ਮਾਨਸਾ ਦੋਹਰਾ ਕਤਲ ਮਾਮਲਾ: 24 ਘੰਟੇ ਬਾਅਦ ਵੀ ਪੁਲਿਸ ਦੇ ਹੱਥ ਖ਼ਾਲੀ, ਪਰਿਵਾਰਾਂ ਨੇ ਸਸਕਾਰ ਤੋਂ ਕੀਤਾ ਇਨਕਾਰ
ਮਾਨਸਾ 'ਚ ਹੋਏ 2 ਕਤਲਾਂ ਦੇ ਮਾਮਲੇ 'ਚ ਪੁਲਿਸ ਦੇ ਅਜੇ ਤੱਕ ਹੱਥ ਖਾਲੀ ਹੋਣ ਕਾਰਨ ਪਿੰਡ ਵਾਸੀਆਂ ਅਤੇ ਪਰਿਵਾਰ 'ਚ ਰੋਸ ਹੈ।


Published : February 28, 2026 at 4:49 PM IST
ਮਾਨਸਾ: ਬੀਤੇ ਦਿਨੀਂ ਮਾਨਸਾ ਦੇ ਸਰਦੂਲਗੜ੍ਹ ਵਿਖੇ ਦੋਹਰੇ ਕਤਲ ਮਾਮਲੇ ਨੂੰ 24 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪੁਲਿਸ ਦੇ ਹੱਥ ਖ਼ਾਲੀ ਹਨ। ਜਿਸ ਨੂੰ ਲੈਕੇ ਪਰਿਵਾਰ ਅਤੇ ਪਿੰਡ ਵਾਸੀਆਂ 'ਚ ਰੋਸ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ 'ਜਦੋਂ ਤੱਕ ਕਾਤਲ ਨਹੀਂ ਫੜ੍ਹੇ ਜਾਂਦੇ ਉਦੋਂ ਤੱਕ ਉਹ ਲਾਸ਼ਾਂ ਦਾ ਸਸਕਾਰ ਨਹੀਂ ਕਰਨਗੇ'। ਉਥੇ ਹੀ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਵੱਲੋਂ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ। ਪੁਲਿਸ ਮਹਿਜ਼ ਜਲਦ ਹੀ ਕਾਰਵਾਈ ਦਾ ਭਰੋਸਾ ਦੇ ਰਹੀ ਹੈ।
ਪੁਲਿਸ ਦੀ ਕਾਰਵਾਈ ਤੋਂ ਨਾ-ਖੁਸ਼ ਪਰਿਵਾਰ
ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੁਲਿਸ ਦੀ ਕਾਰਵਾਈ ਤੋਂ ਨਾ-ਖੁਸ਼ੀ ਜ਼ਾਹਿਰ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕਤਲ ਨੂੰ 24 ਘੰਟੇ ਹੋ ਗਏ ਹਨ ਪਰ ਅਜੇ ਤੱਕ ਕੋਈ ਵੀ ਮੁਲਜ਼ਮ ਫੜਿਆ ਨਹੀਂ ਗਿਆ ਹੈ। ਪੁਲਿਸ ਨੇ ਕਈ ਲੋਕਾਂ ਦੇ ਬਿਆਨ ਲਏ ਹਨ ਅਤੇ ਕਈ ਥਾਵਾਂ 'ਤੇ ਸੀਸੀਟੀਵੀ ਵੀਡੀਓ ਚੈੱਕ ਕਰਨ ਦੀ ਗੱਲ ਆਖੀ ਹੈ ਪਰ ਅਜੇ ਤੱਕ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ। ਪੁਲਿਸ ਮਹਿਜ਼ ਆਪਣਾ ਰਟਿਆ-ਰਟਾਇਆ ਬਿਆਨ ਦੇ ਰਹੀ ਹੈ ਕਿ 'ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।'
ਮ੍ਰਿਤਕਾਂ ਦੇ ਵਾਰਿਸ ਮੇਲਾ ਸਿੰਘ ਅਤੇ ਇਕਬਾਲ ਸਿੰਘ ਨੇ ਕਿਹਾ ਕਿ 'ਕੱਲ੍ਹ ਫਾਰਮ ਹਾਊਸ 'ਤੇ ਜਸਵੀਰ ਸਿੰਘ ਕਾਕਾ ਅਤੇ ਬਲਦੇਵ ਸਿੰਘ ਨੂੰ ਸ਼ਰ੍ਹੇਆਮ ਕੋਈ ਕਤਲ ਕਰ ਕੇ ਚਲਾ ਗਿਆ ਪਰ ਪੁਲਿਸ ਵੱਲੋਂ ਅਜੇ ਤੱਕ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਦੋਂ ਤੱਕ ਕਾਤਲ ਗ੍ਰਿਫ਼ਤਾਰ ਨਹੀਂ ਹੁੰਦੇ ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਸਾਡੇ ਉੱਤੇ ਪੁਲਿਸ ਅਤੇ ਰਾਜਨੀਤਿਕ ਆਗੂ ਸਸਕਾਰ ਕਰਨ ਲਈ ਦਬਾਅ ਬਣਾ ਰਹੇ ਹਨ ਪਰ ਅਸੀਂ ਮੁਲਜ਼ਮ ਦੀ ਗ੍ਰਿਫ਼ਤਾਰ ਬਿਨਾਂ ਸਸਕਾਰ ਨਹੀਂ ਕਰਾਂਗੇ।'
'ਆਪ' ਵਿਧਾਇਕ ਨੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ
ਘਟਨਾ ਦਾ ਪਤਾ ਚੱਲਦੇ ਹੀ ਮੌਕੇ 'ਤੇ ਪਹੁੰਚੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ 'ਬੀਤੇ ਕੱਲ ਹੋਏ ਦੋਹਰੇ ਕਤਲ ਮਾਮਲੇ 'ਚ ਪਰਿਵਾਰ ਨਾਲ ਹਮਦਰਦੀ ਕਰਨ ਲਈ ਪਹੁੰਚੇ ਹਾਂ। ਅਸੀਂ ਪੁਲਿਸ ਟੀਮਾਂ ਨੂੰ ਹਦਾਇਤ ਦਿੱਤੀ ਹੈ ਕਿ ਜਲਦ ਤੋਂ ਜਲਦ ਮੁਲਜ਼ਮ ਕਾਬੂ ਕੀਤੇ ਜਾਣ। ਮੌਕੇ 'ਤੇ ਜਾਂਚ ਟੀਮਾਂ ਫਰੈਂਸਿਕ ਟੀਮਾਂ ਮੌਜੁਦ ਹਨ ਅਤੇ ਜਾਂਚ ਜਾਰੀ ਹੈ। ਅਸੀਂ ਪਰਿਵਾਰ ਨੂੰ ਭਰੋਸਾ ਦਵਾਉਂਦੇ ਹਾਂ ਕਿ 'ਬੇਸ਼ੱਕ ਕਾਤਲ ਕਿੰਨੇ ਵੀ ਛਾਤਰ ਹੋਣ ਪਰ ਜਲਦ ਹੀ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ ਅਤੇ ਪਰਿਵਾਰਾਂ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।'
ਤੇਜ਼ਧਾਰ ਹਥਿਆਰਾਂ ਨਾਲ ਕਤਲ
ਦੱਸਣਯੋਗ ਹੈ ਕਿ ਬੀਤੇ ਦਿਨੀਂ ਮਾਨਸਾ ਦੇ ਸਰਦੂਲਗੜ੍ਹ ਵਿਖੇ ਜਸਵੀਰ ਸਿੰਘ ਕਾਕਾ ਨਾਮ ਦੇ ਵਪਾਰੀ ਦਾ ਉਸ ਸਮੇਂ ਕਤਲ ਹੋ ਗਿਆ ਸੀ, ਜਦੋਂ ਉਹ ਫਾਰਮ ਹਾਊਸ 'ਚ ਆਪਣੇ ਨਾਲ ਕੰਮ ਕਰਦੇ ਮੁਲਾਜ਼ਮ ਬਲਦੇਵ ਸਿੰਘ ਨਾਲ ਬੈਠਾ ਹੋਇਆ ਸੀ। ਇਸ ਕਤਲ ਨੂੰ ਅੰਜਾਮ ਦੇਣ ਲਈ ਮੁਲਜ਼ਮ ਵੱਲੋਂ ਤੇਜ਼ਧਾਰ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕੀਤੀ ਹੈ।
ਕੁਝ ਦਿਨ ਪਹਿਲਾਂ ਪਤੀ ਨੇ ਕੀਤਾ ਸੀ ਪਤਨੀ ਦਾ ਕਤਲ
ਉਥੇ ਹੀ ਸਰਦੂਲਗੜ੍ਹ ਦੇ ਪਿੰਡ ਖੈਰਾਂ ਖੁਰਦ ਵਿੱਚ ਕੁਝ ਦਿਨ ਪਹਿਲਾਂ ਇੱਕ ਹੋਰ ਕਤਲ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਿਥੇ ਇੱਕ ਮਾਨਸਿਕ ਰੋਗੀ ਪਤੀ ਨੇ ਆਪਣੀ 35 ਸਾਲਾ ਪਤਨੀ ਮਮਤਾ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਖੈਰਾ ਖੁਰਦ ਦਾ ਸੁਭਾਸ਼ 12 ਸਾਲ ਪਹਿਲਾਂ ਮੱਧ ਪ੍ਰਦੇਸ਼ ਤੋਂ ਮਮਤਾ ਨਾਂ ਦੀ ਔਰਤ ਨੂੰ ਪੰਜਾਬ ਲੈ ਕੇ ਆਇਆ ਸੀ। ਵਿਆਹ ਦੇ ਕਈ ਸਾਲ ਬੀਤ ਜਾਣ ਦੇ ਬਾਅਦ ਵੀ ਪਰਿਵਾਰ ਵਿੱਚ ਬੱਚੇ ਨੇ ਜਨਮ ਨਹੀਂ ਲਿਆ । ਇਸ ਨੂੰ ਲੈ ਕੇ ਹੀ ਪਰਿਵਾਰ ਵਿੱਚ ਰੋਜ਼ਾਨਾ ਆਪਸੀ ਕਲੇਸ਼ ਰਹਿੰਦਾ ਸੀ। ਜਿਸ ਤੋਂ ਤੰਗ ਆਕੇ ਹੀ ਸੁਭਾਸ਼ ਨੇ ਪਤਨੀ ਨੂੰ ਕਤਲ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਇੰਚਾਰਜ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ 'ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ'।

