ਲਿਵ-ਇਨ ਦਾ ਖ਼ੌਫ਼ਨਾਕ ਅੰਤ, ਨੌਜਵਾਨ ਦਾ ਗਲਾ ਵੱਢਿਆ ਮਿਲਿਆ, ਪ੍ਰੇਮਿਕਾ ਗੰਭੀਰ ਜ਼ਖ਼ਮੀ
ਪ੍ਰੇਮਿਕ ਦਾ ਇਲਜ਼ਾਮ- ਪਹਿਲਾਂ ਲਵਪ੍ਰੀਤ ਨੇ ਮੇਰੇ ਉੱਤੇ ਵਾਰ ਕੀਤਾ, ਫਿਰ ਆਪਣੇ ਆਪ ਨੂੰ ਮਾਰ ਲਿਆ। ਸੁਣੋ ਕੀ ਬੋਲੀ ਮ੍ਰਿਤਕ ਦੀ ਮਾਂ?

Published : February 24, 2026 at 12:41 PM IST
ਮੋਗਾ: ਥਾਣਾ ਸਿਟੀ ਸਾਊਥ ਦੇ ਬੁੱਕਣਵਾਲਾ ਰੋਡ ‘ਤੇ ਲਿਵ-ਇਨ ਸੰਬੰਧਾਂ ਵਿੱਚ ਰਹਿ ਰਹੇ ਇਕ ਜੋੜੇ ਵਿਚਕਾਰ ਹੋਇਆ ਵਿਵਾਦ ਖ਼ੂਨੀ ਰੂਪ ਧਾਰ ਗਿਆ। ਇਸ ਦੌਰਾਨ ਨੌਜਵਾਨ ਦੀ ਗਲਾ ਵੱਢੇ ਜਾਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪ੍ਰੇਮਿਕਾ ਗੰਭੀਰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ। ਮ੍ਰਿਤਕ ਦੀ ਪਛਾਣ ਲਵਦੀਪ ਸਿੰਘ ਵਜੋਂ ਹੋਈ ਹੈ। ਥਾਣਾ ਸਿਟੀ ਸਾਊਥ ਦੇ ਇੰਚਾਰਜ ਸਬ ਇੰਸਪੈਕਟਰ ਭਲਵਿੰਦਰ ਸਿੰਘ ਮੁਤਾਬਕ ਲਵਦੀਪ ਸਿੰਘ ਦੇ ਇਲਾਕੇ ਦੀ ਰਹਿਣ ਵਾਲੀ 30 ਸਾਲਾ ਮਨਦੀਪ ਕੌਰ (ਪਤਨੀ ਗੁਰਦਿੱਤ ਸਿੰਘ, ਜਿਸ ਨਾਲ ਤਲਾਕ ਦਾ ਕੇਸ ਚੱਲ ਰਿਹਾ) ਨਾਲ ਪ੍ਰੇਮ ਸੰਬੰਧ ਸਨ ਅਤੇ ਦੋਵੇਂ ਲਿਵ-ਇਨ ਵਿੱਚ ਰਹਿ ਰਹੇ ਸਨ।
ਇੰਸਪੈਕਟਰ ਭਲਵਿੰਦਰ ਸਿੰਘ ਨੇ ਦੱਸਿਆ ਕਿ, ਮਨਦੀਪ ਕੌਰ ਮ੍ਰਿਤਕ ਲਵਦੀਪ ਦੇ ਘਰ ਪਹੁੰਚੀ। ਨੌਜਵਾਨ ਦੀ ਮਾਂ ਚਾਹ ਬਣਾਉਣ ਤੋਂ ਬਾਅਦ ਘਰ ਤੋਂ ਬਾਹਰ ਚਲੀ ਗਈ। ਕੁਝ ਹੀ ਸਮੇਂ ਬਾਅਦ ਲਵਦੀਪ ਸਿੰਘ ਦਾ ਗਲਾ ਵੱਢਿਆ ਹੋਇਆ ਮਿਲਿਆ, ਜਦਕਿ ਮਨਦੀਪ ਕੌਰ ਵੀ ਲਹੂ-ਲੁਹਾਨ ਹਾਲਤ ਵਿੱਚ ਪਈ ਹੋਈ ਮਿਲੀ।
ਉਹ (ਮਨਦੀਪ) ਕਹਿੰਦੀ ਮੈਂ ਵਿਆਹ ਕਰਵਾਉਣਾ। ਉਸ ਦੇ 2 ਜਵਾਕ ਹਨ, ਇੱਕ ਕੁੜੀ ਤੇ ਇੱਕ ਮੁੰਡਾ। ਮੈਨੂੰ ਨਹੀਂ ਪਤਾ ਕੀ ਲੈ ਕੇ ਆਈ, ਕੀ ਨਹੀਂ। ਪੁਲਿਸ ਨੂੰ ਕਿਰਚ ਮਿਲੀ ਹੈ। ਮੇਰਾ ਮੁੰਡਾ ਡੀਜੇ ਦਾ ਕੰਮ ਕਰਦਾ ਸੀ। ਮੇਰੇ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਮੈਂ ਚਾਹ ਬਣਾ ਰਹੀ ਸੀ, ਜਦੋਂ ਬੱਚੇ ਰੋਣ ਲੱਗੇ, ਤਾਂ ਮੈਂ ਬਾਹਰ ਆ ਕੇ ਵੇਖਿਆ, ਦੋਵੇਂ ਖ਼ੂਨ ਨਾਲ ਲੱਥ-ਪੱਥ ਸਨ। ਮੁੰਡੇ ਦੀ ਉਮਰ 25-26 ਸਾਲ ਹੈ। ਕੁੜੀ ਇੱਥੋਂ ਦੀ ਹੀ ਰਹਿਣ ਵਾਲੀ, ਇੱਥੇ ਹੀ ਵਿਆਹੀ ਹੋਈ ਹੈ। ਇਸ ਦਾ ਪਹਿਲਾਂ ਤਲਾਕ ਹੋਇਆ ਹੈ।
- ਮ੍ਰਿਤਕ ਲਵਪ੍ਰੀਤ ਦੀ ਮਾਂ
"ਪਹਿਲਾਂ ਵੀ ਚਾਕੂ ਲੈ ਕੇ ਘਰ ਆਇਆ ਸੀ"
ਜ਼ਖ਼ਮੀ ਔਰਤ ਮਨਦੀਪ ਕੌਰ ਦੇ ਮੁਤਾਬਕ, ਲਵਦੀਪ ਪਹਿਲਾਂ ਵੀ ਮੇਰੇ ਘਰ ਚਾਕੂ ਲੈ ਕੇ ਆਇਆ ਸੀ ਤੇ ਮੈਨੂੰ ਕਹਿੰਦਾ ਸੀ ਮੈਂ ਮਾਰ ਦੇਣਾ, ਮੈਂ ਕਿਹਾ ਸੀ ਕਿ ਮੈਂ ਤੇਰੀ ਮੰਮੀ ਨੂੰ ਦੱਸਾਂਗੀ। ਫਿਰ ਮੈਂ ਆਪਣੇ ਕੰਮ ਲੱਗ ਗਈ ਅਤੇ ਉਹ ਚਲਾ ਗਿਆ। ਉਸ ਬਾਅਦ ਅੱਜ (ਸੋਮਵਾਰ) ਮੈਨੂੰ ਉਸ ਨੇ ਖ਼ੁਦ ਘਰ ਸੱਦਿਆ ਸੀ। ਫਿਰ ਉਸ ‘ਤੇ ਹਮਲਾ ਕੀਤਾ ਅਤੇ ਬਾਅਦ ਵਿੱਚ ਆਪਣੇ ਆਪ ‘ਤੇ ਵੀ ਵਾਰ ਕਰ ਲਏ।
ਲਵਦੀਪ ਸਿੰਘ ਪਹਿਲਾਂ ਮੇਰੇ ਬੱਚਿਆਂ ਨੂੰ ਆਪਣੇ ਨਾਲ ਲੈ ਗਿਆ ਅਤੇ ਬਾਅਦ ਵਿੱਚ ਮੈਨੂੰ ਵੀ ਘਰ ਸੱਦਿਆ। ਮੈਨੂੰ ਕਿਹਾ ਸੀ ਕਿ ਜਵਾਕ ਲੈ ਜਾ ਆ ਕੇ। ਮੰਮੀ ਨੇ ਕਿਹਾ ਆ ਕੇ ਤੂੰ ਵੀ ਚਾਹ ਪੀ ਲੈ। ਮੈਂ ਚਾਹ ਪੀਣ ਲਈ ਬੈਠੀ, ਤਾਂ ਗੱਲ ਕਰਦਿਆਂ ਹੀ ਮੇਰੇ ਗਲੇ ਉੱਤੇ ਮਾਰਿਆ। ਮੇਰੇ ਵਾਲ ਪਿੱਛੇ ਕਰਕੇ ਮੇਰੇ ਚਾਕੂ ਮਾਰਿਆ, ਮੈਂ ਡਿੱਗ ਗਈ। ਮੰਮੀ ਨੇ ਰੌਲ਼ਾ ਪਾਇਆ, ਤਾਂ ਖ਼ੁਦ ਦੇ ਵੀ ਚਾਕੂ ਮਾਰ ਲਿਆ। ਲਵਦੀਪ ਵਿਆਹ ਕਰਵਾਉਣਾ ਚਾਹੁੰਦਾ ਸੀ, ਕਿ ਤਲਾਕ ਦਾ ਕੇਸ ਮੁਕਾ ਕੇ ਵਿਆਹ ਕਰਵਾ ਲੈ। ਮੈਂ ਘਰ ਆਉਂਦੀ ਜਾਂਦੀ ਸੀ, ਲਵਦੀਪ ਦਾ ਜਨਮਦਿਨ ਮਨਾਇਆ, ਮੇਰੇ ਕੋਲ ਫੋਟੋਆਂ ਹਨ, ਮੈਂ ਬੈੱਡ ਗਿਫ਼ਟ ਕੀਤਾ ਸੀ। ਹੁਣ ਪਰਿਵਾਰ ਝੂਠ ਬੋਲ ਰਿਹਾ ਹੈ।
ਮਨਦੀਪ ਕੌਰ, ਜਖ਼ਮੀ ਔਰਤ
ਪੂਰੇ ਮਾਮਲੇ ਦੀ ਜਾਂਚ ਜਾਰੀ
ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਦੇ ਐਸਐਚਓ ਭਲਵਿੰਦਰ ਸਿੰਘ ਨੇ ਕਿਹਾ ਕਿ, "ਪੁਲਿਸ ਨੇ ਮੌਕੇ ਤੋਂ ਤੇਜ਼ਧਾਰ ਹਥਿਆਰ ਬਰਾਮਦ ਕਰਕੇ ਲਾਸ਼ ਕਬਜ਼ੇ ਵਿੱਚ ਲੈ ਲਈ ਹੈ। ਜ਼ਖ਼ਮੀ ਔਰਤ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।"

