PANJAB UNIVERSITY ELECTIONS: ਅੱਜ ਪੀਯੂ ਸਣੇ 11 ਕਾਲਜਾਂ ਵਿੱਚ ਵੋਟਿੰਗ, ਸੁਰੱਖਿਆ ਦੇ ਸਖ਼ਤ ਪ੍ਰਬੰਧ
ਵੋਟਿੰਗ ਪ੍ਰਕਿਰਿਆ ਲਈ ਕੁੱਲ 191 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ, ਇਹ ਪਿਛਲੇ ਸਾਲ 171 ਬੂਥਾਂ ਦੇ ਮੁਕਾਬਲੇ 20 ਬੂਥਾਂ ਦਾ ਵਾਧਾ ਦਰਸਾਉਂਦਾ ਹੈ।


Published : August 30, 2026 at 8:08 PM IST
|Updated : August 31, 2026 at 7:09 AM IST
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਲਈ ਅੱਜ ਯਾਨੀ ਸੋਮਵਾਰ ਨੂੰ ਯੂਨੀਵਰਸਿਟੀ ਸਣੇ 11 ਕਾਲਜਾਂ ਵਿੱਚ ਵੋਟਿੰਗ ਹੋਣ ਜਾ ਰਹੀ ਹੈ। ਵੋਟਾਂ ਦੀ ਗਿਣਤੀ ਸ਼ਾਮ ਨੂੰ ਸ਼ੁਰੂ ਹੋਵੇਗੀ, ਜਿਸ ਤੋਂ ਪਤਾ ਲੱਗੇਗਾ ਕਿ ਕਿਸ ਸੰਗਠਨ ਅਤੇ ਉਮੀਦਵਾਰ ਨੂੰ ਵਿਦਿਆਰਥੀਆਂ ਦਾ ਸਮਰਥਨ ਮਿਲਿਆ ਹੈ।
ਚੋਣ ਮੈਦਾਨ ਵਿੱਚ ਕੁੱਲ 16 ਉਮੀਦਵਾਰ
ਪੰਜਾਬ ਯੂਨੀਵਰਸਿਟੀ ਵਿੱਚ ਇਸ ਵਾਰ ਮੁਕਾਬਲਾ ਖਾਸ ਤੌਰ 'ਤੇ ਦਿਲਚਸਪ ਮੰਨਿਆ ਜਾ ਰਿਹਾ ਹੈ। ਚਾਰ ਮੁੱਖ ਅਹੁਦਿਆਂ ਲਈ ਕੁੱਲ 16 ਉਮੀਦਵਾਰ ਮੈਦਾਨ ਵਿੱਚ ਹਨ। ਉਮੀਦਵਾਰ ਪ੍ਰਧਾਨ (ਚਾਰ), ਉਪ-ਪ੍ਰਧਾਨ (ਪੰਜ), ਸਕੱਤਰ (ਤਿੰਨ), ਅਤੇ ਸੰਯੁਕਤ ਸਕੱਤਰ (ਚਾਰ) ਦੇ ਅਹੁਦਿਆਂ ਲਈ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ ਚਾਰ ਮਹਿਲਾ ਉਮੀਦਵਾਰ ਹਨ, ਦੋ ਉਪ-ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੀਆਂ ਹਨ, ਜਦਕਿ ਇੱਕ-ਇੱਕ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਚੋਣ ਲੜ ਰਹੀ ਹੈ।
ਕੁੱਲ 16,468 ਵੋਟਰ
ਦੱਸ ਦਈਏ ਕਿ ਕੁੱਲ 16,468 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ ਵਿੱਚ 9,000 ਵਿਦਿਆਰਥਣਾਂ, 7,467 ਪੁਰਸ਼ ਵਿਦਿਆਰਥੀ ਅਤੇ ਇੱਕ ਟਰਾਂਸਜੈਂਡਰ ਵੋਟਰ ਸ਼ਾਮਲ ਹੈ। ਵੋਟਿੰਗ ਪ੍ਰਕਿਰਿਆ ਲਈ 60 ਯੂਨੀਵਰਸਿਟੀ ਵਿਭਾਗਾਂ ਵਿੱਚ ਕੁੱਲ 191 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ, ਇਹ ਪਿਛਲੇ ਸਾਲ 171 ਬੂਥਾਂ ਦੇ ਮੁਕਾਬਲੇ 20 ਬੂਥਾਂ ਦਾ ਵਾਧਾ ਦਰਸਾਉਂਦਾ ਹੈ।
ਸਵੇਰੇ 9 ਵਜੇ ਤੋਂ ਪਹਿਲਾਂ ਪਹੁੰਚਣ ਦੀ ਅਪੀਲ
ਪੀਯੂ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਸਵੇਰੇ 9 ਵਜੇ ਤੋਂ ਪਹਿਲਾਂ ਆਪਣੇ-ਆਪਣੇ ਵਿਭਾਗਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਚੋਣਾਂ ਦੌਰਾਨ ਗੇਟ ਨੰਬਰ 1 ਬੰਦ ਰਹੇਗਾ, ਜਦਕਿ ਕੈਂਪਸ ਦੇ ਹੋਰ ਗੇਟ ਖੁੱਲ੍ਹੇ ਰਹਿਣਗੇ। ਪ੍ਰਸ਼ਾਸਨ ਅਤੇ ਪੁਲਿਸ ਨੇ ਵੋਟਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ।
10 ਦਿਨਾਂ ਤੱਕ ਚੋਣ ਪ੍ਰਚਾਰ
ਪੀਯੂ ਪ੍ਰਸ਼ਾਸਨ ਨੇ 20 ਅਗਸਤ ਨੂੰ ਚੋਣ ਮਿਤੀ ਦਾ ਐਲਾਨ ਕੀਤਾ। ਇਸ ਤੋਂ ਬਾਅਦ 24 ਅਗਸਤ ਨੂੰ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਅਤੇ 25 ਅਗਸਤ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਹੋ ਗਈ। ਇਸ ਤੋਂ ਬਾਅਦ ਕੈਂਪਸ ਵਿੱਚ ਲਗਭਗ 10 ਦਿਨਾਂ ਤੱਕ ਚੋਣ ਮੁਹਿੰਮ ਜਾਰੀ ਰਹੀ।

