ਪੰਜਾਬ ਦੇ ਮੰਤਰੀ ਸਣੇ ਆਪ ਵਿਧਾਇਕ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਹੋਈ ਪੇਸ਼ੀ, ਜਥੇਦਾਰ ਵਲੋਂ ਹਿਦਾਇਤ ਜਾਰੀ
ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਦਿੱਤਾ ਸਪਸ਼ਟੀਕਰਨ।

Published : January 5, 2026 at 2:28 PM IST
ਅੰਮ੍ਰਿਤਸਰ: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਅੱਜ ਸੋਮਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਵਿੱਚ ਨਿਮਾਣੇ ਸਿੱਖ ਵਜੋਂ ਪੇਸ਼ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ (ਜੈਤਾ ਜੀ) ਦੀ ਯਾਦਗਾਰ 'ਤੇ ਲੱਗੀਆਂ ਤਸਵੀਰਾਂ 'ਤੇ ਆਪਣੇ ਇਤਰਾਜ਼ ਨੂੰ ਸਪੱਸ਼ਟ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਕਿਹਾ ਕਿ ਉਹਨਾਂ ਨੇ ਨਿੱਜੀ ਤੌਰ ’ਤੇ ਅਤੇ ਆਪਣੇ ਵਿਭਾਗ ਦੀਆਂ ਸਾਰੀਆਂ ਗੱਲਾਂ ਸਾਫ਼-ਸਾਫ਼ ਰੱਖੀਆਂ ਹਨ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਿਧਾਇਕ ਅਤੇ ਚੀਫ਼ ਖ਼ਾਲਸਾ ਦੀਵਾਨ (CKD) ਦੇ ਮੁਖੀ ਡਾ. ਇੰਦਰਬੀਰ ਨਿੱਝਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਏ।
ਜਥੇਦਾਰ ਸਾਹਿਬ ਵਲੋਂ ਹਿਦਾਇਤਾਂ ਦਿੱਤੀਆਂ ਗਈਆਂ
ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਹੈ ਕਿ ਟੂਰਿਜ਼ਮ ਵਿਭਾਗ ਵਿੱਚ ਇੱਕ ਅਜਿਹਾ ਅਫ਼ਸਰ ਨਿਯੁਕਤ ਕੀਤਾ ਜਾਵੇ, ਜਿਸ ਨੂੰ ਸਿੱਖ ਸਿਧਾਂਤਾਂ, ਸਿੱਖ ਮਰਿਆਦਾ ਅਤੇ ਪੰਜਾਬ ਦੀ ਵਿਰਾਸਤ ਬਾਰੇ ਪੂਰੀ ਜਾਣਕਾਰੀ ਹੋਵੇ।
ਮੈਂ ਜੱਥੇਦਾਰ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਸਾਡਾ ਸਪੱਸ਼ਟੀਕਰਨ ਕਬੂਲ ਕੀਤਾ ਹੈ। ਉਨ੍ਹਾਂ ਦੀਆਂ ਹਿਦਾਇਤਾਂ ਮੁਤਾਬਕ ਵਿਭਾਗ ਵਿੱਚ ਬਣਦਾ ਬਦਲਾਅ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕੀਤੀ ਜਾਵੇਗੀ। ਅਸੀਂ ਇਸ ਪੂਰੇ ਮਾਮਲੇ ਵਿੱਚ ਫੈਸਲਾ ਲਿਆ ਜਾਵੇਗਾ।
- ਤਰੁਣਪ੍ਰੀਤ ਸਿੰਘ ਸੌਂਦ, ਕੈਬਨਿਟ ਮੰਤਰੀ, ਪੰਜਾਬ
ਵਿਭਾਗ ਵਿੱਚ ਜ਼ਿੰਮੇਵਾਰ ਅਫ਼ਸਰ ਦੀ ਨਿਯੁਕਤੀ ਕੀਤੀ ਜਾਵੇਗੀ
ਮੰਤਰੀ ਸੌਂਦ ਨੇ ਕਿਹਾ ਕਿ ਇਸ ਸਬੰਧੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕਰਕੇ ਅਜਿਹਾ ਅਫ਼ਸਰ ਲਗਾਉਣ ਦੀ ਅਪੀਲ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਭਵਿੱਖ ਵਿੱਚ ਕਿਸੇ ਵੀ ਤਸਵੀਰ ਜਾਂ ਪ੍ਰਚਾਰ ਸਮੱਗਰੀ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਾ ਹੋਵੇ, ਇਸ ਲਈ ਇੱਕ ਸੂਝਵਾਨ ਅਤੇ ਜ਼ਿੰਮੇਵਾਰ ਅਫਸਰ ਦੀ ਨਿਯੁਕਤੀ ਜ਼ਰੂਰੀ ਹੈ।
ਜਥੇਦਾਰ ਵਲੋਂ ਸੱਪਸ਼ਟੀਕਰਨ ਕਬੂਲ
ਤਰਨਪ੍ਰੀਤ ਸਿੰਘ ਸੌਂਦ ਨੇ ਯਾਦ ਦਿਵਾਇਆ ਕਿ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਈ ਗਈ ਸੀ, ਉਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖ਼ਾਸ ਤੌਰ ’ਤੇ ਸਿੱਖ ਮਰਿਆਦਾ ਦਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਕੈਬਨਿਟ ਮੰਤਰੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਸਪਸ਼ਟੀਕਰਨ ਕਬੂਲ ਕੀਤਾ ਗਿਆ, ਜਿਸ ਲਈ ਉਹ ਸਦਾ ਧੰਨਵਾਦੀ ਰਹਿਣਗੇ।
ਕੀ ਬੋਲੇ AAP ਵਿਧਾਇਕ ਡਾ. ਇੰਦਰਬੀਰ ਨਿੱਝਰ ?
ਚੀਫ਼ ਖ਼ਾਲਸਾ ਦੀਵਾਨ ਦੇ ਮੁਖੀ ਅਤੇ 'ਆਪ' ਵਿਧਾਇਕ ਡਾ. ਇੰਦਰਬੀਰ ਨਿੱਝਰ ਨੇ ਕਿਹਾ ਕਿ, "ਚੀਫ਼ ਖ਼ਾਲਸਾ ਦੀਵਾਨ ਇੱਕ ਅਜਿਹੀ ਸੰਸਥਾ ਹੈ ਜਿਸ ਦਾ ਆਪਣਾ ਸੰਵਿਧਾਨ ਹੈ। ਇਸ ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਹੈ ਕਿ ਸੰਗਠਨ ਦੇ ਸਾਰੇ ਮੈਂਬਰ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ। ਇਹ ਗੱਲ ਸਾਨੂੰ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਦੁਹਰਾਈ ਗਈ ਹੈ, ਅਤੇ ਅਸੀਂ ਸਾਰੇ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਜੇਕਰ ਕੋਈ ਅੰਮ੍ਰਿਤਧਾਰੀ ਨਹੀਂ ਹੋਵੇਗਾ, ਤਾਂ ਉਸ ਨੂੰ ਅੰਮ੍ਰਿਤ ਛੱਕਣ ਲਈ ਪ੍ਰੇਰਿਤ ਕਰੋ।"

