ਪਟਿਆਲਾ ਰੇਲਵੇ ਟਰੈਕ ਧਮਾਕਾ: ਅੰਮ੍ਰਿਤਸਰ ਤੋਂ ਆਇਆ ਸੀ ਮ੍ਰਿਤਕ, ਮੋਬਾਈਲ ਬਣਿਆ ਅਹਿਮ ਸੁਰਾਗ, ਜਾਣੋ ਮਾਮਲਾ
ਪਟਿਆਲਾ ਵਿਖੇ ਰੇਲਵੇ ਲਾਈਨ 'ਤੇ ਜ਼ੋਰਦਾਰ ਧਮਾਕੇ ਦੀ ਕੋਸ਼ਿਸ਼, ਇੱਕ ਸਖ਼ਸ਼ ਦੀ ਮੌਤ। ਫੋਰੈਂਸਿਕ ਜਾਂਚ ਸ਼ੁਰੂ।

Published : April 28, 2026 at 11:11 AM IST
ਪਟਿਆਲਾ: ਰਾਜਪੁਰਾ ਅਤੇ ਸ਼ੰਭੂ ਦੇ ਵਿਚਕਾਰ ਸਥਿਤ DFCCIL ਰੇਲਵੇ ਲਾਈਨ 'ਤੇ ਸੋਮਵਾਰ ਰਾਤ ਕਰੀਬ 10 ਵਜੇ ਇੱਕ ਜ਼ੋਰਦਾਰ ਧਮਾਕੇ ਦੀ ਕੋਸ਼ਿਸ਼ ਹੋਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਘਟਨਾ ਕਿਲੋਮੀਟਰ ਨੰਬਰ 1174/1–6 ਦੇ ਨੇੜੇ ਵਾਪਰੀ ਦੱਸੀ ਜਾ ਰਹੀ ਹੈ। ਧਮਾਕੇ ਦੀ ਆਵਾਜ਼ ਸੁਣਦੇ ਹੀ ਆਸ-ਪਾਸ ਦੇ ਲੋਕ ਘਬਰਾ ਗਏ ਅਤੇ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਰੇਲਵੇ ਸੁਰੱਖਿਆ ਬਲ (RPF), ਜੀਆਰਪੀ ਅਤੇ ਸਥਾਨਕ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ।
ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਹੋਈ ਪਛਾਣ
ਪਟਿਆਲਾ ਵਿੱਚ ਹੋਏ ਬਲਾਸਟ ਮਾਮਲੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਜਗਰੂਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਜਗਰੂਪ ਸਿੰਘ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਾਂਚ ਦੌਰਾਨ ਘਟਨਾ ਵਾਲੀ ਥਾਂ ਤੋਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ, ਜੋ ਧਮਾਕੇ ਦੇ ਬਾਵਜੂਦ ਪੂਰੀ ਤਰ੍ਹਾਂ ਨਸ਼ਟ ਨਹੀਂ ਹੋਇਆ ਸੀ। ਇਸੇ ਮੋਬਾਈਲ ਫੋਨ ਦੀ ਮਦਦ ਨਾਲ ਪੁਲਿਸ ਨੇ ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਵਜੋਂ ਕੀਤੀ।
ਪੰਜਾਬ ਰੇਲਵੇ ਦੇ ਸਪੈਸ਼ਲ ਡੀਜੀ ਸ਼ਸ਼ੀ ਪ੍ਰਭਾ ਨੇ ਦੱਸਿਆ ਕਿ, "ਇਸ ਤਰ੍ਹਾਂ ਦੀ ਘਟਨਾ ਪਹਿਲਾਂ ਫ਼ਤਿਹਗੜ੍ਹ ਸਾਹਿਬ ਵਿਖੇ ਵੀ ਹੋਇਆ ਸੀ। ਸਾਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ, ਇਹ ਸਾਡੇ ਲਈ ਮੰਦਭਾਗੀ ਗੱਲ ਹੈ। ਜੋ ਹੁਣ ਘਟਨਾ ਹੋਈ ਹੈ, ਇਹ ਮਾੜਾ ਹੋਇਆ। ਜਦੋਂ ਟਰੇਨ ਨਿਕਲੀ ਇੰਜਨ ਦੇ ਡਰਾਈਵਰ ਨੇ ਇਹ ਮਹਿਸੂਸ ਕੀਤਾ ਕਿ ਟਰੇਨ ਚਲਦੇ ਸਮੇਂ ਕੁੱਝ ਗੜਬੜੀ ਹੋਈ ਹੈ। ਇਹ ਜਾਣਕਾਰੀ ਜੀਆਰਪੀ ਥਾਣੇ ਨੂੰ ਦਿੱਤੀ ਗਈ ਅਤੇ ਮੌਕੇ ਉੱਤੇ ਜੀਆਰਪੀ ਦੇ ਅਧਿਕਾਰੀ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ। ਪਰ, ਇਸ ਵਾਰ ਘਟਨਾ ਵਾਲੀ ਥਾਂ ਤੋਂ ਲਾਸ਼ ਮਿਲੀ ਹੈ, ਜਿਸ ਨਾਲ ਸਾਨੂੰ ਇਸ ਘਟਨਾ ਨੂੰ ਸੁਲਝਾਉਣ ਵਿੱਚ ਮਦਦ ਮਿਲੇਗੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਧਮਾਕਾ ਕਰਨ ਲਈ ਜੋ ਪਲਾਂਟ ਕਰ ਰਿਹਾ ਸੀ, ਉਸ ਵਿੱਚ ਖੁਦ ਹੀ ਮਾਰਿਆ ਗਿਆ। ਸ਼ਾਇਦ ਉਸ ਕੋਲੋਂ ਗਲਤੀ ਹੋਈ ਕਿ ਧਮਾਕਾ ਉਸੇ ਵੇਲ੍ਹੇ ਹੋ ਗਿਆ। ਮ੍ਰਿਤਕ ਕੋਲੋਂ ਟਿਕਟ ਮਿਲੀ, ਜੋ ਸਰਹਿੰਦ ਤੋਂ ਇੱਥੇ ਆਇਆ। ਮੋਬਾਈਲ ਮਿਲਿਆ। ਮ੍ਰਿਤਕ ਅੰਮ੍ਰਿਤਸਰ ਵਿੱਚ ਮੋਟਰਸਾਈਕਲ ਪਾਰਕ ਕਰਕੇ ਇੱਥੇ ਆਇਆ ਸੀ। ਬਾਈਕ ਉੱਥੇ ਜ਼ਬਤ ਕਰ ਲਈ ਗਈ ਹੈ। ਸਿਮ ਕਾਰਡ ਤੋਂ ਕਾਫੀ ਮਦਦ ਮਿਲ ਸਕਦੀ ਹੈ। ਮ੍ਰਿਤਕ ਦੀ ਪਛਾਣ ਤੇ ਹੋਰ ਸਾਰੇ ਜਾਂਚ ਜਾਰੀ ਹੈ।"
ਵਿਸਫੋਟਕ ਪਲਾਂਟ ਕਰਨ ਵੇਲ੍ਹੇ ਧਮਾਕਾ, ਸਖ਼ਸ਼ ਦੀ ਮੌਤ
ਐਸਐਸਪੀ ਵਰੁਣ ਸ਼ਰਮਾ ਨੇ ਸਪੱਸ਼ਟ ਕੀਤਾ ਕਿ, "ਇਸ ਘਟਨਾ ਵਿੱਚ ਰੇਲਵੇ ਸੰਪਤੀ ਨੂੰ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਿਆ। ਪਰ, "ਇਹ ਇੱਕ ਵੱਡਾ ਧਮਾਕਾ ਕਰਨ ਦੀ ਕੋਸ਼ਿਸ਼ ਸੀ", ਇਸ ਦੌਰਾਨ ਜਿਸ ਵਿਅਕਤੀ ਵੱਲੋਂ ਵਿਸਫੋਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੀ ਲਾਸ਼ ਵੀ ਘਟਨਾ ਵਾਲੀ ਥਾਂ ਤੋਂ ਬਰਾਮਦ ਕਰ ਲਈ ਗਈ ਹੈ। ਧਮਾਕਾ ਇੰਨਾ ਜਬਰਦਸਤ ਸੀ ਕਿ ਵਿਅਕਤੀ ਦੀ ਲਾਸ਼ ਦੇ ਚੀਥੜੇ ਉੱਡ ਗਏ। ਲਾਸ਼ ਕੋਲੋਂ ਸਿਮ ਕਾਰਡ ਆਦਿ ਬਰਾਮਦ ਕੀਤੇ ਗਏ ਹਨ। ਪੁਲਿਸ ਨੂੰ ਮੌਕੇ ਤੋਂ ਮਹੱਤਵਪੂਰਨ ਵਿਗਿਆਨਕ ਸਬੂਤ ਮਿਲੇ ਹਨ, ਜਿਨ੍ਹਾਂ ਨੂੰ ਕਬਜ਼ੇ ਵਿੱਚ ਲੈ ਕੇ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।"
ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ
ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ, "ਧਮਾਕੇ ਦੀ ਕੋਸ਼ਿਸ਼ ਕਾਰਨ ਰੇਲਵੇ ਲਾਈਨ ਦੇ ਨੇੜੇ ਕਰੀਬ ਤਿੰਨ ਫੁੱਟ ਡੂੰਘਾ ਖੱਡਾ ਬਣ ਗਿਆ ਹੈ, ਜਿਸ ਤੋਂ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਸੀ। ਸੁਰੱਖਿਆ ਦੇ ਮੱਦੇਨਜ਼ਰ ਇਸ ਰੂਟ 'ਤੇ ਮਾਲਗੱਡੀਆਂ ਦੀ ਆਵਾਜਾਈ ਅਸਥਾਈ ਤੌਰ 'ਤੇ ਰੋਕ ਦਿੱਤੀ ਗਈ ਹੈ।"
ਇਲਾਕਾ ਸੀਲ, ਪੂਰੇ ਮਾਮਲੇ ਦੀ ਜਾਂਚ ਜਾਰੀ
ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਟੀਮਾਂ ਨੂੰ ਮੌਕੇ 'ਤੇ ਤੈਨਾਤ ਕੀਤਾ ਗਿਆ ਹੈ, ਜੋ ਵਿਗਿਆਨਕ ਸਬੂਤ ਇਕੱਠੇ ਕਰ ਰਹੀਆਂ ਹਨ। ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਧਮਾਕੇ ਦੀ ਅਸਲ ਵਜ੍ਹਾ ਸਾਹਮਣੇ ਆ ਸਕੇ। ਇਸ ਦੇ ਨਾਲ ਹੀ ਸੀਨੀਅਰ ਅਧਿਕਾਰੀ ਕੁਲਦੀਪ ਚਾਹਲ ਅਤੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵੀ ਭਾਰੀ ਪੁਲਿਸ ਬਲ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪੂਰੇ ਇਲਾਕੇ ਨੂੰ ਘੇਰਾਬੰਦੀ ਕਰਕੇ ਸੀਲ ਕਰ ਦਿੱਤਾ ਗਿਆ।
ਇਸ ਲਈ ਜੀਆਰਪੀ, ਆਰਪੀਐਫ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ, 'ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਰ ਪੱਖ ਤੋਂ ਜਾਂਚ ਜਾਰੀ ਹੈ ਅਤੇ ਜਲਦ ਹੀ ਪੂਰੇ ਘਟਨਾਕ੍ਰਮ ਨੂੰ ਲੈ ਕੇ ਖੁਲਾਸਾ ਕੀਤੇ ਜਾਣ ਦੀ ਉਮੀਦ ਹੈ।'

