ਮਿਸ਼ਨ ਕਲੀਨ ਪੰਜਾਬ: ਗੰਦਗੀ ਦੇ ਲੱਗੇ ਢੇਰਾਂ ਤੋਂ ਲੋਕ ਪਰੇਸ਼ਾਨ, ਨਗਰ ਨਿਗਮ ਵੱਲੋਂ ਚਲਾਨ ਕੱਟਣ 'ਤੇ ਜੋਰ
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ 70 ਸਾਲਾਂ ਤੋਂ ਪਟਿਆਲਾ ਵਾਸੀਆਂ ਲਈ ਮੁਸੀਬਤ ਬਣਿਆ ਕੂੜੇ ਦਾ ਡੰਪ ਜਲਦ ਸਾਫ਼ ਹੋਵੇਗਾ।


Published : July 4, 2026 at 7:36 PM IST
ਬਠਿੰਡਾ/ਪਟਿਆਲਾ: ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ "ਮਿਸ਼ਨ ਕਲੀਨ ਪੰਜਾਬ" ਤਹਿਤ ਨਗਰ ਨਿਗਮ ਬਠਿੰਡਾ ਵੱਲੋਂ ਵਿਸ਼ੇਸ਼ ਸਫ਼ਾਈ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਦੂਸਰੇ ਪਾਸੇ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਲੱਗੇ ਗੰਦਗੀ ਦੇ ਢੇਰ ਨਗਰ ਨਿਗਮ ਦੀ ਪੋਲ ਖੋਲ੍ਹ ਰਹੇ ਹਨ। ਭਾਵੇਂ ਨਗਰ ਨਿਗਮ ਵੱਲੋਂ ਕੂੜਾ ਕਰਕਟ ਇਕੱਠਾ ਕਰਨ ਲਈ ਬਕਾਇਦਾ ਗੱਡੀਆਂ ਲਗਾਈਆਂ ਗਈਆਂ ਹਨ ਅਤੇ ਆਮ ਲੋਕਾਂ ਤੋਂ ਕੂੜਾ ਇਕੱਠਾ ਕਰਨ ਲਈ ਮੋਟੇ ਪੈਸੇ ਵਸੂਲ ਕੀਤੇ ਜਾ ਰਹੇ ਹਨ ਪਰ ਫਿਰ ਵੀ ਸ਼ਹਿਰ ਦੀਆਂ ਗਲੀਆਂ ਅਤੇ ਮਹੱਲਿਆਂ ਵਿੱਚ ਗੰਦਗੀ ਦੇ ਵੱਡੇ-ਵੱਡੇ ਢੇਰ ਨਜ਼ਰ ਆ ਰਹੇ ਹਨ।
ਬਿਮਾਰੀਆਂ ਫੈਲਣ ਦਾ ਖਤਰਾ
ਬਠਿੰਡਾ ਦੇ ਰਾਮਬਾਗ ਰੋਡ ਨੇੜੇ ਸਥਿਤ ਮੰਦਿਰ ਦੇ ਪੁਜਾਰੀ ਪੰਡਿਤ ਅਸ਼ਵਨੀ ਸ਼ੁਕਲਾ ਨੇ ਦੱਸਿਆ ਕਿ "ਲੋਕ ਸਵੇਰੇ-ਸਵੇਰੇ ਪਰਮਾਤਮਾ ਦਾ ਨਾਮ ਲੈਣ ਲਈ ਮੰਦਰ ਆਉਂਦੇ ਹਨ ਪਰ ਮੰਦਰ ਦੇ ਨੇੜੇ ਆਉਣ ਅਤੇ ਜਾਣ ਵਾਲੇ ਰਸਤਿਆਂ 'ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਨਗਰ ਨਿਗਮ ਨੂੰ ਵਾਰ-ਵਾਰ ਅਪੀਲ ਕੀਤੇ ਜਾਣ ਦੇ ਬਾਵਜੂਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਹਾਲਾਤ ਇਹ ਹਨ ਕਿ ਹੁਣ ਤਾਂ ਕੂੜੇ ਦੇ ਪਹਾੜ ਬਣਦੇ ਜਾ ਰਹੇ ਹਨ। ਕੂੜੇ ਕਾਰਨ ਜਿੱਥੇ ਮੁਸ਼ਕ ਲਗਾਤਾਰ ਮਾਰ ਰਿਹਾ ਹੈ, ਉਥੇ ਹੀ ਆਉਣ ਜਾਣ ਵਾਲਿਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"
ਕੂੜੇ ਦੇ ਲੱਗੇ ਵੱਡੇ ਢੇਰ
ਕੌਂਸਲਰ ਕਿਰਨ ਦੇਵੀ ਦੇ ਪਤੀ ਗੁਰਪ੍ਰੀਤ ਸਿੰਘ ਬੰਟੀ ਦਾ ਕਹਿਣਾ ਹੈ ਕਿ "ਲੋਕ ਉਹਨਾਂ ਪਾਸ ਕੂੜਾ ਚਕਵਾਉਣ ਲਈ ਬੇਨਤੀ ਪੱਤਰ ਲੈ ਕੇ ਆ ਰਹੇ ਹਨ। ਉਹਨਾਂ ਵੱਲੋਂ ਲਗਾਤਾਰ ਨਗਰ ਨਿਗਮ ਅਧਿਕਾਰੀਆਂ ਨੂੰ ਕੂੜਾ ਚੱਕਣ ਲਈ ਅਪੀਲ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਮੀਂਹ ਦਾ ਮੌਸਮ ਵੀ ਸ਼ੁਰੂ ਹੋਣ ਵਾਲਾ ਹੈ, ਜਿਸ ਕਾਰਨ ਜੇਕਰ ਇਹ ਗੰਦਗੀ ਦੇ ਢੇਰ ਇਸੇ ਤਰ੍ਹਾਂ ਲੱਗੇ ਰਹੇ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣਗੀਆਂ। ਮੀਂਹ ਪੈਣ ਤੋਂ ਬਾਅਦ ਇਹ ਕੂੜਾ ਗਿੱਲਾ ਹੋ ਜਾਵੇਗਾ ਤੇ ਇਸ ਵਿੱਚੋਂ ਬਹੁਤ ਗੰਦੀ ਮੁਸ਼ਕ ਮਾਰੇਗੀ ਅਤੇ ਰਾਹਗੀਰਾਂ ਨੂੰ ਇਥੋਂ ਲੰਘਣਾ ਮੁਸ਼ਕਿਲ ਹੋ ਜਾਵੇਗਾ।"
ਸਫ਼ਾਈ ਪ੍ਰਤੀ ਜਾਗਰੂਕ ਕਰ ਰਹੇ
ਉਧਰ ਦੂਸਰੇ ਪਾਸੇ ਕਮਿਸ਼ਨਰ ਨਗਰ ਨਿਗਮ ਬਠਿੰਡਾ ਲਵਜੀਤ ਕਲਸੀ ਦਾ ਕਹਿਣਾ ਹੈ ਕਿ "ਨਗਰ ਨਿਗਮ ਦੀਆਂ ਟੀਮਾਂ ਵੱਲੋਂ ਲਗਾਤਾਰ ਆਮ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਸਫ਼ਾਈ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਪਟੇਲ ਨਗਰ, 100 ਫੁੱਟ ਰੋਡ ਅਤੇ ਹੋਰਨਾਂ ਇਲਾਕਿਆਂ ਵਿੱਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਥਾਨਕ ਵਸਨੀਕਾਂ ਅਤੇ ਦੁਕਾਨਦਾਰਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਬਣਾਈ ਰੱਖਣ ਅਤੇ ਜਨਤਕ ਥਾਵਾਂ 'ਤੇ ਕੂੜਾ ਨਾ ਸੁੱਟਣ ਅਤੇ ਸਫ਼ਾਈ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।"

ਨਿਯਮਾਂ ਦੀ ਉਲੰਘਣਾ 'ਤੇ ਚਲਾਨ
ਕਮਿਸ਼ਨਰ ਲਵਜੀਤ ਕਲਸੀ ਨੇ ਕਿਹਾ ਕਿ ਇਸੇ ਤਹਿਤ ਪੁੱਡਾ ਮਾਰਕੀਟ ਸਥਿਤ ਗੋਪਾਲ ਸਵੀਟਸ ਅਤੇ ਮਾਡਲ ਟਾਊਨ ਫੇਜ਼-1 ਸਥਿਤ ਮੋਰ ਸੁਪਰਮਾਰਕੀਟ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਚਲਾਨ ਕੱਟੇ ਗਏ। ਨਗਰ ਨਿਗਮ ਵੱਲੋਂ ਦੁਕਾਨਦਾਰਾਂ ਨੂੰ ਸਫ਼ਾਈ ਦੇ ਮਿਆਰਾਂ ਦੀ ਪਾਲਣਾ ਕਰਨ ਅਤੇ ਗਿੱਲੇ ਤੇ ਸੁੱਕੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਦੀ ਹਦਾਇਤ ਵੀ ਦਿੱਤੀ ਗਈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਦੀ ਸਫ਼ਾਈ ਬਣਾਈ ਰੱਖਣ। ਉਨ੍ਹਾਂ ਦੁਕਾਨਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ 'ਚ ਪੈਦਾ ਹੋਣ ਵਾਲੇ ਕੂੜੇ ਨੂੰ ਗਿੱਲਾ ਅਤੇ ਸੁੱਕਾ ਕਰ ਕੇ ਵੱਖ-ਵੱਖ ਕੂੜੇਦਾਨ 'ਚ ਪਾਉਣ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ 'ਚ ਵੀ ਕਿਚਨ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ-ਵੱਖਰਾ ਕਰਕੇ ਸਫਾਈ ਕਰਮਚਾਰੀਆਂ ਨੂੰ ਦੇਣ।
ਬਿਮਾਰੀਆਂ ਦਾ ਕਾਰਨ ਬਣਿਆ ਸੀ ਡੰਪ
ਉਥੇ ਹੀ ਪਟਿਆਲਾ ਦਾ ਕੂੜੇ ਦਾ ਡੰਪ, ਜੋ ਪਿਛਲੇ ਕਈ ਦਹਾਕਿਆਂ ਤੋਂ ਕੂੜੇ ਦੇ ਪਹਾੜ ਦਾ ਰੂਪ ਧਾਰ ਚੁੱਕਾ ਸੀ ਅਤੇ ਇਲਾਕਾ ਵਾਸੀਆਂ ਲਈ ਬਿਮਾਰੀਆਂ ਦਾ ਕਾਰਨ ਬਣਿਆ ਹੋਇਆ ਸੀ, ਹੁਣ ਜਲਦ ਹੀ ਇਤਿਹਾਸ ਬਣਨ ਜਾ ਰਿਹਾ ਹੈ। ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਕੂੜੇ ਦੇ ਡੰਪ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮੱਸਿਆ ਪਿਛਲੀਆਂ ਸਰਕਾਰਾਂ ਦੀ ਦੇਣ ਸੀ, ਜਿਸ ਕਾਰਨ ਲੋਕਾਂ ਨੂੰ ਸਾਲਾਂ ਤੱਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪਾਰਕ ਵਜੋਂ ਵਿਕਸਤ ਕਰਨ ਦੀ ਯੋਜਨਾ
ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ "ਹੁਣ ਤੱਕ ਲੱਗਭੱਗ 1 ਲੱਖ 74 ਹਜ਼ਾਰ ਟਨ ਕੂੜਾ ਡੰਪ ਵਿੱਚੋਂ ਚੁੱਕਿਆ ਜਾ ਚੁੱਕਾ ਹੈ, ਜਿਸ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਭੇਜਿਆ ਜਾ ਰਿਹਾ ਹੈ। ਡੰਪ ਹੱਟਣ ਨਾਲ ਆਸ-ਪਾਸ ਦੀਆਂ ਰਿਹਾਇਸ਼ੀ ਕਲੋਨੀਆਂ ਅਤੇ ਵਪਾਰਕ ਅਦਾਰਿਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਨਗਰ ਨਿਗਮ ਇਸ ਜਗ੍ਹਾ ਨੂੰ ਭਵਿੱਖ ਵਿੱਚ ਪਾਰਕ ਵਜੋਂ ਵਿਕਸਤ ਕਰਨ ਦੀ ਯੋਜਨਾ 'ਤੇ ਵੀ ਕੰਮ ਕਰੇਗਾ।"
ਮੁਹਿੰਮ ਨੂੰ ਲੋਕਾਂ ਦਾ ਭਰਪੂਰ ਸਮਰਥਨ
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਵੱਡੇ ਪੱਧਰ 'ਤੇ ਚਲਾਈ ਗਈ ਇਸ ਮੁਹਿੰਮ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਰੀਬ 70 ਫੀਸਦੀ ਕੂੜਾ ਚੁੱਕਿਆ ਜਾ ਚੁੱਕਾ ਹੈ, ਜਦਕਿ ਬਾਕੀ 30 ਫੀਸਦੀ ਕੂੜਾ ਵੀ ਜਲਦ ਹੀ ਹਟਾ ਦਿੱਤਾ ਜਾਵੇਗਾ।

