40 ਹਜ਼ਾਰ ਰੁਪਏ ਪਿੱਛੇ ਲੈ ਲਈ ਜਾਨ, ਪੁਲਿਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ, ਕੀਤੇ 3 ਮੁਲਜ਼ਮ ਕਾਬੂ
ਪੁਲਿਸ ਨੇ ਕਤਲ ਮਾਮਲੇ 'ਚ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੈਸੇ ਦੇ ਲੈਣ ਦੇਣ ਕਾਰਨ ਇਹ ਕਤਲ ਕੀਤਾ।


Published : January 9, 2026 at 2:40 PM IST
ਸੰਗਰੂਰ: ਲਹਿਰਾਗਾਗਾ ਵਿੱਚ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੰਗਰੂਰ ਪੁਲਿਸ ਨੇ ਟਰੇਸ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦਿਲ ਦਹਿਲਾ ਦੇਣ ਵਾਲੀ ਵਾਰਦਾਤ 2 ਤੇ 3 ਜਨਵਰੀ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ, ਜਿਸ ਵਿੱਚ 47 ਸਾਲਾ ਕ੍ਰਿਸ਼ਨ ਕੁਮਾਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਜਾਂਚ ਮੁਤਾਬਕ ਕਾਤਲਾਂ ਨੇ ਪਹਿਲਾਂ ਮ੍ਰਿਤਕ ਦੀ ਬਜੁਰਗ ਮਾਂ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਲਾਚਾਰ ਕਰ ਦਿੱਤਾ।
ਇਸ ਤੋਂ ਬਾਅਦ ਕ੍ਰਿਸ਼ਨ ਕੁਮਾਰ ਦੇ ਮੂੰਹ ‘ਤੇ ਕੱਪੜਾ ਬੰਨ੍ਹ ਕੇ ਸਾਹ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਘਰ ਵਿੱਚੋਂ ਕਰੀਬ 15 ਹਜ਼ਾਰ ਰੁਪਏ ਨਗਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ ਸਨ।
ਸੱਟੇ ਦੇ ਪੈਸੇ ਲਈ ਕੀਤਾ ਕਤਲ
ਪੁਲਿਸ ਜਾਣਕਾਰੀ ਮੁਤਾਬਕ, 2/3 ਜਨਵਰੀ ਦੀ ਰਾਤ 9.55 ਵਜੇ 3 ਨਕਾਬਪੋਸ਼ ਵਿਅਕਤੀ ਜਿਨ੍ਹਾਂ ਦੇ ਬੁੱਕਲਾਂ ਮਾਰੀਆਂ ਹੋਈਆਂ ਸਨ। ਕ੍ਰਿਸ਼ਨ ਕੁਮਾਰ ਉਰਫ ਨੀਟਾ ਪੁੱਤਰ ਸ਼੍ਰੀ ਜਗਦੀਸ਼ ਰਾਏ ਵਾਰਡ ਨੰਬਰ 12 ਨੇੜੇ ਵਿਸ਼ਵਕਰਮਾਂ ਮੰਦਰ ਦੇ ਘਰ ਅੰਦਰ ਦਾਖਲ ਹੋਏ। ਜਿਨ੍ਹਾਂ ਨੇ ਮ੍ਰਿਤਕ ਦੀ ਮਾਤਾ ਦੇ ਹੱਥ ਪੈਰ ਅਤੇ ਮੂੰਹ ਬੰਨ ਦਿੱਤਾ। ਮ੍ਰਿਤਕ ਦੀ ਮਾਤਾ ਸਵਿੱਤਰੀ ਦੇਵੀ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਉਸਦੇ ਘਰ ਅੰਦਰ ਤਿੰਨ ਨੌਜਵਾਨ ਆਏ, ਜਿਨਾਂ ਨੇ ਮੂੰਹ ਬੰਨੇ ਹੋਏ ਸਨ ਅਤੇ ਕਤਲ ਕਰਕੇ ਫਰਾਰ ਹੋ ਗਏ। ਇਹ ਕਤਲ ਬਿਲਕੁੱਲ ਬਲਾਈਂਡ (ਅੰਨਾ) ਸੀ। ਇਸ ਵਿੱਚ ਕੋਈ ਕਿਸੇ ਨੂੰ ਜਾਣਦਾ ਨਹੀਂ ਸੀ ਨਾ ਹੀ ਕਿਸੇ ਦੇ ਧਿਆਨ ਵਿੱਚ ਸਨ। ਘਟਨਾ ਸਮੇਂ ਘਰ ਵਿੱਚ ਸਿਰਫ ਮਾਂ ਅਤੇ ਪੁੱਤਰ ਹੀ ਮੌਜੂਦ ਸਨ। ਮੁਲਜ਼ਮਾਂ ਨੇ ਬਹੁਤ ਘੱਟ ਸਬੂਤ ਛੱਡੇ, ਜਿਸ ਕਾਰਨ ਇਹ ਅੰਨਾ ਕਤਲ ਟਰੇਸ ਕਰਨਾ ਕਾਫ਼ੀ ਮੁਸ਼ਕਿਲ ਸਾਬਿਤ ਹੋਇਆ। ਹਾਲਾਂਕਿ, ਤਕਨੀਕੀ ਜਾਂਚ ਅਤੇ ਮਿਹਨਤ ਨਾਲ ਪੁਲਿਸ ਨੇ ਮਾਮਲੇ ਦੀ ਗੁੱਥੀ ਸੁਲਝਾ ਲਈ।' ਜਾਣਕਾਰੀ ਅਨੁਸਾਰ ਮ੍ਰਿਤਕ ਕ੍ਰਿਸ਼ਨ ਕੁਮਾਰ ਦੜੇ-ਸੱਟੇ ਦੇ ਕੰਮ ਨਾਲ ਜੁੜਿਆ ਹੋਇਆ ਸੀ ਅਤੇ ਤਿੰਨੋ ਮੁਲਮਜ਼ਾਂ ਨੇ ਉਸ ਤੋਂ ਲਗਭਗ 40 ਹਜ਼ਾਰ ਰੁਪਏ ਲੈਣੇ ਸਨ। ਪੈਸੇ ਨਾ ਮਿਲਣ ਕਾਰਨ ਗੁੱਸੇ ਵਿੱਚ ਆ ਕੇ ਤਿੰਨਾਂ ਨੇ ਇਸ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ।'
ਮੁਲਜ਼ਮਾਂ ਦੀ ਪਛਾਣ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸ਼ਰਮਾ, ਸਨੀ ਕੁਮਾਰ ਅਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 21 ਤੋਂ 25 ਸਾਲ ਦਰਮਿਆਨ ਹੈ ਅਤੇ ਤਿੰਨਾਂ 'ਚੋਂ ਇੱਕ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ 2 ਹਲਵਾਈ ਦਾ ਕੰਮ ਕਰਦੇ ਹਨ। ਪੁਲਿਸ ਨੇ ਲੁੱਟਿਆ ਹੋਇਆ ਸਮਾਨ ਵੀ ਬਰਾਮਦ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਅਗਲੀ ਜਾਂਚ ਜਾਰੀ ਹੈ।

