ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਜ਼ਬਰਦਸਤ ਹੰਗਾਮਾ, ਦੇਖੋ ਕੀ ਬਣਿਆ ਮਾਹੌਲ !
ਬਟਾਲਾ ਵਿੱਚ ਨਗਰ ਨਿਗਮ ਚੋਣਾਂ ਨੂੰ ਲੈਕੇ ਡਿਊਟੀ ਉੱਤੇ ਤਾਇਨਾਤ ਮੁਲਾਜ਼ਮਾਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ਹੈ ਤੇ ਕਈ ਇਲਜ਼ਾਮ ਲਗਾਏ ਗਏ ਹਨ।


Published : May 25, 2026 at 11:02 PM IST
ਗੁਰਦਾਸਪੁਰ: ਬਟਾਲਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈਕੇ ਕੱਲ੍ਹ ਸਵੇਰੇ 26 ਮਈ ਨੂੰ ਸਵੇਰੇ 8 ਵਜੇ ਪੋਲਿੰਗ ਸ਼ੁਰੂ ਹੋਣ ਜਾ ਰਹੀ ਹੈ ਅਤੇ ਉਸ ਦੀ ਤਿਆਰੀ ਨੂੰ ਲੈਕੇ ਅੱਜ ਬਟਾਲਾ ਵਿਖੇ ਸਥਿਤ ਕਾਲਜ ’ਚ ਸਵੇਰ ਤੋ ਹੀ ਪੋਲਿੰਗ ਸਟਾਫ਼ ਨੂੰ ਇਕੱਠੇ ਹੋਣ ਦੇ ਆਦੇਸ਼ ਸਨ ਅਤੇ ਇੱਥੋਂ ਉਨ੍ਹਾਂ ਨੂੰ ਤਹਿ ਡਿਊਟੀ ਕਰ ਟੀਮਾਂ ਬਣਾ ਅੱਜ ਰਵਾਨਾ ਕੀਤਾ ਜਾਣਾ ਸੀ ਉੱਥੇ ਹੀ ਦੇਰ ਸ਼ਾਮ ਤੱਕ ਜਦ ਪੋਲਿੰਗ ਟੀਮਾਂ ਪੂਰੀਆਂ ਨਾਂ ਹੋਈਆਂ ਤਾਂ ਉੱਥੇ ਮੌਜ਼ੂਦ ਬਾਕੀ ਸਰਕਾਰੀ ਮੁਲਾਜ਼ਮਾਂ ਵੱਲੋ ਪ੍ਰਸ਼ਾਸਨ ਖ਼ਿਲਾਫ਼ ਰੋਸ ਕਰਦੇ ਹੋਏ ਸੜਕ ’ਤੇ ਧਰਨਾ ਪ੍ਰਦਰਸ਼ਨ ਕਰਨ ਦੀ ਕੋਸਿਸ਼ ਕੀਤੀ ਜਦਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਅਪੀਲ ਕਰ ਧਰਨਾ ਦੇਣ ਤੋ ਰੋਕ ਦਿੱਤਾ ਗਿਆ।
ਭੜਕੇ ਮੁਲਾਜ਼ਮਾਂ ਨੇ ਚੁੱਕੇ ਵੱਡੇ ਸਵਾਲ
ਗੁੱਸੇ ਵਿੱਚ ਆਏ ਮੁਲਾਜ਼ਮਾਂ ਦਾ ਕਹਿਣਾ ਸੀ ਕਿ "ਸਵੇਰ ਤੋਂ ਉਨ੍ਹਾਂ ਨੂੰ ਇੱਥੇ ਬੁਲਾ ਲਿਆ ਗਿਆ ਹੈ ਪਰ ਬਹੁਤ ਅਜਿਹੇ ਸਰਕਾਰੀ ਮੁਲਾਜ਼ਮ ਜੋ ਪ੍ਰੀਜ਼ਾਈਡਿੰਗ ਅਫ਼ਸਰ ਹਨ ਉਹ ਇੱਥੇ ਨਹੀਂ ਆਏ ਅਤੇ ਉਹ ਗਾਇਬ ਹਨ,ਕੁਝ ਇਹ ਕਹਿ ਰਹੇ ਹਨ ਕਿ ਉਹ ਐਸਡੀਐਮ ਦਫ਼ਤਰ ’ਚ ਹਨ ਜਦਕਿ ਉਨ੍ਹਾਂ ਦੇ ਗ਼ੈਰ ਹਾਜ਼ਰ ਹੋਣ ਨਾਲ ਪੋਲਿੰਗ ਪਾਰਟੀਆਂ ਰਵਾਨਾ ਨਹੀਂ ਹੋਈਆਂ ਅਤੇ ਬਾਕੀ ਡਿਊਟੀ ’ਤੇ ਮੌਜੂਦ ਸਾਰੇ ਖੱਜਲ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇੱਥੇ ਮੁਲਾਜ਼ਮਾਂ ਲਈ ਪੀਣ ਵਾਲੇ ਪਾਣੀ , ਰੋਟੀ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ।"
ਡਿਊਟੀ ਤੋਂ ਗੈਰਹਾਜ਼ਰ ਮੁਲਾਜ਼ਮਾਂ 'ਤੇ ਭੜਕੇ ਐਸਡੀਐਮ
ਇਸ ਮਾਮਲੇ ’ਚ ਐੱਸਡੀਐਮ ਬਟਾਲਾ ਕਮ ਰਿਟਰਨਿੰਗ ਅਫਸਰ ਸਾਰੰਗਪ੍ਰੀਤ ਸਿੰਘ ਦਾ ਕਹਿਣਾ ਸੀ ਕਿ "ਜੋ ਪੋਲਿੰਗ ਸਟਾਫ਼ ਦੇ ਮੁਲਾਜ਼ਮ ਧਰਨਾ ਲਾ ਬੈਠੇ ਹਨ ਉਸ ਪਿੱਛੇ ਜ਼ਿੰਮੇਵਾਰ ਉਨ੍ਹਾਂ ਦੇ ਹੀ ਮੁਲਾਜ਼ਮ ਸਾਥੀ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਿੱਖਿਆ ਵਿਭਾਗ ’ਚ ਨੌਕਰੀ ਕਰਨ ਵਾਲੇ ਸਰਕਾਰੀ ਮੁਲਾਜ਼ਮ ਹਨ ਜਿਨ੍ਹਾਂ ਦੀ ਚੋਣ ਡਿਊਟੀ ਲੱਗੀ ਹੋਈ ਹੈ ਪਰ ਉਹ ਗ਼ੈਰਹਾਜ਼ਰ ਹਨ, ਉਨ੍ਹਾਂ ਦੇ ਫੋਨ ਬੰਦ ਆ ਰਹੇ ਹਨ, ਲਗਾਤਾਰ ਪ੍ਰਸ਼ਾਸਨ ਵੱਲੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਰ ਉਹ ਗਾਇਬ ਹਨ ਜਿਸ ਕਾਰਨ ਪੋਲਿੰਗ ਟੀਮਾਂ ਪੂਰੀਆਂ ਨਹੀਂ ਹੋ ਪਾ ਰਹੀਆਂ।"
ਸਖ਼ਤ ਕਾਰਵਾਈ ਦੀ ਚਿਤਾਵਨੀ
ਗੈਰਹਾਜ਼ਰ ਮੁਲਾਜ਼ਮਾਂ ’ਤੇ ਵਰ੍ਹਦਿਆਂ ਐਸਡੀਐਮ ਬਟਾਲਾ ਨੇ ਕਿਹਾ ਕਿ ਜੋ ਮੁਲਾਜ਼ਮ ਆਪਣੀ ਡਿਊਟੀ ਨਹੀਂ ਨਿਭਾਅ ਰਹੇ ਉਨ੍ਹਾਂ ਖ਼ਿਲਾਫ਼ ਚੋਣ ਕਮਿਸ਼ਨ ਅਤੇ ਡੀਸੀ ਗੁਰਦਾਸਪੁਰ ਨੂੰ ਉਹ ਲਿਖਤੀ ਤੌਰ ’ਤੇ ਸਖ਼ਤ ਕਾਰਵਾਈ ਲਈ ਰਿਪੋਰਟ ਭੇਜੀ ਜਾਵੇਗੀ।

