ਕਤਲ, ਫਿਰੌਤੀ ਅਤੇ ਟਾਰਗੇਟ ਕਿਲਿੰਗ 'ਚ ਸ਼ਾਮਲ ਗੈਂਗ ਦੇ 8 ਮੈਂਬਰ ਹਥਿਆਰਾਂ ਸਣੇ ਕਾਬੂ
ਇਸ ਗੈਂਗ ਦਾ ਸਰਗਨਾ ਬੋਬੀ ਮਾਹੀ ਇੱਕ ਖਤਰਨਾਕ ਅਪਰਾਧੀ ਹੈ ਅਤੇ ਇਸ ਸਮੇਂ ਵਿਦੇਸ਼ ਵਿੱਚ ਲੁਕਿਆ ਹੋਇਆ ਹੈ।


Published : January 1, 2026 at 6:44 PM IST
ਪਟਿਆਲਾ: ਕਤਲ, ਫਿਰੌਤੀ, ਟਾਰਗੇਟ ਕਿਲਿੰਗ ਅਤੇ ਗੈਂਗਵਾਰ ਵਰਗੀਆਂ ਸੰਗਠਿਤ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਖ਼ਤਰਨਾਕ 9 ਮੈਂਬਰੀ ਗੈਂਗ ਦਾ ਪਰਦਾਫ਼ਾਸ਼ ਕਰਦਿਆਂ ਪਟਿਆਲਾ ਪੁਲਿਸ ਨੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੇ ਕਬਜ਼ੇ ਵਿਚੋਂ 10 ਦੇਸੀ/ਵਿਦੇਸ਼ੀ ਪਿਸਤੌਲ ਅਤੇ 19 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਕੁਲਦੀਪ ਸਿੰਘ ਚਾਹਲ ਆਈ.ਪੀ.ਐਸ., ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਪਟਿਆਲਾ ਰੇਂਜ ਅਤੇ ਵਰੁਣ ਸ਼ਰਮਾ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਚਲਾਈ ਗਈ। ਇਸ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਦੀ ਖਾਸ ਟੀਮ ਨੇ NIS ਚੌਂਕ ਪਟਿਆਲਾ ਵਿਖੇ ਨਾਕਾਬੰਦੀ ਦੌਰਾਨ ਮੁਖਬਰੀ ਦੇ ਆਧਾਰ ’ਤੇ ਡਕਾਲਾ ਚੁੰਗੀ ਨੇੜੇ NIS ਦੇ ਖੰਡਰ ਕਵਾਟਰਾਂ ’ਚ ਛਾਪੇਮਾਰੀ ਕਰਕੇ ਗੈਂਗ ਦੇ ਮੈਂਬਰਾਂ ਨੂੰ ਕਿਸੇ ਵੱਡੀ ਸਨਸਨੀਖੇਜ਼ ਵਾਰਦਾਤ ਦੀ ਤਿਆਰੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਮੁਲਜ਼ਮ ਗੁਰਪ੍ਰੀਤ ਦੰਗਲ ਪਾਸੋਂ 7 ਪਿਸਤੌਲ (.32 ਬੋਰ), ਡਿੰਪਲ ਕੋਸਲ ਪਾਸੋਂ 2 ਪਿਸਤੌਲ (.32 ਬੋਰ) ਅਤੇ ਧਰੁਵ ਪਾਸੋਂ ਇੱਕ ਵਿਦੇਸ਼ੀ ਪਿਸਤੌਲ PX5 (.30 ਬੋਰ) ਬਰਾਮਦ ਕੀਤਾ ਗਿਆ।'
ਵਿਦੇਸ਼ੀ ਹਥਿਆਰ ਬਰਾਮਦ
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਸ ਗੈਂਗ ਦਾ ਸਰਗਨਾ ਬੋਬੀ ਮਾਹੀ ਪੁੱਤਰ ਰਾਜਿੰਦਰ ਕੁਮਾਰ ਵਾਸੀ ਤਫੱਜਲਪੁਰਾ ਹੈ, ਜੋ ਇੱਕ ਖਤਰਨਾਕ ਅਪਰਾਧੀ ਹੈ ਅਤੇ ਇਸ ਸਮੇਂ ਵਿਦੇਸ਼ ਵਿੱਚ ਲੁਕਿਆ ਹੋਇਆ ਹੈ। ਉਸਨੇ ਕਤਲ, ਫਿਰੌਤੀ ਅਤੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਲਈ ਆਪਣਾ ਸੰਗਠਿਤ ਗੈਂਗ ਤਿਆਰ ਕੀਤਾ ਹੋਇਆ ਸੀ। ਪੁਲਿਸ ਨੇ ਮੁਜ਼ਮਾਂ ਦੇ ਕਬਜ਼ੇ ਵਿੱਚੋਂ 10 ਦੇਸੀ ਅਤੇ ਵਿਦੇਸ਼ੀ ਪਿਸਤੌਲਾਂ ਅਤੇ 19 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਗੁਪਤ ਸੁਚਨਾ ਦੇ ਅਧਾਰ 'ਤੇ ਕਾਰਵਾਈ
ਪੁਲਿਸ ਅਧਿਕਾਰੀ ਚਾਹਲ ਨੇ ਦੱਸਿਆ ਕਿ ਇੰਸਪੈਕਟਰ ਜਸਪ੍ਰੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਅਤੇ ਐਸ.ਆਈ. ਗੁਰਪਿੰਦਰ ਸਿੰਘ ਦੀ ਟੀਮ ਨੇ ਐਨਆਈਐਸ ਚੌਕ ਪਟਿਆਲਾ ’ਤੇ ਨਾਕਾਬੰਦੀ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਡਕਾਲਾ ਚੁੰਗੀ ਨੇੜੇ ਐਨਆਈਐਸ ਦੇ ਖੰਡਰ ਕਵਾਰਟਰਾਂ ’ਚ ਛਾਪੇਮਾਰੀ ਕਰਕੇ ਗੈਂਗ ਦੇ ਮੈਂਬਰਾਂ ਨੂੰ ਕਿਸੇ ਵੱਡੀ ਸਨਸਨੀਖੇਜ਼ ਵਾਰਦਾਤ ਦੀ ਤਿਆਰੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਪੁਲਿਸ ਮੁਤਾਬਕ ਇਹ ਸਾਰੇ ਅਪਰਾਧੀ ਬੌਬੀ ਮਾਹੀ ਅਤੇ ਗੋਲਡੀ ਢਿੱਲੋਂ ਗੈਂਗਸਟਰ ਗਰੁੱਪ ਨਾਲ ਸੰਬੰਧਤ ਸਨ ਅਤੇ ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਕੁਝ ਹਥਿਆਰ ਪਾਕਿਸਤਾਨ ਤੋਂ ਲਿਆਂਦੇ ਜਾਣ ਦੀ ਵੀ ਸ਼ੰਕਾ ਜਤਾਈ ਗਈ ਹੈ।
ਗ੍ਰਿਫ਼ਤਾਰ ਦੇ ਨਾਮ:
1. ਗੁਰਪ੍ਰੀਤ ਦੰਗਲ ਪੁੱਤਰ ਰਾਜਿੰਦਰ ਕੁਮਾਰ, ਵਾਸੀ ਗੋਪਾਲ ਕਾਲੋਨੀ, ਪਟਿਆਲਾ
2. ਡਿੰਪਲ ਕੋਸਲ ਉਰਫ਼ ਡਿੰਪੀ ਪੁੱਤਰ ਦੇਵਿੰਦਰ ਕੋਸਲ, ਵਾਸੀ ਨਿਊ ਮਹਿੰਦਰਾ ਕਾਲੋਨੀ, ਪਟਿਆਲਾ
3. ਧ੍ਰੁਵ ਪੁੱਤਰ ਸੋਨੀ, ਵਾਸੀ ਨਿਊ ਮਹਿੰਦਰਾ ਕਾਲੋਨੀ, ਪਟਿਆਲਾ
4. ਪ੍ਰਥਮ ਉਰਫ਼ ਚਾਹਤ ਪੁੱਤਰ ਨਰੇਸ਼ ਕੁਮਾਰ, ਵਾਸੀ ਸੰਜੈ ਕਾਲੋਨੀ, ਪਟਿਆਲਾ
5. ਸਚਿਨ ਗੁਪਤਾ ਪੁੱਤਰ ਸੂਬੇਦਾਰ ਗੁਪਤਾ, ਵਾਸੀ ਪ੍ਰੇਮ ਕਾਲੋਨੀ, ਪਟਿਆਲਾ
6. ਦੀਪਾਂਸ਼ ਉਰਫ਼ ਦੀਸੂ ਪੁੱਤਰ ਨਰੇਸ਼ ਕੁਮਾਰ, ਵਾਸੀ ਨਿਊ ਮਹਿੰਦਰਾ ਕਾਲੋਨੀ, ਪਟਿਆਲਾ
7. ਹਸਨਪ੍ਰੀਤ ਸਿੰਘ ਉਰਫ਼ ਹੁਸਨ ਪੁੱਤਰ ਹਰਜੀਤ ਸਿੰਘ, ਵਾਸੀ ਪਿੰਡ ਥੂਹਾ
8. ਸ਼ੌਕਤ ਅਲੀ ਉਰਫ਼ ਕਰਨ ਪੁੱਤਰ ਇਕਬਾਲ ਮੁਹੰਮਦ, ਵਾਸੀ ਡਾਲੀਮਾ ਵਿਹਾਰ, ਰਾਜਪੁਰਾ
ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਮਾਮਲੇ ਵਿੱਚ ਵੱਡੀ ਅਪਡੇਟ
ਇਸ ਦੇ ਨਾਲ ਹੀ ਪਟਿਆਲਾ ਵਿੱਚ ਸਾਬਕਾ ਆਈਜੀ ਅਮਰ ਸਿੰਘ ਚਾਹਲ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੁਲਿਸ ਵੱਲੋਂ ਮੁੰਬਈ ਤੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 3.5 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੱਖ-ਵੱਖ ਖਾਤਿਆਂ ਵਿੱਚ ਸੀਜ਼ ਕੀਤੀ ਗਈ ਹੈ। ਇਸ ਮਾਮਲੇ ਵਿੱਚ 600 ਸਿਮ ਕਾਰਡ ਅਤੇ 500 ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

