ਰਵਨੀਤ ਬਿੱਟੂ 'ਤੇ ਭੜਕੇ ਅਮਨ ਅਰੋੜਾ, ਪਰਿਵਾਰ ‘ਤੇ ਕੀਤੀਆਂ ਟਿੱਪਣੀਆਂ ਦਾ ਦਿੱਤਾ ਜਵਾਬ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਮੰਤਰੀ ਅਮਨ ਅਰੋੜਾ ਵੱਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਹੈ।


Published : May 28, 2026 at 6:01 PM IST
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਪ੍ਰੈਸ ਕਾਨਫਰੰਸ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨਾਂ ਦਾ ਤਿੱਖਾ ਜਵਾਬ ਦਿੱਤਾ। ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਪੰਜਾਬ ਪੁਲਿਸ ਨਾਲ ਹੋਏ ਵਿਹਾਰ ਅਤੇ ਧੂਰੀ ਨਗਰ ਕੌਂਸਲ ਚੋਣਾਂ ਦੌਰਾਨ ਬਣੇ ਮਾਹੌਲ ਬਾਰੇ ਗੱਲ ਕੀਤੀ ਸੀ, ਪਰ ਬਿੱਟੂ ਨੇ ਇਸਦਾ ਜਵਾਬ ਦੇਣ ਦੀ ਬਜਾਇ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ।
ਸ਼ਹੀਦ ਪਰਿਵਾਰਾਂ ਨੂੰ ਵੀ ਮਿਲਣੀ ਚਾਹੀਦੀ ਸੀ ਨੌਕਰੀ
ਅਮਨ ਅਰੋੜਾ ਨੇ ਕਿਹਾ ਕਿ ਬਿੱਟੂ ਨੇ ਆਪਣੇ ਭਰਾ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਦਿਵਾਈ ਸੀ, ਜੋ ਕਿ ਸ਼ਹਾਦਤ ਦੇ ਆਧਾਰ ‘ਤੇ ਮਿਲੀ, ਪਰ ਜੇਕਰ ਉਸ ਸਮੇਂ ਇਨਸਾਫ਼ ਦੀ ਗੱਲ ਹੁੰਦੀ ਤਾਂ ਨਾਲ ਸ਼ਹੀਦ ਹੋਏ ਹੋਰ 17 ਪਰਿਵਾਰਾਂ ਨੂੰ ਵੀ ਡੀਐਸਪੀ ਦੇ ਅਹੁਦੇ ਮਿਲਣੇ ਚਾਹੀਦੇ ਸਨ।
ਕਾਂਗਰਸ ਵਾਲੇ ਬਿਆਨ ‘ਤੇ ਵੀ ਕੀਤਾ ਪਲਟਵਾਰ
ਉਨ੍ਹਾਂ ਕਿਹਾ ਕਿ "ਬਿੱਟੂ ਵੱਲੋਂ ਇਹ ਕਹਿਣਾ ਕਿ ਅਮਨ ਅਰੋੜਾ ਪਹਿਲਾਂ ਕਾਂਗਰਸ ਵਿੱਚ ਸਨ, ਕੋਈ ਵੱਡੀ ਗੱਲ ਨਹੀਂ ਕਿਉਂਕਿ ਬਿੱਟੂ ਖੁਦ ਵੀ ਉਸੇ ਪਾਰਟੀ ਦਾ ਹਿੱਸਾ ਰਹੇ ਹਨ। “ਟੁੱਚੇ ਲੋਕ” ਵਾਲੀ ਟਿੱਪਣੀ ‘ਤੇ ਅਮਨ ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਭਾਸ਼ਾ ਵਰਤਣਾ ਬਿੱਟੂ ਦੀ ਸੋਚ ਨੂੰ ਦਰਸਾਉਂਦਾ ਹੈ।"
ਪਰਿਵਾਰਕ ਮਾਮਲੇ ‘ਤੇ ਦਿੱਤੀ ਸਫਾਈ
ਪਰਿਵਾਰਕ ਮਾਮਲਿਆਂ ‘ਤੇ ਗੱਲ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਹੁਣ ਇਸ ਦੁਨੀਆ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀ ਮਾਤਾ ਤੋਂ ਸੱਚਾਈ ਪੁੱਛੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਡਿਪ੍ਰੈਸ਼ਨ ਵਿੱਚ ਸਨ ਅਤੇ ਇਸ ਦੇ ਪਿੱਛੇ ਪਰਿਵਾਰਕ ਤਣਾਅ ਇੱਕ ਵੱਡਾ ਕਾਰਨ ਸੀ। ਉਨ੍ਹਾਂ ਨੇ ਆਪਣੇ ਜੀਜਾ ਰਾਜਿੰਦਰ ਦੀਪਾ ‘ਤੇ ਪਰਿਵਾਰ ਨੂੰ ਤੰਗ ਕਰਨ ਅਤੇ ਰਾਜਨੀਤਿਕ ਤੌਰ ‘ਤੇ ਰੋਕਣ ਦੇ ਇਲਜ਼ਾਮ ਵੀ ਲਗਾਏ।
ਸਰਕਾਰੀ ਕੋਠੀ ਅਤੇ ਕੇਸ ‘ਤੇ ਵੀ ਬੋਲੇ ਅਰੋੜਾ
ਅਮਨ ਅਰੋੜਾ ਨੇ ਕਿਹਾ ਕਿ ਉਹ ਕਦੇ ਵੀ ਸਰਕਾਰੀ ਕੋਠੀ ਦਾ ਕਿਰਾਇਆ ਬਕਾਇਆ ਰੱਖ ਕੇ ਨਹੀਂ ਰਹੇ। ਉਨ੍ਹਾਂ ਨੇ ਆਪਣੇ ਖ਼ਿਲਾਫ਼ ਹੋਏ ਕੇਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਂ ਨੂੰ ਬਚਾਉਂਦੇ ਹੋਏ ਹੋਈ ਘਟਨਾ ਵਿੱਚ ਉਨ੍ਹਾਂ ਨੂੰ ਸਜ਼ਾ ਹੋਈ ਸੀ ਅਤੇ ਇਸ ਗੱਲ ਦਾ ਉਨ੍ਹਾਂ ਨੂੰ ਕੋਈ ਗਿਲਾ ਨਹੀਂ।
ਹਾਊਸਿੰਗ ਘਪਲੇ ਦੇ ਇਲਜ਼ਾਮਾਂ ਨੂੰ ਕੀਤਾ ਰੱਦ
ਹਾਊਸਿੰਗ ਵਿਭਾਗ ਵਿੱਚ ਘਪਲੇ ਦੇ ਇਲਜ਼ਾਮਾਂ ‘ਤੇ ਅਰੋੜਾ ਨੇ ਕਿਹਾ ਕਿ ਜੇਕਰ ਬਿੱਟੂ ਕੋਲ ਕੋਈ ਸਬੂਤ ਹੈ ਤਾਂ ਉਹ ਸਾਹਮਣੇ ਲਿਆਂਦੇ ਜਾਣ, ਉਹ ਹਰ ਜਾਂਚ ਲਈ ਤਿਆਰ ਹਨ।
ਭਾਜਪਾ ਆਗੂ ਰਵਨੀਤ ਬਿੱਟੂ ਦੀ ਗੁੰਡਾਗਰਦੀ ਬਰਦਾਸ਼ਤ ਤੋਂ ਬਾਹਰ, ਪੰਜਾਬ ਨਹੀਂ ਕਰੇਗਾ ਮੁਆਫ਼! pic.twitter.com/VXhTDPaFS5
— Aman Arora (@AroraAmanSunam) May 28, 2026
ਪਰਿਵਾਰਕ ਸੰਘਰਸ਼ ਕਾਰਨ ਰਾਜਨੀਤੀ ਵਿੱਚ ਆਈਆਂ ਮੁਸ਼ਕਲਾਂ
ਉਨ੍ਹਾਂ ਕਿਹਾ ਕਿ ਪਰਿਵਾਰਕ ਵਿਵਾਦਾਂ ਕਾਰਨ ਉਨ੍ਹਾਂ ਨੂੰ ਵਿਧਾਇਕ ਬਣਨ ਲਈ ਵੀ ਲੰਮਾ ਸੰਘਰਸ਼ ਕਰਨਾ ਪਿਆ। ਬਿੱਟੂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ “ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਨੂੰ ਚੰਗਾ ਪਰਿਵਾਰ ਮਿਲਿਆ, ਸਾਡੀ ਕਿਸਮਤ ਅਜਿਹੀ ਨਹੀਂ ਸੀ।”
ਬਿੱਟੂ ਖ਼ਿਲਾਫ਼ ਕਾਰਵਾਈ ‘ਤੇ ਦਿੱਤਾ ਜਵਾਬ
ਰਵਨੀਤ ਬਿੱਟੂ ਖ਼ਿਲਾਫ਼ ਕਾਰਵਾਈ ਬਾਰੇ ਪੁੱਛੇ ਜਾਣ ‘ਤੇ ਅਮਨ ਅਰੋੜਾ ਨੇ ਕਿਹਾ ਕਿ ਇਸ ਬਾਰੇ ਫ਼ੈਸਲਾ ਮੁੱਖ ਮੰਤਰੀ ਅਤੇ ਗ੍ਰਹਿ ਵਿਭਾਗ ਵੱਲੋਂ ਕੀਤਾ ਜਾਵੇਗਾ।
ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ
ਆਮ ਆਦਮੀ ਪਾਰਟੀ ਦੇ ਇੱਕ ਨੇਤਾ ‘ਤੇ ਹੋਈ ਫਾਇਰਿੰਗ ਬਾਰੇ ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਕਾਨੂੰਨ ਸਭ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਆਮ ਵਿਅਕਤੀ ਪੁਲਿਸ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦਾ ਤਾਂ ਕੀ ਉਹ ਕਾਨੂੰਨ ਤੋਂ ਬਚ ਸਕਦਾ ਸੀ?
ਨਵੇਂ ਭਾਜਪਾ ਪ੍ਰਧਾਨ ਨੂੰ ਦਿੱਤੀ ਵਧਾਈ
ਭਾਜਪਾ ਦੇ ਨਵੇਂ ਪੰਜਾਬ ਪ੍ਰਧਾਨ ਨੂੰ ਵਧਾਈ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਉਹ ਪੰਜਾਬ ਦੇ ਹਿੱਤਾਂ ਲਈ ਕੇਂਦਰ ਸਰਕਾਰ ਅੱਗੇ ਮਜ਼ਬੂਤੀ ਨਾਲ ਗੱਲ ਰੱਖਣ ਦੀ ਉਮੀਦ ਕਰਦੇ ਹਨ।
ਐਸਜੀਪੀਸੀ ਨੂੰ ਜਾਂਚ ਵਿੱਚ ਸਹਿਯੋਗ ਦੀ ਅਪੀਲ
ਐਸਜੀਪੀਸੀ ਦਫ਼ਤਰ ਵਿੱਚ ਐਸਆਈਟੀ ਦੀ ਜਾਂਚ ਸਬੰਧੀ ਉਨ੍ਹਾਂ ਕਿਹਾ ਕਿ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਹਰ ਸੰਸਥਾ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।

