ETV Bharat / state

'NSA ਖ਼ਤਮ ਹੋਣ ਮਗਰੋਂ ਵੀ ਮੇਰੇ ਪੁੱਤ ਨੂੰ ਪੰਜਾਬ ਕਿਉਂ ਨਹੀਂ ਲੈਕੇ ਆਉਂਦੇ', ਸਾਂਸਦ ਦੀ ਮਾਂ ਨੇ ਮੁੱਖ ਮੰਤਰੀ ਮਾਨ ਨੂੰ ਘੇਰ ਕੀਤੇ ਸਵਾਲ

ਮੁੱਖ ਮੰਤਰੀ ਮਾਨ ਦੀ ਸ਼ੁਕਰਾਨਾ ਯਾਤਰਾ 'ਚ ਸਾਂਸਦ ਅੰਮ੍ਰਿਤਪਾਲ ਦੀ ਮਾਂ ਨੇ ਸੀਐਮ ਨੂੰ ਘੇਰ ਸਵਾਲ ਕੀਤੇ। ਪੜ੍ਹੋ ਪੂਰੀ ਖਬਰ...

MP Amritpal Singh
ਸਾਂਸਦ ਅੰਮ੍ਰਿਤਪਾਲ ਸਿੰਘ (Etv Bharat)
author img

By ETV Bharat Punjabi Team

Published : May 7, 2026 at 7:00 PM IST

2 Min Read
Choose ETV Bharat

ਅੰਮ੍ਰਿਤਸਰ: ਅੱਜ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਦੌਰਾਨ ਕਸਬਾ ਰਈਆ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਰੋਕ ਕੇ ਸੀਐਮ ਮਾਨ ਨੂੰ ਕੀਤੇ ਗਏ ਸਵਾਲਾਂ ਦੀ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ।

ਸਾਂਸਦ ਅੰਮ੍ਰਿਤਪਾਲ ਸਿੰਘ ਦੀ ਮਾਂ ਵੱਲੋਂ ਸੀਐਮ ਨੂੰ ਸਵਾਲ (Etv Bharat)

ਸਾਂਸਦ ਦੀ ਮਾਂ ਦੇ ਸੀਐਮ ਨੂੰ ਸਵਾਲ

ਐਮਪੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਭਾਰੀ ਸੁਰੱਖਿਆ ਘੇਰਾ ਤੋੜਨ ਵਿੱਚ ਕਾਮਯਾਬ ਹੋ ਗਏ ਅਤੇ ਸਮਰਥਕਾਂ ਦੇ ਇੱਕ ਵੱਡੇ ਇਕੱਠ ਵਿਚਕਾਰ ਮੁੱਖ ਮੰਤਰੀ ਦੀ ਗੱਡੀ ਦੇ ਨੇੜੇ ਪਹੁੰਚ ਗਏ। ਉਨ੍ਹਾਂ ਨੇ ਸੀਐਮ ਮਾਨ ਦਾ ਹੱਥ ਫੜਦਿਆਂ ਕਿਹਾ ਕਿ "ਤੁਸੀਂ ਵੀ ਕਿਸੇ ਮਾਂ ਦੇ ਪੁੱਤ ਹੋ, ਅਤੇ ਮੈਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਮਾਂ ਹਾਂ। ਰਾਸ਼ਟਰੀ ਸੁਰੱਖਿਆ ਐਕਟ (NSA) ਦੇ ਤਹਿਤ ਪ੍ਰਬੰਧਾਂ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਉਨ੍ਹਾਂ ਦੇ ਪੁੱਤਰ ਨੂੰ ਪੰਜਾਬ ਵਾਪਸ ਕਿਉਂ ਨਹੀਂ ਲਿਆਂਦਾ ਗਿਆ? ਜਿਵੇਂ ਹੀ ਮੁੱਖ ਮੰਤਰੀ ਨੂੰ ਪਤਾ ਲੱਗਾ ਕਿ ਸਵਾਲ ਪੁੱਛਣ ਵਾਲੀ ਮਹਿਲਾ ਅੰਮ੍ਰਿਤਪਾਲ ਸਿੰਘ ਦੀ ਮਾਤਾ ਹੈ, ਉਹ ਹੱਥ ਛੁਡਾ ਕੇ ਪਿੱਛੇ ਹਟ ਗਏ। ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਅਤੇ ਅੰਮ੍ਰਿਤਪਾਲ ਦੀ ਮਾਂ ਵੱਲੋਂ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ, ਜਿਸ ਕਾਰਨ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਹੋ ਗਿਆ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਸਥਿਤੀ ਨੂੰ ਸੰਭਾਲ ਲਿਆ।"

ਬੰਦੀ ਸਿੰਘਾਂ ਦੇ ਮਸਲੇ ਸਣੇ ਹੋਰ ਸਵਾਲ

ਉਕਤ ਵੀਡਿਓ ਦੇ ਮਾਮਲੇ 'ਤੇ ਗੱਲਬਾਤ ਕਰਦਿਆ ਐਮਪੀ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ "ਉਹ ਆਮ ਹੀ ਆਪਣੇ ਕੰਮ ਲਈ ਜਲੰਧਰ ਜਾ ਰਹੇ ਸਨ। ਇਸ ਦੌਰਾਨ ਜਦੋਂ ਰਈਆ ਪੁੱਜੇ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਵਲੋਂ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਹੈ। ਜਿਸ ਦੇ ਚੱਲਦੇ ਉਨ੍ਹਾਂ ਅੰਮ੍ਰਿਤਪਾਲ ਸਿੰਘ ਸਮੇਤ ਬੰਦੀ ਸਿੰਘਾਂ ਦੇ ਮਾਮਲੇ ਸਮੇਤ ਹੋਰਨਾਂ ਸਵਾਲਾਂ ਸਬੰਧੀ ਮੁੱਖ ਮੰਤਰੀ ਮਾਨ ਨਾਲ ਗੱਲਬਾਤ ਕਰਨ ਬਾਰੇ ਸੋਚਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਅੱਗੇ ਚਲੇ ਗਏ।"

ਨਸ਼ਾ ਖਤਮ ਕਰਨ ਦੇ ਦਾਅਵੇ ਹਵਾ

ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬੇਸ਼ੱਕ ਨਸ਼ੇ ਦੇ ਮੁੱਦੇ ਉੱਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦਾ ਦਾਅਵਾ ਕਰ ਰਹੇ ਹਨ, ਲੇਕਿਨ ਇਹ ਦਾਅਵੇ ਸਿਰਫ ਹਵਾ ਵਿੱਚ ਹਨ। ਉਹਨਾਂ ਕਿਹਾ ਕਿ ਸੁਰੱਖਿਆ ਦਸਤੇ ਵੱਲੋਂ ਉਹਨਾਂ ਨੂੰ ਮਾਮੂਲੀ ਰੋਕਿਆ ਗਿਆ ਅਤੇ ਜਦੋਂ ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਦੀ ਮਾਤਾ ਹਨ ਤਾਂ ਨਾਲ ਹੀ ਉਹਨਾਂ ਦੇ ਹੋਸ਼ ਉੱਡ ਗਏ।

ਸਾਜ਼ਿਸ਼ ਤਹਿਤ ਜੇਲ੍ਹਾਂ ਵਿੱਚ ਡੱਕੇ ਨੌਜਵਾਨ

ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਉੱਤੇ ਸਰਕਾਰ ਬਣਾਉਣ ਵਾਲੇ ਇਸ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਬਣਦੇ ਸਾਰੇ ਹੀ ਉਹ ਬੰਦੀ ਸਿੰਘਾਂ ਨੂੰ ਰਿਹਾਅ ਕਰਨਗੇ, ਪਰ ਇਸ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਅੰਮ੍ਰਿਤਪਾਲ ਸਿੰਘ ਦੇ ਸਾਰੇ ਕੇਸ ਪੰਜਾਬ ਦੇ ਨਾਲ ਜੁੜੇ ਹੋਏ ਹਨ ਅਤੇ ਐਨਐਸਏ ਖ਼ਤਮ ਹੋਣ ਦੇ ਬਾਵਜੂਦ ਵੀ ਜਾਣਬੁੱਝ ਕੇ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸ਼ਿਫਟ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ 40 ਸਿੱਖ ਨੌਜਵਾਨਾਂ ਨੂੰ ਵੀ ਜਾਣ ਬੁੱਝ ਕੇ ਸਾਜ਼ਿਸ਼ ਦੇ ਤਹਿਤ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਹੈ।