ETV Bharat / state

ਲੁਟੇਰਿਆਂ ਨੂੰ ਭਜਾਉਣ ਵਾਲੀ ਔਰਤ ਦਾ 'ਮਾਈ ਭਾਗੋ ਐਵਾਰਡ' ਨਾਲ ਸਨਮਾਨ

ਪੰਜਾਬ ਸਰਕਾਰ ਨੇ ਦਿੱਤਾ ਐਵਾਰਡ, ਵਿਧਾਇਕ ਗਿਆਸਪੁਰਾ ਨੇ ਘਰ ਜਾ ਕੇ ਸੌਂਪਿਆ ਐਵਾਰਡ।

NRI Harjind Kaur
ਹਰਜਿੰਦ ਨੂੰ ਮਾਈ ਭਾਗੋ ਐਵਾਰਡ ਮਿਲਿਆ (Etv Bharat)
author img

By ETV Bharat Punjabi Team

Published : February 24, 2026 at 3:52 PM IST

4 Min Read
Choose ETV Bharat

ਖੰਨਾ: ਪੰਜਾਬ ਦੀਆਂ ਧੀਆਂ ਨੇ ਹਮੇਸ਼ਾ ਹੀ ਹਰ ਖੇਤਰ ਵਿੱਚ ਆਪਣਾ ਲੋਹਾ ਮਨਵਾਇਆ ਹੈ, ਪਰ ਜਦੋਂ ਗੱਲ ਹੱਕ-ਸੱਚ ਅਤੇ ਆਤਮ-ਰੱਖਿਆ ਦੀ ਆਉਂਦੀ ਹੈ ਤਾਂ ਉਹ 'ਮਾਈ ਭਾਗੋ' ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਅਜਿਹੀ ਹੀ ਮਿਸਾਲ ਆਸਟ੍ਰੇਲੀਆ ਤੋਂ ਪਰਤੀ NRI ਹਰਜਿੰਦ ਕੌਰ ਨੇ ਪੈਦਾ ਕੀਤੀ ਹੈ, ਜਿਨ੍ਹਾਂ ਨੇ ਲੁਧਿਆਣਾ ਦੇ ਡੇਹਲੋਂ ਇਲਾਕੇ ਵਿੱਚ ਲੁਟੇਰਿਆਂ ਨਾਲ ਟਾਕਰਾ ਕਰਕੇ ਸਾਬਿਤ ਕਰ ਦਿੱਤਾ ਕਿ ਨਾਰੀ ਹੁਣ ਅਬਲਾ ਨਹੀਂ ਰਹੀ। ਉਨ੍ਹਾਂ ਦੀ ਇਸ ਦਲੇਰੀ ਨੂੰ ਸਨਮਾਨਿਤ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 'ਮਾਈ ਭਾਗੋ ਐਵਾਰਡ' ਨਾਲ ਨਵਾਜਿਆ ਗਿਆ ਹੈ।

ਲੁਟੇਰਿਆਂ ਨੂੰ ਤਲਵਾਰ ਲਹਿਰਾ ਕੇ ਭਜਾਉਣ ਵਾਲੀ NRI ਹਰਜਿੰਦ ਕੌਰ 'ਮਾਈ ਭਾਗੋ ਐਵਾਰਡ' ਨਾਲ ਸਨਮਾਨਿਤ (Etv Bharat)

ਹਰਜਿੰਦ ਕੌਰ ਦਾ ਸੰਦੇਸ਼

ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਹਰਜਿੰਦ ਕੌਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਕਿ ਮੈਨੂੰ 'ਮਾਈ ਭਾਗੋ' ਐਵਾਰਡ ਦਿੱਤਾ ਜਾ ਰਿਹਾ ਹੈ, ਮੈਂ ਇਸਦੀ ਹੱਕਦਾਰ ਨਹੀਂ ਹਾਂ ਕਿਉਂਕਿ 'ਮਾਈ ਭਾਗੋ' ਇੱਕ ਬਹੁਤ ਵੱਡਾ ਅਹੁਦਾ ਪਰ ਮੈਨੂੰ ਇਸ ਕਾਬਿਲ ਸਮਝਿਆ ਗਿਆ, ਵਾਕਈ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਅੱਜ ਦੀ ਔਰਤ ਨੂੰ ਕਮਜ਼ੋਰ ਨਹੀਂ ਹੋਣਾ ਚਾਹੀਦਾ, ਜੋ ਵੀ ਅੱਜ ਦੇ ਹਾਲਾਤ ਨੇ ਸਭ ਨੂੰ ਆਪਣੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ, ਜਿਸ ਤਰ੍ਹਾਂ ਮੈਂ ਆਪਣੀ ਰੱਖਿਆ ਲਈ ਤਲਵਾਰ ਦਿਖਾਈ ਸੀ, ਉਸਦੇ ਬਦਲੇ ਅੱਜ ਮੈਨੂੰ ਇੱਕ ਹੋਰ ਤਲਵਾਰ ਮਿਲੀ ਹੈ। ਇਹ ਤਲਵਾਰ ਤੁਹਾਡੀ ਤਾਕਤ ਹੋਣੀ ਚਾਹੀਦੀ ਹੈ। ਸਾਡੀਆਂ ਧੀਆਂ ਨੂੰ ਆਪਣੀ ਸ਼ਖਸੀਅਤ ਅਜਿਹੀ ਬਣਾਉਣੀ ਚਾਹੀਦੀ ਹੈ ਕਿ ਸਮਾਜ ਦੇ ਮਾੜੇ ਅਨਸਰ ਉਨ੍ਹਾਂ ਨਾਲ ਛੇੜਛਾੜ ਕਰਨਾ ਤਾਂ ਦੂਰ, ਸਗੋਂ ਉਨ੍ਹਾਂ ਵੱਲ ਗਲਤ ਨਜ਼ਰ ਨਾਲ ਦੇਖਣਾ ਵੀ ਆਪਣੇ ਲਈ ਖ਼ਤਰਾ ਸਮਝਣ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣ।

NRI Harjind Kaur
NRI ਹਰਜਿੰਦ ਕੌਰ ਨੂੰ ਸਨਮਾਨਿਤ ਕਰਨ ਦੀਆਂ ਤਸਵੀਰਾ (Etv Bharat)

"ਮੇਰੀਓ ਭੈਣੋਂ ਤਸੀਂ ਮਹਿੰਗੀਆਂ ਚੀਜ਼ਾਂ ਜਾਂ ਫੈਸ਼ਨ ਵਗੈਰਾ ਕਰਨੇ, ਠੀਕ ਹੈ ਕਰਲੋ, ਪਰ ਜੋ ਅਸਲ ਚੀਜ਼ ਨੇ ਤੁਹਾਡੇ ਕੰਮ ਆਉਣਾ ਹੈ ਨਾ, ਉਸ ਦੀ ਸਿੱਖਿਆ ਜ਼ਰੂਰ ਲਓ ਕਿਉਂਕਿ ਕ੍ਰਾਇਮ ਕਿਤੇ ਵੀ ਹੋ ਸਕਦਾ, ਇਹ ਜਿਹੜੇ ਸ਼ਰਾਰਤੀ ਅਨਸਰ ਨੇ ਇਹ ਕਿਧਰੇ ਵੀ ਹੋ ਸਕਦੇ ਨੇ ਪਰ ਤੁਸੀਂ ਆਪਣੀ ਰੱਖਿਆ ਕਿਵੇਂ ਕਰਨੀ ਹੈ, ਉਹ ਤੁਹਾਨੂੰ ਸੋਚਣਾ ਪਵੇਗਾ। ਸੋ ਮੇਰੀਓ ਭੈਣੋ ਮੇਰੀ ਬੇਨਤੀ ਹੈ ਕਿ ਥੋੜੇ ਸਮੇਂ 'ਚੋਂ ਸਮਾਂ ਕੱਢ ਕੇ ਗੁਰਬਾਣੀ ਸਿਮਰਨ ਨਾਲ ਜੁੜੋ ਅਤੇ ਆਪਣੀ ਸ਼ਖਸ਼ੀਅਤ ਅਜਿਹੀ ਬਣਾ ਲਓ ਕਿ ਜਦੋਂ ਤੁਸੀਂ ਤੁਰੋਂ ਤਾਂ ਇਨੇ ਰੋਹਬ ਨਾਲ ਤੁਰੋ ਕਿ ਤੁਹਾਨੂੰ ਦੇਖ ਕੇ ਸਾਹਮਣੇ ਵਾਲਾ ਅੱਖ ਨੀਚੇ ਕਰ ਲਵੇ, ਅਤੇ ਸੋਚਣ ਤੇ ਮਜ਼ਬੂਰ ਹੋ ਜਾਵੇ ਕਿ ਜੇਕਰ ਮੈਂ ਇਸ ਕੁੜੀ ਨੂੰ ਛੇੜ ਲਿਆ ਤਾਂ ਪੰਗਾ ਪੈ ਜਾਣਾ।" -ਹਰਜਿੰਦ ਕੌਰ

ਵਿਧਾਇਕ ਗਿਆਸਪੁਰਾ ਨੇ ਘਰ ਜਾ ਕੇ ਦਿੱਤਾ ਸਨਮਾਨ

ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਿਸ਼ੇਸ਼ ਤੌਰ 'ਤੇ ਦੋਰਾਹਾ ਦੇ ਨੇੜਲੇ ਪਿੰਡ ਰਾਜਗੜ੍ਹ ਵਿਖੇ ਹਰਜਿੰਦ ਕੌਰ ਦੇ ਨਿਵਾਸ ਸਥਾਨ 'ਤੇ ਪਹੁੰਚੇ। ਉੱਥੇ ਉਨ੍ਹਾਂ ਨੇ ਸਰਕਾਰ ਵੱਲੋਂ ਹਰਜਿੰਦ ਕੌਰ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਵਿਧਾਇਕ ਨੇ ਕਿਹਾ ਕਿ ਹਰਜਿੰਦ ਕੌਰ ਨੇ ਜੋ ਹਿੰਮਤ ਦਿਖਾਈ ਹੈ, ਉਹ ਪੂਰੇ ਸਮਾਜ, ਖਾਸ ਕਰਕੇ ਔਰਤਾਂ ਅਤੇ ਲੜਕੀਆਂ ਲਈ ਇੱਕ ਮਿਸਾਲ ਹੈ।

NRI Harjind Kaur
NRI ਹਰਜਿੰਦ ਕੌਰ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ (Etv Bharat)

ਧੀਆਂ ਨੂੰ ਮਾਰਸ਼ਲ ਆਰਟ ਸਿੱਖਣ ਦੀ ਅਪੀਲ

ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਨੂੰ ਆਤਮ-ਰੱਖਿਆ ਲਈ ਕਰਾਟੇ ਅਤੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਲੜਕੀ ਹਰਜਿੰਦ ਕੌਰ ਵਾਂਗ ਨਿਡਰ ਹੋ ਜਾਵੇ, ਤਾਂ ਕੋਈ ਵੀ ਅਪਰਾਧੀ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਨਹੀਂ ਕਰੇਗਾ।

"ਸਾਡਾ ਸਨਮਾਨ ਕਰਨ ਦਾ ਵੱਡਾ ਮਕਸਦ ਇਹ ਹੈ ਕਿ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਨੇ ਇਨ੍ਹਾਂ ਤੋਂ ਪ੍ਰੇਰਣਾ ਲੈਣ ਕਿ ਅਸੀਂ ਕਿਸੇ ਤੋਂ ਵੀ ਘੱਟ ਨਹੀਂ, ਅਸੀਂ ਮਰਦਾਂ ਤੋਂ ਘੱਟ ਨਹੀਂ, ਅਸੀਂ ਆਪਣੀ ਰੱਖਿਆ ਆਪ ਕਰਨ ਜਾਣਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਸਾਰੀਆਂ ਹੀ ਧੀਆਂ ਭੈਣਾਂ ਕਰਾਂਟੇ ਮਾਰਸ਼ਲ ਆਰਟ ਦੀ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਕਦੇ ਵੀ ਕਿਸੇ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਸਾਡਾ ਸਿੱਖਾਂ ਦਾ ਗੌਰਵ ਇਤਿਹਾਸ ਵੀ ਸਾਨੂੰ ਇਹੀ ਦੱਸਦਾ ਹੈ। ਜਿਸ ਤਰ੍ਹਾਂ ਅਸੀਂ ਖਬਰਾਂ ਪੜ੍ਹਦੇ ਹਾਂ ਕਿ ਅਬਲਾ ਨਾਰੀ ਪਰ ਸਾਡੀ ਸਿੱਖਾਂ ਦੀ ਧੀ ਅਬਲਾ ਨਹੀਂ ਹੋ ਸਕਦੀ, ਉਹ ਮਾਈ ਭਾਗੋ ਦੀ ਵਾਰਿਸ ਹੈ।" -ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ

ਕੀ ਸੀ ਪੂਰੀ ਘਟਨਾ ?

ਜ਼ਿਕਰਯੋਗ ਹੈ ਕਿ ਹਰਜਿੰਦ ਕੌਰ ਪਿਛਲੇ ਦਿਨ੍ਹੀਂ ਆਸਟ੍ਰੇਲੀਆ ਤੋਂ ਪੰਜਾਬ ਆਏ ਹਨ। ਸ਼ਨੀਵਾਰ ਦੀ ਰਾਤ ਨੂੰ ਜਦੋਂ ਉਹ ਆਪਣੀਆਂ ਮਹਿਲਾ ਰਿਸ਼ਤੇਦਾਰਾਂ ਨਾਲ ਕਾਰ ਰਾਹੀਂ ਡੇਹਲੋਂ ਵਾਲੇ ਰਸਤੇ ਤੋਂ ਵਾਪਸ ਆ ਰਹੀ ਸੀ, ਤਾਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਕਾਰ ਰੁਕਵਾਉਣ ਲਈ ਗੱਡੀ ਦੇ ਸ਼ੀਸ਼ੇ 'ਤੇ ਅੰਡੇ ਸੁੱਟੇ (ਇਹ ਲੁਟੇਰਿਆਂ ਦਾ ਇੱਕ ਤਰੀਕਾ ਹੈ ਤਾਂ ਜੋ ਸ਼ੀਸ਼ਾ ਸਾਫ਼ ਕਰਨ ਵੇਲੇ ਵਾਈਪਰ ਚੱਲਣ ਨਾਲ ਵਿਜ਼ੀਬਿਲਟੀ ਜ਼ੀਰੋ ਹੋ ਜਾਵੇ ਅਤੇ ਚਾਲਕ ਗੱਡੀ ਰੋਕ ਦੇਵੇ)। ਹਰਜਿੰਦ ਕੌਰ ਨੇ ਘਬਰਾਉਣ ਦੀ ਬਜਾਏ ਹਿੰਮਤ ਦਿਖਾਈ। ਉਹ ਤੁਰੰਤ ਗੱਡੀ ਵਿੱਚੋਂ ਬਾਹਰ ਨਿਕਲੀ ਅਤੇ ਆਪਣੀ ਕਾਰ ਚੋਂ ਤਲਵਾਰ ਕੱਢ ਕੇ ਲੁਟੇਰਿਆਂ ਸਾਹਮਣੇ ਡਟ ਗਈ। ਹਰਜਿੰਦ ਕੌਰ ਦਾ ਇਹ ਰੂਪ ਦੇਖ ਕੇ ਲੁਟੇਰਿਆਂ ਦੇ ਹੋਸ਼ ਉੱਡ ਗਏ ਅਤੇ ਉਹ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ ਲੁਟੇਰਿਆਂ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ।

ਹਰਜਿੰਦ ਕੌਰ ਦੀ ਇਹ ਕਹਾਣੀ ਸਿਰਫ਼ ਇੱਕ ਲੁੱਟ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਦੀ ਗਾਥਾ ਨਹੀਂ ਹੈ, ਸਗੋਂ ਇਹ ਮਹਿਲਾ ਸਸ਼ਕਤੀਕਰਨ ਦੀ ਇੱਕ ਜ਼ਿੰਦਾ ਮਿਸਾਲ ਹੈ। ਪੰਜਾਬ ਸਰਕਾਰ ਦਾ ਇਹ ਕਦਮ ਹੋਰਨਾਂ ਧੀਆਂ ਦੇ ਹੌਂਸਲੇ ਵੀ ਬੁਲੰਦ ਕਰੇਗਾ।