ETV Bharat / state

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਦੇ 'ਤੇ ਇਕੱਠੀਆਂ ਹੋਈਆਂ ਨਿਹੰਗ ਸਿੰਘ ਜਥੇਬੰਦੀਆਂ, ਪੰਥਕ ਏਕਤਾ ਦਾ ਦਿੱਤਾ ਸੰਦੇਸ਼

ਸੁਖਪਾਲ ਸਿੰਘ ਨੇ ਕਿਹਾ ਕਿ ਪੰਥਕ ਏਕਤਾ ਹੀ ਸਿੱਖ ਕੌਮ ਦੀ ਸਭ ਤੋਂ ਵੱਡੀ ਤਾਕਤ ਹੈ।

Nihang Singh organizations gathered at the invitation of Sri Akal Takht Sahib
ਨਿਹੰਗ ਸਿੰਘ ਜਥੇਬੰਦੀਆਂ ਅਕਾਲ ਤਖ਼ਤ ਸਾਹਿਬ ਪਹੁੰਚੀਆਂ (Etv Bharat)
author img

By ETV Bharat Punjabi Team

Published : July 5, 2026 at 2:36 PM IST

2 Min Read
Choose ETV Bharat

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਅਤੇ ਆਗੂ ਇਕੱਠੇ ਹੋਏ। ਇਸ ਮੌਕੇ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਸੁਖਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ "ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਦੇਸ਼ ਮੁਤਾਬਕ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਇੱਕ ਮੰਚ 'ਤੇ ਇਕੱਠੀਆਂ ਹੋਈਆਂ ਹਨ, ਤਾਂ ਜੋ ਪੰਥਕ ਮਸਲਿਆਂ 'ਤੇ ਸਾਂਝੇ ਤੌਰ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ।"

ਨਿਹੰਗ ਸਿੰਘ ਜਥੇਬੰਦੀ ਦੇ ਆਗੂ ਸੁਖਪਾਲ ਸਿੰਘ ਜਾਣਕਾਰੀ ਦਿੰਦੇ ਹੋਏ (Etv Bharat)

ਵੱਡੇ ਆਗੂ ਹੋਏ ਸ਼ਾਮਲ

ਉਨ੍ਹਾਂ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਅਤੇ ਖਾਲਸਾ ਪੰਥ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ। ਨਿਹੰਗ ਸਿੰਘ ਜਥੇਬੰਦੀ ਦੇ ਆਗੂ ਸੁਖਪਾਲ ਸਿੰਘ ਨੇ ਕਿਹਾ ਕਿ "ਇਹ ਦਿਹਾੜਾ ਸਿੱਖ ਕੌਮ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਰਵੋਚ ਸੰਸਥਾ ਹੈ ਅਤੇ ਪੰਥਕ ਫ਼ੈਸਲੇ ਹਮੇਸ਼ਾ ਇਸ ਦੀ ਅਗਵਾਈ ਹੇਠ ਹੀ ਲਏ ਜਾਂਦੇ ਹਨ।"

ਸੁਖਪਾਲ ਸਿੰਘ ਨੇ ਦੱਸਿਆ ਕਿ ਬਾਬਾ ਮੇਜਰ ਸਿੰਘ, ਬਾਬਾ ਕੁਲਵਿੰਦਰ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਕੁਲਦੀਪ ਸਿੰਘ, ਬਾਬਾ ਸਤਨਾਮ ਸਿੰਘ, ਬਾਬਾ ਪ੍ਰਤਾਪ ਸਿੰਘ ਜਰਗਰ, ਬਾਬਾ ਖੜਕ ਸਿੰਘ ਲੁਧਿਆਣਾ ਸਮੇਤ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਇਸ ਇਕੱਤਰਤਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਦੇ ਸੰਦੇਸ਼ ਅਨੁਸਾਰ ਸਾਰੇ ਆਗੂ ਆਪਸੀ ਸਲਾਹ-ਮਸ਼ਵਰਾ ਕਰ ਰਹੇ ਹਨ ਅਤੇ ਜੋ ਵੀ ਗੁਰਮਤਾ ਜਾਂ ਸਾਂਝਾ ਫ਼ੈਸਲਾ ਹੋਵੇਗਾ, ਉਸ ਬਾਰੇ ਬਾਅਦ ਵਿੱਚ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ।

ਪੰਥਕ ਪਰੰਪਰਾਵਾਂ ਅਨੁਸਾਰ ਹੀ ਫ਼ੈਸਲਾ ਕੀਤਾ ਜਾਵੇਗਾ

ਸੁਖਪਾਲ ਸਿੰਘ ਨੇ ਕਿਹਾ ਕਿ "ਸਿੱਖ ਪੰਥ ਕਿਸੇ ਨਾਲ ਟਕਰਾਅ ਨਹੀਂ ਚਾਹੁੰਦਾ, ਸਗੋਂ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਿਧਾਂਤਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਹੀ ਅੱਗੇ ਵਧਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਰਾਹ ਦਿਖਾਉਣ ਵਾਲੇ ਹਨ ਅਤੇ ਜੇਕਰ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਜਾਂ ਪ੍ਰਬੰਧ ਵਿੱਚ ਸੋਧ ਦੀ ਲੋੜ ਹੋਵੇਗੀ ਤਾਂ ਉਸ ਸਬੰਧੀ ਪੰਥਕ ਪਰੰਪਰਾਵਾਂ ਅਨੁਸਾਰ ਹੀ ਫ਼ੈਸਲਾ ਕੀਤਾ ਜਾਵੇਗਾ।"

ਸੁਖਪਾਲ ਸਿੰਘ ਨੇ ਕਿਹਾ ਕਿ ਪੰਥਕ ਏਕਤਾ ਹੀ ਸਿੱਖ ਕੌਮ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਸਾਰੀਆਂ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕਜੁੱਟ ਹੋ ਕੇ ਪੰਥ ਅਤੇ ਸਮਾਜ ਦੀ ਭਲਾਈ ਲਈ ਕੰਮ ਕਰਦੀਆਂ ਰਹਿਣਗੀਆਂ।