ਧਾਮੀ ਕੌਣ ਹੈ ? ਸਾਬਕਾ ਮੰਤਰੀ ਦਾ ਵੱਡਾ ਬਿਆਨ, ਕੋਹਲੀ ਦੀ ਗ੍ਰਿਫ਼ਤਾਰੀ ਦਾ ਮਾਮਲਾ
ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ 'ਤੇ ਸਰਕਾਰ ਦਾ ਸਿੱਧਾ ਹਮਲਾ ਹੈ। ਪੜ੍ਹੋ ਖ਼ਬਰ...


Published : January 3, 2026 at 7:13 PM IST
ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਸਰੂਪਾਂ ਦੇ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਚਾਰਟਰਡ ਅਕਾਊਂਟੈਂਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਨੂੰ ਲੈਕੇ ਸ਼੍ਰੋਮਣੀ ਕਮੇਟੀ ਵੱਲੋਂ ਸਰਕਾਰ ਦੀ ਕਾਰਵਾਈ 'ਤੇ ਸਵਾਲ ਚੁੱਕੇ ਜਾ ਰਹੇ ਹਨ, ਜਦਕਿ ਸਾਬਕਾ ਮੰਤਰੀ ਤੇ ਮੌਜੂਦਾ 'ਆਪ' ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ 'ਤੇ ਸਵਾਲ ਚੁੱਕੇ ਜਾ ਰਹੇ ਹਨ। ਧਾਲੀਵਾਲ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਐਸਜੀਪੀਸੀ ਪ੍ਰਧਾਨ ਨੂੰ ਪੁਲਿਸ ਨੂੰ ਆਪਣਾ ਕੰਮ ਪੂਰੀ ਆਜ਼ਾਦੀ ਨਾਲ ਕਰਨ ਦੇਣਾ ਚਾਹੀਦਾ ਹੈ।
ਸਰਕਾਰ ’ਤੇ ਗੰਭੀਰ ਦੋਸ਼
ਉਧਰ ਐਸਜੀਪੀਸੀ ਮੈਂਬਰ ਅਤੇ ਸੀਨੀਅਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਮਾਨਯੋਗ ਅਦਾਲਤ ਵਿਖੇ ਆਪਣੇ ਚੈਂਬਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ 'ਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ ਅਤੇ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਮੀਡੀਆ ਟ੍ਰਾਇਲ ਚਲਾਇਆ ਜਾ ਰਿਹਾ ਹੈ।
ਕੋਹਲੀ ਦੇ ਵਕੀਲ ਵਜੋਂ ਪੇਸ਼
ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਦੇਵ ਸਿੰਘ ਪੰਨੂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਬਿਨਾਂ ਪੂਰੀ ਜਾਣਕਾਰੀ ਦੇ ਉਨ੍ਹਾਂ 'ਤੇ ਨਿੱਜੀ ਤੌਰ 'ਤੇ ਨਿਸ਼ਾਨਾ ਸਾਧਿਆ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਤਿੰਦਰ ਸਿੰਘ ਕੋਹਲੀ ਦੇ ਵਕੀਲ ਵਜੋਂ ਪੇਸ਼ ਹੋਏ ਹਨ ਪਰ ਇਸ ਵਿੱਚ ਕਿਸੇ ਕਿਸਮ ਦੀ ਪ੍ਰੋਫੈਸ਼ਨਲ ਮਿਸਕੰਡਕਟ ਦੀ ਗੱਲ ਨਹੀਂ ਬਣਦੀ।
ਐਸਜੀਪੀਸੀ ਵੱਲੋਂ ਬਣਦੀ ਕਾਰਵਾਈ ਕੀਤੀ
ਸਿਆਲਕਾ ਨੇ ਦੱਸਿਆ ਕਿ ਸਤਿੰਦਰ ਸਿੰਘ ਕੋਹਲੀ ਖ਼ਿਲਾਫ਼ ਕੇਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ 75 ਫ਼ੀਸਦੀ ਰਿਕਵਰੀ ਸਬੰਧੀ ਦਾਇਰ ਕੀਤਾ ਗਿਆ ਸੀ, ਜਿਸ ਵਿੱਚ ਕੋਹਲੀ ਵੱਲੋਂ ਜਵਾਬ ਵੀ ਦਾਖ਼ਲ ਕੀਤਾ ਜਾ ਚੁੱਕਿਆ ਹੈ। ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਾਰਵਾਈ ਕੀਤੀ ਅਤੇ ਬਾਅਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਇਸ 'ਤੇ ਮੋਹਰ ਲਗਾ ਦਿੱਤੀ ਗਈ। ਸਿੱਖ ਗੁਰਦੁਆਰਾ ਐਕਟ 1925 ਦੇ ਤਹਿਤ ਐਸਜੀਪੀਸੀ ਇੱਕ ਸੁਤੰਤਰ ਧਾਰਮਿਕ ਸੰਸਥਾ ਹੈ ਅਤੇ ਇਸ 'ਤੇ ਆਈਪੀਸੀ ਦੀਆਂ ਕੋਈ ਧਾਰਾਵਾਂ ਲਗਾਉਣਾ ਕਾਨੂੰਨੀ ਤੌਰ ’ਤੇ ਗਲਤ ਹੈ।
ਸਿਆਸੀ ਲਾਭ ਲਈ ਗਲਤ ਧਾਰਾਵਾਂ
ਐਡਵੋਕੇਟ ਸਿਆਲਕਾ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਰਾਜਨੀਤਿਕ ਲਾਭ ਲਈ ਗਲਤ ਧਾਰਾਵਾਂ ਲਗਾ ਕੇ ਐਫਆਈਆਰ ਦਰਜ ਕੀਤੀ ਹੈ, ਜਿਸ ਦਾ ਮਕਸਦ ਸਿੱਖ ਸੰਸਥਾਵਾਂ ਨੂੰ ਦਬਾਉਣਾ ਹੈ। ਕੋਹਲੀ ਨੂੰ ਇੱਕ ਸਕੇਪਗੋਟ ਬਣਾਇਆ ਜਾ ਰਿਹਾ ਹੈ ਅਤੇ ਉਸ 'ਤੇ ਦਬਾਅ ਪਾ ਕੇ ਮਨਚਾਹੀ ਬਿਆਨਬਾਜ਼ੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਅਤੇ ਸਿੱਧਾਂਤਾਂ ਦੀ ਰੱਖਿਆ ਲਈ ਲੜ ਰਹੇ ਹਨ ਅਤੇ ਕਾਨੂੰਨੀ ਲੜਾਈ ਡਟ ਕੇ ਲੜੀ ਜਾਵੇਗੀ। ਹਰ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ ਦੀ ਰੱਖਿਆ ਲਈ ਇਕਜੁੱਟ ਹੋ ਕੇ ਖੜ੍ਹੇ ਹੋਣ।
ਦਖਲਅੰਦਾਜ਼ੀ ਬਰਦਾਸ਼ਤ ਨਹੀਂ
ਉਥੇ ਹੀ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ਼ ਕਿਸੇ ਇੱਕ ਵਿਅਕਤੀ, ਸੰਸਥਾ ਜਾਂ ਨੇਤਾ ਦੇ ਨਹੀਂ ਹਨ, ਸਗੋਂ ਪੂਰੀ ਦੁਨੀਆ ਵਿੱਚ ਵੱਸਦੇ ਹਰ ਸਿੱਖ ਦੇ ਗੁਰੂ ਹਨ। ਜਦੋਂ ਵੀ ਕਿਸੇ ਗੁਰਦੁਆਰੇ ਨਾਲ ਸੰਬੰਧਿਤ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਆਮ ਲੋਕ ਇਨਸਾਫ਼ ਦੀ ਉਮੀਦ ਸਰਕਾਰ ਅਤੇ ਪੁਲਿਸ ਤੋਂ ਕਰਦੇ ਹਨ। ਅਜਿਹੇ ਵਿੱਚ ਜਾਂਚ ਦੌਰਾਨ ਦਖਲ ਦੇਣ ਨਾਲ ਸੱਚ ਸਾਹਮਣੇ ਆਉਣ ਵਿੱਚ ਰੁਕਾਵਟ ਪੈਂਦੀ ਹੈ।
ਦੋਸ਼ੀਆਂ ਖ਼ਿਲਾਫ਼ ਸਖ਼ਤ ਕਦਮ
ਧਾਲੀਵਾਲ ਨੇ ਦੋਸ਼ ਲਗਾਇਆ ਕਿ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਅੱਜ ਹਾਲਾਤ ਗੰਭੀਰ ਬਣੇ ਹੋਏ ਹਨ। ਜੇਕਰ ਪਹਿਲਾਂ ਹੀ ਦੋਸ਼ੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਂਦੇ, ਤਾਂ ਅੱਜ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਵਰਗਾ ਗੰਭੀਰ ਮਾਮਲਾ ਸਾਹਮਣੇ ਨਾ ਆਉਂਦਾ। ਉਨ੍ਹਾਂ ਐਸਜੀਪੀਸੀ ਤੋਂ ਸਵਾਲ ਕੀਤਾ ਕਿ ਪਹਿਲਾਂ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਵਿਸ਼ੇਸ਼ ਜਾਂਚ ਟੀਮ ਵੱਲੋਂ ਛਾਪੇਮਾਰੀ
ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ। 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਹੈ, ਜੋ ਦਿਨ-ਰਾਤ ਮਿਹਨਤ ਕਰ ਰਹੀ ਹੈ। ਅਦਾਲਤ ਤੋਂ ਸਰਚ ਵਾਰੰਟ ਲੈ ਕੇ ਚੰਡੀਗੜ੍ਹ, ਅੰਮ੍ਰਿਤਸਰ, ਤਰਨ ਤਾਰਨ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਸ਼ੀ ਛੋਟਾ ਹੋਵੇ ਜਾਂ ਵੱਡਾ, ਕਿਸੇ ਵੀ ਅਹੁਦੇ 'ਤੇ ਕਿਉਂ ਨਾ ਹੋਵੇ, ਉਸ ਨੂੰ ਜੇਲ੍ਹ ਭੇਜਿਆ ਜਾਵੇਗਾ। ਜਾਂਚ ਉਸ ਵੇਲੇ ਤੱਕ ਜਾਰੀ ਰਹੇਗੀ ਜਦੋਂ ਤੱਕ ਇਹ ਸਾਫ਼ ਨਹੀਂ ਹੋ ਜਾਂਦਾ ਕਿ 328 ਪਾਵਨ ਸਰੂਪ ਕਿੱਥੇ ਹਨ ਅਤੇ ਉਹਨਾਂ ਦੀ ਕੀ ਹਾਲਤ ਹੈ।
ਧਾਮੀ ਬਿਆਨਬਾਜ਼ੀ ਅਤੇ ਦਖਲਅੰਦਾਜ਼ੀ ਤੋਂ ਬਚਣ
ਧਾਲੀਵਾਲ ਨੇ ਦਾਅਵਾ ਕੀਤਾ ਕਿ ਐਸਆਈਟੀ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਕਈ ਵੱਡੇ ਅਤੇ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਉਣਗੇ। ਉਨ੍ਹਾਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਬਿਆਨਬਾਜ਼ੀ ਅਤੇ ਦਖਲਅੰਦਾਜ਼ੀ ਤੋਂ ਬਚਣ ਅਤੇ ਪੁਲਿਸ ਨੂੰ ਨਿਰਪੱਖ ਜਾਂਚ ਕਰਨ ਦਿਓ। ਉਨ੍ਹਾਂ ਕਿਹਾ ਕਿ ਸੱਚਾ ਸਿੱਖ ਉਹੀ ਹੁੰਦਾ ਹੈ ਜੋ ਆਪਣੇ ਗੁਰੂ ਦੀ ਮਰਯਾਦਾ ਅਤੇ ਸਨਮਾਨ ਦੀ ਰੱਖਿਆ ਲਈ ਸੱਚ ਦੇ ਨਾਲ ਖੜਾ ਰਹਿੰਦਾ ਹੈ। ਇਸ ਦੇ ਨਾਲ ਹੀ ਧਾਲੀਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਕੱਲੇ ਧਾਮੀ ਜਾਂ ਸੁਖਬੀਰ ਬਾਦਲ ਦਾ ਨਹੀਂ ਹੈ, ਸਗੋਂ ਦੁਨੀਆ 'ਚ ਵੱਸਦੇ ਹਰ ਸਿੱਖ ਦਾ ਹੈ।

