14 ਦਿਨਾਂ ਬਾਅਦ ਨੌਜਵਾਨ ਦੀ ਮਿਲੀ ਲਾਸ਼, ਜਾਣੋ ਪੂਰਾ ਮਾਮਲਾ
ਕਪੂਰਥਲਾ ਵਿਖੇ 14 ਦਿਨ ਪਹਿਲਾਂ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਏ 20 ਸਾਲਾ ਅਮਨਦੀਪ ਸਿੰਘ ਦੀ ਮੌਤ ਖੁਲਾਸਾ ਹੋਇਆ।

Published : August 28, 2026 at 3:08 PM IST
ਕਪੂਰਥਲਾ: ਫੱਤੂਢੀਂਗਾ ਥਾਣੇ ਅਧੀਨ ਪੈਂਦੇ ਦੇਸਲ ਪਿੰਡ ਤੋਂ 14 ਦਿਨ ਪਹਿਲਾਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਏ 20 ਸਾਲਾ ਅਮਨਦੀਪ ਸਿੰਘ ਦੀ ਮੌਤ ਸਬੰਧੀ ਇੱਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਉਸੇ ਪਿੰਡ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਦੇ ਆਧਾਰ 'ਤੇ ਅਮਨਦੀਪ ਦੀ ਲਾਸ਼ ਖੇਤ ਵਿੱਚ ਲਗਭਗ 4 ਫੁੱਟ ਡੂੰਘੇ ਅਤੇ ਦੋ ਫੁੱਟ ਚੌੜੇ ਟੋਏ ਵਿੱਚੋਂ ਬਰਾਮਦ ਕੀਤੀ ਹੈ। ਲਾਸ਼ ਸੜੀ ਹੋਈ ਹਾਲਤ ਵਿੱਚ ਦੱਸੀ ਜਾ ਰਹੀ ਹੈ ਅਤੇ ਪੋਸਟਮਾਰਟਮ ਲਈ ਮਨਸੂਰਵਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ।
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਮੰਗਲ ਸਿੰਘ ਵਜੋਂ ਹੋਈ ਹੈ, ਜੋ ਕਿ ਦੇਸਲ ਪਿੰਡ ਫੱਤੂਢੀਂਗਾ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਮਜ਼ਦੂਰੀ ਕਰਦਾ ਸੀ, ਜਦਕਿ ਉਸ ਦਾ ਪਿਤਾ ਡਰਾਈਵਰ ਹੈ।
14 ਤਰੀਕ ਤੋਂ ਗਾਇਬ ਸੀ ਮ੍ਰਿਤਕ
ਮ੍ਰਿਤਕ ਦੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ, "14 ਅਗਸਤ ਨੂੰ ਅਮਨਦੀਪ ਨੇ ਫੱਤੂਢੀਂਗਾ ਦੇ ਇੱਕ ਬੈਂਕ ਤੋਂ ₹30,000 ਅਤੇ ₹20,000 ਰੁਪਏ ਕੱਢਵਾਏ। ਫਿਰ ਉਹ ਅਚਾਨਕ ਘਰੋਂ ਗਾਇਬ ਹੋ ਗਿਆ। ਲੰਬੀ ਭਾਲ ਤੋਂ ਬਾਅਦ, ਉਸ ਦੇ ਪਰਿਵਾਰ ਨੇ ਫੱਤੂਢੀਂਗਾ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਫਿਰ ਪਤਾ ਲੱਗਾ ਕਿ ਅਮਨਦੀਪ ਨੂੰ ਆਖਰੀ ਵਾਰ ਪਿੰਡ ਦੇ ਦੋ ਨੌਜਵਾਨਾਂ ਨਾਲ ਘੁੰਮਦੇ ਦੇਖਿਆ ਗਿਆ ਸੀ। ਅਮਨਦੀਪ ਕੋਈ ਨਸ਼ਾ ਨਹੀਂ ਕਰਦਾ ਸੀ।"
ਮੁਲਜ਼ਮਾਂ ਨੇ ਖੋਲ੍ਹੇ ਭੇਤ-"ਨਸ਼ੇ ਕਰਕੇ ਹੋਈ ਮੌਤ"
ਜਦੋਂ ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ, ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਪੁਲਿਸ ਦੇ ਮੁਤਾਬਕ, "ਮੁਲਾਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਅਮਨਦੀਪ ਸਿੰਘ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਲਈ ਉਸ ਦੇ ਘਰ ਤੋਂ ਲਗਭਗ 400 ਮੀਟਰ ਦੂਰ ਇੱਕ ਖੇਤ ਵਿੱਚ ਲੈ ਗਏ ਸਨ। ਉੱਥੇ, ਤਿੰਨਾਂ ਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ। ਮੁਲਜ਼ਮ ਮੁਤਾਬਕ, ਨਸ਼ੀਲੇ ਪਦਾਰਥਾਂ ਦਾ ਟੀਕਾ ਲਗਾਉਣ ਤੋਂ ਬਾਅਦ ਅਮਨਦੀਪ ਬੇਹੋਸ਼ ਹੋ ਗਿਆ। ਦੋਵੇਂ ਮੁਲਜ਼ਮ (ਵਰਿੰਦਰ ਅਤੇ ਅਜੈ) ਉਸ ਨੂੰ ਉੱਥੇ ਛੱਡ ਕੇ ਘਰ ਵਾਪਸ ਆ ਗਏ। ਜਦੋਂ ਉਹ ਅਗਲੇ ਦਿਨ ਪਹੁੰਚੇ, ਤਾਂ ਅਮਨਦੀਪ ਮਰ ਚੁੱਕਾ ਸੀ। ਦੋਵਾਂ ਮੁਲਜ਼ਮਾਂ ਨੇ ਫਿਰ ਲਾਸ਼ ਨੂੰ ਖੇਤ ਵਿੱਚ ਪਹਿਲਾਂ ਤੋਂ ਪੁੱਟੇ ਗਏ ਟੋਏ ਵਿੱਚ ਦੱਬ ਦਿੱਤਾ ਅਤੇ ਘਾਹ ਨਾਲ ਢੱਕ ਦਿੱਤਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ। ਪੁਲਿਸ ਨੇ ਮੁਲਜ਼ਮਾਂ ਵਲੋਂ ਦੱਸੇ ਟਿਕਾਣੇ 'ਤੇ ਲਾਸ਼ ਬਰਾਮਦ ਕੀਤੀ।"
ਘਰ ਤੋਂ 400 ਮੀਟਰ ਦੀ ਦੂਰੀ 'ਤੇ ਸੀ ਟੋਆ
ਪਿੰਡ ਵਾਸੀਆਂ ਦੇ ਮੁਤਾਬਕ, ਜਿਸ ਜਗ੍ਹਾ 'ਤੇ ਲਾਸ਼ ਨੂੰ ਦਫ਼ਨਾਇਆ ਗਿਆ ਸੀ ਉਹ ਅਮਨਦੀਪ ਦੇ ਘਰ ਤੋਂ ਲਗਭਗ 400 ਮੀਟਰ ਦੀ ਦੂਰੀ 'ਤੇ ਹੈ। ਜ਼ਮੀਨ ਵਿੱਚ ਮਿੱਟੀ ਹੋਣ ਕਾਰਨ, ਪਿੰਡ ਦੀਆਂ ਔਰਤਾਂ ਆਪਣੇ ਮਿੱਟੀ ਦੇ ਘਰਾਂ, ਚੁੱਲ੍ਹੇ ਅਤੇ ਵਿਹੜਿਆਂ ਨੂੰ ਪਲੱਸਤਰ ਕਰਨ ਲਈ ਉੱਥੋਂ ਮਿੱਟੀ ਪੁੱਟਦੀਆਂ ਸਨ। ਹੌਲੀ-ਹੌਲੀ, ਉੱਥੇ ਲਗਭਗ ਚਾਰ ਫੁੱਟ ਡੂੰਘਾ ਅਤੇ ਦੋ ਫੁੱਟ ਚੌੜਾ ਟੋਆ ਬਣ ਗਿਆ। ਮੁਲਜ਼ਮ ਨੇ ਕਥਿਤ ਤੌਰ 'ਤੇ ਲਾਸ਼ ਨੂੰ ਲੁਕਾਉਣ ਲਈ ਇਸ ਟੋਏ ਦੀ ਵਰਤੋਂ ਕੀਤੀ।
ਸਿਵਲ ਹਸਪਤਾਲ ਵਿੱਚ ਮੌਜੂਦ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਦੋਸਤ ਭਗਵੰਤ ਸਿੰਘ ਨੇ ਕਿਹਾ ਕਿ, "ਅਮਨਦੀਪ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਦੋਸਤ ਦੁਖੀ ਹੋ ਗਏ।"
ਦੋਵਾਂ ਮੁਲਜ਼ਮਾਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ
ਇਸ ਮਾਮਲੇ ਦੀ ਜਾਂਚ ਕਰ ਰਹੇ ਫੱਤੂਢੀਂਗਾ ਪੁਲਿਸ ਸਟੇਸ਼ਨ ਦੇ ਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ, "14 ਅਗਸਤ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਅਤੇ ਪੁਲਿਸ ਉਸ ਦਿਨ ਤੋਂ ਉਸ ਦੀ ਭਾਲ ਕਰ ਰਹੀ ਸੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਅਮਨਦੀਪ ਨੂੰ ਆਖਰੀ ਵਾਰ ਵਰਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਉਰਫ਼ ਅਜੈ, ਦੋਵੇਂ ਦੇਸਲ ਪਿੰਡ ਦੇ ਵਸਨੀਕਾਂ ਨਾਲ ਦੇਖਿਆ ਗਿਆ ਸੀ। ਪੁੱਛਗਿੱਛ ਦੌਰਾਨ ਦੋਵਾਂ ਨੇ ਘਟਨਾ ਸੰਬੰਧੀ ਜਾਣਕਾਰੀ ਦਿੱਤੀ।"
ਐਸਆਈ ਦੇ ਮੁਤਾਬਕ, ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ। ਅਮਨਦੀਪ ਕਥਿਤ ਤੌਰ 'ਤੇ 50,000 ਰੁਪਏ ਲੈ ਕੇ ਜਾ ਰਿਹਾ ਸੀ। ਪੁਲਿਸ ਮੁਤਾਬਕ, ਜਾਂਚ ਵਿੱਚ ਅਜੇ ਤੱਕ ਇਸ ਪੈਸੇ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਾਂਚ ਜਾਰੀ ਹੈ।

