ETV Bharat / state

ਖੰਨਾ 'ਚ ਭਿੜੇ ਗੁਆਂਢੀ, ਇੱਟਾਂ ਪੱਥਰ ਤੇ ਚੱਲੀਆਂ ਤਲਵਾਰਾਂ, ਵੀਡੀਓ ਆਈ ਸਾਮਣੇ

ਖੰਨਾ 'ਚ ਦੋ ਗੁਆਂਢੀਆਂ ਦੀ ਲੜਾਈ ਦੀ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਪੱਥਰ, ਇੱਟਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ।

Khanna Fight Video
ਖੰਨਾ ਗੁਆਂਢੀ ਭਿੜੇ (Etv Bharat)
author img

By ETV Bharat Punjabi Team

Published : February 24, 2026 at 2:01 PM IST

2 Min Read
Choose ETV Bharat

ਖੰਨਾ: ਸ਼ਹਿਰ ਦੇ ਸਮਰਾਲਾ ਰੋਡ ਸਥਿਤ ਮਾਡਲ ਟਾਊਨ ਇਲਾਕੇ ਵਿੱਚ ਬੀਤੀ ਰਾਤ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਦੋ ਧਿਰਾਂ ਅਚਾਨਕ ਆਹਮੋ-ਸਾਹਮਣੇ ਆ ਗਈਆਂ। ਮਿਲੀ ਜਾਣਕਾਰੀ ਮੁਤਾਬਿਕ ਦੋ ਪਰਿਵਾਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਤਕਰਾਰ ਹੋਈ, ਜੋ ਕੁਝ ਹੀ ਸਮੇਂ ਵਿੱਚ ਭਿਆਨਕ ਝਗੜੇ ਵਿੱਚ ਤਬਦੀਲ ਹੋ ਗਈ। ਦੇਖਦੇ ਹੀ ਦੇਖਦੇ ਦੋਵੇਂ ਪਾਸਿਆਂ ਤੋਂ ਲਾਠੀਆਂ, ਡੰਡਿਆਂ ਅਤੇ ਇੱਟਾਂ-ਪੱਥਰਾਂ ਨਾਲ ਇਕ ਦੂਜੇ ਉੱਤੇ ਹਮਲੇ ਹੋਣ ਲੱਗ ਪਏ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਪੀੜਤ ਤੇ ਪੁਲਿਸ ਜਾਣਕਾਰੀ ਦਿੰਦੇ ਹੋਏ (Etv Bharat)

ਲੜਾਈ 'ਚ ਦੋਵੇਂ ਧਿਰਾਂ ਜ਼ਖਮੀ

ਝਗੜੇ ਦੌਰਾਨ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ। ਇਸ ਹਿੰਸਕ ਝਗੜੇ ਵਿੱਚ ਦੋਵੇਂ ਪਾਸਿਆਂ ਦੇ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਖੰਨਾ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਡਾਕਟਰਾਂ ਅਨੁਸਾਰ ਕੁਝ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਜਦਕਿ ਕੁਝ ਲੋਕਾਂ ਨੂੰ ਗੰਭੀਰ ਸੱਟਾਂ ਆਉਣ ਕਾਰਨ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਝਗੜੇ ਦੀ ਵੀਡੀਓ ਆਈ ਸਾਹਮਣੇ

ਦੱਸਿਆ ਜਾ ਰਿਹਾ ਹੈ ਕਿ ਇਸ ਝਗੜੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਨ੍ਹਾਂ ਵਿੱਚ ਦੋਵੇਂ ਧਿਰਾਂ ਦੇ ਲੋਕ ਇੱਕ ਦੂਜੇ ਨਾਲ ਭਿੜਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ। ਫੁਟੇਜ ਵਿੱਚ ਲੋਕਾਂ ਵੱਲੋਂ ਇੱਟਾਂ-ਪੱਥਰ ਸੁੱਟਣ ਅਤੇ ਡੰਡਿਆਂ ਨਾਲ ਹਮਲੇ ਕਰਨ ਦੇ ਦ੍ਰਿਸ਼ ਵੀ ਕੈਦ ਹੋਏ ਹਨ। ਇਹ ਫੁਟੇਜ ਪੁਲਿਸ ਲਈ ਜਾਂਚ ਵਿੱਚ ਅਹਿਮ ਸਬੂਤ ਸਾਬਤ ਹੋ ਸਕਦੀਆਂ ਹਨ।

ਪੁਲਿਸ ਵੱਲੋਂ ਜਾਂਚ ਸ਼ੁਰੂ

ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਥਾਣਾ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਹਾਲਾਤਾਂ ਨੂੰ ਕਾਬੂ ਵਿੱਚ ਕੀਤਾ। ਪੁਲਿਸ ਨੇ ਇਲਾਕੇ ਵਿੱਚ ਵਾਧੂ ਫੋਰਸ ਤਾਇਨਾਤ ਕਰਕੇ ਤਣਾਅ ਨੂੰ ਘਟਾਇਆ ਅਤੇ ਦੋਵੇਂ ਧਿਰਾਂ ਨੂੰ ਵੱਖ-ਵੱਖ ਕੀਤਾ। ਪੁਲਿਸ ਅਧਿਕਾਰੀ ਸਰਾਜਦੀਨ ਨੇ ਦੱਸਿਆ ਕਿ "ਦੋ ਧਿਰਾਂ ਵਿਚਕਾਰ ਆਪਸੀ ਵਿਵਾਦ ਦੇ ਚੱਲਦੇ ਇਹ ਝਗੜਾ ਹੋਇਆ ਹੈ। ਦੋਵੇਂ ਪਾਸਿਆਂ ਦੇ ਲੋਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।"

ਦੋਸ਼ੀਆਂ ਖਿਲਾਫ਼ ਹੋਵੇਗੀ ਕਾਰਵਾਈ

ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੀਸੀਟੀਵੀ ਫੁਟੇਜ ਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ, ਤਾਂ ਜੋ ਝਗੜੇ ਦੀ ਅਸਲ ਵਜ੍ਹਾ ਅਤੇ ਦੋਸ਼ੀਆਂ ਦੀ ਪਛਾਣ ਹੋ ਸਕੇ। ਪੁਲਿਸ ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ।