ਪਿੰਡ ਜਵਾਹਰਕੇ ਦੇ ਖੇਡ ਸਟੇਡੀਅਮ ਵਿੱਚ ਵੱਡੀ ਧਾਂਦਲੀ, ਵਿਧਾਇਕ ਨੇ ਕਰਤਾ ਸਖ਼ਤ ਐਕਸ਼ਨ ਦਾ ਐਲਾਨ
ਪਿੰਡ ਜਵਾਹਰਕੇ ਦੇ ਖੇਡ ਸਟੇਡੀਅਮ ਵਿੱਚ ਘਟੀਆ ਮਟੀਰੀਅਲ ਅਤੇ ਧਾਂਦਲੀ ਦੇ ਪਿੰਡ ਵਾਸੀਆਂ ਵੱਲੋਂ ਵੱਡੇ ਇਲਜ਼ਾਮ ਲਾਏ ਗਏ ਹਨ।


Published : September 1, 2026 at 3:50 PM IST
ਮਾਨਸਾ: ਸਰਦੂਲਗੜ੍ਹ ਹਲਕੇ ਦੇ ਪਿੰਡ ਜਵਾਹਰਕੇ ਵਿੱਚ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਲੀ ਨੂੰ ਖਿਡਾਰੀਆਂ ਅਤੇ ਪਿੰਡ ਵਾਸੀਆਂ ਵੱਲੋਂ ਸਟੇਡੀਅਮ ਵਿੱਚ ਹੋਈ ਧਾਂਦਲੀ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਅਤੇ ਠੇਕੇਦਾਰ ਵੱਲੋਂ ਕੀਤੇ ਕੰਮ ਉੱਤੇ ਵੀ ਸਵਾਲ ਖੜ੍ਹੇ ਕੀਤੇ ਗਏ।
'ਸਟੇਡੀਅਮ ਦੀ ਬਣਾਈ ਉੱਤੇ ਸਵਾਲ'
ਦਰਅਸਲ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਆਪਣੇ ਹਲਕੇ ਦੇ ਪਿੰਡ ਜਵਾਹਰਕੇ ਵਿੱਚ ਨਵੇਂ ਬਣੇ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਪਹੁੰਚੇ ਤਾਂ ਉਸ ਸਮੇਂ ਵਿਵਾਦ ਹੋ ਗਿਆ ਜਦੋਂ ਪਿੰਡ ਵਾਸੀਆਂ ਅਤੇ ਖਿਡਾਰੀਆਂ ਵੱਲੋਂ 31 ਲੱਖ 40 ਹਜ਼ਾਰ ਦੀ ਲਾਗਤ ਨਾਲ ਬਣੇ ਸਟੇਡੀਅਮ ਦੇ ਵਿੱਚ ਲੱਗੇ ਪੈਸੇ ਉੱਤੇ ਸਵਾਲ ਖੜੇ ਕਰ ਦਿੱਤੇ ਗਏ।

'ਘਟੀਆ ਦਰਜੇ ਦਾ ਵਰਤਿਆ ਸਮਾਨ'
ਖਿਡਾਰੀਆਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ, 'ਸਟੇਡੀਅਮ ਵਿੱਚ ਬਣੇ ਬਾਥਰੂਮ ਅਤੇ ਲਾਈਟਾਂ ਬਹੁਤ ਹੀ ਘਟੀਆ ਕਿਸਮ ਦੇ ਬਣਾਏ ਗਏ ਹਨ। ਇਸ ਤੋਂ ਇਲਾਵਾ ਬਾਕੀ ਵਰਤਿਆ ਗਿਆ ਮਟੀਰੀਅਲ ਵੀ ਬਹੁਤ ਹੀ ਘਟੀਆ ਦਰਜੇ ਦਾ ਹੈ। ਇਸ ਸਾਰੇ ਘਟਨਾਕ੍ਰਮ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰੀ ਪੈਸੇ ਦੀ ਵਰਤੋਂ ਦੌਰਾਨ ਵੱਡੀ ਧਾਂਦਲੀ ਕੀਤੀ ਗਈ ਹੈ।'

"ਸਟੇਡੀਅਮ ਵਿੱਚ ਘਟੀਆ ਮਟੀਰੀਅਲ ਵਰਤਿਆ ਗਿਆ ਹੈ, ਜਿਸ ਕਾਰਨ ਸਟੇਡੀਅਮ ਉਦਘਾਟਨ ਤੋਂ ਪਹਿਲਾਂ ਹੀ ਫਰਸ਼ ਅਤੇ ਬਾਥਰੂਮਾਂ ਦੇ ਟੂਟੀਆਂ ਤੱਕ ਉਖੜ ਚੁੱਕੀਆਂ ਹਨ। ਇਸ ਮਾਮਲੇ ਵਿੱਚ ਤੁਰੰਤ ਠੇਕੇਦਾਰ, ਪੰਚਾਇਤ ਸੈਕਟਰੀ ਸਮੇਤ ਵਿਭਾਗ ਦੇ ਐਸਡੀਓ ਉੱਤੇ ਕਾਰਵਾਈ ਕੀਤੀ ਜਾਵੇ। ਜੇਕਰ 15 ਦਿਨਾਂ ਅੰਦਰ ਅਜਿਹਾ ਨਹੀਂ ਹੁੰਦਾ ਤਾਂ ਸਾਰੇ ਇਲਾਕਾ ਵਾਸੀ ਲਾਮਬੰਦ ਹੋਕੇ 'ਆਪ' ਸਰਕਾਰ ਦਾ ਬਾਈਕਾਟ ਕਰਨਗੇ।"- ਪਿੰਡ ਵਾਸੀ
'ਕਾਂਗਰਸ ਨੇ ਕੀਤੀ ਕਾਰਵਾਈ ਦੀ ਮੰਗ'
ਦੂਜੇ ਪਾਸੇ ਸਰਦੂਲਗੜ੍ਹ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਬਿਕਰਮ ਸਿੰਘ ਮੋਫ਼ਰ ਨੇ ਕਿਹਾ ਕਿ, 'ਜਵਾਹਰਕੇ ਪਿੰਡ ਵਿੱਚ ਖੇਡ ਸਟੇਡੀਅਮ ਅੰਦਰ ਵਰਤੇ ਗਏ ਸਮਾਨ ਵਿੱਚ ਧਾਂਦਲੀ ਹੋਣ ਦੇ ਮਾਮਲੇ ਸਬੰਧੀ ਜਾਂਚ ਕਰਨ ਦੀ ਮੰਗ ਕੀਤੀ ਹੈ। ਸਰਕਾਰ ਇਮਾਨਦਾਰੀ ਦੇ ਦਾਅਵੇ ਕਰਦੀ ਸੀ ਪਰ ਅੱਜ ਇਸ ਸਟੇਡੀਅਮ ਵਿੱਚ ਧਾਂਦਲੀਆਂ ਹੋਈਆਂ ਅਤੇ 31 ਲੱਖ ਰੁਪਇਆ ਆਖਿਰ ਕਿਸ ਦੀਆਂ ਜੇਬਾਂ ਵਿੱਚ ਗਿਆ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਖੇਡ ਸਟੇਡੀਅਮ ਵਿੱਚ ਧਾਂਦਲੀ ਕਰਨ ਵਾਲੇ ਠੇਕੇਦਾਰ ਸਮੇਤ ਅਧਿਕਾਰੀਆਂ ਉੱਤੇ ਕਾਰਵਾਈ ਕੀਤੀ ਜਾਵੇ।'

'ਸਖ਼ਤ ਕਾਰਵਾਈ ਦੇ ਨਿਰਦੇਸ਼'
'ਆਪ' ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਵੱਲੋਂ ਪਿੰਡ ਵਾਸੀਆਂ ਅਤੇ ਖਿਡਾਰੀਆਂ ਨਾਲ ਸਹਿਮਤ ਹੁੰਦੇ ਹੋਏ ਮੌਕੇ ਉੱਤੇ ਮੌਜੂਦ ਐਸਡੀਓ ਨੂੰ ਝਾੜ ਪਾਉਂਦੇ ਹੋਏ ਕਿਹਾ ਗਿਆ ਕਿ, 'ਠੇਕੇਦਾਰ ਦੀ ਪੇਮੈਂਟ ਰੋਕ ਦਿੱਤੀ ਜਾਵੇ ਅਤੇ ਇਸ ਧਾਂਦਲੀ ਦੀ 15 ਦਿਨਾਂ ਵਿੱਚ ਜਾਂਚ ਕਰਕੇ ਰਿਪੋਰਟ ਦਿੱਤੀ ਜਾਵੇ। ਸਟੇਡੀਅਮ ਵਿੱਚ ਵਰਤੇ ਗਏ ਘਟੀਆ ਮਟੀਰੀਅਲ ਦੀ ਜਾਂਚ ਹੋਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਟੇਡੀਅਮ ਦੇ ਹਰ ਕੰਮ ਉੱਤੇ ਪਿੰਡ ਦੀ ਪੰਚਾਇਤ ਸਾਈਨ ਕਰੇਗੀ ਅਤੇ ਪੰਚਾਇਤ ਦੀ ਤਸੱਲੀ ਤੋਂ ਬਾਅਦ ਹੀ ਠੇਕੇਦਾਰ ਨੂੰ ਪੇਮੈਂਟ ਕੀਤੀ ਜਾਵੇਗੀ।'

