ਹੜ੍ਹ ਪੀੜਤਾਂ ਨੇ ਸਤਲੁਜ ਦਰਿਆ 'ਤੇ ਲਾਇਆ ਪੱਕਾ ਧਰਨਾ, ਕਿਸਾਨ ਜਥੇਬੰਦੀਆਂ ਵੀ ਦੇ ਰਹੀਆਂ ਸਾਥ
ਹੜ੍ਹ ਦੀ ਮਾਰ ਮਾਰ ਝੱਲ ਚੁੱਕੇ ਪਿੰਡਾਂ ਦੇ ਲੋਕ ਸਤਲੁਜ ਦਰਿਆ 'ਤੇ ਹੀ ਧਰਨਾ ਲਗਾ ਕੇ ਗਏ ਹਨ।

Published : January 7, 2026 at 10:15 PM IST
ਲੁਧਿਆਣਾ: ਪੰਜਾਬ ਦੇ ਵਿੱਚ ਸਾਲ 2025 ਦੇ ਵਿੱਚ ਆਏ ਹੜ੍ਹਾਂ ਦੇ ਦੌਰਾਨ ਜਿੱਥੇ ਕਈ ਦਰਿਆਵਾਂ ਦੇ ਕੰਢੇ ਲੱਗਦੇ ਇਲਾਕਿਆਂ ਦੇ ਵਿੱਚ ਹੜ੍ਹ ਦੀ ਮਾਰ ਪਈ ਸੀ। ਉੱਥੇ ਹੀ ਲੁਧਿਆਣਾ ਦਾ ਪਿੰਡ ਸਸਰਾਲੀ ਕਲੋਨੀ ਜੋ ਕਿ ਬਿਲਕੁਲ ਸਤਲੁਜ ਦਰਿਆ ਦੇ ਨਾਲ ਲੱਗਦਾ ਹੈ, ਉੱਥੇ ਵੀ ਹੜ੍ਹ ਦੀ ਮਾਰ ਪਈ ਸੀ ਅਤੇ ਕਿਸਾਨਾਂ ਦੀਆਂ ਜਮੀਨਾਂ ਖੁਰ ਗਈਆਂ ਸਨ ਅਤੇ ਕਈ ਏਕੜ ਜ਼ਮੀਨ ਤਬਾਹ ਹੋ ਗਈ ਸੀ। ਇਸ ਤਬਾਹੀ ਤੋਂ ਬਾਅਦ ਹਾਲਾਂਕਿ ਪ੍ਰਸ਼ਾਸਨ ਨੇ ਬੰਨ੍ਹ ਨੂੰ ਪੱਕਾ ਕਰਨ ਦੇ ਲਈ ਉਸ ਵੇਲੇ ਜਰੂਰ ਰਾਹਤ ਕਾਰਜ ਚਲਾਏ ਸਨ। ਉਸ ਸਮੇਂ ਰੇਤ ਅਤੇ ਮਿੱਟੀ ਦੇ ਨਾਲ ਭਰੇ ਹੋਏ ਥੈਲੇ ਰੱਖ ਕੇ ਜਾਲ ਬੰਨ੍ਹੇ ਗਏ ਸਨ ਅਤੇ ਆਰਜੀ ਤੌਰ 'ਤੇ ਬੰਨ੍ਹ ਲਗਾਇਆ ਸੀ। ਪਰ ਹੁਣ ਜਦੋਂ ਸਤਲੁਜ ਦੇ ਪਾਣੀ ਦਾ ਪੱਧਰ ਥੋੜਾ ਹੇਠਾਂ ਗਿਆ ਹੈ ਤਾਂ ਹਾਲੇ ਵੀ ਕਿਸਾਨਾਂ ਦੀਆਂ ਜ਼ਮੀਨਾਂ ਨਹੀਂ ਮਿਲ ਰਹੀਆਂ। ਸਤਲੁਜ ਦਾ ਵਹਾਅ ਲਗਾਤਾਰ ਪਿੰਡ ਵੱਲ ਨੂੰ ਵੱਧ ਰਿਹਾ ਹੈ।
'ਛੇ ਮਹੀਨੇ ਤੋਂ ਵੱਧ ਦਾ ਸਮਾਂ ਦੇਣ ਦੇ ਬਾਵਜੂਦ ਵੀ ਬੰਨ੍ਹ ਨੂੰ ਪੱਕਾ ਨਹੀਂ ਕੀਤਾ'
ਪਿੰਡ ਵਾਸੀਆਂ ਵੱਲੋਂ ਛੇ ਮਹੀਨੇ ਤੋਂ ਵੱਧ ਦਾ ਸਮਾਂ ਦੇਣ ਦੇ ਬਾਵਜੂਦ ਵੀ ਬੰਨ੍ਹ ਨੂੰ ਪੱਕਾ ਨਹੀਂ ਕੀਤਾ ਗਿਆ ਹੈ। ਜਿਸ ਕਰਕੇ ਪਿੰਡ ਦੇ ਵਾਸੀਆਂ ਨੇ ਪੱਕੇ ਤੌਰ 'ਤੇ ਸਤਲੁਜ ਬੰਨ੍ਹ ਉੱਤੇ ਹੀ ਧਰਨਾ ਮੋਰਚਾ ਲਗਾ ਦਿੱਤਾ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਪਿੰਡ ਵਾਸੀ ਇੱਥੇ ਪਿਛਲੇ ਕਈ ਦਿਨ੍ਹਾਂ ਤੋਂ ਧਰਨੇ ਉੱਤੇ ਬੈਠੇ ਹਨ। ਇਹ ਧਰਨਾ ਪ੍ਰਦਰਸ਼ 28 ਦਸੰਬਰ ਤੋਂ ਚੱਲ ਰਿਹਾ ਹੈ। ਪਰ ਹਾਲੇ ਤੱਕ ਪਿੰਡ ਦੇ ਲੋਕਾਂ ਨੂੰ ਕੋਈ ਵੀ ਭਰੋਸਾ ਨਹੀਂ ਦਿੱਤਾ ਗਿਆ ਕਿ ਕਦੋਂ ਇਸ ਬੰਨ੍ਹ ਨੂੰ ਮਜ਼ਬੂਤ ਅਤੇ ਪੱਕਾ ਕੀਤਾ ਜਾਵੇਗਾ।
ਧਰਨੇ ਉੱਤੇ ਬੈਠੇ ਪਿੰਡ ਵਾਸੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ "ਇੱਥੇ ਸਿਰਫ ਰੇਤ ਦੇ ਅਤੇ ਮਿੱਟੀ ਦੇ ਥੈਲੇ ਲਾਏ ਹੋਏ ਨੇ ਜੋ ਕਿਸੇ ਸਮੇਂ ਵੀ ਖੁਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਪੱਕਾ ਬੰਨ੍ਹ ਬਣਾ ਦੇਣਾ ਚਾਹੀਦਾ ਤਾਂ ਜੋ ਅਗਲੀ ਵਾਰ ਬਰਸਾਤਾਂ ਦੇ ਵਿੱਚ ਪਾਣੀ ਦਾ ਵਹਾ ਤੇਜ਼ ਹੋਵੇਗਾ ਤਾਂ ਪਿੰਡ ਨੂੰ ਮਾਰ ਨਾ ਪਵੇ। ਪਿੰਡ ਵਾਸੀਆਂ ਨੇ ਕਿਹਾ ਕਿ ਕਈ ਪਿੰਡਾਂ ਦੀ ਨੇੜੇ ਤੇੜੇ ਦੀ ਜ਼ਮੀਨ ਖਰਾਬ ਹੋ ਚੁੱਕੀ ਹੈ।"
ਕਿਸਾਨ ਜਥੇਬੰਦੀਆਂ ਵੀ ਦੇ ਰਹੀਆਂ ਸਾਥ
ਪਿੰਡ ਵਾਸੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਵੀ ਸਾਥ ਦੇ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਵੀ ਧਰਨੇ ਦੇ ਵਿੱਚ ਜਾ ਕੇ ਬੈਠ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਦਿਨ੍ਹਾਂ ਤੋਂ ਲਗਾਤਾਰ ਇਹ ਪ੍ਰਦਰਸ਼ਨ ਚੱਲ ਰਿਹਾ ਹੈ, ਨਵਾਂ ਸਾਲ ਚੜ ਚੁੱਕਾ ਹੈ ਪਰ ਪ੍ਰਸ਼ਾਸਨ ਲੋਕਾਂ ਦੀ ਗੱਲ ਨਹੀਂ ਸੁਣ ਰਿਹਾ, ਪਿੰਡ ਦੇ ਲੋਕ ਡਰ ਦੇ ਸਾਏ ਹੇਠ ਜੀਅ ਰਹੇ ਹਨ। ਇਸੇ ਕਰਕੇ ਕਿਸਾਨ ਜਥੇਬੰਦੀ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ ਤਾਂ ਜੋ ਬੰਨ੍ਹ ਨੂੰ ਪੱਕਾ ਕੀਤਾ ਜਾ ਸਕੇ ਤਾਂ ਜੋ ਕਿਸਾਨਾਂ ਦੀ ਫਸਲ ਨੂੰ ਬਚਾਇਆ ਜਾ ਸਕੇ। ਕਿਸਾਨ ਆਗੂ ਦਿਲਬਾਗ ਸਿੰਘ ਨੇ ਧਰਨੇ ਦੇ ਦੌਰਾਨ ਹੀ ਐਲਾਨ ਕੀਤਾ ਹੈ ਕਿ ਜੇਕਰ ਇਨ੍ਹਾਂ ਪਿੰਡਾਂ ਦੇ ਵਿੱਚ ਬੰਨ੍ਹ ਨੂੰ ਪੱਕਾ ਨਾ ਕੀਤਾ ਗਿਆ ਤਾਂ ਉਹ 9 ਜਨਵਰੀ ਨੂੰ ਡੀਸੀ ਲੁਧਿਆਣਾ ਦੇ ਦਫਤਰ ਦਾ ਘਿਰਾਓ ਕਰਨਗੇ ਅਤੇ ਲੋੜ ਪੈਣ ਤੇ ਪ੍ਰਦਰਸ਼ਨ ਵੀ ਕਰਨਗੇ।

