ETV Bharat / state

ਨਸ਼ੇ ਨੂੰ ਲੈਕੇ ਸਪੀਕਰ ਦੇ ਬਿਆਨ 'ਤੇ ਵਿਵਾਦ, ਵਿਰੋਧੀਆਂ ਨੇ ਘੇਰੀ 'ਆਪ' ਸਰਕਾਰ, ਜਾਣੋ ਪੂਰਾ ਮਾਮਲਾ...

ਨਸ਼ਿਆ ਬਾਰੇ ਸਪੀਕਰ ਕੁਲਤਾਰ ਸੰਧਵਾਂ ਦੇ ਬਿਆਨ ਤੋਂ ਬਾਅਦ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ,ਵਰਿੰਦਰ ਥਿੰਦ ਦੀ ਵਿਸ਼ੇਸ਼ ਰਿਪੋਰਟ...

CONTROVERSY OVER DRUGS IN PUNJAB
ਨਸ਼ੇ ਤੇ ਸਿਆਸਤ (Etv Bharat/GFX Team)
author img

By ETV Bharat Punjabi Team

Published : September 2, 2026 at 9:44 AM IST

7 Min Read
Choose ETV Bharat

ਲੁਧਿਆਣਾ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਨਸ਼ਿਆਂ ਦੇ ਮੁੱਦੇ 'ਤੇ ਦਿੱਤੇ ਗਏ ਇੱਕ ਬਿਆਨ ਨੇ ਸੂਬੇ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ। ਸਪੀਕਰ ਦੇ ਇਸ ਬਿਆਨ ਤੋਂ ਬਾਅਦ ਕਿ "ਪੰਜਾਬ ਦੇ ਵਿੱਚੋਂ ਨਸ਼ਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕਦਾ", ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਸ ਬਿਆਨ ਨੇ ਸਰਕਾਰ ਦੀ ਨਸ਼ਾ ਵਿਰੋਧੀ ਨੀਤੀ ਅਤੇ 'ਯੁੱਧ ਨਸ਼ੇ ਵਿਰੁੱਧ' ਮੁਹਿੰਮ 'ਤੇ ਵੱਡੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਹਨ। ਭਾਜਪਾ ਵੱਲੋਂ ਆਪਣੇ ਐਕਸ ਖਾਤੇ 'ਤੇ ਇੱਕ ਪੋਸਟ ਪਾ ਕੇ ਕੁਝ ਅਖਬਾਰਾਂ ਦੀਆਂ ਖਬਰਾਂ ਨੂੰ ਅਧਾਰ ਬਣਾ ਕੇ ਸਰਕਾਰ ਤੋਂ ਸਵਾਲ ਕੀਤਾ ਗਿਆ ਹੈ ਕਿ ਅਗਸਤ ਮਹੀਨੇ ਵਿੱਚ ਹੀ ਨਸ਼ੇ ਦੀ ਓਵਰਡੋਜ਼ ਦੇ ਨਾਲ ਪੰਜਾਬ ਦੇ ਅੰਦਰ 17 ਮੌਤਾਂ ਹੋਈਆਂ ਹਨ, ਉਸ ਦੇ ਲਈ ਕੌਣ ਜ਼ਿੰਮੇਵਾਰ ਹੈ। ਮੈਂਬਰ ਪਾਰਲੀਮੈਂਟ ਸ਼੍ਰੋਮਣੀ ਅਕਾਲੀ ਦਲ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਆਪਣੇ ਐਕਸ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਖੁਦ ਵਿਧਾਨ ਸਭਾ ਦੇ ਸਪੀਕਰ ਮੰਨ ਰਹੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਹੋਇਆ।

ਨਸ਼ੇ ਤੇ ਸਿਆਸਤ (Etv Bharat/GFX Team)

ਯੁੱਧ ਨਸ਼ੇ ਵਿਰੁੱਧ ਦੇ ਅੰਕੜੇ

ਪੰਜਾਬ ਸਰਕਾਰ ਵੱਲੋਂ "ਯੁੱਧ ਨਸ਼ੇ ਵਿਰੁੱਧ" ਮੁਹਿਮ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਕੀਤੀ ਗਈ ਸੀ ਤਾਂ ਜੋ ਨਸ਼ੇ ਨੂੰ ਠੱਲ ਪਾਈ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਨਸ਼ੇ ਸਬੰਧੀ ਇੱਕ ਜਨਗਣਨਾ ਵੀ ਕਰਵਾਈ ਜਾ ਰਹੀ ਹੈ। ਪਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਬਿਆਨਾਂ ਤੋਂ ਬਾਅਦ ਸਰਕਾਰ ਦੀ ਇਹ ਮੁਹਿਮ ਸਵਾਲਾਂ ਦੇ ਘੇਰੇ ਵਿੱਚ ਹੈ, ਹਾਲਾਂਕਿ ਬੀਤੇ ਦਿਨੀਂ ਯੁੱਧ ਨਸ਼ੇ ਵਿਰੁੱਧ ਮੁਹਿਮ ਦੇ ਤਹਿਤ ਬਣਾਏ ਗਏ ਐਕਸ ਅਕਾਊਂਟ 'ਤੇ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਹੁਣ ਤੱਕ ਪੰਜਾਬ ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ ਅੰਦਰ 76 ਹਜ਼ਾਰ 666 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਨੇ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਂਝੇ ਕੀਤੇ ਅੰਕੜੇ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਕੁਝ ਸਮੇਂ ਪਹਿਲਾਂ ਖੁਦ ਇਹ ਅੰਕੜੇ ਸਾਂਝੇ ਕਰਦੇ ਹੋਏ ਕਿਹਾ ਗਿਆ ਸੀ ਕਿ ਪੰਜਾਬ ਪੁਲਿਸ ਪਿਛਲੇ 500 ਦਿਨਾਂ ਦੇ ਦੌਰਾਨ 54, ਐਫਆਈਆਰ ਨਸ਼ੇ ਵਿਰੁੱਧ ਦਰਜ ਕਰ ਚੁੱਕੀ ਹੈ। 71 ਹਜ਼ਾਰ ਤੋਂ ਵਧੇਰੇ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਨੇ, 3400 ਕਿੱਲੋ ਹੈਰੋਇਨ, 41 ਹਜ਼ਾਰ ਕਿਲੋ ਪੋਪੀ ਹਸਕ ਅਤੇ 60 ਲੱਖ ਤੋਂ ਵਧੇਰੇ ਨਸ਼ੀਲੀ ਗੋਲੀਆਂ ਮੁਹਿੰਮ ਤਹਿਤ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 22 ਕਰੋੜ ਦੇ ਕਰੀਬ ਡਰੱਗ ਮਨੀ ਵੀ ਰਿਕਵਰ ਕੀਤੀ ਗਈ ਹੈ। ਪੰਜਾਬ ਨਸ਼ੇ ਦੇ ਨਾਲ ਬਣਾਈ ਗਈ ਜਾਇਦਾਦ ਨੂੰ ਸੀਜ ਕਰਨ ਦੇ ਮਾਮਲੇ ਵਿੱਚ ਭਾਰਤ ਅੰਦਰ ਸਭ ਤੋਂ ਸਿਖ਼ਰਲਾ ਸੂਬਾ ਬਣਿਆ ਹੋਇਆ ਹੈ, ਜਿਸ ਨੇ 854 ਦੇ ਕਰੀਬ ਜਾਇਦਾਦਾਂ ਸੀਜ਼ ਕੀਤੀਆਂ ਹਨ।

​ਚੋਣ ਗਾਰੰਟੀ 'ਤੇ ਖੜ੍ਹੇ ਹੋਏ ਗੰਭੀਰ ਸਵਾਲ

​2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਪ੍ਰਮੁੱਖ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਦੇ ਕੁਝ ਹੀ ਸਮੇਂ ਅੰਦਰ ਸੂਬੇ 'ਚੋਂ ਨਸ਼ਾ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਹੁਣ ਵਿਧਾਨ ਸਭਾ ਦੇ ਸਪੀਕਰ ਵੱਲੋਂ ਹੀ ਨਸ਼ਾ ਖ਼ਤਮ ਨਾ ਹੋਣ ਦੀ ਗੱਲ ਆਖੇ ਜਾਣ ਨਾਲ ਵਿਰੋਧੀਆਂ ਨੂੰ ਸਰਕਾਰ ਘੇਰਨ ਦਾ ਵੱਡਾ ਮੌਕਾ ਮਿਲ ਗਿਆ ਹੈ। ​ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਜਿਹੜੀ ਗਾਰੰਟੀ ਦਿੱਤੀ ਸੀ, ਉਹ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਸਰਕਾਰ ਦੇ ਆਪਣੇ ਹੀ ਨੁਮਾਇੰਦੇ ਹੁਣ ਮੰਨ ਰਹੇ ਹਨ ਕਿ ਨਸ਼ਾ ਖ਼ਤਮ ਕਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ।

CONTROVERSY OVER DRUGS IN PUNJAB
ਨਸ਼ੇ ਤੇ ਸਿਆਸਤ (Etv Bharat/GFX Team)

'ਯੁੱਧ ਨਸ਼ੇ ਵਿਰੁੱਧ' ਮੁਹਿੰਮ 'ਤੇ ਸਵਾਲ

ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ 'ਤੇ ਨਕੇਲ ਕੱਸਣ ਲਈ 'ਯੁੱਧ ਨਸ਼ੇ ਵਿਰੁੱਧ' ਸਮੇਤ ਕਈ ਮੁਹਿੰਮਾਂ ਚਲਾਉਣ ਦੇ ਦਾਅਵੇ ਕੀਤੇ ਗਏ ਸਨ। ਹਾਲਾਂਕਿ, ਜ਼ਮੀਨੀ ਹਕੀਕਤ ਇਹ ਹੈ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚੋਂ ਅਜੇ ਵੀ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਸਬੰਧੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਪੁਲਿਸ ਕਾਰਵਾਈਆਂ ਸਿਰਫ਼ ਛੋਟੇ ਨਸ਼ਾ ਵੇਚਣ ਵਾਲਿਆਂ ਤੱਕ ਸੀਮਤ ਰਹਿ ਗਈਆਂ ਹਨ, ਜਦੋਂ ਕਿ ਵੱਡੇ ਨਸ਼ਾ ਤਸਕਰ ਅਤੇ ਮਾਫ਼ੀਆ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

CONTROVERSY OVER DRUGS IN PUNJAB
ਨਸ਼ੇ ਤੇ ਸਿਆਸਤ (Etv Bharat/GFX Team)

ਵਿਰੋਧੀਆਂ ਦੇ ਨਿਸ਼ਾਨੇ 'ਤੇ ਸਰਕਾਰ

ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ, ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਵੀ ਆਪਣੇ ਐਕਸ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਨੇ ਲਿਖਿਆ ਕਿ "ਸਪੀਕਰ ਪੰਜਾਬ ਨੇ ਯੁੱਧ ਨਸ਼ਿਆ ਵਿਰੁੱਧ ਦੀ ਪੋਲ ਖੋਲ੍ਹ ਦਿੱਤੀ,ਅਰਬਾਂ ਰੁਪਏ ਦੇ ਇਸ਼ਤਿਹਾਰ ਦੇਸ਼ ਭਰ ਵਿੱਚ ਲਗਾਏ ਗਏ, ਲੋਕਾਂ ਨੂੰ ਮੂਰਖ ਬਣਾਇਆ ਗਿਆ। ਇਹਨਾਂ ਝੂਠੇ ਇਸ਼ਤਿਹਾਰਾਂ ਦੀ ਰਿਕਵਰੀ ਗੁਰੂ ਦੋਖੀ ਦੀਆਂ ਜੇਬਾਂ 'ਚੋਂ ਕੀਤੀ ਜਾਵੇ, ਕੱਚੇ ਡੀਜੀਪੀ ਦੀ ਪੁਲਿਸ ਹੋਣ ਦੇ ਬਾਵਜੂਦ ਨਸ਼ਾ ਘਰ ਘਰ ਸਪਲਾਈ ਹੋ ਰਿਹਾ ਹੈ"।

ਭਾਜਪਾ ਬੁਲਾਰੇ ਗੁਰਦੀਪ ਗੋਸ਼ਾ ਦਾ ਬਿਆਨ

ਇਸ ਦੇ ਨਾਲ ਹੀ ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾ ਨੇ ਕਿਹਾ ਕਿ "ਸੱਚ ਹੌਲੀ-ਹੌਲੀ ਬਾਹਰ ਆਉਂਦਾ ਹੈ। ਇਹ ਸੱਚ ਨੂੰ ਲਕੋਣ ਲਈ ਵਾਰ-ਵਾਰ ਝੂਠ ਬੋਲਦੇ ਹਨ। ਇੱਥੇ ਕੇਜਰੀਵਾਲ ਨੇ ਵੀ ਕਿੰਨੀ ਵਾਰ ਆ ਕੇ ਕਿਹਾ ਕਿ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਵਾਂਗੇ ਕਦੇ ਕਹਿੰਦੇ ਹਨ " 15 ਅਗਸਤ ਨੂੰ ਨਸ਼ਾ ਖਤਮ ਹੋ ਜਾਵੇਗਾ ਕਦੇ 26 ਜਨਵਰੀ ਨੂੰ ਨਸ਼ਾ ਖਤਮ ਕਰ ਦੇਵਾਂਗੇ ਪਰ ਕੇਜਰੀਵਾਲ ਸਿਰਫ ਦਿੱਲੀ ਤੋਂ ਆ ਕੇ ਇਹ ਰੌਲਾ ਪਾਉਂਦੇ ਰਹੇ ਪਰ ਨਸ਼ਾ ਖਤਮ ਨਹੀਂ ਹੋਇਆ। "

"ਜੇਕਰ ਝੂਠਾ ਦੇ ਖਿਤਾਬ ਕੋਈ ਬਣਿਆ ਹੈ ਜਾਂ ਕੋਈ ਝੂਠਾਂ ਦੀ ਯੂਨਿਵਰਸਿਟੀ ਬਣੀ ਹੈ ਤਾਂ ਕੇਜਰੀਵਾਲ ਨੂੰ ਉਸ ਦਾ ਵਾਇਸ ਚਾਂਸਲਰ ਲਗਾ ਦਿਓ ਕਿਉਂਕਿ ਇਹ ਬਹੁਤ ਝੂਠੇ ਬੰਦੇ ਨੇ। ਇਨ੍ਹਾਂ ਦੇ ਆਪਣੇ ਹੀ ਬੰਦੇ ਇਨ੍ਹਾਂ ਨੂੰ ਸਵਾਲ ਕਰਨ ਲੱਗ ਪਏ ਨੇ, ਅਸੀਂ ਤਾਂ ਸ਼ੁਕਰ ਮਨਾ ਰਹੇ ਹਾਂ ਕਿ ਕੋਈ ਤਾਂ ਜਾਗਦੀ ਜ਼ਮੀਰ ਵਾਲਾ ਬੋਲਿਆ। ਇਸ ਦਾ ਜਵਾਬ ਇਨ੍ਹਾਂ ਨੂੰ ਦੇਣਾ ਪਵੇਗਾ।"-ਗੁਰਦੀਪ ਗੋਸ਼ਾ, ਭਾਜਪਾ ਬੁਲਾਰਾ

ਇਸੇ ਸਬੰਧੀ ਅਬੋਹਰ ਦੇ ਐਮਐਲਏ ਸੰਦੀਪ ਜਾਖੜ ਨੇ ਕਿਹਾ ਕਿ "ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੂੰ ਵੀ ਪੰਜਾਬ ਦੇ ਲੋਕਾਂ ਸਾਹਮਣੇ ਇਹ ਮੰਨਣਾ ਪਿਆ ਕਿ ਪੰਜਾਬ ਸਰਕਾਰ ਤੋਂ ਪੰਜਾਬ ਵਿੱਚ ਨਸ਼ਾ ਕੰਟਰੋਲ ਨਹੀਂ ਹੋਇਆ। ਮੈਂ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਸਾਬ੍ਹ ਕੰਟਰੋਲ ਤਾਂ ਦੂਰ ਦੀ ਗੱਲ ਹੈ, ਪਿਛਲੇ ਸਾਢੇ ਚਾਰ ਸਾਲਾਂ ਵਿੱਚ ਨਕਲੀ ਸ਼ਰਾਬ ਅਤੇ ਵਿਗੜੀ ਹੋਈ ਕਾਨੂੰਨੀ ਵਿਵਸਥਾ ਹੈ, ਇਹ ਚਾਰ ਗੁਣਾ ਵੱਧ ਗਈ ਹੈ। ਪੰਜਾਬ ਦੇ ਜਿਹੜੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਉਹ ਹੁਣ ਸਾਰੇ ਇਨ੍ਹਾਂ ਦੇ ਗਲ ਪੈ ਰਹੇ ਹਨ ਕਿਉਂਕਿ ਉਨ੍ਹਾਂ ਨਾਲ ਵਿਸਵਾਸ਼ਘਾਤ ਹੋਇਆ ਹੈ।"

ਕੀ ਕਹਿੰਦੇ ਨੇ ਮਾਹਿਰ?

ਇਸ ਸਬੰਧੀ ਅੱਜ 'ਹੇ ਮਾਂ' ਸੰਸਥਾ ਦੀ ਸੰਸਥਾਪਕ ਅਤੇ ਪੰਜਾਬੀ ਫਿਲਮਾਂ ਦੀ ਅਦਾਕਾਰ ਪ੍ਰੀਤੀ ਸਪਰੂ ਵੀ ਲੁਧਿਆਣਾ ਪਹੁੰਚੀ ਹੋਈ ਸੀ। ਜਿਨ੍ਹਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਵਿੱਚ ਨਸ਼ੇ ਉੱਤੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਗਿਆ ਕਿ "ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਕਿਉਂ ਨਹੀਂ ਖਤਮ ਹੋ ਸਕਦਾ। ਪੰਜਾਬ ਵਿੱਚ ਸਮੇਂ ਦੀਆਂ ਸਰਕਾਰਾਂ ਦੀ ਗਲਤੀ ਰਹੀ ਹੈ, ਜ਼ਮੀਨੀ ਪੱਧਰ 'ਤੇ ਕੰਮ ਨਹੀਂ ਹੋਏ, ਘੱਟੋ-ਘੱਟ ਅਸੀਂ ਇੱਕ ਵਾਰ ਕੋਸ਼ਿਸ਼ ਤਾਂ ਕਰ ਸਕਦੇ ਹਾਂ। ਅਸੀਂ ਮਾਵਾਂ ਕੋਲ ਜਾਵਾਂਗੇ ਉਹਨਾਂ ਨੂੰ ਅਪੀਲ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ, ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰ ਦੇ ਨਾਲ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਵਾਰੀ ਹੈ, ਜਿਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਾ ਹੋਵੇਗਾ। ਜੇਕਰ ਯੂਪੀ ਵਰਗੇ ਜ਼ਿਲ੍ਹੇ 'ਚੋਂ ਗੁੰਡਾਗਰਦੀ ਖਤਮ ਹੋ ਸਕਦੀ ਹੈ ਤਾਂ ਪੰਜਾਬ ਵਿੱਚੋਂ ਨਸ਼ਾ ਕਿਉਂ ਨਹੀਂ ਖਤਮ ਹੋ ਸਕਦਾ, ਇਹ ਪੂਰੇ ਦੇਸ਼ ਦੀ ਮੁਹਿੰਮ ਹੈ।"

"ਪੰਜਾਬ ਦੇ ਵਿੱਚ ਰਿਵਾਇਤੀ ਨਸ਼ੇ ਕਾਨੂੰਨੀ ਤੌਰ 'ਤੇ ਸ਼ੁਰੂ ਕੀਤੇ ਜਾਣ"

ਨਸ਼ਾ ਛੁੜਾਓ ਕੇਂਦਰ ਚਲਾ ਰਹੇ ਡਾਕਟਰ ਇੰਦਰਜੀਤ ਢਿੰਗਰਾ ਨੇ ਦੱਸਿਆ ਕਿ "ਨਸ਼ਾ ਰੋਕਣ ਲਈ ਸਰਕਾਰ ਯਤਨ ਤਾਂ ਕਰ ਰਹੀ ਹੈ, ਸਰਕਾਰ ਦੀਆਂ ਕੁਝ ਕੋਸ਼ਿਸ਼ਾਂ ਰੰਗ ਵੀ ਲਿਆਈਆਂ ਹਨ ਪਰ ਨਸ਼ੇ ਦੇ ਬਦਲ ਤੋਂ ਬਿਨਾਂ ਇਸ ਦਾ ਹੱਲ ਨਹੀਂ ਹੋ ਸਕਦਾ। ਜਦੋਂ ਤੱਕ ਪੰਜਾਬ ਦੇ ਵਿੱਚ ਰਿਵਾਇਤੀ ਨਸ਼ੇ ਕਾਨੂੰਨੀ ਤੌਰ 'ਤੇ ਸ਼ੁਰੂ ਨਹੀਂ ਕੀਤੇ ਜਾਂਦੇ ਉਦੋਂ ਤੱਕ ਨਸ਼ੇ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਕੈਮੀਕਲ ਸਿੰਥੇਟਿਕ ਨਸ਼ਿਆਂ ਦਾ ਬਦਲ ਰਵਾਇਤੀ ਨਸ਼ੇ ਹੋ ਸਕਦੇ ਨੇ।"

ਸਰਕਾਰ ਦਾ ਜਵਾਬ

ਹਾਲਾਂਕਿ ਇਸ ਸਬੰਧੀ ਅਸੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪੱਪੀ ਨੂੰ ਵੀ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ "ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਗੱਲ ਕਹੀ ਹੈ ਕਿ ਨਸ਼ੇ ਨੂੰ ਖਤਮ ਕਰਨਾ ਬਹੁਤ ਮੁਸ਼ਕਿਲ ਕੰਮ ਹੈ। ਜਿਹੜੇ ਲੋਕ ਖਾਸ ਕਰਕੇ ਨਸ਼ੇ ਤਸਕਰਾਂ ਦੀਆਂ ਜ਼ਮਾਨਤਾਂ ਦੇ ਦਿੰਦੇ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ। ਉਹਨਾਂ ਨੇ ਇੱਕ ਸਕਾਰਾਤਮਕ ਢੰਗ ਦੇ ਨਾਲ ਇਹ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਕੀਤੀ ਸੀ ਪਰ ਜਿਹੜੇ ਵਿਰੋਧੀ ਸਵਾਲ ਚੁੱਕ ਰਹੇ ਨੇ ਸ਼ਾਇਦ ਉਹ ਭੁੱਲ ਚੁੱਕੇ ਨੇ ਕਿ ਨਸ਼ਾ ਕਿਸਦੀ ਦੇਣ ਹੈ। ਪੰਜਾਬ ਦੇ ਵਿੱਚ ਨਸ਼ਾ ਕਿਵੇਂ ਆਇਆ, ਕਿੱਥੋਂ ਆਇਆ? ਇਸ ਬਾਰੇ ਪੁਰਾਣੀਆਂ ਸਰਕਾਰਾਂ ਹੀ ਦੱਸ ਸਕਦੀਆਂ ਨੇ।"

"ਸਪੀਕਰ ਕੁਲਤਾਰ ਸੰਧਵਾ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਹੀ ਕਿਹਾ ਹੈ ਕਿ ਇਨ੍ਹਾਂ ਲੋਕਾਂ ਦੀਆਂ ਜ਼ਮਾਨਤਾਂ ਨਾ ਕਰਵਾਓ, ਆਪਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਂਣਾ ਹੈ। ਉਨ੍ਹਾਂ ਨੇ ਬਿਲਕੁਲ ਸਹੀ ਗੱਲ ਕਹੀ ਹੈ। ਜਿਹੜੇ ਵਿਰੋਧੀ ਬੋਲ ਰਹੇ ਨੇ, ਜੇਕਰ ਕੋਈ ਉਨ੍ਹਾਂ ਨੂੰ ਪੁੱਛੇ ਕਿ ਕੰਡੇ ਤੁਸੀਂ ਬੀਜ ਕੇ ਗਏ ਸੀ, ਉਹ ਅਸੀਂ ਅੱਧੇ ਕੇ ਚੁਗ ਲਏ ਅੱਧੇ ਰਹਿ ਗਏ। ਹੁਣ 2027 ਵਿੱਚ ਵੀ ਲੋਕਾਂ ਨੇ ਸਾਡੀ ਪਾਰਟੀ ਨੂੰ ਫਤਵਾ ਦੇਣਾ ਹੈ, ਤੁਸੀਂ ਦੇਖ ਲੈਣਾ 2027 ਵਿੱਚ ਬਿਲਕੁਲ ਨਸ਼ਾ ਮੁਕਤ ਪੰਜਾਬ ਹੋਵੇਗਾ।"- ਅਸ਼ੋਕ ਪੱਪੀ, 'ਆਪ' ਵਿਧਾਇਕ

ਕੀ ਬੋਲੇ ਸੀ ਸਪੀਕਰ ਕੁਲਤਾਰ ਸਿੰਘ ਸੰਧਵਾ?

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿੱਚ ਇੱਕ ਜਨਤਕ ਗੱਲਬਾਤ ਦੌਰਾਨ ਕਿਹਾ ਕਿ "ਮੈਂ ਮਾਵਾਂ ਅਤੇ ਭੈਣਾਂ ਵਿੱਚ ਖੜ੍ਹੇ ਹੋ ਕੇ, ਕਹਿੰਦਾ ਹਾਂ ਕਿ ਸਾਰੀਆਂ ਗਰੰਟੀਆਂ ਪੂਰੀਆਂ ਹੋ ਗਈਆਂ ਪਰ ਚਿੱਟੇ ਵਾਲੀ ਗਰੰਟੀ ਸਾਡੇ ਕੋਲੋਂ ਪੂਰੀ ਨਹੀਂ ਹੋਈ। ਪ੍ਰਸ਼ਾਸਨ ਫਿਰ ਵੀ ਗੈਰ-ਕਾਨੂੰਨੀ ਵਪਾਰ ਵਿਰੁੱਧ ਇੱਕ ਦ੍ਰਿੜ ਲੜਾਈ ਲੜ ਰਿਹਾ ਹੈ। ਪਿਛਲੇ ਸ਼ਾਸਨਕਾਲ ਦੇ ਉਲਟ, ਕੋਈ ਵੀ ਸਿਆਸੀ ਸ਼ਖ਼ਸੀਅਤ, ਭਾਵੇਂ ਉਹ ਸਥਾਨਕ ਕੌਂਸਲਰ, ਵਿਧਾਇਕ, ਮੰਤਰੀ ਜਾਂ ਮੁੱਖ ਮੰਤਰੀ ਹੋਵੇ, ਕੋਈ ਨਸ਼ਾ ਤਸਕਰਾਂ ਦੀ ਮਦਦ ਨਹੀਂ ਕਰਦਾ। ਅਸੀਂ ਤਾਂ ਫੜ੍ਹ ਹੀ ਸਕਦੇ ਹਾਂ, ਕਿਸੇ ਨੂੰ ਗੋਲੀ ਨਹੀਂ ਮਾਰ ਸਕਦੇ ਪਰ ਜਦੋਂ ਅਸੀਂ ਕਿਸੇ ਨੂੰ ਫੜ੍ਹ ਲੈਂਦੇ ਹਾਂ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਹੀ ਮਗਰ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਸਾਡੇ ਮੁੰਡੇ ਨੂੰ ਛੱਡ ਦਿਓ, ਇਹ ਤਾਂ ਇਕੱਲਾ ਖਾਂਦਾ ਹੀ ਹੈ। ਦੂਜੀ ਗੱਲ ਇਹ ਹੈ ਕਿ ਕੁਝ ਬੰਦੇ ਜ਼ਮਾਨਤਾਂ ਕਰਵਾਉਣੋਂ ਨਹੀਂ ਹੱਟਦੇ, ਮੈਂ ਹੱਥ ਜੋੜ ਕੇ ਕਹਿੰਦਾ ਹਾਂ ਕਿ ਤੁਸੀਂ ਇਨ੍ਹਾਂ ਦੀਆਂ ਜ਼ਮਾਨਤਾਂ ਨਾ ਕਰਵਾਇਆ ਕਰੋ। ਜੇਕਰ ਤੁਸੀਂ ਹੁਣ ਵੀ ਨਾ ਹਟੇ ਤਾਂ ਮੈਂ ਸਭ ਦੇ ਨਾਮ ਕਢਵਾ ਕੇ ਚੌਂਕ ਵਿੱਚ ਲਗਵਾ ਦੇਵਾਂਗਾ। ਲੋਕਾਂ ਨੂੰ ਦੱਸਾਂਗਾ ਕਿ ਇਹ ਲੋਕ ਨੇ ਜੋ ਚਿੱਟੇ ਵਾਲਿਆਂ ਦੀਆਂ ਜ਼ਮਾਨਤਾਂ ਕਰਵਾ ਕੇ ਲਿਆਉਂਦੇ ਹਨ। ਸੋ ਤਗੜੇ ਹੋ ਕੇ ਸਾਡਾ ਸਾਥ ਦਿਓ, ਅਪਾਂ ਇਸ ਬਿਮਾਰੀ ਤੋਂ ਵੀ ਨਿਜਾਤ ਪਾਵਾਂਗੇ।"

ਇਹ ਵੀ ਪੜ੍ਹੋ: