ਼ ਸੜਕਾਂ ਤੱਕ ਸੀਮਤ ਨਹੀਂ ਰੱਖੇਗੀ, ਬਲਕਿ ਸੰਸਦ ਤੋਂ ਲੈ ਕੇ ਪਿੰਡਾਂ, ਸ਼ਹਿਰਾਂ ਅਤੇ ਗਲੀਆਂ ਤੱਕ ਲੈ ਕੇ ਜਾਵੇਗੀ।'