ETV Bharat / state

ਮਨਰੇਗਾ ਨੂੰ ਲੈਕੇ ਕਾਂਗਰਸ ਦਾ ਪ੍ਰਦਰਸ਼ਨ, ਵਿਧਾਇਕਾਂ ਦੇ ਪਰਚੇ ਨੂੰ ਲੈਕੇ ਵੀ ਬੋਲੇ ਵੜਿੰਗ

ਮਨਰੇਗਾ ਦਾ ਨਾਮ ਬਦਲਣ 'ਤੇ ਪੰਜਾਬ ਵਿੱਚ ਕਾਂਗਰਸ ਵੱਲੋਂ ਕੇਂਦਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਪੜ੍ਹੋ ਖ਼ਬਰ...

Congress protest Patiala
ਕਾਂਗਰਸ ਧਰਨਾ ਪਟਿਆਲਾ (Etv Bharat)
author img

By ETV Bharat Punjabi Team

Published : January 10, 2026 at 6:30 PM IST

3 Min Read
Choose ETV Bharat

ਪਟਿਆਲਾ: ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਦਾ ਨਾਮ ਬਦਲਣ ਨੂੰ ਲੈ ਕੇ ਪੰਜਾਬ ਵਿੱਚ ਵਿਰੋਧ ਲਗਾਤਾਰ ਤੇਜ਼ ਹੋ ਰਿਹਾ ਹੈ। ਬੀਤੇ ਦਿਨਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਇਸ ਫ਼ੈਸਲੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਕਾਂਗਰਸ ਨੇ ਮਹਾਂ ਸਮਾਗਮ ਕਰਕੇ ਕੇਂਦਰ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਥੇ ਹੀ ਕਾਂਗਰਸੀ ਵਿਧਾਇਕਾਂ ਖ਼ਿਲਾਫ਼ ਦਰਜ ਕੀਤੇ ਗਏ ਪਰਚਿਆਂ ਨੂੰ ਲੈ ਕੇ ਵੀ ਪੰਜਾਬ ਵਿੱਚ ਸਿਆਸੀ ਗਰਮੀ ਤੇਜ਼ ਹੋ ਗਈ ਹੈ।

ਰਾਜਾ ਵੜਿੰਗ ਤੇ ਅਮਰ ਸਿੰਘ ਬਿਆਨ ਦਿੰਦੇ ਹੋਏ (Etv Bharat)

ਆਤਿਸ਼ੀ ਨੂੰ ਮੰਗਣੀ ਚਾਹੀਦੀ ਮੁਆਫ਼ੀ

ਇਸੇ ਦਰਮਿਆਨ ਆਤਿਸ਼ੀ ਵੀਡੀਓ ਮਾਮਲੇ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਤਿੱਖਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ "ਆਤਿਸ਼ੀ ਨੂੰ ਹਰਿਮੰਦਰ ਸਾਹਿਬ ਵਿੱਚ ਪ੍ਰਾਰਥਨਾ ਕਰਕੇ ਅਤੇ ਜੋੜੇ ਘਰ ਸੇਵਾ ਕਰਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਇਹ ਕਹਿਣਾ ਗਲਤ ਹੈ ਕਿ ਗੁਰੂ ਸਾਹਿਬ ਦਾ ਅਪਮਾਨ ਨਹੀਂ ਹੋਇਆ ਅਤੇ ਦਰਜ ਕੀਤੀ ਗਈ ਐਫਆਈਆਰ ਝੂਠੀ ਹੈ। ਪਹਿਲਾਂ ਪਟਿਆਲਾ ਦੇ ਐਸਐਸਪੀ ਦਾ ਵੀਡੀਓ ਏਆਈ ਅਧਾਰਿਤ ਦੱਸ ਦਿੱਤਾ ਅਤੇ ਹੁਣ ਆਤਿਸ਼ੀ ਦਾ ਵੀਡੀਓ ਵੀ ਏਆਈ ਅਧਾਰਿਤ ਦੱਸੀ ਜਾ ਰਹੇ, ਜਦਕਿ ਸੱਚਾਈ ਹਰ ਕੋਈ ਜਾਣਦਾ ਹੈ।"

Congress protest Patiala
ਮਨਰੇਗਾ ਬਚਾਓ ਸੰਗਰਾਮ (Etv Bharat)

ਬੋਲਣ ਦੀ ਆਜ਼ਾਦੀ ਦੇ ਵਿਰੁੱਧ ਪਰਚਾ

ਉਥੇ ਹੀ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਖ਼ਿਲਾਫ਼ ਦਰਜ ਕੀਤੇ ਗਏ ਪਰਚਿਆਂ ਦੇ ਮਾਮਲੇ 'ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ "ਇਹ ਕਾਰਵਾਈ ਬੋਲਣ ਦੀ ਆਜ਼ਾਦੀ ਦੇ ਪੂਰੀ ਤਰ੍ਹਾਂ ਵਿਰੁੱਧ ਹੈ। ਚੁਣੇ ਹੋਏ ਲੋਕ ਪ੍ਰਤੀਨਿਧੀਆਂ ਨੂੰ ਆਪਣੀ ਆਵਾਜ਼ ਉਠਾਉਣ ਦਾ ਪੂਰਾ ਹੱਕ ਹੈ ਅਤੇ ਅਜਿਹੇ ਪਰਚੇ ਦਰਜ ਕਰਨਾ ਸਰਕਾਰ ਦੀ ਗਲਤੀ ਹੈ, ਜਿਸ ਦੀ ਉਹ ਤਿੱਖੀ ਨਿੰਦਾ ਕਰਦੇ ਹਨ।"

Congress protest Patiala
ਕਾਂਗਰਸ ਧਰਨਾ ਪਟਿਆਲਾ (Etv Bharat)

ਮਜ਼ਦੂਰਾਂ ਨੂੰ ਨਹੀਂ ਮਿਲੇਗਾ ਰੁਜ਼ਗਾਰ

ਮਨਰੇਗਾ ਸਬੰਧੀ ਕਾਂਗਰਸ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ’ਤੇ ਬੋਲਦਿਆਂ ਅਮਰ ਸਿੰਘ ਨੇ ਕਿਹਾ ਕਿ "ਕਾਂਗਰਸ ਪਾਰਟੀ ਦੇਸ਼ ਭਰ ਵਿੱਚ ਇਸ ਮਸਲੇ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਜਦੋਂ ਮਨਰੇਗਾ ਸਕੀਮ ਬਣੀ ਸੀ, ਉਹ ਖੁਦ ਵੀ ਇਸ ਦੇ ਮੈਂਬਰ ਰਹਿ ਚੁੱਕੇ ਹਨ। ਮੋਦੀ ਸਰਕਾਰ ਵੱਲੋਂ ਜੋ ਨਵੀਂ ਸਕੀਮ ‘ਜੀ ਰਾਮ ਜੀ’ ਦੇ ਨਾਂ 'ਤੇ ਲਿਆਂਦੀ ਜਾ ਰਹੀ ਹੈ, ਉਸ ਨਾਲ ਗਰੀਬਾਂ ਦਾ ਸਾਰਾ ਕੰਮ ਠੱਪ ਹੋ ਜਾਵੇਗਾ। 600 ਨਿਯਮਾਂ ਕਾਰਨ ਕਈ ਰਾਜ ਇਸ ਨੂੰ ਲਾਗੂ ਕਰਨ ਦੇ ਯੋਗ ਨਹੀਂ ਰਹਿਣਗੇ। ਪੰਜਾਬ ਦੇ ਹਾਲਾਤ ਵੀ ਅਜਿਹੇ ਬਣ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਵੀ ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ। ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਸੜਕਾਂ ’ਤੇ ਉਤਰ ਕੇ ਵਿਰੋਧ ਕਰ ਰਹੀ ਹੈ।"

Congress protest Patiala
ਮਨਰੇਗਾ ਨੂੰ ਲੈਕੇ ਜਾਰੀ ਪੋਸਟਰ (Etv Bharat)

ਗਰੀਬਾਂ ਦੀ ਰੋਜ਼ੀ-ਰੋਟੀ ’ਤੇ ਹਮਲਾ

ਕਾਂਗਰਸ ਯੂਥ ਪ੍ਰਧਾਨ ਮੋਹਿਤ ਮਹਿੰਦਰਾ ਨੇ ਦੋਸ਼ ਲਗਾਇਆ ਕਿ "ਕੇਂਦਰ ਸਰਕਾਰ ਗਰੀਬਾਂ ਦੀ ਰੋਜ਼ੀ-ਰੋਟੀ ’ਤੇ ਹਮਲਾ ਕਰ ਰਹੀ ਹੈ। ਮਨਰੇਗਾ ਸਕੀਮ ਮਹਾਤਮਾ ਗਾਂਧੀ ਜੀ ਦੇ ਨਾਮ ’ਤੇ ਲਾਗੂ ਕੀਤੀ ਗਈ ਸੀ, ਜੋ ਗਰੀਬ ਅਤੇ ਲੋੜਵੰਦ ਵਰਗ ਲਈ ਰੁਜ਼ਗਾਰ ਦੀ ਗਾਰੰਟੀ ਸੀ। ਪਰ ਹੁਣ ਇਸ ਸਕੀਮ ਦਾ ਨਾਮ ਬਦਲ ਕੇ ‘ਜੀ ਰਾਮ ਜੀ’ ਰੱਖਣਾ ਨਾ ਸਿਰਫ਼ ਮਹਾਤਮਾ ਗਾਂਧੀ ਜੀ ਦੇ ਯੋਗਦਾਨ ਦਾ ਅਪਮਾਨ ਹੈ, ਸਗੋਂ ਇਹ ਇੱਕ ਰਾਜਨੀਤਿਕ ਚਾਲ ਵੀ ਹੈ। ਮਹਾਤਮਾ ਗਾਂਧੀ ਜੀ ਹੀ ਸਭ ਤੋਂ ਵੱਡੇ ‘ਰਾਮ’ ਸਨ, ਜਿਨ੍ਹਾਂ ਨੇ ਸੱਚ ਅਤੇ ਅਹਿੰਸਾ ਦੇ ਮਾਰਗ ’ਤੇ ਦੇਸ਼ ਨੂੰ ਅੱਗੇ ਵਧਾਇਆ। ਇਸ ਦੇ ਬਾਵਜੂਦ ਕੇਂਦਰ ਸਰਕਾਰ ਭਗਵਾਨ ਰਾਮ ਦੇ ਨਾਮ ’ਤੇ ਛੋਟੀ ਰਾਜਨੀਤੀ ਕਰਕੇ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।"

Congress protest Patiala
ਮਨਰੇਗਾ ਨੂੰ ਲੈਕੇ ਜਾਰੀ ਪੋਸਟਰ (Etv Bharat)

ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ

ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਆਮ ਆਦਮੀ ਪਾਰਟੀ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਅਤੇ ਪੀਰਾਂ ਦੀ ਪਵਿੱਤਰ ਧਰਤੀ ਹੈ, ਪਰ ਆਮ ਆਦਮੀ ਪਾਰਟੀ ਨੂੰ ਇਸ ਰਾਜ ਦੇ ਸਭਿਆਚਾਰ ਅਤੇ ਪਰੰਪਰਾਵਾਂ ਬਾਰੇ ਕੋਈ ਸਮਝ ਨਹੀਂ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ, ਜਿਸ ਨੂੰ ਪੰਜਾਬ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।