ETV Bharat / state

ਪਟਿਆਲਾ ਲਾਅ ਯੂਨੀਵਰਸਿਟੀ ਤੋਂ ‘ਰਾਜੀਵ ਗਾਂਧੀ’ ਦਾ ਨਾਮ ਹਟਾਉਣ ਦੀ ਤਿਆਰੀ, ਕਾਂਗਰਸ 'ਚ ਉਬਾਲ

ਪਟਿਆਲਾ ਦੀ ਲਾਅ ਯੂਨੀਵਰਸਿਟੀ ਤੋਂ ਮਰਹੂਮ ਰਾਜੀਵ ਗਾਂਧੀ ਦਾ ਨਾਮ ਹਟਾਉਣ ਦੀ ਤਿਆਰੀ ਹੋ ਗਈ ਹੈ। ਪੜ੍ਹੋ ਪੂਰੀ ਖਬਰ..

RAJIV GANDHI PATIALA LAW UNIVERSITY
ਪਟਿਆਲਾ ਲਾਅ ਯੂਨੀਵਰਸਿਟੀ ਤੋਂ ‘ਰਾਜੀਵ ਗਾਂਧੀ’ ਦਾ ਨਾਮ ਹਟਾਉਣ ਦੀ ਤਿਆਰੀ (website @ https://www.rgnul.ac.in/)
author img

By ETV Bharat Punjabi Team

Published : February 28, 2026 at 1:05 PM IST

3 Min Read
Choose ETV Bharat

ਪਟਿਆਲਾ: ਪੰਜਾਬ ਦੇ ਪਟਿਆਲਾ ਵਿੱਚ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ (RGNUL) ਦੀ ਅਕਾਦਮਿਕ ਕੌਂਸਲ ਨੇ ਯੂਨੀਵਰਸਿਟੀ ਦੇ ਨਾਮ ਵਿੱਚੋਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਮ ਹਟਾਉਣ ਦੀ ਸਿਫਾਰਸ਼ ਕੀਤੀ ਹੈ। ਮਤੇ ਮੁਤਾਬਕ ਯੂਨੀਵਰਸਿਟੀ ਦਾ ਨਵਾਂ ਨਾਮ ਸਿਰਫ਼ "ਨੈਸ਼ਨਲ ਲਾਅ ਯੂਨੀਵਰਸਿਟੀ" ਰੱਖਿਆ ਜਾ ਸਕਦਾ ਹੈ।

PATIALA LAW UNIVERSITY
RGNUL ਵੱਲੋਂ ਜਾਰੀ ਕੀਤਾ ਗਿਆ ਨੋਟਿਸ (RGNUL)

'ਨਾਮ ਬਦਲਣ ਸਬੰਧੀ ਮਤਾ ਹੋ ਚੁੱਕਾ ਹੈ ਪਾਸ'

ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਜੈਸ਼ੰਕਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਮਤਾ ਅਕਾਦਮਿਕ ਕੌਂਸਲ ਵਿੱਚ ਪਾਸ ਹੋ ਚੁੱਕਾ ਹੈ। ਹੁਣ ਇਸ ਨੂੰ ਕਾਰਜਕਾਰੀ ਕੌਂਸਲ ਅਤੇ ਪੰਜਾਬ ਸਰਕਾਰ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ। ਇਹ ਯੂਨੀਵਰਸਿਟੀ 2006 ਵਿੱਚ ਪੰਜਾਬ ਸਰਕਾਰ ਵੱਲੋਂ “ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪੰਜਾਬ ਐਕਟ” ਤਹਿਤ ਸਥਾਪਿਤ ਕੀਤੀ ਗਈ ਸੀ। ਦੱਸ ਦਈਏ ਨਵੰਬਰ 2024 ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੇਂਦਰ ਸਰਕਾਰ ਕੋਲ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਤਰਕ ਸੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਪਿਛੋਕੜ ਵਿੱਚ ਇਹ ਨਾਮ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।

'ਕਾਂਗਰਸੀਆਂ ਨੇ ਕੀਤਾ ਵਿਰੋਧ'

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਨਾਮ ਬਦਲਣ ਦੀਆਂ ਚਰਚਾਵਾਂ ਕਾਰਣ ਪੰਜਾਬ ਕਾਂਗਰਸ ਦੇ ਲੀਡਰਾਂ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਬਰਨਾਲਾ ਵਿਖੇ ਰਾਹੁਲ ਗਾਂਧੀ ਦੀ ਰੈਲੀ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਕਾਂਗਰਸ ਦੇ ਮੌਜੂਦਾ ਵਿਧਾਇਕ ਪਰਗਟ ਸਿੰਘ ਨੇ ਆਖਿਆ ਕਿ 'ਨਾਮ ਬਦਲਣ ਨਾਲ ਕੋਈ ਫਰਕ ਨਹੀਂ ਪੈਣਾ ਇਹ ਬਹੁਤ ਥੱਲੜੇ ਪੱਧਰ ਦੀਆਂ ਗੱਲਾਂ ਹਨ। ਜੇਕਰ ਕੁੱਝ ਕਰਕੇ ਵਿਖਾਉਣਾ ਹੈ ਤਾਂ ਪੰਜਾਬ ਦੀ ਤਰੱਕੀ ਲਈ ਕੰਮ ਕਰੋ ਜੋ ਹਰ ਪਾਸੇ ਪਿਛੜਦਾ ਜਾ ਰਿਹਾ ਹੈ। ਸਰਕਾਰ ਤਾਂ ਇਸ਼ਤਿਹਾਰਾਂ ਵਿੱਚ ਕਰੋੜ ਨੌਕਰੀਆਂ ਹਰ ਸਾਲ ਦੇਣ ਦਾ ਦਾਅਵਾ ਕਰਦੀ ਹੈ ਪਰ ਅਸਲੀਅਤ ਸਭ ਨੂੰ ਪਤਾ ਹੈ।'

ਰਾਜੀਵ ਗਾਂਧੀ’ ਦਾ ਨਾਮ ਹਟਾਉਣ ਦੀ ਤਿਆਰੀ,ਕਾਂਗਰਸ 'ਚ ਉਬਾਲ (ETV BHARAT)

'ਰਾਣਾ ਗੁਰਜੀਤ ਨੇ ਸਾਧੇ ਨਿਸ਼ਾਨੇ'

ਰਾਹੁਲ ਦੀ ਰੈਲੀ ਲਈ ਬਰਨਾਲਾ ਪਹੁੰਚੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦਾ ਨਾਮ ਬਦਲਣ ਸਬੰਧੀ ਮਾਮਲੇ ਨੂੰ ਲੈਕੇ ਕਿਹਾ ਕਿ 'ਜੇਕਰ ਨਾਮ ਬਦਲਣ ਨਾਲ ਹੀ ਯੂਨੀਵਰਸਿਟੀ ਦੀ ਸ਼ੋਭਾ ਵਧੇਗੀ ਤਾਂ ਅਜਿਹਾ ਕੁੱਝ ਵੀ ਨਹੀਂ ਹੋਣ ਵਾਲਾ ਕਿਉਂਕਿ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਚੰਗੇ ਪ੍ਰਬੰਧ ਹੋਣੇ ਲਾਜ਼ਮੀ ਹਨ। ਯੂਨੀਵਰਸਿਟੀ ਲਈ ਗ੍ਰਾਂਟ ਅਤੇ ਵਧੀਆ ਸਹੂਲਤਾਂ ਹੀ ਸਭ ਕੁੱਝ ਹਨ, ਨਾਮ ਬਦਲ ਕੇ ਕੁੱਝ ਵੀ ਪ੍ਰਾਪਤ ਨਹੀਂ ਹੋਵੇਗਾ।'

'ਘਟੀਆ ਮਾਨਸਿਕਤਾ ਹੋਈ ਉਜਾਗਰ'

ਐਕਸ ਰਾਹੀਂ ਪੋਸਟ ਕਰਦਿਆਂ ਸੀਨੀਅਰ ਕਾਂਗਰਸ ਆਗੂ ਭਾਰਤ ਭੂਸ਼ਣ ਆਸ਼ੂ ਨੇ ਆਖਿਆ ਕਿ 'ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਮ 'ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ' ਤੋਂ ਹਟਾਉਣ ਦਾ ਪ੍ਰਸਤਾਵ ਉਨ੍ਹਾਂ ਸਾਰਿਆਂ ਦੀ ਘਟੀਆ ਮਾਨਸਿਕਤਾ ਦੀ ਝਲਕ ਦਿੰਦਾ ਹੈ ਜੋ ਇਸ ਦੇ ਪਿੱਛੇ ਹਨ। ਰਾਜੀਵ ਗਾਂਧੀ ਨਾ ਸਿਰਫ਼ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਨ, ਸਗੋਂ ਉਨ੍ਹਾਂ ਨੇ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਅਤੇ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦਾ ਨਾਮ ਹਟਾਉਣਾ ਸਿਰਫ਼ ਇੱਕ ਸਸਤੀ ਅਤੇ ਘਟੀਆ ਮਾਨਸਿਕਤਾ ਨੂੰ ਦਰਸਾਉਂਦਾ ਹੈ। ਜੇਕਰ ਸੱਤਾਧਾਰੀ 'ਆਪ' ਆਪਣੇ ਸਲਾਹਕਾਰ ਭਾਜਪਾ ਵਾਂਗ ਵਿਸ਼ਵਾਸ ਕਰਦੀ ਹੈ ਕਿ ਉਹ ਸ਼ਹਾਦਤ ਅਤੇ ਕੁਰਬਾਨੀ ਦੀ ਮਹਾਨ ਅਤੇ ਸ਼ਾਨਦਾਰ ਵਿਰਾਸਤ ਨੂੰ ਖਤਮ ਕਰ ਸਕਦੀ ਤਾਂ ਇਹ ਸੱਚ ਹੈ।'

'ਆਪ' ਮੰਤਰੀ ਨੇ ਵੀ ਦਿੱਤਾ ਬਿਆਨ'

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦਾ ਨਾਮ ਬਦਲਣ ਸੰਬੰਧੀ ਚਰਚਾ ‘ਤੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ "ਸਿਰਫ਼ ਸੰਸਥਾਵਾਂ, ਸ਼ਹਿਰਾਂ ਜਾਂ ਸੜਕਾਂ ਦੇ ਨਾਮ ਬਦਲਣ ਨਾਲ ਦੇਸ਼ ਤਰੱਕੀ ਨਹੀਂ ਕਰਦਾ। ਤਰੱਕੀ ਲਈ ਸਿੱਖਿਆ, ਸਿਹਤ ਅਤੇ ਰੁਜ਼ਗਾਰ ਵਰਗੇ ਮੁੱਦਿਆਂ ‘ਤੇ ਢੁੱਕਵੇਂ ਕਦਮ ਚੁੱਕਣੇ ਲਾਜ਼ਮੀ ਹਨ।" ਆਮ ਆਦਮੀ ਪਾਰਟੀ ਦੇ ਸਟੈਂਡ ਬਾਰੇ ਪੁੱਛੇ ਗਏ ਸਵਾਲ ‘ਤੇ ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਅਧਿਕਾਰਿਕ ਪ੍ਰਸਤਾਵ ਪੰਜਾਬ ਸਰਕਾਰ ਕੋਲ ਆਏਗਾ, ਉਦੋਂ ਮਾਨਯੋਗ ਮੁੱਖ ਮੰਤਰੀ ਅਤੇ ਕੈਬਨਿਟ ਨਾਲ ਵਿਚਾਰ-ਵਟਾਂਦਰਾ ਕਰਕੇ ਫੈਸਲਾ ਲਿਆ ਜਾਵੇਗਾ।